Share on Facebook

Main News Page

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ
-: ਗੁਰਦੇਵ ਸਿੰਘ ਸੱਧੇਵਾਲੀਆ

ਸੁੱਚਾ ਹੋਣ ਦਾ ਪਿੰਡਾ ਧੋਣ ਨਾਲ ਸਬੰਧ ਹੀ ਕੋਈ ਨਹੀਂ ਕਿਉਂਕਿ ਪਿੰਡਾ ਸੁੱਚਾ ਹੋ ਹੀ ਨਹੀਂ ਸਕਦਾ। ਪਿੰਡੇ ਦਾ ਸੁੱਚਾ ਹੋਣ ਦਾ 'ਲਾਜਿਕ' ਹੀ ਕੋਈ ਨਹੀਂ। ਪਿੰਡੇ ਦੇ ਧੁਰ ਅੰਦਰ ਹਰ ਵੇਲੇ ਇਨਾ ਗੰਦ ਪਲਪ ਰਿਹਾ ਹੁੰਦਾ ਕਿ ਕੁਦਰਤ ਨੇ ਜੇ ਮੇਰੇ ਅਤੇ ਉਸ ਗੰਦ ਵਿਚਾਲੇ ਪੜਦਾ ਨਾ ਤਾਣਿਆ ਹੋਵੇ ਤਾਂ ਅਸੀਂ ਖੁਦ ਹੀ ਇੱਕ ਦੂਏ ਨੇੜੇ ਕਦੇ ਬੈਠ ਨਾ ਸਕਦੇ ਹੁੰਦੇ।

ਗੁਰੂ ਸਾਹਿਬ ਨੇ ਇਸੇ ਹਕੀਕਤ ਨੂੰ ਖੋਲਦਿਆਂ ਹੀ ਬਚਨ ਕੀਤਾ ਸੀ ਕਿ ਪੰਡਿਤ ਤੂੰ ਕਹਿਨਾ ਅੰਨ ਵੀ ਦੇਵਤਾ, ਪਾਣੀ, ਬੈਸੰਤਰ, ਲੂਣ, ਘਿਉ ਯਾਣੀ ਏਹਾ ਸਭ ਦੇਵਤੇ ਹਨ, ਪਰ ਜਿਉਂ ਹੀ ਪਾਪੀ ਤਨ ਵਿਚ ਇਹ ਦੇਵਤੇ ਤੂੜੇ ਤਾਂ ਥੁੱਕਾਂ ਦਾ ਕਾਰਨ ਬਣ ਗਏ। 

ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਮ:1 ਪੰਨਾਂ 473

ਜਿਸ ਤਨ ਲਈ ਤੂੰ ਇਹ ਲਕੀਰਾਂ ਖਿਚਦਾ ਫਿਰਦਾਂ, ਗੋਹੇ ਦੇ ਪੋਚੇ ਮਾਰਦਾ ਫਿਰਦਾਂ, ਜਿਸ ਤਨ ਉਪਰ ਤੂੰ ਕੋਈ 'ਮਾੜਾ ਪ੍ਰਛਾਵਾਂ' ਨਹੀਂ ਪੈਣ ਦਿੰਦਾ, ਤਾਂ ਉਸ ਤਨ ਦੀ ਹਕੀਕਤ ਇਨੀ ਮਾੜੀ ਕਿ ਤੇਰੇ ਪਵਿੱਤਰ ਆਖੇ ਜਾਂਦੇ ਦੇਵਤੇ ਵੀ ਥੁੱਕਾਂ ਦਾ ਕਾਰਨ ਬਣ ਗਏ ਤਾਂ ਅਜਿਹਾ ਪਿੰਡਾ ਸੁੱਚਾ ਕਿਵੇਂ ਹੋਇਆ?

ਪਿੰਡਾ ਸੁੱਚਾ ਨਹੀਂ ਹੋ ਸਕਦਾ... ਸਾਫ ਹੋ ਸਕਦਾ। ਇਸ ਦੀ ਸਫਾਈ ਕੀਤੀ ਜਾ ਸਕਦੀ ਸੁੱਚਾਈ ਨਹੀਂ। ਪਿੰਡੇ ਦੇ ਅੰਦਰ ਇਨਾ ਵੱਡਾ ਕਾਰਖਾਨਾ ਹਰ ਸਮੇ ਚਲਦਾ ਰਹਿੰਦਾ ਕਿ ਪਤਾ ਨਹੀਂ ਹਰੇਕ ਪਲ ਵਿਚ ਕਿੰਨਾ ਗੰਦ ਕੱਢ ਕੱਢ ਇਸ ਦੀਆਂ ਮਸ਼ੀਨਾਂ ਇੱਕ ਪਾਸੇ ਕਰੀ ਜਾਦੀਆਂ ਤੇ ਮੁੜ ਵਹਿਣੀਆਂ ਰਾਹੀਂ ਬਾਹਰ ਸੁੱਟੀ ਜਾਦੀਆਂ।

ਕਿਡਨੀਆਂ ਇਸ ਦੀਆਂ ਦਿਨ ਪਰ ਰਾਤ ਇੱਕ ਕਰੀ ਰੱਖਦੀਆਂ, ਲਿਵਰ ਹਰੇ ਵੇਲੇ ਕੰਮੇ ਜੁੱਟਿਆ ਰਹਿੰਦਾ, ਦਿੱਲ ਗੈਲਨਾ ਦੇ ਗੈਲਨ ਲਹੂ ਨੂੰ ਇੱਕ ਪਾਸਿਓਂ ਚੁੱਕ ਚੁੱਕ ਦੂਜੇ ਪਾਸੇ ਡੋਹਲਦਾ ਰਹਿੰਦਾ। ਕੁਝ ਚਿਰ ਹੀ ਇਹ ਕਾਮੇ ਕੰਮ ਬੰਦ ਕਰ ਦੇਣ ਤਾਂ ਇਹ ਸੋ ਕਾਲ ਪਵਿੱਤਰ ਦੇਹ ਤਰਕ ਜਾਂਦੀ ਹੈ। ਪਰ ਜਿੰਨਾ ਕਾਮਿਆ ਕਾਰਨ ਦੇਹੀ ਮੇਰੀ ਚਲਦੀ ਉਹ ਤਾਂ ਰਹਿੰਦੇ ਹੀ ਗੰਦ ਵਿਚ ਹਨ! ਚੰਗੇ ਤੱਤ ੱਕਢ ਕੱਢ ਗੰਦਗੀ ਪਾਸੇ ਕਰੀ ਜਾਂਦੇ ਰਹਿੰਦੇ!

ਮੇਰੀ ਦੇਹ ਦੀ ਇੱਕ ਇੱਕ ਵਹਿਣੀ ਵਿਚ ਚਿੱਕੜ ਹੈ ਜਿਹੜਾ ਮੇਰੇ ਅੰਦਰਲੇ ਕਾਰਖਾਨੇ ਦੇ ਕਾਮੇ ਚੁੱਕ ਚੁੱਕ ਮੇਰੇ ਕੂੜੇ ਕੱਚਰੇ ਨੂੰ ਬਾਹਰ ਸੁੱਟਦੇ ਰਹਿੰਦੇ ਹਨ ਤੇ ਮੇਰੇ ਹੀ ਖੁਦ ਦੇ ਅੰਦਰੋ ਨਿਕਲੇ ਉਸ ਕੂੜੇ ਤੇ ਮੇਰਾ ਖੁਦ ਦਾ ਹੀ ਨੱਕ ਨਹੀਂ ਦੇ ਹੁੰਦਾ ਤਾਂ ਮੇਰੀ ਦੇਹ ਸੁੱਚੀ ਕਿਵੇਂ ਹੋਈ?

ਨੱਕ ਮੇਰਾ ਕੇਵਲ ਸਾਹ ਹੀ ਨਹੀਂ ਲੈਂਦਾ ਬਲਕਿ ਮੇਰੀ ਦੇਹ ਦੀ ਟੁੱਟ ਭੱਜ ਵੇਲੇ ਦੇ ਬਣੇ ਗੰਦ ਨੂੰ ਬਾਹਰ ਵੀ ਸੁੱਟਦਾ ਹੈ! ਜਿਸ ਮੂੰਹ ਰਾਹੀਂ ਮੈਂ ਅਪਣੇ ਬਾਟਿਆਂ ਵਿਚ ਬਣਾਏ 'ਸੁੱਚੇ' ਪਦਾਰਥ ਖਾਨਾ ਉਸੇ ਮੂੰਹ ਰਾਹੀਂ ਮੈਨੂੰ ਅਪਣੀ ਬਲਗਮ ਵਰਗਾ ਗੰਦ ਵੀ ਹੂੰਝ ਕੇ ਬਾਹਰ ਕੱਢਣਾ ਪੈਂਦਾ। ਉਹ ਬਲਬਮ ਜਿਸ ਉਪਰ ਤੁਹਾਡਾ ਹੀ ਪੈਰ ਆ ਜਾਏ ਤਾਂ ਦਿੱਲ ਕਚਿਆਣ ਨਾਲ ਭਰ ਜਾਏ?

ਦੇਹ ਸੁੱਚੀ ਨਹੀਂ ਹੋ ਸਕਦੀ ਦੇਹ ਦੀ ਸਫਾਈ ਹੋ ਸਕਦੀ ਹੋ ਜੋ ਕਿ ਨਿਹਾਇਤ ਜਰੂਰੀ ਹੈ। ਸਵੇਰੇ ਸਵੇਰ ਇਸ਼ਨਾਨ ਕਰਨਾ, ਦਾਤਨ-ਕੁਰਲਾ ਕਰਨਾ, ਹੱਥ ਸਾਫ ਰੱਖਣੇ, ਕਿਸੇ ਨੂੰ ਮਿਲਾਉਂਣ ਤੋਂ ਬਾਅਦ ਧੋ ਲੈਣੇ ਆਦਿ ਕਈ ਬਿਮਾਰੀਆਂ ਤੋਂ ਤੁਹਾਨੂੰ ਸੁਰੱਖਤ ਰੱਖਦੇ ਹਨ ਪਰ ਹਰ ਵੇਲੇ ਸ਼ਦਾਈਆਂ ਵਾਂਗ ਮਾਜਾਂ-ਧੋਈ ਵੰਨੀ ਹੀ ਵਾਹੋ ਦਾਹੀ ਹੋਏ ਰਹਿਣਾ ਤੇ ਸੋਚਣਾ ਕਿ ਸੁੱਚੇ ਹੋ ਗਏ ਹਾਂ, ਮੂਰਖਤਾ ਤੋਂ ਸਿਵਾਏ ਕੱਖ ਨਹੀਂ।

ਪੰਜਾਬ ਦੀ ਗੱਲ ਹੈ। ਮੇਰੀ ਪਤਨੀ ਦੀ ਭੂਆ ਦਾ ਲੜਕਾ ਉਹ ਅਗਾਂਹ ਅਪਣੀ ਭੂਆ ਦੇ ਮੈਨੂੰ ਧੂਰੀ ਲੈ ਗਿਆ। ਧੂਰੀ ਦੀ ਉਸ ਸਮੇ ਖੰਡ ਮਿੱਲ ਜੋਰਾਂ ਤੇ ਚਲਦੀ ਸੀ ਤੇ ਫੁੱਫੜ ਉਸ ਦਾ ਉਥੇ ਮੈਨੇਜਰ ਸੀ। ਅਸੀ ਮਿੱਲ ਦੇਖਣ ਗਏ। ਖੰਡ ਜਿਵੇਂ ਬਣਦੀ ਤਾਂ ਬਣਦੀ ਪਰ ਜਿਥੇ ਬੋਰੀਆਂ ਵਿਚ ਪੈੱਕ ਹੁੰਦੀ? ਖੰਡ ਦੇ ਢੇਰਾਂ ਵਿਚ ਭਈਏ ਇਉਂ ਫਿਰਦੇ ਸਨ ਜਿਵੇਂ ਛੱਪੜ ਵਿਚਲੀ ਮਿੱਟੀ ਦੀ ਘਾਣੀ ਮਾਰ ਰਹੇ ਹੋਣ। ਦੁੱਧ ਜਿਥੇ ਚੋਏ ਜਾਂਦੇ ਨੇ। ਸ਼ਹਿਦ ਹਰੇਕ ਖਾਂਦਾ। ਪਤਾ ਨਹੀਂ ਕਿੰਨੀਆਂ ਮੱਖੀਆਂ ਦਾ 'ਸੀਤ ਪ੍ਰਸਾਦ' ਹੁੰਦਾ। ਦਵਾਈਆਂ ਹਰੇਕ ਖਾਂਦਾ। ਟੀਕੇ ਹਰੇਕ ਦੇ ਲੱਗਦੇ। ਬੀ-12, ਆਇਰਨ ਤੇ ਪਤਾ ਨਹੀਂ ਕੀ ਕੀ ਨਿੱਕਸੁੱਕ ਖਾ ਕੇ ਬੰਦੇ ਨੂੰ ਜਿਉਂਦਾ ਰਹਿਣਾ ਪੈਂਦਾ। ਤੇ ਇਹ ਵੀ ਪਤਾ ਨਹੀਂ ਕਿਹੜੀ ਦਵਾਈ ਕਾਹਦੀ ਬਣਦੀ ਹੈ! ਤਾਂ ਦੇਹੀ ਸੁੱਚੀ ਕਿਵੇਂ ਰਹਿ ਗਈ? ਨਿਆਣੇ ਸਭ ਦੇ ਹਸਪਤਾਲਾਂ ਵਿਚ ਜੰਮਦੇ। ਡਾਕਟਰਾਂ ਦੇ ਵਾਹ ਹਰੇਕ ਦਾ ਪੈਂਦਾ। ਦਵਾਈਆਂ ਬਣਾਉਂਣ ਵਾਲੇ ਪਤਾ ਨਹੀਂ ਕਿਵੇਂ ਕਿਵੇਂ ਦੇ ਹੁੰਦੇ। ਸਿਗਰਟਾਂ, ਸ਼ਰਾਬਾਂ ਪੀਣ ਵਾਲੇ ਵੀ ਹੋ ਸਕਦੇ। ਅੰਮ੍ਰਿਤਧਾਰੀ ਤਾਂ ਬਿਲਕੁਲ ਨਹੀਂ!

ਇਸ ਧਰਤੀ 'ਤੇ, ਇਸ ਦੁਨੀਆਂ ਤੇ, ਇਸ ਦੇਹ ਵਿਚ ਸੁੱਚਾ ਹੋ ਕੇ ਕਿਵੇ ਜਿਉਂਗੇ? ਦੋਗਲੇ ਹੋ ਕੇ ਜਿਉਂਣ ਵਿਚ ਕੋਈ ਨੁਕਸਾਨ ਨਹੀਂ ਕਿ ਮਾਂ ਤਾਂ ਜੂਠੀ ਹੋ ਗਈ, ਪਰ ਜਿਥੇ ਜਾਨ ਲਬਾ ਤੇ ਆਈ ਉਥੇ ਸਭ ਸੁੱਚਾ?

ਕੌਮ ਮੇਰੀ ਵਿਚ ਪੰਡਤਾਂ ਦੇ ਅਜਿਹੇ ਵੱਗ ਪੈਦਾ ਹੋ ਗਏ ਨੇ ਕਿ ਇਸ ਹੱਥੋ ਖਾਣਾ, ਉਸ ਦੇ ਘਰੋਂ ਨਹੀਂ ਖਾਣਾ, ਉਸ ਦੇ ਜਥੇ ਦਾ ਖਾਣਾ, ਇਸ ਦੇ ਅੰਮ੍ਰਤਿ ਵਾਲੇ ਦਾ ਬਿਬੇਕੀ ਤੇ ਉਸ ਵਾਲੇ ਦਾ ਪਤਿਤ?

ਗੁਰੂ ਸਾਹਿਬ ਜੀ ਅਗਲੀ ਅੱਧੀ ਪੰਗਤੀ ਵਿਚ ਕਹਿੰਦੇ ਕਿ ਸੁੱਚੇ ਉਹ ਜਿੰਨਾ ਦੇ ਮਨ ਵੱਸ ਗਿਆ। ਸੂਚੇ ਸੇਈ ਨਾਨਕਾ ਜਿਨ੍‍ ਮਨਿ ਵਸਿਆ ਸੋਇ ॥2॥ ਮ:1 ਪੰਨਾਂ 472 ਯਾਣੀ ਸੁੱਚਾ ਹੋਣ ਦਾ ਸਬੰਧ ਮਨ ਨਾਲ ਹੈ, ਤੁਹਾਡੇ ਵਿਚਾਰਾਂ ਨਾਲ ਹੈ, ਤੁਹਾਡੇ ਵਰਤਾਵ ਨਾਲ ਹੈ, ਤੁਹਾਡੀ ਜੀਵਨ ਸ਼ੈਲੀ ਨਾਲ ਹੈ ਕਿ ਤੁਸੀਂ ਦੂਜੇ ਨੂੰ ਬੰਦਾ ਵੀ ਸਮਝਦੇਂ? ਤੁਸੀਂ ਜੇ ਦੂਜੇ ਨਾਲ ਮੂੰਹ ਹੀ ਵੱਟ ਕੇ ਲੰਘ ਗਏ ਕਿ ਇਹ ਮੇਰੇ ਟੋਲੇ ਦਾ ਨਹੀਂ, ਇਹ ਮੇਰੇ 'ਗੈਂਗ' ਵਿਚ ਸ਼ਾਮਲ ਨਹੀਂ ਤਾਂ ਮੇਰੇ ਬਾਟੇ ਮਾਂਜੇ, ਦੇਹੀ ਧੋਤੀ ਜਾਂ ਹੱਥ ਰਗੜੇ ਕੀ ਕਰਨਗੇ! ਕਹਿੰਦੇ ਰੱਬ ਤੋਂ ਦੂਜੀ ਥਾਂ ਮਾਂ ਦੀ ਪਰ ਇਥੇ ਤਾਂ ਪੰਡੀਏ ਮਾਂ ਵੀ ਜੂਠੀ ਕਰ ਛੱਡੀ ਤਾਂ ਰੱਬ ਕਿਵੇਂ ਸੁੱਚਾ ਰਹਿ ਗਿਆ?

ਉਹ ਕੌਮਾਂ ਕਦੇ ਵਿਕਾਸ ਨਹੀਂ ਕਰ ਸਕਦੀਆਂ ਜਿੰਨਾ ਦਾ ਸਾਰਾ ਜੋਰ ਸੁੱਚੇ ਹੋਣ ਤੇ ਲੱਗਾ ਰਹਿੰਦਾ ਕਿ ਤੇ ਇਸੇ ਵਹਿਮ ਵਿਚ ਜੀਵਨ ਲੰਘ ਜਾਂਦਾ ਕਿ ਕਿਸ ਦਾ ਹੱਥ ਲੱਗਾ ਤੇ ਕਿਸ ਨੇ ਕਿਸ ਨੂੰ ਛੂਹ ਲਿਆ। ਉਹ ਹੋਰ ਕੁਝ ਕਰਨ ਬਾਰੇ ਸੋਚ ਸਕਦਾ ਹੀ ਨਹੀਂ। ਸੋਚ ਜਾਵੇਗੀ ਤਾਂ ਜੇ ਸਿਰ ਨੂੰ ਖੁਲ੍ਹਾ ਰੱਖਾਗਾਂ। ਵਿਹਲੜਾਂ ਜਿਹੇ ਵਾਲੇ ਕੰਮ ਹਨ ਇਹ ਕਿ ਹਰ ਵੇਲੇ ਖਾਣ ਪੀਣ ਦੁਆਲੇ ਹੋਈ ਰਹਿਣਾ ਤੇ ਬਾਟੇ ਖੜਕਾਈ ਜਾਣੇ ਜਦ ਕਿ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਸਪੱਸ਼ਟ ਹਨ ਕਿ ਦੇਹ ਸੁੱਚੀ ਨਹੀਂ ਹੋ ਸਕਦੀ! ਕਿ ਹੋ ਸਕਦੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top