Share on Facebook

Main News Page

ਸਰਬ ਰੋਗ ਕਾ ਅਉਖਦੁ ਨਾਮੁ ॥
-: ਗੁਰਦੇਵ ਸਿੰਘ ਸੱਧੇਵਾਲੀਆ

ਮੇਰੇ ਸਾਰਿਆਂ ਰੋਗਾਂ ਦੀ ਇੱਕ ਹੀ ਦਵਾਈ ਹੈ, ਤੇ ਉਹ ਹੈ "ਨਾਮ"। ਇਹ ਗੱਲ ਸਪੱਸ਼ਟ ਹੈ। ਨਾਮ ਕੀ ਹੈ ਤੇ ਮੇਰੇ ਰੋਗ ਕੀ ਹਨ, ਸਵਾਲ ਇਹ ਹੈ? ਗੋਡੇ ਦੁੱਖਣੇ, ਸਿਰ ਦੁੱਖਣਾ, ਨਜਲਾ ਹੋਣਾ, ਸ਼ੂਗਰ ਹੋ ਜਾਣੀ, ਬਲੱਡ ਪ੍ਰੈਸ਼ਰ ਹੋਣਾ, ਹਾਈ ਕਲੈਸਟਰੌਲ ਦਾ ਹੋਣਾ, ਕੈਂਸਰ ਹੋਣੀ, ਜੋੜਾਂ ਦਾ ਦੁੱਖਣਾ ਆਮ ਤੌਰ 'ਤੇ ਮੈਂ ਇਹੀ ਰੋਗ ਮੰਨੇ ਹਨ, ਕਰੀਬਨ ਅਜਿਹੇ ਹੀ ਕੁਝ ਹੋਰ ਹੋਣਗੇ।

...ਪਰ ਗੁਰਬਾਣੀ ਇਨ੍ਹਾ ਨੂੰ ਰੋਗ ਨਹੀਂ ਮੰਨਦੀ। ਗੁਰਬਾਣੀ ਇਨ੍ਹਾਂ ਨੂੰ ਸੁਖੁ ਦੁਖੁ ਦੁਇ ਦਰਿ ਕਪੜੇ ਮੰਨਦੀ ਹੈ, ਜਿਹੜੇ ਮਨੁੱਖ ਜਿੰਦਗੀ ਵਿਚ ਕਈ ਵਾਰ ਬਦਲਦਾ ਹੈ। ਅੱਜ ਸਿਰ ਦੁਖਦਾ ਕੱਲ ਨੂੰ ਹੱਟ ਜਾਂਦਾ, ਅੱਜ ਬੱਲਡ ਪ੍ਰੈਸ਼ਰ ਹਾਈ ਹੈ ਕੱਲ ਨੂੰ ਲੋਅ ਹੋ ਜਾਂਦਾ, ਸ਼ੂਗਰ ਕਦੇ ਸੀ ਕਦੇ ਨਹੀਂ ਇਵੇਂ ਹੀ ਬਾਕੀ ਰੋਗ ਪਰ ਕਈ ਉਮਰ ਦੇ ਹਿਸਾਬ ਦੇਹੀ ਨੂੰ ਪੱਕੇ ਹੀ ਲੱਗ ਜਾਂਦੇ ਹਨ ਉਹ ਉਮਰੀ ਰੋਗ ਹੁੰਦੇ ਹਨ ਜਿਵੇਂ ਜੋੜਾਂ-ਗੋਡਿਆਂ ਦੇ ਇਹ ਤਾਂ ਲੈ ਕੇ ਹੀ ਮਰਨਾ ਪੈਂਦਾ।

ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਲੁਟੇਰੇ ਨਿਜਾਮ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਰੋਗਾਂ ਨਾਲ ਸਬੰਧਤ ਕੁਝ ਚੋਣਵੇ ਸ਼ਬਦ ਲੈ ਕੇ ਉਨ੍ਹਾਂ ਉਪਰ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਇਹ ਨਿਲਕਿਆ ਕਿ ਜੇ ਤਾਂ ਮੈਂ ਦੱਸੇ ਸਬਦ ਦੇ ਪੜਨ ਨਾਲ ਠੀਕ ਹੋ ਗਿਆ, ਤਾਂ ਗੁਰੂ ਜ਼ਾਹਰਾ ਹੈ ਨਹੀਂ ਤਾਂ ਹੋਰ ਕੋਈ ਲੱਭਣ ਤੁਰ ਪਵਾਂਗੇ।

ਪੰਜਾਬ ਦੀ ਗੱਲ ਹੈ, ਮੇਰੇ ਬੜੇ ਪੁਰਾਣਾ ਮਿੱਤਰ ਸੀ ਉਹ ਕੋਈ 12 ਕੁ ਸਾਲ ਪਹਿਲਾਂ ਪੁਲਿਸ ਵਿੱਚ ਹੁੰਦਾ ਸੀ ਹੁਣ ਥਾਣੇਦਾਰ ਬਣਕੇ ਮਜੀਠੇ ਲੱਗਾ ਹੈ। ਪਹਿਲਾਂ ਉਹ ਪੀਂਦਾ ਹੁੰਦਾ ਸੀ, ਮੁੰਡਾ ਉਸ ਦੇ ਕੋਈ ਨਹੀਂ ਸੀ, ਜਿਸ ਕਾਰਨ ਘਰਵਾਲੀ ਪ੍ਰੇਸ਼ਾਨ ਰਹਿਣ ਲੱਗ ਪਈ ਤੇ ਇਸੇ ਚੱਕਰ ਵਿੱਚ ਹੀ ਉਹ ਧਾਗੇ-ਟੂਣਿਆਂ ਵਾਲਿਆਂ ਦੇ ਗੇੜ ਵਿੱਚ ਪੈ ਗਈ ਤੇ ਉਸ ਵਿੱਚ ਕੋਈ ਓਪਰੀ ਸ਼ੈਅ ਵੀ ਆਉਣ ਲਗ ਪਈ, ਜਿਸ ਕਾਰਨ ਘਰਵਾਲਾ ਵੀ ਦੁੱਖੀ ਹੋ ਗਿਆ ਤੇ ਆਖਰ ਇਸੇ ਰੌਲੇ-ਗੌਲੇ ਵਿੱਚ ਉਹ ਕਿਸੇ ਰਾਧਾਸੁਆਮੀ ਦੇ ਢਹੇ ਚ੍ਹੜ ਗਏ ਤੇ ਪੱਕੇ ਰਾਧਾਸ਼ਾਮ ਬਣ ਗਏ।

ਇਸ ਵਾਰੀ ਕਈ ਸਾਲਾਂ ਬਾਅਦ ਉਹ ਮੈਨੂੰ ਮਿਲੇ ਸਨ ਜਦ ਮੈਂ ਦੇਖਿਆ ਤਾਂ ਬੀਬੀ ਦੇ ਦਸਤਾਰ ਬੰਨੀ ਹੋਈ ਸੀ ਤੇ ਗਾਤਰਾ ਉੋਪਰ ਦੀ ਪਾਇਆ ਹੋਇਆ ਸੀ।

ਕਿਵੇਂ ਭੈਣ ਮੇਰੀਏ ਪੰਥ ਫਿਰ ਬਦਲ ਲਿਆ? ਉਸ ਦੀ ਦਸਤਾਰ ਦੇਖ ਮੈਂ ਬੀਬਾ ਨੂੰ ਪੁੱਛਿਆ।

ਹਾਂ! ਵੀਰ ਜੀ ਮੈਂ ਅੰਮ੍ਰਿਤ ਛੱਕ ਲਿਆ ਹੈ।

ਪਰ ਪਹਿਲੇ ਪੰਥ ਦਾ ਕੀ ਬਣਿਆ? ਮੇਰਾ ਇਸ਼ਾਰਾ ਫੂਕਾਂ ਵਾਲਿਆਂ ਵਲ ਸੀ।

ਉਥੇ ਵੀ ਜਾਈਦਾ ਹੈ!!

ਇਹ ਦੋ ਬੇੜੀਆਂ ਡੋਬਣਗੀਆਂ ਨਾ?

ਹੀ, ਹੀ, ਨਹੀਂ ਵੀਰ ਜੀ ਦਰਅਸਲ ਮੈਂ ਦੋ ਸਾਲ ਉਥੇ ਨਹੀਂ ਸੀ ਗਈ ਮੈਂ ਸੋਚ ਲਿਆ ਸੀ ਕਿ ਹੁਣ ਅਪਣੇ ਗੁਰੂ ਤੋਂ ਬਿਨਾ ਕਿਤੇ ਨਹੀਂ ਜਾਣਾ, ਪਰ ਸਰੀਰ ਮੇਰੇ ਵਿੱਚੋਂ ਅੰਗਾਰੇ ਨਿਕਲਣ, ਮਨ ਮੇਰਾ ਦੌੜਨ ਦੌੜਨ ਕਰੇ ਜਿਵੇਂ ਕੋਈ ਕਾਹਲੀ ਪੈਂਦੀ ਅੰਦਰ ਤੇ ਆਖਰ ਜ਼ਿਦ ਛੱਡ ਕੇ ਮੈਂ ਹਰੇਕ ਸੰਗਰਾਦ ਉਥੇ ਜਾਣ ਲੱਗ ਪਈ ਤਾਂ ਚੰਗੀ-ਭਲੀ ਹੋ ਗਈ!

ਇਸ ਦਾ ਮੱਤਲਬ ਜੋਰਾਵਰ ਤਾਂ ਫਿਰ ਰਾਧਾ ਦਾ ਸੁਆਮੀ ਹੋਇਆ, ਫਿਰ ਆਹ ਗਾਤਰੇ ਦਸਤਾਰ ਦੀ ਕੀ ਲੋੜ ਪੈ ਗਈ ਬੀਮਾਰੀ ਤਾਂ ਤੇਰੀ ਇਸ ਕੱਟੀ ਨਹੀਂ। ਪਰ ਚਲ ਦੱਸ ਤੇਰਾ ਸੁਆਮੀ ਕਦੇ ਬੀਮਾਰ ਨਹੀਂ ਹੋਇਆ? ਕਦੇ ਉਸ ਨੂੰ ਨਜਲਾ, ਜੁਕਾਮ, ਖਾਂਸੀ, ਬੁਖਾਰ, ਸ਼ੂਗਰ, ਬਲੱਡ ਪ੍ਰੈਸ਼ਰ, ਸਿਰ ਦੁੱਖਣਾ ਕੋਈ ਬੀਮਾਰੀ ਨਹੀਂ ਲੱਗੀ?

ਨਹੀਂ ਇੰਝ ਤਾਂ ਨਹੀਂ ਪਰ.... ਮੈਂ ਠੀਕ ਕਿਵੇਂ ਹੋ ਗਈ?
ਕੋਈ ਹੋਰ ਡਾਕਟਰ ਵੀ ਦੇਖਦੀਂ ਹੈਂ?
ਉਹ ਤਾਂ ਦਵਾਈ ਚਲਦੀ ਹੈ!
ਫਿਰ ਤੈਨੂੰ ਕਿਵੇਂ ਪਤੈ ਕਿ ਤੂੰ ਕਿਹੜੇ ਡਾਕਟਰ ਨਾਲ ਠੀਕ ਹੈਂ? 
ਮੇਰਾ ਮਨ ਗਵਾਹੀ ਦਿੰਦਾ ਕਿ ਡਾਕਟਰ ਨਾਲੋਂ ਮੈਂ ਉਥੇ ਜਾ ਕੇ ਠੀਕ ਹਾਂ।

ਬੀਬਾ ਤੂੰ ਠੀਕ ਨਹੀਂ ਹੋਈ, ਤੂੰ ਤਾਂ ਸਗੋਂ ਅਗੇ ਨਾਲੋਂ ਵੀ ਬੀਮਾਰ ਹੈਂ, ਤੈਨੂੰ ਪਤਾ ਨਹੀਂ ਲੱਗ ਰਿਹੈ। ਦੇਹ ਦਾ ਸਿਰ ਦੁੱਖਣਾ ਹਟ ਜਾਣਾ ਠੀਕ ਹੋ ਜਾਣਾ, ਨਹੀਂ ਸਿਰ ਦੇ ਵਿੱਚ ਤੂੰ ਕਿੰਨੇ ਸਿਰ ਫਸਾ ਲਏ ਨੇ ਇਹ ਰੋਗ ਤੇਰਾ ਠੀਕ ਹੋਣ ਵਾਲਾ ਨਹੀਂ ਤੇ ਤੂੰ ਮੁੜ ਮੁੜ ਡਾਕਟਰ ਬਦਲ-ਬਦਲ ਇੰਨੀ ਕਮਜੋਰ ਹੋ ਗਈ ਹੈਂ, ਕਿ ਭਵਿੱਖ ਵਿੱਚ ਮੈਨੂੰ ਡਰ ਹੈ ਕਿਤੇ ਤੂੰ ਘਰਵਾਲਾ ਵੀ ਨਾ ਬਦਲ ਲਏਂ। ਪਰ ਯਕੀਨਨ ਹਾਲੇ ਤੂੰ ਜਿੰਦਗੀ ਵਿੱਚ ਕਈ ਗੁਰੂ ਬਦਲੇਂਗੀ। ਕਦੇ ਧਾਗਿਆਂ ਵਾਲਾ, ਕਦੇ ਤਵੀਤਾਂ ਵਾਲ, ਸਿਆਣਾ ਪਹਿਲਾਂ ਤੂੰ ਕੋਈ ਨਹੀਂ ਛੱਡਿਆ, ਵਿੱਚੇ ਗਾਤਰੇ ਵਾਲਾ ਬਾਬਾ ਜੀ ਫਸਾ ਲਿਆ, ਵਿਚੇ ਰਾਧੇ-ਸ਼ਾਮ ਵੀ ਇੰਨਾ ਕੁਝ ਹੁੰਦਿਆਂ ਜੇ ਤੂੰ ਰੋਗੀ ਨਹੀਂ ਤਾਂ ਹੋਰ ਕੀ ਏ?

ਉਸ ਨੂੰ ਅਹਿਸਾਸ ਹੋਇਆ ਕਿ ਵਾਕਿਆਂ ਹੀ ਮੈਂ ਕਈ ਕੁਝ ਹੁਣ ਬਦਲ ਲਿਆ ਹੈ। ਤੇ ਆਖਰ ਕਹਿਣ ਲੱਗੀ ਕਿ ਹਾਂਅ ਵੀਰ ਜੀ! ਕੋਈ ਗੱਲ ਦੱਸਦਾ ਹੀ ਨਹੀਂ ਐਵੇਂ ਗਲਤ ਭਟਕੀ ਜਾਂਦੇ ਹਾਂ ਅਪਣੇ ਤੇ ਦੇਖੋ ਘਰ ਵਿੱਚ ਸਭ ਕੁਝ ਹੈ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕੀਤਿਆਂ ਹੀ ਦੁੱਖ ਕੱਟ ਹੋ ਜਾਂਦੇ ਹਨ ਕਿਤੇ ਜਾਣ ਦੀ ਲੋੜ ਨਹੀਂ!

ਬੀਬਾ ਜੇ ਤੂੰ ਫਿਰ ਬੇਰੀ ਦੇ ਹੀ ਕੰਡਿਆਂ ਵਿੱਚ ਫੱਸਣਾ ਹੈ ਤਾਂ ਉਥੇ ਹੀ ਫਸੀ ਰਹਿ ਵਾਪਸ ਆਉਂਣ ਦੀ ਲੋੜ ਨਹੀਂ। ਦੁੱਖ ਬੇਰੀਆਂ ਨਹੀਂ ਕੱਟਦੀਆਂ, ਗੁਰੂ ਦਾ ਨਾਮ ਕੱਟਦਾ ਹੈ, ਬੇਰੀ ਕਿਉਂ ਸ਼ਰੀਕ ਬਣਾਈ ਜਾਂਦੀ ਗੁਰੂ ਦੇ ਨਾਮ ਦੀ। ਹਰਿਮੰਦਰ ਦੇ ਅੰਦਰ ਬੈਠਾ ਤਾਂ ਦੁਹਾਈਆਂ ਦੇਈ ਜਾ ਰਿਹੈ ਕਿ ਦੁਖ ਭੰਜਨ ਤੇਰਾ ਨਾਮ ਤੇ ਬਾਹਰ ਸਿੱਖ ਨੇ ਦੇਹ ਤੇਰੇ ਦੀ ਬੇਰੀ ਦੀ ਸ਼ਾਮਤ ਆਂਦੀ ਪਈ। ਜੇ ਬੇਰੀਆਂ ਨੂੰ ਹੀ ਮੱਥੇ ਟੇਕਣੇ ਸੀ ਤਾਂ ਹਿੰਦੂ ਮਾੜਾ ਸੀ, ਉਹ ਤਾਂ ਪਹਿਲਾਂ ਹੀ ਪਿੱਪਲਾਂ ਨੂੰ ਟੇਕੀ ਜਾ ਰਿਹਾ ਸੀ, ਫਿਰ ਸਿੱਖ ਬਣ ਹਾਅ ਗਾਤਰਾ ਪਾਉਂਣ ਦੀ ਕੀ ਲੋੜ ਸੀ?

ਉਹ ਕੋਈ ਘੰਟਾ ਭਰ ਬੈਠ ਕੇ ਸੁਣਦੀ ਰਹੀ ਤੇ ਪੁੱਛਦੀ ਰਹੀ ਜਦ ਉਸ ਨੂੰ ਕੋਈ ਦਲੀਲ ਦਾ ਰਾਹ ਨਾ ਲੱਭਾ ਕੁੜੀ ਅਪਣੀ ਨੂੰ ਕਹਿਣ ਲੱਗੀ, ਕਿ ਅਪਣੇ ਪਿਓ ਨੂੰ ਸੱਦ ਕੇ ਲਿਆ ਜਿਹੜਾ ਪਰ੍ਹੇ ਬੈਠਾ ਹੋਰ ਰਿਸ਼ਤੇਦਾਰਾਂ ਨਾਲ ਗੱਪਾਂ ਮਾਰ ਰਿਹਾ ਸੀ। ਜਦ ਉਹ ਆਇਆ ਤਾਂ ਕਹਿਣ ਲੱਗੀ ਅੱਜ ਤੋਂ ਸਭ ਕੁਝ ਬੰਦ। ਜਾਂਦੇ ਹੋਏ ਸ੍ਰੀ ਗੁਰੂ ਜੀ ਦਾ ਟੀਕਾ ਲੈ ਕੇ ਚਲਣਾ ਹੈ। ਮੈਂ ਕਿਤੇ ਹੋਰ ਨਹੀਂ ਜਾਣਾ ਮਰ ਨਹੀਂ ਚਲੀ। ਤੇ ਹਾਸੇ ਨਾਲ ਕਹਿਣ ਲੱਗੀ ਮੈਨੂੰ ਬਾਬਾ ਤਾਂ ਹੁਣ ਲੱਭਾ।

ਦੇਖੀਂ ਬੀਬਾ ਇਹ ਗਲਤੀ ਫਿਰ ਨਾ ਕਰੀਂ। ਗੱਲ ਦੱਸਣ ਵਾਲਾ ਬਾਬਾ ਨਹੀਂ ਬਾਬਾ ਜੀ ਅਪਣੇ ਸਾਰਿਆਂ ਦੇ ਇੱਕ ਹੀ ਨੇ ਕਿਸੇ ਦੀ ਵੀ ਗੱਲ ਸੁਣਕੇ ਉਸ ਦੇ ਮਗਰ ਨਹੀਂ ਦੌੜ ਪਈਦਾ, ਇਹੀ ਮਾਰ ਵੱਗੀ ਸਾਨੂੰ ਸਭ ਨੂੰ ਕਿ ਜੀਨ੍ਹੇ ਲਾਇਆ ਗਲੀਂ ਉਸੇ ਨਾਲ ਉਠ ਚਲੀ।

ਉਸ ਦਾ ਹੌਸਲਾ ਵੇਖ ਘਰਵਾਲਾ ਹੈਰਾਨ ਸੀ। ਉਹ ਅਗਲੇ ਦਿਨ ਸਾਰਾ ਟੱਬਰ ਫਿਰ ਮੇਰੇ ਕੋਲੇ ਆਣ ਬੈਠਾ। ਇਥੇ ਲੋਕਾਂ ਕੀ ਕਸੂਰ ਕਿ ਉਨ੍ਹੀ ਡੇਰਿਆਂ ਵਲ ਮੂੰਹ ਚੁੱਕ ਲਿਆ ਹੈ। ਮੈਨੂੰ ਦੱਸਿਆ ਹੀ ਹੁਣ ਤੱਕ ਇਹੀ ਗਿਆ ਕਿ ਇਥੇ ਪਾਠ ਕਰਨ ਨਾਲ, ਇਥੇ ਸੁੱਖਣਾ ਸੁੱਖਣ ਨਾਲ, ਇਥੇ ਦੀਵਾ ਬਾਲਣ ਨਾਲ, ਇਸ ਨਾਮ ਦੇ ਕੈਂਪ ਵਿੱਚ ਆ ਕੇ ਇਸ ਸਬਦ ਦੇ ਘੋਟਾ ਲਾਉਂਣ ਨਾਲ ਆਹ ਦੁੱਖ ਦੂਰ ਹੁੰਦੇ ਹਨ ਤੇ ਜੇ ਨਾ ਹੋਏ ਫਿਰ ਹੋਰ ਗੁਰੂ ਬਥੇਰੇ ਨੇ।

ਬੀਮਾਰ ਬੰਦਾ ਹੀ ਮੁੜ ਮੁੜ ਅਪਣੇ ਪੰਥ ਬਦਲਦਾ, ਬੀਮਾਰ ਹੀ ਗੁਰੂ ਬਦਲਦਾ, ਬੀਮਾਰ ਹੀ ਡੇਰੇ ਬਦਲਦਾ। ਤੰਦਰੁਸਤ ਕਿਉਂ ਬਦਲੂ। ਉਹ ਬਦਲ ਸਕਦਾ ਹੀ ਨਹੀਂ ਉਹ ਕਹਿੰਦਾ ਆਉਂਣ ਦੇ ਪਰ ਆਰਾ ਸਿੱਧਾ ਰੱਖ। ਵੱਡ ਜਿਵੇਂ ਮਰਜੀ ਤਸੱਲੀ ਨਾਲ ਪਰ ਮਿੱਤਰਾ ਬੰਦ ਦੇਖ ਕਿੰਨੇ ਛੱਡ ਚਲਿਆਂ।

ਉਹ ਸਿਰ ਦੁਖਦੇ ਤੋਂ ਕਿਸੇ ਅਜਮੇਰੀ ਮਾਸ਼ਟਰ ਤੋਂ ਸਵਾਹ ਥੋੜੋਂ ਲੈਣ ਭੱਜੇਗਾ। ਉਹ ਮੁੰਡਾ ਨਾ ਹੋਏ ਤੋਂ ਕਿਸੇ ਸ੍ਹਾਨ ਸਿਉਂ ਵਰਗੀ ਜੂਠ ਦੇ ਕਛਿਹਿਰੇ ਥੋੜੋਂ ਧੋ ਕੇ ਪੀਏਗਾ? ਮੇਰੀ ਇਹੀ ਮੁਸ਼ਕਲ ਰਹੀ ਕਿ ਗੁਰਬਾਣੀ ਤਾਂ ਮੇਰੇ ਸਰਬ ਰੋਗ ਕੱਟਣੇ ਚਾਹੁੰਦੀ ਸੀ ਮੈਂ ਉਸ ਅੱਗੇ ਅਪਣੇ ਗੋਡੇ ਲੈ ਕੇ ਬੈਠ ਗਿਆ। ਗੁਰਬਾਣੀ ਤਾਂ ਮੇਰੇ ਉਹ ਰੋਗ ਕੱਟਣੇ ਚਾਹੁੰਦੀ ਸੀ ਜਿਹੜੇ ਬਾਕੀ ਸਾਰੀਆਂ ਬੀਮਾਰੀਆਂ ਦੀ ਜ੍ਹੜ ਹਨ ਪਰ ਮੈਂ ਅਪਣਾ ਸਿਰ ਦੁੱਖਦਾ ਲੈ ਕੇ ਦੁਹਾਈ ਚੁੱਕ ਦਿੱਤੀ। ਮੈ ਇਹ ਨਹੀਂ ਸੋਚਿਆ ਕਿ ਸਿਰ ਮੇਰਾ ਦੁੱਖਦਾ ਕਿਉਂ ਹੈ। ਬਲੱਡ ਪ੍ਰੈਸ਼ਰ ਹਾਈ ਹੋਵੇਗਾ, ਕਲੈਸਟਰ ਜਾਂ ਕੋਈ ਹੋਰ ਪ੍ਰੈਸ਼ਾਨੀ ਹੋਵੇਗੀ। ਉਹ ਮੈਂ ਦੂਰ ਨਾ ਕੀਤੀਆਂ ਤੁਰ ਪਿਆ ਗੁਰਬਾਣੀ ਨੂੰ ਮੰਤਰ ਬਣਾ ਰੋਗ ਦੂਰ ਕਰਨ।

ਮੇਰੀ ਪਿੱਛਲੇ ਘਰ ਦੀ ਬੇਸਮਿੰਟ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੁੰਦਾ ਸੀ ਉਨ੍ਹਾਂ ਦੇ ਸਵੇਰੇ ਸਵੇਰੇ ਫਾਇਰ ਅਲਾਰਮ ਖੜਕਣੇ ਸ਼ੁਰੂ ਹੋ ਜਾਂਦੇ ਸਨ। ਦੇਸੀ ਖੁਰਾਕ ਦੇ ਸ਼ੌਕੀਨ ਸਨ ਮੂਲੀਆਂ ਆਲੂਆਂ ਵਾਲੇ ਪਰੌਠੇਂ ਤਵੇ ਦੇ ਉਪਰ ਦੀ ਰ੍ਹਾੜਨ ਦੇ ਧੂੰਏ ਨਾਲ ਆਲਾਰਮ ਦੁਹਾਈਆਂ ਚੁੱਕ ਲੈਂਦਾ ਸੀ ਕਿ ਬਚਾਓ। ਇੱਕ ਦਿਨ ਸਵੇਰੇ ਸਵੇਰੇ ਕਿਤੇ ਚਲੇ ਤਾਂ ਗਰਾਜ ਅਗੇ ਖੜੇ ਮੈਂ ਪੁੱਛ ਲਿਆ ਕਿ ਬੇਬੇ ਬਾਪੂ ਕਿਧਰ?

ਆਹ ਪੁੱਤ ਅੰਕਲ ਤੇਰੇ ਦਾ ਸਿਰ ਬੜਾ ਦੁੱਖਦਾ ਰਹਿੰਦਾ ਤੇ ਦੱਸ ਪਈ ਕਿ ਪੰਜਾਬੋਂ ਇੱਕ ਸਿਆਣਾ ਆਇਆ ਕਿਸੇ ਘਰ ਠਹਿਰਿਆ ਉਹ ਹਥੌਲਾ ਕਰ ਦਿੰਦਾ।

ਮਾਤਾ ਇਸ ਨੂੰ ਡਾਕਟਰ ਦੇ ਲੈ ਕੇ ਜਾਹ ਜਾਂ ਤਾਂ ਇਸ ਦਾ ਬਲੱਡ ਪ੍ਰੈਸ਼ਰ ਹਾਈ ਜਾਂ ਕਲੈਸਟਰ ਅੱਖਾਂ ਵੇਖ ਲਾਲ ਪਈਆਂ।

ਡਾਕਟਰਾਂ ਨੂੰ ਸਵਾਹ ਪਤਾ ਐਂਵੇ ਗੋਲੀਆਂ ਜਿਹੀਆਂ ਲਿੱਖ ਦਿੰਦੇ।

ਹੁਣ ਇਸ ਦਾ ਇਲਾਜ ਕੋਈ ਕੀ ਕਰੇ। ਸਰਬ ਰੋਗ ਵਾਲੇ ਇਲਾਜ ਵੀ ਸਾਡੇ ਇੰਝ ਕੁ ਦੇ ਹੀ ਹਨ। ਦੇਹ ਦੇ ਹੇਠਾਂ ਅਸੀਂ ਚਸਕਿਆਂ ਦੀਆਂ ਅੱਗਾਂ ਬਾਲਣੋਂ ਨਹੀਂ ਹੱਟਦੇ, ਪਰ ਸੋਚਦੇ ਹਾਂ ਕਿ ਗੁਰਬਾਣੀ ਦੇ ਪਾਠਾਂ ਦੀ ਗਿਣਤੀਆਂ ਦੇ ਘੋਟੇ ਦਿੱਤਿਆਂ ਦੇਹ ਅੰਦਰ ਲੱਗੇ ਰੋਗ ਸ਼ਾਂਤ ਹੋ ਜਾਣ।

ਹੁਣ ਨੁਕਸ ਕੀ ਹੈ? ਘੋਟੇ ਲਵਾਉਂਣ ਵਾਲੇ ਮੈਨੂੰ, ਤ੍ਰਿਸ਼ਨਾ ਵਡਾ ਰੋਗ ਲਗਾ ਬਾਰੇ ਨਹੀਂ ਦੱਸਣਗੇ, ਨਾਮ ਬਿਸਾਰਿ ਕਰੇ ਰਸ ਭੋਗ, ਸੁਖੁ ਸੁਪਨੇ ਨਹੀਂ, ਤਨ ਮਹਿ ਰੋਗ ਨਹੀਂ ਪੜਾਉਂਣਗੇ। ਕਿਉਂਕਿ ਇਸ ਨਾਲ ਤੁਹਾਨੂੰ ਛੱਡਣਾ ਬਹੁਤ ਕੁਝ ਪੈਣਾ। ਹੁਣ ਤ੍ਰਿਸ਼ਨਾ ਤਾਂ ਬਕਸੇ ਵਿੱਚ ਪੈਣ ਤੱਕ ਨਾ ਮੈਂ ਛੱਡਾਂ ਤੇ ਇਹ ਪੜ੍ਹਾਈ ਜਾਂਦੇ ਅਸਲ ਰੋਗ ਤੇਰਾ ਤ੍ਰਿਸ਼ਨਾ।

ਹੱਦ ਹੋ ਗਈ ਇਹ ਕਜਿਹੇ ਡਾਕਟਰ ਨੇ ਮੈਂ ਕਹਿੰਨਾ ਮੇਰਾ ਸਿਰ ਦੁਖਦਾ, ਇਹ ਕਹੀ ਜਾਂਦੇ ਨਹੀਂ ਤੇਰਾ ਰੋਗ ਤ੍ਰਿਸ਼ਨਾ। ਚਲੋ ਹੋਰ ਕਿਤੇ ਬਥੇਰੇ ਸਵਾਹਾਂ ਦੇ ਕੇ ਜਾਂ ਫੂਕਾਂ ਮਾਰ ਕੇ ਠੀਕ ਕਰ ਦਿੰਦੇ ਨੇ। ਮੈਂ ਕਹੀ ਜਾਂਦਾ ਮੇਰੀ ਦੇਹੀ ਹਿੱਲਦੀ ਨਹੀਂ, ਇਸ ਨੂੰ ਕੋਈ ਤੁਰਦਾ ਕਰਦੇ ਥੋੜਾ ਬਾਹਲਾ ਹੋਰ ਜੀ ਲਵਾਂ ਹੋਰ ਥੋੜਾ ਭੋਗ ਲਵਾਂ ਪਰ ਇਹ ਸਭ ਉਲਟਾ ਕਰੀ ਜਾਂਦੇ ਅਖੇ ਤੇਰੇ ਤੇ ਰੋਗਾਂ ਦਾ ਕਾਰਨ ਹੀ ਭੋਗ ਨੇ। ਭੋਗਣ ਲਈ ਹੀ ਤਾਂ ਮੈਂ ਦੇਹੀ ਤੋਰਨੀ ਚਾਹੁੰਦਾ ਤੇ ਇਹ ਕਹੀ ਜਾਂਦੇ ਭੋਗ ਹੀ ਰੋਗ ਨੇ।

ਮੈਂ ਕਹਿੰਨਾ ਮੇਰਾ ਸਾਹ ਰੁੱਕਦਾ, ਦਮ ਘੁਟਦਾ, ਪੁਰਾਣੀ ਖਾਂਸੀ ਦਮਾ ਬਣ ਗਈ ਕੋਈ ਸ਼ਬਦ ਦੱਸੋ ਸਾਹ ਸੌਖਾ ਤੁਰਨ ਲੱਗ ਪਵੇ ਇਹ ਕਹੀ ਜਾਂਦੇ ਇਸ ਨੂੰ ਛੱਡ ਤੇਰਾ ਦੀਰਘ ਰੋਗ ਤਾਂ ਹਾਉਮੈ ਹੈ ਇਸ ਨੂੰ ਛੱਡ। ਲਓ ਜੇ ਹਉਮੈ ਹੀ ਛੱਡ ਦਿੱਤੀ ਤਾਂ ਸਾਹ ਕਾਹਦੇ ਲਈ ਲੈਣਾ। ਲੰਕਾ ਤਾਂ ਸਾਰੀ ਮੇਰੀ ਹਉਂ ਤੇ ਖੜੀ ਇਹ ਕਹੀ ਜਾਂਦੇ ਇਹ ਦੀਰਘ ਰੋਗ ਹੈ। ਇਥੇ ਸਭ ਕੁਝ ਉਲਟਾ ਪੁਲਟਾ ਹੈ। ਹੁਣ ਦੱਸੋ ਇਨ੍ਹਾਂ ਕੈਪਾਂ ਵਿੱਚ ਕੌਣ ਆਵੇਗਾ। ਤੇ ਮੈਂ ਕਿਉਂ ਪੜਾਵਾਂ ਏਹ ਸਭ ਕੁਝ? ਮੈਂ ਕਿਉਂ ਪੜਾਂਵਾਂ ਕਿ ਤੇਰੇ ਰੋਗ ਤਾਂ ਹੋਰ ਨੇ ਦਵਾਈਆਂ ਤੂੰ ਹੋਰ ਰੋਗਾਂ ਦੀਆਂ ਲੱਭਦਾ ਫਿਰਦਾਂ।

ਮੇਰੀਆਂ ਅੱਖਾਂ ਰੋਗੀ ਨੇ, ਕੰਨ ਰੋਗੀ ਨੇ, ਜੀਭ ਰੋਗੀ ਹੈ, ਬਾਕੀ ਇੰਦਰੇ ਰੋਗੀ ਨੇ। ਦੇਖਣ ਦਾ, ਸੁਣਨ ਦਾ ਚਸਕਿਆਂ ਦਾ ਮੈਂ ਜੀਵਨ ਭਰ ਦਾ ਗੁਲਾਮ ਹਾਂ। ਕਾਮ ਮੇਰੇ ਅੰਦਰ ਭੂਤਰਿਆ ਰਹਿੰਦਾ ਹੈ, ਕ੍ਰੋਧ ਮੇਰੇ ਤੇ ਕਾਠੀ ਪਾਈ ਰੱਖਦਾ, ਲੋਭ ਦਾ ਕੁੱਤਾ ਮੇਰੇ ਅੰਦਰ ਨਿੱਤ ਭਉਂਕਦਾ, ਮੋਹ ਦੀਆਂ ਕੱਸੀਆਂ ਤੰਦਾਂ ਮੈਨੂੰ ਨਿੱਤ ਜਲੀਲ ਕਰਦੀਆਂ, ਹੰਕਾਰ ਤਾਂ ਅੰਨ੍ਹਾ ਕਰੀ ਰੱਖਦਾ ਤੇ ਇੰਨੇ ਭਿਆਨਕ ਰੋਗਾਂ ਦੇ ਹੁੰਦਿਆਂ ਦੇਹੀ ਦੇ ਛੋਟੇ ਰੋਗਾਂ ਨੂੰ ਲੈ ਕੇ ਮੈਂ ਡੇਰਿਆਂ ਵਲ ਧੂੜਾਂ ਪੱਟੀਆਂ ਪਈਆਂ।

ਮਸਲਨ 2011 ਵਿੱਚ ਮੇਰਾ ਐਕਸੀਡੈਂਟ ਹੋ ਗਿਆ, ਟਰੱਕ ਉਲਟਣ ਨਾਲ ਖੱਬਾ ਚੂਲਾ ਫੈਕਚਰ ਕਰ ਗਿਆ, ਦੋ ਸਾਲ ਡਾਕਟਰਾਂ ਫਹੁੜੀਆਂ ਤੇੱ ਰੱਖ ਛੱਡਿਆ ਕਿਉਂਕਿ ਸਰਜਰੀ ਲਈ ਵੇਟਿੰਗ ਲਿਸਟ ਲੰਮੀ ਸੀ ਵਾਰੀ ਆਈ ਹਿੱਪ ਰੀਪਲੇਸ ਹੋ ਗਈ। ਚਲੋ ਉਹ ਠੀਕ ਹੋਇਆ। ਸਿੱਖ ਲਹਿਰ ਦੀ ਲੜਾਈ ਵੇਲੇ ਟਕਸਾਲੀ ਤੇ ਬਾਕੀ ਜੋਧਿਆਂ ਦੀਆਂ ਫੌਜਾਂ ਖੱਬਾ ਗੁੱਟ ਤੋੜ ਗਈਆਂ। ਦੋ ਮਹੀਨੇ ਉਹ ਲਮਕਦਾ ਰਿਹਾ। ਇੰਡੀਆ ਗਿਆ ਉਥੇ ਐਕਸੀਡੈਂਟ ਨਾਲ ਸੱਜਾ ਗਿੱਟਾ ਟੁੱਟ ਗਿਆ, 2-3 ਤਿੰਨ ਮਹੀਨੇ ਉਹ ਬੱਧਾ ਰਿਹਾ ਹਾਲੇ ਅਗਲੇ ਕੁਝ ਮਹੀਨਿਆਂ ਬਾਅਦ ਫਿਰ ਮੇਰਾ ਇੱਕ ਵੱਡਾ ਅਪ੍ਰੇਸ਼ਨ ਹੈ। ਇਹ ਮੇਰੀ ਦੇਹੀ ਦੇ ਰੋਗ ਹਨ । ਇਹ ਡਾਕਟਰਾਂ ਠੀਕ ਕਰਨੇ ਹਨ ਇਹ ਉਨ੍ਹਾਂ ਦੇ ਕਰਨ ਵਾਲੇ ਹਨ ਨਾ ਕਿ ਕਿਸੇ ਕੈਂਪਾਂ ਵਾਲਿਆਂ। ਪਰ ਮੈਂ ਕੀ ਕਰਨਾ ਹੈ। ਮੇਰੇ ਕਰਨ ਵਾਲਾ ਕੇਵਲ ਇਹੀ ਹੈ ਮੈਂ ਦੇਹੀ ਅਪਣੀ ਨਾਲ ਹੋ ਰਹੇ ਤਮਾਸ਼ੇ ਨੂੰ ਗੁਰੂ ਦੀ ਰਜਾ ਸਮਝ ਕੇ ਫੇਸ ਕਰਾਂ। ਗੁਰਬਾਣੀ ਨੇ ਮੇਰੇ ਗਿੱਟੇ ਨੂੰ ਪਲੱਸਤਰ ਨਹੀਂ ਲਾਇਆ, ਪਰ ਗੁਰਬਾਣੀ ਨੇ ਮੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਿਆ ਤੇ ਮੇਰਾ ਮਾਨਸਿਕ ਪੱਧਰ ਬਣਾਈ ਰੱਖਿਆ। ਹਰੇਕ ਪਾਸਿਓਂ ਹਲਾਤ ਡਾਵਾਂਡੋਲ ਹੋਣ ਦੇ ਬਾਵਜੂਦ ਗੁਰਬਾਣੀ ਨੇ ਮੈਨੂੰ ਥੰਮ ਕੇ ਰੱਖਿਆ। ਕਿਸੇ ਡੇਰੇ ਕਿਸੇ ਨਕਲੀ ਗੁਰੂ ਕਿਸੇ ਵਿਹਲੜ ਸਾਧ ਦੇ ਖਰੌੜਿਆਂ ਵਿੱਚ ਜਾ ਕੇ ਮੈਨੂੰ ਤਰਲੇ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਣ ਦਿੱਤੀ ਮੇਰੇ ਗੁਰੂ ਨੇ। ਟੁੱਟੇ ਭੱਜੇ ਗੁੱਟਾਂ-ਗਿੱਟਿਆਂ ਨਾਲ ਵੀ ਮੈਂ ਲੁੱਡੀਆਂ ਪਾਉਂਦਾ ਫਿਰਦਾਂ। ਕਿਉਂ? ਕਿਉਂਕਿ ਗੁਰੂ ਮੇਰੇ ਨੇ ਇੱਕ ਗੱਲ ਮੈਨੂੰ ਸਮਝਾ ਦਿੱਤੀ ਕਿ ਮਿੱਤਰਾ ਇਹ ਦੁੱਖ ਸੁਖ ਕੱਪੜੇ ਨੇ ਚਾਹੇ ਰੋ ਕੇ ਪਾ ਲੈ ਚਾਹੇ ਹੱਸ ਕੇ।

ਮੇਰੀ ਮੁਸ਼ਕਲ ਪਰ ਇਹ ਹੈ ਕਿ ਮੈਂ ਘਰ ਮੁੰਡਾ ਨਹੀਂ ਆਖੇ ਲੱਗਦਾ ਤਾਂ ਚਲ ਬਾਬਾ ਜੀ ਕੋਲੇ। ਕਮਲਿਆ ਬਾਬਾ ਜੀ ਤਾਂ ਆਪ ਕੰਮ ਦੇ ਡਰੋਂ ਪਿਓ ਨਾਲ ਲੜ ਕੇ ਭੱਜਾ ਤੇਰਾ ਮੁੰਡਾ ਕਿਥੋਂ ਆਖੇ ਲੱਗਣ ਲਾ ਦਊ। ਪਰ ਮੈਂ ਸਹੀ ਗੱਲ ਨਹੀਂ ਦੱਸਣੀ ਕਿਸੇ ਨੂੰ। ਕਿਉਂ ਦੱਸਾਂ? ਮੇਰੇ ਕੀ ਢਿੱਡ ਨਹੀਂ? ਮੈਂ ਸਹੀ ਸਿੱਖਿਆ ਕਿਉਂ ਦੇਵਾਂ? ਸਹੀ ਸਿਖਿਆ ਨੁਕਸਾਨ ਦੇਹ ਹੈ। ਬ੍ਰਾਹਮਣ ਵਿਹਲਾ ਰਹਿ ਜਾਂਦਾ, ਜੇ ਸਹੀ ਸਿੱਖ ਮੱਤ ਦਿੰਦਾ ਲੁਕਾਈ ਨੂੰ? ਤੁਹਾਡੇ ਬਾਬਿਆਂ ਦੇ ਕੀ ਰੇਸ਼ਮੀ ਚੋਲੇ ਇੰਝ ਹੀ ਲਿਸ਼ਕਾਂ ਮਾਰਦੇ ਜੇ ਗੁਰਬਾਣੀ ਵਿਚਲਾ ਸੱਚ ਲੁਕਾਈ ਨੂੰ ਦੱਸ ਦਿੰਦੇ? ਅਪਣੇ ਵੱਡੇ ਬਾਬਾ ਜੀ ਨੇ ਦੱਸਿਆ ਸੀ ਸੱਚ। ਪਹਿਲਾਂ ਚੱਕੀਆਂ ਪੀਸੀਆਂ, ਸਾਰੀ ਉਮਰ ਨਿਆਣੇ ਛੱਡ ਜੰਗਲੋ-ਜੰਗਲੀ ਤੇ ਅਖੀਰ ਹੱਲ ਵਾਹੁਣਾ ਪਿਆ ਤੇ ਝੋਨੇ ਚੋ ਲਿੱਦਣ ਕੱਢਦਿਆਂ ਬਾਬਾ ਜੀ ਨੂੰ ਜੋਕਾਂ ਨਾਲ ਵੀ ਦੋ-ਚਾਰ ਹੋਣਾ ਪਿਆ। ਅਗਲਾ ਇਤਿਹਾਸ ਤਾਂ ਕਹਿਣ ਦੀ ਲੋੜ ਨਹੀਂ ਕਿ ਸਹੀ ਸਿੱਖਿਆ ਨੇ ਕੀ ਕੀ ਭਾਣੇ ਵਰਤਾਏ।

ਕੈਂਪ ਲਾਉਂਣ ਵਾਲਿਆਂ ਨੂੰ ਵੀ ਪਤੈ ਲੋਕ ਕੀ ਚਾਹੁੰਦੇ। ਕੈਂਪ ਲਾਉਂਣ ਵਾਲੇ ਖੁਦ ਰੋਗੀ ਨੇ। ਉਨ੍ਹਾਂ ਵੀ ਪਿੱਛੇ ਅਪਣੇ ਉਸਾਰੇ ਹੋਏ ਡੇਰੇ ਤੋਰਨੇ ਨੇ। ਗੁਰਦੁਆਰਿਆਂ ਨੂੰ ਕੋਈ ਮੱਤਲਬ ਨਹੀਂ ਉਨ੍ਹਾਂ ਨੂੰ ਭੀੜਾਂ ਚਾਹੀਦੀਆਂ। ਉਨ੍ਹਾਂ ਹੀ ਭੀੜਾਂ ਵਿੱਚੋਂ ਕਈਆਂ ਮੁੜ ਪਾਠ ਕਰਾਉਂਣੇ ਨੇ, ਵਿਆਹ, ਜੰਮਣੇ-ਮਰਣੇ ਘਰਾਂ ਵਿੱਚ ਸੁਖਮਨੀ ਸਾਹਿਬ ਤੇ ਇੰਝ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਨੂੰ ਖਤਰਾ ਘੱਟ ਜਾਂਦਾ ਹੈ, ਕਿਉਂਕਿ ਉਹ ਅਉਖਧ ਨਾਮ ਦੀਆਂ ਅਰਦਾਸਾਂ ਦਾ ਪੈਸਾ ਵਕੀਲਾਂ ਦੀਆਂ ਮਹਿੰਗੀਆਂ ਸ਼ਰਾਬਾਂ ਦੀ ਭੇਟ ਚ੍ਹਾੜਨਾ ਸੌਖਾ ਹੋ ਜਾਂਦਾ ਹੈ।

ਨਾਮ ਕੀ ਹੈ? ਉਸ ਦੀ ਰਜਾ ਵਿੱਚ ਰਹਿ ਕੇ ਉਸ ਦੇ ਹਰੇਕ ਹੁਕਮ ਨੂੰ ਮੰਨਣਾ, ਸਹਿਣਾ ਤੇ ਅਰਦਾਸ ਕਰਨੀ ਕਿ ਗੁਰੂ ਸਹਿਣ ਦੀ ਸ਼ਕਤੀ ਦੇਵੇ, ਬੰਦ ਬੱਤੀਆਂ ਕਰਕੇ ਲਲਕਾਰੇ ਮਾਰਨੇ ਨਾਮ ਨਹੀਂ। ਏਕੋ ਨਾਮੁ ਹੁਕਮੁ ਹੈ ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top