ਦੁਨੀਆਂ ਮੇਲਾ! ਯਾਣੀ ਤਮਾਸ਼ਾ! ਪਰ ਜਦੋਂ ਤੱਕ ਸਾਹ! ਹਵਾ ਅੰਦਰ
ਆਉਂਦੀ ਤੇ ਬਾਹਰ ਜਾਂਦੀ, ਬਾਹਰ ਗਈ ਨਹੀਂ ਮੁੜੀ ਤਾਂ ਬੱਅਸ!
ਮੇਲਾ ਖਤਮ! ਤਮਾਸ਼ਾ ਗਾਇਬ! ਨਾ ਮੇਲਾ ਨਾ ਤਮਾਸ਼ਾ।
ਮੇਲਾ
ਤਾਂ ਹਵਾ ਨਾਲ ਸੀ ਹਵਾ ਮੁੜੀ ਨਹੀਂ ਬਾਹਰ ਗਈ! ਰਾਤੀਂ ਸੁੱਤੇ ਸਰਦਾਰ ਸਾਹਬ,
ਸਰਪੰਚ ਸਾਹਬ, ਐਮ ਪੀ ਸਾਹਬ, ਐਮ ਐਲ ਏ ਸਾਹਬ, ਮਨਿਸਟਰ ਸਾਹਬ, ਪ੍ਰਧਾਨ ਸਾਹਬ, ਸਕੱਤਰ
ਸਾਹਬ! ਪਰ ਦਿਨੇ ਸੱਦਾ ਜਾਂਦਾ ਭਾਈ ਲਾਸ਼ ਲੈ ਕੇ ਜਾਣਾ ਛੇਤੀ ਪਹੁੰਚੋ? ਹੱਦ ਹੋ ਗਈ ਰਾਤ
ਵਾਲਾ ਸਾਹਬ ਦਿਨੇ ਲਾਸ਼? ਕਿਧਰ ਗਏ ਸਾਹਬ? ਲਾਸ਼ ਲਫਜ ਨੇ ਸਾਰੇ
ਸਾਹਬ ਲਾਹ ਕੇ ਔਹ ਮਾਰੇ ਤੇ ਲਾਸ਼ ਨੇ ਅੱਗੇ ਜਦ ਅੱਗ ਦੀਆਂ ਲਾਟਾਂ ਨਾਲ ਜੱਫੀ ਪਾਈ ਤਾਂ
ਖੇਹ? ਕਿਧਰ ਗਏ ਸਾਹਬ ਹੁਰੀਂ ਤੇ ਜੋ ਬਚਿਆ ਉਹ ਆਹ ਖੇਹ? ਜਿਹੜੀ ਖੇਹ ਤੋਂ ਦੇਹ
ਨੂੰ ਬਚਾ ਬਚਾ ਰੱਖਦਾ ਰਿਹਾ ਉਸੀ ਖੇਹ ਨੇ ਸਾਹਬੀ ਖੇਹ ਕਰਤੀ। ਮੌਤ ਇਨਾ 'ਧੱਕਾ' ਵੀ ਕਰ
ਸਕਦੀ, ਇਹ ਤਾਂ ਕਦੇ ਮੈਂ ਜਾਣਿਆ ਹੀ ਨਾ ਸੀ। ਮੇਰੇ ਸਾਰੇ ਸਾਹਬ ਲਾਹ ਕੇ ਲੈ ਗਈ ਮੌਤ ਤੇ
ਹੁਣ ਅਗਲਿਆਂ ਲਾਸ਼ ਵਾਲਾ 'ਅਹੁਦਾ' ਵੀ ਖੋਹ ਲਿਆ! ਚਲੋ ਇਹ ਤਾਂ ਚਾਰ ਦਿਨ ਰਹਿਣ ਦਿੰਦੇ।
ਪਰ ਕਿਥੇ? ਕਰਨਾ ਕੀ ਇਸ ਦਾ, ਗਾਲਣੀ? ਨਹੀਂ ਵੀ ਗਲੀ ਤਾਂ ਰੱਖੀ ਰੱਖਣ ਦੇ ਵੀ ਪੈਸੇ ਲੱਗਦੇ।
ਪੈਸੇ ਵੀ ਛੱਡੋ ਦੁਨੀਆਂ ਕੋਲੇ ਇਨੀ ਵਿਹਲ ਕਿਥੇ ਕਿ ਲਾਸ਼ ਦੇ ਸਰ੍ਹਾਣੇ ਬੈਠੇ ਰਹਿਣ? ਵਿਹਲਾਂ
ਤਾਂ ਸਾਹਬਾਂ ਲਈ ਸਨ ਪਰ ਹੁਣ ਸਾਹਬ ਹੁਰੀਂ ਤਾਂ ਲਾਸ਼ ਨੇ ਤੇ ਲਾਸ਼ ਤੋਂ ਕਰਾਉਂਣਾ ਕੀ ਕਿਸੇ?
ਤੇ ਤੋਰਨ ਆਏ? ਬਹੁਤੀ ਭੀੜ ਤਾਂ
ਉਝਂ ਹੀ ਮੂੰਹ ਰੱਖ ਹੁੰਦੀ ਕਿ ਚਲੋ ਕਿਤੇ ਕੰਮ ਹੀ ਪੈ ਜਾਂਦਾ ਘਰ ਵਾਲਿਆਂ ਨਾਲ, ਨਾਲੇ ਉਹ
ਵੀ ਤਾਂ ਸਾਡੇ ਬੁੜੇ ਦੀ ਭੀੜ ਬਣੇ ਸਨ। ਭੀੜ ਵੀ ਤਾਂ ਚਾਹੀਦੀ। ਬੰਦਾ ਮਰਿਆ ਵੀ ਤਾਂ ਕੱਲਾ
ਤੁਰਿਆ ਜਾਂਦਾ ਚੰਗਾ ਨਹੀਂ ਨਾ ਲੱਗਦਾ ਉਂਝ ਵੀ ਦੇਖਾ ਦੇਖੀ ਵੀ ਤਾਂ ਰੱਖਣੀ ਹੁੰਦੀ ਕਿ
ਬੱਲੇ ਬਈ ਕਿਤੇ ਦੁਨੀਆਂ ਆਈ ਉਨ੍ਹਾਂ ਦੇ ਫੂਕ ਫੁਕਈਏ ਤੇ! ਇਹ ਬੱਲੇ-ਛਾਵਾ ਨਾ ਜਮਣ ਤੇ
ਜਾਵੇ ਵਿਆਹ ਨਾ ਮਰਨ ਤੇ! ਹੋਰ ਰੇਡੀਓ ਤੇ ਬੁਲਾਉਂਣ ਦਾ ਮੱਤਲਬ ਕੀ ਹੁੰਦਾ। ਵਿਆਹ ਤੇ ਤਾਂ
ਬੰਦਾ ਸੱਦਾ ਦੇ ਦਿੰਦਾ ਪਰ ਹੁਣ ਮਰਨ ਤੇ ਕਿਹੜਾ ਦੇਵੇ ਕਿ ਬਈ ਸਾਡੇ ਸਾਹਬ ਨੂੰ ਫੂਕਣ ਆਉ?
ਤੇ ਆਉਂਣ ਵਾਲੇ? ਬੰਦਾ ਹਾਲੇ
ਸਾਹਵੇਂ ਬਕਸੇ ਵਿਚ ਪਿਆ ਹੁੰਦਾ, ਮਨ ਕੁਝ ਪਲ ਭਰਦਾ ਜਿਹਾ ਕਿ ਯਾਰ ਆਹੀ ਸੀ ਬੱਅਸ! ਪਰ
ਬੈਠੇ ਬੈਠੇ ਹੀ ਜ੍ਹੇਬ ਵਿਚ ਕੁਤਕੁਤਾਰੀਆਂ ਨਿਕਲਣ ਲੱਗ ਜਾਦੀਆਂ। ਫੋਨ ਵਾਈਬਰ ਤੇ ਹੁੰਦਾ
ਨਾ! ਫੋਨ ਜਲੂਣ ਕਰਦਾ ਕਿ ਦੇਖ ਬੂਹਾ ਖੋਹਲ ਕੇ ਕੌਣ ਆਇਆ ਵੇਖੇਂ ਕਿਤੇ ਖੁੰਝ ਜਾਏਂ? ਵਕਤੀ
ਜਿਹਾ ਟਿਕਿਆ ਮਨ ਫਿਰ ਦੌੜ ਉੱਠਦਾ। ਕਈ ਕਾਹਲੇ ਤਾਂ ਉਥੇ ਹੀ ਉੱਠਣ ਲੱਗੇ ਊਠ ਤਰ੍ਹਾਂ ਪਾਸਾ
ਜਿਹਾ ਮਾਰ ਕੇ ਜ੍ਹੇਬ ਦੇ ਹਨੇਰੇ ਵਿਚੀਂ ਝਾਕ ਲੈਂਦੇ ਕਿ ਬਾਹਲਾ ਕਾਹਲਾ ਕੌਣ ਜਿਹੜਾ
ਸਿਵਿਆਂ ਵਿਚ ਵੀ ਨਹੀਂ ਟਿਕਣ ਦਿੰਦਾ।
ਹਾਲੇ ਪਤਾ ਹੁੰਦਾ ਕਿ ਕੱਲ ਤੱਕ ਬਕਸੇ
ਵਾਲੇ ਦਾ ਵੀ ਇਹੀ ਹਾਲ ਸੀ ਪਰ ਹੁਣ ਨਾ ਫੋਨ ਦੀ ਘੰਟੀ, ਨਾ ਵੱਟ-ਸ-ਅੱਪ ਦੀ ਸੀਟੀ,
ਨਾ ਮੈਸਿਜ ਦੀ ਟਅੰਨ! ਬੇਖ਼ਬਰ ਫੋਨ ਵਿਚਾਰਾ ਆਪੇ ਵੱਜ-ਖੜਕ ਕੇ ਸਬਰ ਕਰ ਲੈਂਦਾ ਤੇ ਹੈਰਾਨ
ਵੀ ਹੁੰਦਾ ਕਿ ਪਹਿਲੀ 'ਰਿੰਗੇ' ਹੀ ਦੌੜ ਕੇ ਘੰਡੀ ਮਰੋੜਨ ਵਾਲਾ ਅੱਜ ਰੜਕਦਾ ਹੀ ਨਹੀਂ?
ਉਸ ਨੂੰ ਕੀ ਪਤਾ ਹੁੰਦਾ ਕਿ ਮੌਤ ਸਭ ਦੀਆਂ ਰੜਕਾਂ ਕੱਢ ਦਿੰਦੀ? ਰੜਕ ਛੱਡਦੀ ਹੀ ਕੋਈ ਨਹੀਂ
ਮੌਤ। ਨਾ ਰੜਕ ਛੱਡੇ ਨਾ ਸਾਹਬ। ਸਾਹਬੀਆਂ ਸਭ ਖੋਹ ਲਿਜਾਂਦੀ। ਪ੍ਰਧਾਨਗੀਆਂ, ਸਕੱਤਰੀਆਂ,
ਅਹੁਦੇ, ਧਨ-ਮਾਲ, ਪੈਸਾ, ਗੱਡੀਆਂ, ਘਰ, ਮਹੱਲ ਸਭ। ਇੱਕੇ ਝਟਕੇ ਨਾਲ। ਸਾਹ ਬਾਹਰ ਗਿਆ
ਬੱਅਸ ਅੰਦਰ ਵਾਪਸ ਹੀ ਨਹੀਂ ਮੁੜਿਆ। ਹਵਾ ਨਾਲ ਖਲਾਅ ਭਰਿਆ ਪਿਆ ਸੀ। ਹਨੇਰੀ ਵੀ ਕਿਉਂ ਨਾ
ਚਲੀ ਜਾਵੇ ਬਾਹਰ ਪਰ ਦੇਹ ਨੇ ਹਵਾ ਕਬੂਲ ਹੀ ਨਹੀਂ ਕੀਤੀ। ਆਕਸੀਜਨ ਦੀ ਘੁੱਟ ਵੀ ਨਹੀਂ
ਲੰਘੀ। ਹਵਾਵਾਂ ਦੇ ਰੁੱਗ ਭਰ ਭਰ ਪੀਣ ਵਾਲੀ ਦੇਹ ਨੇ ਇਨੀ ਖੁਲ੍ਹੀ ਹਵਾ ਵਿਚੋਂ ਇੱਕ ਕਿਣਕਾ
ਲੈਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਚਲੋ ਜੀ ਔਹ ਜਾਂਦੇ ਜੇ ਸਾਹਬ ਹੁਰੀਂ!
ਬਅੱਸ ਇਨੀ ਗਲ ਸੀ? ਵੱਡੀਆਂ ਡੀਗਾਂ ਮਾਰਨ ਵਾਲੇ ਕੋਲੋਂ
ਇੱਕ ਭੋਰਾ ਹਵਾ ਨਹੀਂ ਖਿੱਚ ਹੋਈ ਅੰਦਰ। ਮੋਢਿਆਂ ਤੋਂ ਥੁੱਕਣ ਵਾਲਾ ਇੱਕ ਸਾਹ ਲੈਣ ਦੀ
ਤਾਕਤ ਨਹੀਂ ਰੱਖ ਸਕਿਆ। ਸਾਹ ਵੀ ਭਰੜਾ ਗਿਆ ਜਦ ਮੌਤ ਨੇ ਲਗਾਮ ਖਿੱਚ ਕੇ ਅੱਡੀ ਮਾਰੀ!
ਹੱਥ ਹੀ ਮਾਰਦਾ ਰਹਿ ਗਿਆ, ਪਾਣੀ ਹੀ ਮੰਗਦਾ ਰਹਿ ਗਿਆ। ਪਾਣੀ ਵੀ ਕਿਥੇ ਮੰਗਿਆ ਗਿਆ। ਮੌਤ
ਦਾ ਗਲਾਵਾਂ ਪਾਣੀ ਵੀ ਮੰਗਣ ਦੀ ਤਾਕਤ ਕਿਥੇ ਛੱਡਦਾ। ਹੱਥ ਹੀ ਵੱਜਦਾ ਦਿੱਸਿਆ ਉਹ ਵੀ ਉੱਠ
ਨਹੀਂ ਸਕਿਆ। ਬਾਹਾਂ ਮਰੋੜੀ ਖੜੀ ਮੌਤ ਹੱਥ ਉੱਠਣ ਦਿੰਦੀ?
ਦੁਨੀਆ ਦਾ ਮੇਲਾ ਭਰਿਆ ਹੀ ਰਹਿ ਗਿਆ। ਜਿੰਨਾ ਧਰਤੀ ਦੇ ਟੁਕੜਿਆਂ
'ਤੇ ਲੜਦਾ, ਸਿਰ ਪਾੜਦਾ ਸੀ ਉਹ ਧਰਤੀ, ਉਹ ਵੱਟਾਂ ਬੰਨੇ ਉਥੇ ਹੀ ਖੜੇ ਦੇ ਖੜੇ, ਸਦੀਆਂ
ਤੋਂ ਖੜੇ, ਹਜਾਰਾਂ ਸਾਲਾਂ ਲੱਖਾਂ ਸਾਲਾਂ ਤੋਂ ਉਵੇ ਦੇ ਉਵੇਂ ਪਰ ਕਬਜਿਆਂ ਵਾਲਾ ਇਸ
ਦੁਨੀਆਂ ਦੇ ਸੈਹਰ ਮੇਲੇ ਚੋਂ ਕਾਲੇ ਅੱਖਰਾਂ ਤਰ੍ਹਾਂ ਪੂੰਝ ਦਿੱਤਾ ਗਿਆ!
ਨਹੀਂ?