Share on Facebook

Main News Page

ਝੋਟੇ
-: ਗੁਰਦੇਵ ਸਿੰਘ ਸੱਧੇਵਾਲੀਆ
03 May 2017

ਬਾਬਾ ਫੌਜਾ ਸਿੰਘ ਦਾ ਇੱਕ ਮਿੱਤਰ ਉਸ ਨੂੰ ਪੁੱਛਦਾ ਕਿ ਤੈਨੂੰ ਪਤੈ 'ਬ੍ਰਹਮਗਿਆਨੀ' ਬਣ ਚੁੱਕੇ ਬੰਦੇ ਦੀ ਨਿਸ਼ਾਨੀ ਕੀ ਹੁੰਦੀ?
ਨਹੀਂ!
ਚਲ ਕੋਈ ਗੱਲ ਨਹੀਂ ਆਪਾਂ 'ਗਿਆਨੀ' ਠਾਕੁਰ ਸਿੰਘ ਹੋਰਾਂ ਨੂੰ ਪੁੱਛ ਲੈਂਦੇ ਹਾਂ ਕਿਉਂਕਿ ਉਹ ਵੀ 'ਬ੍ਰਹਮਗਿਆਨਤਾ' ਦੇ ਨੇੜੇ ਤੇੜੇ ਹੀ ਹਨ। ਬੱਅਸ ਐਵੇਂ ਚੱਪਾ ਕੁ ਹੀ ਉਰੇ। ਕਿਉਂਕਿ ਜਿਵੇਂ ਕੁ ਦੀਆਂ ਉਹ ਗੱਪਾਂ ਸੁਣਾਉਂਦੇ ਹਨ ਪੱਕੀ ਨਿਸ਼ਾਨੀ ਹੈ ਕਿ ਉਹ ਵੀ 'ਬ੍ਰਹਮਗਿਆਨੀ' ਬਣਨ ਹੀ ਵਾਲੇ ਹਨ। ਬਣਨ ਕੀ ਵਾਲੇ ਕਈਆਂ ਉਸ ਨੂੰ ਬਣ ਗਿਆ ਮੰਨ ਵੀ ਲਿਆ ਹੋਇਆ, ਅਤੇ ਉਹ ਬੜੇ ਮਾਣ ਨਾਲ ਉਸ ਦੀਆਂ ਸੀ.ਡੀਜ਼ ਵੰਡ ਕੇ ਕੌਮ ਦੇ 'ਭਲੇ' ਵਿਚ ਜੋਗਦਾਨ ਪਾ ਰਹੇ ਹਨ।

ਠਾਕੁਰ ਜੀ ਕਹਿੰਦੇ ਕਿ 'ਬ੍ਰਹਮਗਿਆਨੀ' ਬਣ ਚੁੱਕੇ ਬੰਦੇ ਦੀ ਨਿਸ਼ਾਨੀ ਹੈ ਕਿ ਜੋ ਕੁਝ ਹੋਣਾ ਹੋਵੇ ਉਸ ਨੂੰ ਪਹਿਲਾਂ ਹੀ ਸੁਪਨਾ ਆ ਜਾਂਦੈ। ਉਨ੍ਹਾਂ ਅਪਣੇ ਇਨ੍ਹਾਂ ਪ੍ਰਵਚਨਾਂ ਨੂੰ ਅਗੇ ਤੋਰਦਿਆਂ ਕਿਹਾ ਕਿ ਇਕ 'ਮਹਾਂਪੁਰਖ' ਹੁੰਦੇ ਸਨ, ਉਨ੍ਹਾਂ ਨੂੰ ਸੁਪਨਾ ਆਇਆ ਕਿ ਉਨਾਂ ਦੇ ਪਿੰਡ ਦੀ ਫਿਰਨੀ 'ਤੇ ਰਾਤ ਦੋ ਝੋਟੇ ਭਿੜ ਕੇ ਮਰ ਗਏ ਹਨ। ਸਵੇਰੇ ਸੱਚੀਂ ਉਨ੍ਹਾਂ ਦੇ ਭਰਾ ਨੇ ਆ ਕੇ ਦੱਸਿਆ ਕਿ ਦੋ ਝੋਟੇ ਭਿੜ ਕੇ ਮਰ ਗਏ ਹਨ। ਹੋ ਗਈ ਨਾ ਪੱਕੀ ਨਿਸ਼ਾਨੀ?

ਠਾਕੁਰ ਸਿੰਘ ਦੀ ਕਹਾਣੀ ਸੁਣਾਉਂਣ ਵਾਲਾ ਬਾਬੇ ਦਾ ਮਿੱਤਰ ਆਪੇ ਹੀ ਕਹਿਣ ਲੱਗਿਆ ਕਿ ਇਸ ਨੂੰ ਇਨੀ ਸਮਝ ਨਹੀਂ ਕਿ ਦੋਵੇ ਝੋਟੇ ਇਕੱਠੇ ਕਿਵੇਂ ਮਰ ਗਏ?

ਲੈ ਮਰਨ ਨੂੰ ਕੀ ਏ ਜਦ ਤੁਸੀਂ ਗੱਪ ਹੀ ਮਾਰਨ 'ਤੇ ਆ ਗਏ ਤਾਂ ਇਨਾ ਨਹੀਂ ਕਹਿ ਸਕਦੇ ਕਿ ਗੋਲੀ ਇੱਕਠੀ ਚਲ ਗਈ ਦੋਹਾਂ ਕੋਲੋਂ!!!

ਝੋਟੇ ਭਿੜਨ ਦਾ 'ਬ੍ਰਹਮਗਿਆਨੀ' ਬਣਨ ਨਾਲ ਕੋਈ ਸਬੰਧ ਪਤਾ ਨਹੀਂ ਹੈ ਕਿ ਨਹੀਂ, ਪਰ ਝੋਟਿਆਂ ਤੋਂ ਬਾਬਾ ਫੌਜਾ ਸਿੰਘ ਨੂੰ ਇੱਕ ਵਾਰ ਸੱਚੀਂ ਝੋਟੇ ਭਿੜਿਆਂ ਦੀ ਗੱਲ ਯਾਦ ਆ ਗਈ ਜਿਹੜੇ ਬਾਬੇ ਨੇ ਇੱਕ ਵਾਰ ਵੱਡੇ ਠਾਠ ਪੁੰਨਿਆ ਤੇ ਭਿੜਦੇ ਦੇਖੇ ਸਨ। ਇੱਕ ਕਹਿੰਦਾ ਅਰਦਾਸ ਮੈਂ ਕਰਨੀ ਦੂਜਾ ਕਹੇ ਮੈਂ ਕਰਨੀ। ਬੱਸ ਫਿਰ ਚਲਣਦੇਹ ਤਬਲੇ, ਵਾਜੇ, ਟੱਲੀਆਂ, ਸ਼ੋਅ ਲਈ ਰੱਖੇ ਗਮਲੇ, ਮਾਈਕ ਲਈ ਖੜੇ ਕੀਤੇ ਸਟੈਂਡ, ਇੱਕ ਭਾਈ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚੋਂ ਮੋਰਾਂ ਦੇ ਖੰਭਾ ਵਾਲਾ ਚੌਰ ਲੈ ਕੇ ਹੀ ਦੌੜਾ ਆਇਆ ਅਤੇ ਇੱਕ ਵਿਰੋਧੀ ਦੀ ਵੱਖੀ ਵਿੱਚ ਘੱਅਚ ਕਰਦਾ ਲਿਆ ਮਾਰਿਆ। ਉਹ ਦੂਹਰਾ ਹੋ ਕੇ ਸੱਪ ਵਾਂਗ ਲੇਟਣੀਆਂ ਲੈ ਗਿਆ। ਵਲ ਖਾ ਕੇ ਡਿੱਗੇ ਦੇ ਹਮਾਇਤੀਆਂ ਚੌਰ ਵਾਲੇ ਨੂੰ ਜਿਉਂ ਚੁੱਕਿਆ ਲੱਤੋਂ ਲਿਜਾਕੇ ਸਰੋਵਰ ਵਿੱਚ ਸੁੱਟ ਦਿੱਤਾ। ਉਹ ਭਿੱਜੇ ਚੂਹੇ ਵਾਂਗ ਹੋਰ ਗੋਤਿਆਂ ਤੋਂ ਡਰਦਾ ਵਿਚੇ ਹੀ ਬਾਹਾਂ ਜਿਹੀਆਂ ਮਾਰੀ ਜਾਵੇ, 'ਓ ਪਤੰਦਰੋ ਮੈਂ ਤਾਂ ਥੋਡੇ ਈ ਗਰੁੱਪ ਦਾ ਸਾਂ, ਭੁਲੇਖੇ ਨਾਲ ਵੱਜ ਗੀ ਹੋਣੀ'

ਦਰਅਸਲ ਦੋਹਾਂ ਧਿਰਾਂ ਨੇ ਬੰਦੇ ਬਾਹਰੋਂ 'ਸੇਵਾ' ਲਈ ਸੱਦੇ ਹੋਏ ਸਨ। ਬਾਹਰਲਿਆਂ ਦੇ ਹੁਣ ਕਿਹੜਾ ਫੌਜੀ ਵਰਦੀਆਂ ਪਾਈਆਂ ਹੋਈਆਂ ਸਨ, ਕਿ ਬੰਦਾ ਪਛਾਣ ਕੇ ਮਾਰੇ। ਤੇ ਸੱਚਮੁਚ ਕਈਆਂ ਆਪੋ ਵਿਚੀਂ ਹੀ ਕਈ ਕੁੱਟ ਘੱਤੇ। ਸੰਤਾ ਸਿਓਂ ਦੀ 'ਕਾਰਸੇਵਾ' ਦੀ ਹਮਾਇਤ ਕਰਨ ਕਰਕੇ ਪੰਥ ਵਿਚੋਂ ਛੇਕਿਆ ਨਰਾਇਣ ਸਿਓਂ ਹਾਲੇ ਜਿਉਂਦਾ ਸੀ। ਉਸ ਦੇ ਪਾਲੇ ਹੋਏ ਝੋਟੇ ਅਤੇ ਉਹ ਖੁਦ ਭਿੜਨ ਲਈ ਬਾਕੀ ਸਾਰਿਆਂ ਭੇੜੀਆਂ ਨਾਲੋਂ ਤਗੜਾ ਅਤੇ ਦਲੇਰ ਸੀ। ਜਦ ਲੜਾਈ ਸ਼ੁਰੂ ਹੋਈ ਤਾਂ ਉਸ ਸਮੇਂ ਉਹ ਸ੍ਰੀ ਗੁਰੂ ਗਰੰਥ ਸਹਿਬ ਜੀ ਉਪਰ ਚੌਰ ਦੀ 'ਸੇਵਾ' ਕਰ ਰਿਹਾ ਸੀ। ਜਦ ਮੈਦਾਨ ਭੱਖਦਾ ਦੇਖਿਆ ਤਾਂ ਉਸ 'ਸੱਚਖੰਡ' ਵਿਚੋਂ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਉਪਰੋਂ ਦੀ ਹੀ ਛਾਲ ਮਾਰੀ ਅਤੇ ਭੱਖਦੇ ਮੈਦਾਨ ਵਿਚ ਆ ਕੁੱਦਿਆ। ਉਸ ਨੂੰ ਖੁਦ ਨੂੰ ਮੈਦਾਨ ਵਿਚ ਦੇਖ ਉਸ ਦੇ ਉਦੋਂ ਦੇ ਗੜਵਈ ਘਾਲੇ ਨੇ ਗੜਵੇ ਨਾਲ ਹੀ ਕਈ ਮਾਂਜ ਦਿੱਤੇ। 'ਬਾਬੇ' ਸਫਾਜੰਗ ਇੰਝ ਘੁਮਾਇਆ ਜਿਵੇਂ ਭੰਗ ਪੀਕੇ ਨਿਹੰਗ ਗਤਕਾ ਖੇਡਦੇ ਨੇ।

ਇੱਕ ਹੋਰ ਉਮਰੋਂ ਕਾਫੀ ਵੱਡਾ ਜਾਪਦਾ ਬੰਦਾ ਵਿਰੋਧੀ ਦਾ ਸਿਰ ਪਾੜਨ ਲਈ ਹੇਠੋਂ ਕੋਈ ਚੀਜ ਚੁੱਕਣ ਲੱਗਾ ਸੀ। ਉਥੇ ਇੱਕ ਮੰਗ 'ਤੇ ਆਏ ਬੰਦੇ ਉਸ ਨੂੰ ਤਾੜ ਲਿਆ। ਉਸ ਦੇ ਹੱਥ ਹੋਰ ਤਾਂ ਕੁਝ ਨਾ ਆਇਆ ਉਸ ਤੱਬਲੇ ਵਾਲਾ 'ਧਾਮਾ' (ਖੱਬੇ ਹੱਥ ਵਜਾਉਂਣ ਵਾਲਾ) ਚੁੱਕਿਆ ਅਤੇ ਅਮਰੀਕਾ ਦੀ ਮਜਾਇਲ ਵਾਂਗ ਉਸ ਦੇ ਸਿਰ ਉਪਰ ਦਾਗ ਦਿੱਤਾ! ਉਸ ਦੀ ਜੋਰ ਦੀ 'ਹਾਇਏਏ' ਦੀ ਚੀਕ ਤੋਂ ਜਾਪਦਾ ਸੀ ਕਿ ਇਹ ਤਾਂ ਗਿਆ ਧਰਮਰਾਜ ਕੋਲੇ। ਪਰ 'ਬਾਬਿਆਂ' ਦੀਆਂ ਤਾਂ ਸਿੱਧੀਆਂ ਗੱਲਾਂ ਧਰਮਰਾਜ ਨਾਲ ਉਨ੍ਹਾਂ ਮੋੜ ਲਿਆਂਦਾ। ਪੁੰਨਿਆਂ ਸੁਣਨ ਆਏ ਕੁਝ ਲੋਕਾਂ ਹਿੰਮਤ ਕੀਤੀ ਅਤੇ ਉਸ ਘਾਇਲ ਹੋਏ 'ਸ਼ੇਰ' ਨੂੰ ਭੱਖਦੇ ਮੈਦਾਨ ਵਿਚੋਂ ਚੁੱਕ ਕੇ ਉਸ ਦੇ ਮੂੰਹ ਪਾਣੀ ਪਾਇਆ।

ਝੋਟਿਆਂ ਦੇ ਇਸ ਭੇੜ ਨਾਲ ਮੈਦਾਨ ਲਹੂ-ਲੁਹਾਨ ਹੋ ਚੁੱਕਾ ਸੀ। ਚਿੱਟੇ ਬਗਲੇ ਭਗਤ ਜਾਪਦੇ ਲਹੂ-ਲੁਹਾਨ ਹੋਏ ਇਕ ਦੂਏ ਨੂੰ ਗੰਦ ਬੱਕ ਰਹੇ ਹੌਂਕ ਰਹੇ ਸਨ। ਕੁੱਝ ਚਿਰ ਪਹਿਲਾਂ ਜਿਹੜੇ ਆਰਤੀਆਂ ਪੜ ਕੇ 'ਫੂਲਨ ਕੀ ਬਰਖਾ ਬਰਖਾ' ਰਹੇ ਸਨ, ਉਹ ਹੁਣ ਇੱਟੇ-ਰੋੜੇ ਬਰਖਾ ਰਹੇ ਸਨ। ਹਾਲੇ ਉਨ੍ਹੀ 'ਹਰ ਜੀ ਅਪਣੇ ਮੰਦਰ ਵਿਚ ਆਏ ਲੱਗ ਰਹੀਆਂ ਫੁੱਲ ਝੜੀਆਂ' ਅਰਦਾਸ ਤੋਂ ਬਾਅਦ ਪੜਨਾ ਸੀ, ਪਰ 'ਫੁੱਲ ਝੜੀਆਂ' ਪਹਿਲਾਂ ਹੀ ਚਲ ਗਈਆਂ ਤੇ ਇਨ੍ਹਾਂ 'ਫੁੱਲ ਝੜੀਆਂ' ਨੇ ਕਈਆਂ ਦੇ ਸਿਰ ਖ੍ਹੋਲ ਦਿੱਤੇ ਸਨ।

ਇਸ ਝੋਟਿਆਂ ਦੇ ਢੁੱਡੋ-ਢੁੱਡੀ ਹੁੰਦੇ ਅਖਾੜੇ ਨੂੰ ਵੇਖ ਦੁੱਧਾਂ ਦੀਆਂ ਕਾਹੜੀਆਂ ਲੈ ਕੇ ਆਉਂਣ ਵਾਲੀਆਂ ਮਾਈਆਂ ਕਰੀ ਜਾਣ 'ਵਾਖਗੁਰੂ-ਵਾਖਗੁਰੂ ਇਨ੍ਹਾਂ ਗੜੀ ਵੱਡਿਆਂ ਨੂੰ ਮਲਾਈਆਂ ਵਾਲਾ ਦੁੱਧ ਨਹੀਂ ਹਜਮ ਹੁੰਦਾ'। ਹੁਣ ਕੋਈ ਪੁੱਛਣ ਵਾਲੇ ਹੋਵੇ ਕਿ ਇਹ ਮਲਾਈਆਂ ਵਾਲੇ ਦੁੱਧ ਦੇ ਕੇ ਕੌਣ ਜਾਂਦਾ?

ਬਾਬਾ ਫੌਜਾ ਸਿੰਘ ਸੋਚਦਾ ਸੀ ਆਪਾਂ ਕੀ ਲੈਣਾ 'ਬ੍ਰਹਮਗਿਆਨੀ' ਬਣਕੇ। ਝੋਟਿਆਂ ਦੀ ਛੱਡੋ ਚਲੋ ਵਾਪਸ ਚਲਦੇ ਹਾਂ।

ਠਾਕੁਰ ਸਿੰਘ ਅਤੇ ਹਰੀ ਸਿੰਘ ਦੀਆਂ ਗੱਪਾਂ ਸੁਣ ਕੇ ਬਾਬਾ ਫੌਜਾ ਸਿੰਘ ਨੂੰ ਬੱਚਪਨ ਦੀ ਕਹਾਣੀ ਵਾਲੇ ਦੋ ਗੱਪੀ ਯਾਦ ਆ ਜਾਂਦੇ ਹਨ। ਕਹਿੰਦੇ ਦੋ ਗੱਪੀ ਜਾ ਰਹੇ ਸਨ। ਸਮਾਂ ਲੰਘਾਉਂਣ ਲਈ ਉਹ ਜ਼ਿਦ ਕੇ ਗੱਪਾਂ ਮਾਰਨ ਲੱਗ ਪਏ ਕਿ ਦੇਖਦੇ ਆਂ ਕਿਹੜਾ ਵੱਡੀ ਅਤੇ ਧੜੱਲੇਦਾਰ ਗੱਪ ਮਾਰਦਾ ਹੈ। ਇੱਕ ਕਹਿੰਦਾ ਕਿ ਮੇਰੇ ਬਾਪੂ ਕੋਲੇ ਇੱਕ ਮੱਝ ਹੁੰਦੀ ਸੀ, ਉਹ ਸਿੰਗ ਮਾਰ ਕੇ ਤਾਰੇ ਤੋੜ ਦਿਆ ਕਰਦੀ ਸੀ। ਇਕ ਵਾਰ ਉਸ ਅਜਿਹਾ ਸਿੰਗ ਮਾਰਿਆ ਕਿ ਚੰਨ 'ਤੇ ਜਾ ਕੇ ਫਸ ਗਿਆ। ਮੱਝ ਨੇ ਫਸਿਆ ਸਿੰਗ ਕੱਢਣ ਲਈ ਇੰਨਾ ਜੋਰ ਲਾਇਆ ਕਿ ਅੱਧਾ ਸਿੰਗ ਚੰਨ ਉਪਰ ਹੀ ਟੁੱਟ ਗਿਆ। ਜਦ ਚੰਨ ਹੁਣ ਅੱਧਾ ਕੁ ਦੀਹਦਾ ਦਰਅਸਲ ਉਹ ਮੇਰੇ ਬਾਪੂ ਦੀ ਮੱਝ ਦਾ ਟੁੱਟਾ ਹੋਇਆ ਸਿੰਗ ਹੀ ਹੈ??

ਦੂਜਾ ਕਹਿੰਦਾ ਮੇਰੇ ਬਾਪੂ ਕੋਲੇ ਇੱਕ ਬਰਛਾ ਹੁੰਦਾ ਸੀ ਉਹ ਬਦਲਾਂ ਵਿਚ ਮਾਰ ਕੇ ਮੀਂਹ ਪਵਾ ਲਿਆ ਕਰਦਾ ਸੀ। ਪਰ ਇੱਕ ਵਾਰੀ ਗੁੱਸੇ ਵਿਚ ਆਏ ਬਾਪੂ ਨੇ ਬਰਛਾ ਇੰਨਾ ਜੋਰ ਦੀ ਮਾਰਿਆ ਕਿ ਬੱਦਲਾਂ ਵਿਚ ਹੋਏ ਮਘੋਰਿਆਂ ਕਾਰਨ ਗੜਿਆਂ ਨੇ ਧਰਤੀ ਦੀ ਬੱਸ ਕਰਾ ਕੇ ਰੱਖ ਦਿੱਤੀ! ਉਦੋਂ ਤੋਂ ਹੁਣ ਤੱਕ ਜਿਹੜੇ ਗੜੇ ਪੈਂਦੇ ਨੇ ਉਹ ਮੇਰੇ ਬਾਪੂ ਦੇ ਮਾਰੇ ਬਰਛੇ ਦੀ ਮਿਹਰਬਾਨੀ ਹੈ!! ਪਹਿਲਾ ਕਹਿੰਦਾ ਉਹ ਐਡਾ ਵੱਡਾ ਬਰਛਾ ਰੱਖਦਾ ਕਿਥੇ ਸੀ? ਦੂਜਾ ਕਹਿੰਦਾ ਤੁਹਾਡੇ ਬਾਪੂ ਦੀ ਮੱਝ ਦੀ ਖੁਰਲੀ ਵਿਚ? ਕਦੇ ਦੇਖਿਆ ਨਹੀਂ?

ਬਾਬਾ ਫੌਜਾ ਸਿੰਘ ਨੂੰ ਜਾਪਦਾ ਇਹ ਦੋਵੇ 'ਭਰਾ' ਜਿਵੇਂ ਜ਼ਿਦ ਕੇ ਗੱਪ ਮਾਰਦੇ ਹਨ ਕਿ ਦੇਖਦੇ ਆਂ ਕਿਹੜਾ ਵੱਡੀ ਗੱਪ ਮਾਰਦਾ। ਇੱਕ ਜੇ ਵੀਹ ਫੁੱਟੇ ਸ਼ਹੀਦਾਂ ਦੀ ਮਾਰਦਾ, ਤਾਂ ਦੂਜਾ ਸਾਰੇ ਸ਼ਹੀਦਾਂ ਨੂੰ ਸੁਰੰਗ ਵਿਚ ਭੇਜ ਦਿੰਦਾ। ਇੱਕ ਜੇ ਗੁਰੂ ਨਾਨਕ ਸਾਹਿਬ ਜੀ ਦਾ ਸੀਸ ਅਕਾਸ਼ ਨਾਲ ਲਾ ਦਿੰਦਾ ਤਾਂ ਦੂਜਾ ਬਰਛਾ ਮਾਰਕੇ ਪਾਣੀ ਵਿਚੋਂ ਛੱਤੀ ਪ੍ਰਕਾਰ ਦੇ ਭੋਜਨ ਕੱਢ ਦਿੰਦਾ। ਇੱਕ ਤਾਂਬੇ ਦੀ ਧਰਤੀ ਤੇ ਹਨੇਰੀਆਂ ਲਿਆ ਦਿੰਦਾ, ਦੂਜਾ ਮਾਂ ਦਾ ਪੁੱਤ ਕੁੱਤਿਆਂ ਨੂੰ ਅੰਮਿ੍ਰਤ ਛਕਾ ਦਿੰਦਾ।

ਬਾਬਾ ਸੋਚਦਾ ਸੀ ਵੈਸੇ ਉਹ ਗੱਪ ਵੀ ਕੀ ਹੋਈ ਜੇ ਮਾਰਨ ਤੋਂ ਬਾਅਦ ਗੱਪ ਖੁਦ ਹੀ ਸ਼ਰਮਿੰਦੀ ਨਾ ਹੋ ਗਈ। ਇਸ ਗੱਲ ਦਾ ਪਤਾ ਬਾਬਾ ਫੌਜਾ ਸਿੰਘ ਨੂੰ ਉਦੋਂ ਲੱਗਿਆ ਜਦ ਬਾਬੇ ਨੂੰ ਬ੍ਰਾਹਮਣ ਦੇ ਲਿਖੇ ਪੁਰਾਣ ਪੜਨ ਦਾ ਭੁੱਸ ਪਿਆ। ਪੰਡੀਆ ਮਾਂ ਦਾ ਪੁੱਤ ਸ਼ਿਵ ਜੀ ਦੇ ਲਿੰਗ ਨੂੰ ਪਤਾ ਨਹੀਂ ਕਿਹੜੇ ਕਿਹੜੇ ਪਤਾਲਾਂ ਅਤੇ ਅਕਾਸ਼ਾਂ ਵਿਚ ਲਈ ਫਿਰਦਾ ਰਿਹਾ ਅਤੇ ਬ੍ਰਹਮਾ- ਵਿਸ਼ਨੂੰ ਉਸ ਨਾਲ ਛੂਹਣ-ਛੁਪਾਈ ਖੇਡਦੇ ਆਖਰ ਹੱਫ ਕੇ ਬ੍ਰਹਾਮਣ ਦੇ ਹੀ ਪੈਰਾਂ ਤੇ ਡਿੱਗ ਪੈਂਦੇ ਹਨ ਕਿ ਭਰਾ ਤੂੰ ਜਿੱਤਿਆ ਅਸੀਂ ਹਾਰੇ, ਤੂੰ ਕ੍ਰਿਪਾ ਕਰਕੇ ਇਸ ਨੂੰ ਸ਼ਿਵ ਜੀ ਦੀ ਲੂੰਗੀ ਵਿਚ ਹੀ ਰਹਿਣ ਦੇਹ। ਬਾਬਾ ਸੋਚਦਾ ਸੀ ਇਹ ਸ਼ਿਵ ਜੀ ਦਾ ਲਿੰਗ ਨਾ ਹੋਇਆ ਕਿਸੇ ਅਮਰੀਕਨ ਕੰਪਨੀ ਦਾ ਤੇਲ ਕੱਢਣ ਵਾਲਾ ਵਰਮਾ ਹੋਇਆ, ਜਿਹੜਾ ਤੇਲ ਲੱਭਣ ਲੱਗਿਆਂ ੭-੮ ਮੀਲ ਹੇਠਾਂ ਘੱਲ ਦਿੰਦੇ ਨੇ। ਪਰ ਕਿਹੜਾ ਕਿਸੇ ਪੁੱਛਣਾ। ਪੁੱਛਣਾ ਕਿਸੇ?

ਪਰ ਬਾਬਾ ਗੱਪ ਮਾਰਨ ਵਾਲੇ ਪੰਡੀਏ ਦੇ ਜਿਗਰੇ ਦੀ ਦਾਦ ਦਿੰਦਾ ਸੀ ਜਿਸ ਸ਼ਰੇਆਮ ਹਿੰਦੂ ਦੇ ਭਗਵਾਨਾਂ ਦਾ ਮਖੌਲ ਉਡਾਇਆ, ਪਰ ਓਸ ਲੁਕਾਈ ਦੇ ਜਿਗਰੇ ਦੀ ਵੀ ਦਾਦ ਦੇਣੀ ਬਣਦੀ ਜਿਹੜੀ ਸਦੀਆਂ ਤੋਂ ਅਜਿਹੀਆਂ ਗੱਪਾਂ ਨੂੰ ਅਪਣੇ ਧਾਰਮਿਕ ਅਸਥਾਨਾਂ ਦਾ ਸ਼ਿੰਗਾਰ ਬਣਾਈ ਤੁਰੀ ਆ ਰਹੀ ਹੈ। ਪਰ ਬਾਬਾ ਨਾਲ ਹੀ ਉਨ੍ਹਾਂ 'ਸਿੱਖ ਸੂਰਬੀਰਾਂ' ਦੇ ਜਿਗਰੇ ਦੀ ਵੀ ਦਾਦ ਦੇਣੋਂ ਨਹੀਂ ਰਹਿ ਸਕਦਾ ਜਿਹੜੇ ਅਜਿਹੇ ਹੀ ਲਿੰਗ-ਪਲਿੰਗਾਂ ਦੀਆਂ ਕਹਾਣੀਆਂ ਵਾਲੇ ਗਰੰਥ ਨੂੰ ਮੱਥੇ ਟੇਕੀ ਤੁਰੇ ਆ ਰਹੇ ਹਨ ਅਤੇ ਬੜੀ ਬੇਸ਼ਰਮੀ ਨਾਲ ਢੋਲਕੀਆਂ ਕੁੱਟੀ ਜਾ ਰਹੇ ਹਨ ਕਿ ਇਹ ਤਾਂ ਜੀ ਸਾਡੇ ਗੁਰੂ ਦੀ ਬਾਣੀ ਹੈ ਸਾਨੂੰ ਔਰਤਾਂ ਤੋਂ ਸਮਝਾਉਂਣ ਖਾਤਰ ਲਿਖੀ ਹੈ, ਪਰ ਸਮਝੇ ਕਿੰਨੇ ਕੁ, ਇਹ ਪਤਾ ਧੁੰਨੀਆਂ ਜੋੜ ਕੇ ਕਾਰ ਦੇ ਬੂਸਟਰ ਲਾਉਂਣ ਵਾਂਗ 'ਸਿਮਰਨ' ਚਲਾਉਂਣ ਦੀਆਂ ਵਿਧੀਆਂ ਤੋਂ ਹੀ ਲੱਗਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top