Share on Facebook

Main News Page

ਅਕਲਾਂ ਬਾਝੋਂ ਖੂਹ ਖਾਲੀ !
-: ਗੁਰਦੇਵ ਸਿੰਘ ਸੱਧੇਵਾਲੀਆ
07 Aug 2018

ਬਨਾਸਪਤੀ ਤੋਂ ਲੈ ਕੇ ਜੀਵ ਜੰਤੂਆਂ ਤੱਕ, ਮਨੁੱਖ ਤੋਂ ਲੈ ਕੇ ਮੁਲਕਾਂ-ਕੌਮਾਂ ਤੱਕ ਇੱਕੋ ਅਸੂਲ ਹੈ ਕਿ ਜਿਉਂਦਾ ਉਹ ਜਿਹੜਾ ਤਗੜਾ। ਯਾਣੀ ਹਰੇਕ ਤਗੜਾ ਮਾੜੇ ਨੂੰ ਦਬ ਜਾਊ ਤੇ ਹਰੇਕ ਮਾੜਾ ਤਗੜੇ ਤੋਂ ਖਾਧਾ ਜਾਊ।

ਗਰਮੀਆਂ ਵਿੱਚ ਟੋਰੰਟੋ ਪਹਿਲਾਂ ਤਾਂ ਖੁਸ਼ਕ ਰਿਹਾ ਤੇ ਹੁਣ ਜਿਹੇ ਆ ਕੇ ਲਗਾਤਾਰ ਮੀਂਹ ਪੈ ਗਏ। ਖੁਸ਼ਕੀ ਦੇ ਮਾਰੇ ਸਾਡੇ ਸਬਜੀਆਂ ਦੇ ਬੂਟੇ ਮਾਰ ਛਾਲਾਂ ਆਏ, ਪਰ ਉਨ੍ਹਾਂ ਦੇ ਨਾਲ ਧਰਤੀ ਦਾ ਸਕਾ ਪੁੱਤ ਘਾਹ ਵੀ ਲਾਂਗੜ ਕੱਸ ਖੜੋਤਾ। ਇੱਕ ਪਾਸਿਓ ਅਸੀਂ ਗੋਡੀ ਕਰਕੇ ਪਾਸਾ ਪਰਤਦੇ ਦੂਜੇ ਪਾਸੇ ਪੌਦੇ ਦੱਬ ਗਏ ਹੁੰਦੇ। ਜਿਹੜੇ ਪਲ ਗਏ ਉਨਾ ਘਾਹ ਨੂੰ ਦੱਬ ਲਿਆ ਜਿਹੜੇ ਛੋਟੇ ਰਹਿ ਗਏ ਘਾਹ ਉਨ੍ਹਾਂ ਨੂੰ ਦੱਬ ਗਿਆ।

ਇਉਂ ਈ ਬੰਦਾ! ਜੇ ਚੰਗੀ ਸੰਗਤ ਮਿਲਦੀ ਰਹੇ, ਚੰਗੇ ਵਿਚਾਰਾਂ ਦਾ ਰੰਬਾ ਫਿਰਦਾ ਰਹੇ ਤਾਂ ਵਿਕਾਰ ਦੱਬ ਜਾਂਦੇ ਨਹੀਂ ਵਿਕਾਰ ਤਾਂ ਦੇਹੀ ਦੇ ਸਕੇ ਪੁੱਤ ਉਨ੍ਹਾਂ ਨੂੰ ਬੀਜਣ ਦੀ ਲੋੜ ਨਹੀਂ ਆਪੇ ਉੱਗ ਆਉਂਦੇ। ਮਨੁੱਖ ਥੋੜਾ ਵੀ ਅਵੇਸਲਾ ਹੋਇਆ ਤਾਂ ਗਿਆ। ਬੂਟਾ ਦਿੱਸਦਾ ਹੀ ਕੋਈ ਨਹੀਂ ਬੰਦੇ ਅੰਦਰ। ਭਲਾ ਮਾਣਸ ਜਾਪਦਾ ਬੰਦਾ ਪਤਾ ਹੀ ਨਹੀਂ ਚਲਦਾ ਕਦ ਅਪਣਾ ਖਿੱਦੋ ਉਧੇੜ ਬਹਿੰਦਾ।

ਇਉਂ ਹੀ ਜੀਵ ਜੰਤੂਆਂ ਵਿਚ ਹੈ। ਮਾੜਾ ਜੀਵ ਖਾਧਾ ਜਾਂਦਾ ਹੈ ਤੇਜ ਦੌੜ ਕੇ ਨਿਕਲ ਜਾਂਦਾ ਹੈ। ਸਮੁੰਦਰਾਂ ਵਿਚ ਵੀ ਤਗੜੀ ਮੱਛੀ ਮਾੜੀ ਨੂੰ ਖਾ ਜਾਂਦੀ ਹੈ ਤੇ ਉਸ ਤੋਂ ਤਗੜੀ ਉਸ ਨੂੰ ਖਾ ਜਾਂਦੀ ਹੈ। ਕੁਦਰਤ ਦੇ ਇਸ ਨਿਯਮ ਨੂੰ 'ਸਰਵਾਈਵ' ਕਹਿੰਦੇ ਕਿ ਜਿਹੜਾ 'ਸਰਵਾਈਵ' ਕਰ ਗਿਆ, ਜਿਸ ਦੀਆਂ ਲੱਤਾਂ ਵਿਚ ਜਾਨ ਹੋਈ ਉਹ ਬਚ ਜਾਊ ਮਾੜਾ ਦੂਜੇ ਦੇ ਢਿੱਡ ਵਿਚ ਜਾ ਪਊ।

ਮਨੁੱਖੀ ਇਤਿਹਾਸ ਵੀ ਇਉਂ। ਪੱਥਰ ਤੋਂ ਲੈ ਕੇ ਕਬੀਲੇ ਯੁੱਗ ਤੱਕ ਜਿਸ ਦੀਆਂ ਬਾਹਾਂ ਵਿਚ ਜੋਰ ਹੁੰਦਾ ਸੀ ਉਹ ਦੂਜੇ ਕਬੀਲਿਆਂ ਨੂੰ ਦੱਬ ਲਿਜਾਂਦਾ ਸੀ। ਉਸ ਦਾ ਮਾਲ ਔਰਤਾਂ ਸਭ ਲੁੱਟ ਲੈਂਦਾ ਸੀ ਤੇ ਉਸ ਦੀ ਮਿੱਟੀ ਕਰ ਦਿੰਦਾ ਸੀ। ਪਰ ਉਹ ਯੁੱਗ ਵੀ ਗਿਆ ਉਸ ਤੋਂ ਬਾਅਦ ਅਕਲ ਦਾ ਯੁੱਗ ਆਇਆ ਜਿਸ ਕੋਲੇ ਅਕਲ ਜਿਆਦਾ ਸੀ ਉਹ ਘੱਟ ਅਕਲ ਵਾਲੇ ਤੇ ਰਾਜ ਕਰ ਗਿਆ। ਅੰਗਰੇਜ ਕੋਲੇ ਅਕਲ ਵਧੇਰੇ ਸੀ ਉਸ ਕਿਥੇ ਸਮੁੰਦਰੋਂ ਪਾਰ ਹਿੰਦੋਸਤਾਨ ਜਾ ਢਾਹਿਆ ਤੇ ਜਿਉਂ ਕਲਕੱਤੇ ਵੰਨਿਓਂ ਸ਼ੁਰੂ ਹੋਇਆ ਪੰਜਾਬ ਤੱਕ ਕਬਜੇ ਵਿਚ ਕਰ ਮਾਰਿਆ।

ਚਲੋ ਉਹ ਵੀ ਯੁੱਗ ਗਿਆ। ਅਮਰੀਕਾ ਕੋਲੇ ਅਕਲ ਵਧੇਰੇ ਆ ਗਈ ਉਸ ਅਕਲ ਨਾਲ ਟੈਕਨੌਲਜੀ ਉਪਰ ਕਬਜਾ ਕਰ ਲਿਆ ਦੁਨੀਆਂ ਤੇ ਸੂਰਜ ਨਾ ਡੁੱਬਣ ਦੇਣ ਵਾਲਾ ਇੰਗਲੈਂਡ ਪਿੱਛੇ ਰਹਿ ਗਿਆ ਤੇ ਹੁਣ ਕੁਝ ਇੱਕ ਮੁਲਖ ਛੱਡ ਕੇ ਬਾਕੀ ਸਭ ਅਮਰੀਕਾ ਦੀਆਂ ਰਖੇਲਾਂ ਸਮੇਤ ਅਰਬਾਂ ਤੇ ਵਿਚੇ ਹਿੰਦੋਸਤਾਨ-ਪਾਕਿਸਤਾਨ? ਕਾਮਰੇਡਾਂ ਦੇ ਰੂਸ ਦੇ ਉਸ ਠੀਕਰੇ ਕਰ ਮਾਰੇ ਉਹ ਕੋਲਡ ਵਾਰ ਦੀ 'ਅੱਗ' ਦਾ ਸੇਕ ਵੀ ਨਾ ਝੱਲ ਸਕਿਆ? ਉਸ ਦੀ ਇੱਕ ਘੂਰੀ ਦੁਨੀਆਂ ਨੂੰ ਵੱਟਣੇ ਚਾਹੜ ਦਿੰਦੀ ਤੇ ਉਸ ਦੀ ਇੱਕ ਮੁਸਕਰਾਹਟ ਮੁਲਖਾਂ ਨੂੰ ਖੁਸ਼ ਕਰ ਦਿੰਦੀ। ਉਨ੍ਹਾਂ ਦਾ ਇੱਕ ਬਿਆਨ ਕੁੱਲ ਦੁਨੀਆਂ ਦੀ ਮਾਰਕਿਟ ਡਾਵਾਂਡੋਲ ਕਰ ਦਿੰਦਾ ਲੋਕੀਂ ਕੱਢਿਆ ਪੈਸਾ ਵਾਪਸ ਜ੍ਹੇਬੀਂ ਪਾ ਲੈਂਦੇ।

ਅਕਲ ਦੀ ਹੀ ਗੱਲ ਚਲੀ ਤਾਂ ਪੰਜਾਬ ਦੀ ਕਰ ਲੈਂਨੇ। 1947 ਵੇਲੇ ਨਹਿਰੂ-ਜਿਨਾਹ ਵਰਗੇ ਵੱਡੇ ਪੱਧਰ ਦੇ ਵਕੀਲ ਤੇ ਸਿੱਖਾਂ ਕੋਲੇ? ਤਪੱੜ ਝਾੜ ਸਕੂਲ ਦਾ ਮਾਸਟਰ ਤਾਰਾ ਸਿੰਘ? ਕੋਈ ਅਕਲ ਦਾ ਨੇੜੇ ਤੇੜੇ ਦਾ ਵੀ ਮੁਕਾਬਲਾ? ਨਤੀਜਾ ਕਿ ਜੰਗਜੂ ਕੌਮ ਤੱਕੜੀ ਤੋਲੂ ਬਣੀਏ ਦੀ ਗੁਲਾਮ। ਉਹ ਅਕਲ ਨਾਲ ਬਿਨਾ ਚੀਚੀ ਨੂੰ ਲਹੂ ਲਾਏ ਵੀ ਪੂਰੇ ਮੁਲਕ ਉਪਰ ਕਬਜਾ ਕਰ ਗਿਆ ਪਰ ਫਾਹੇ ਲੱਗਣ ਵਾਲੇ...?

ਬਾਹਾਂ ਦੇ ਜੋਰ ਦਿੱਲੀ ਨੂੰ ਅਪਣੇ ਘੋੜਿਆਂ ਦੇ ਸੁੰਬਾਂ ਹੇਠ ਰੋਂਦਣ ਵਾਲਿਆਂ ਦੀ ਉਮਤ ਨਿਤ ਦਿੱਲੀ ਅੱਗੇ ਠੂਠਾ ਲੈ ਕੇ ਤੁਰੀ ਰਹਿੰਦੀ। ਕਦੇ ਪਾਣੀ ਦਿਓ, ਕਦੇ ਪੈਸਿਆਂ ਦੇ ਟਰੱਕ, ਕਦੇ ਵਧੇਰੇ ਹੱਕ, ਕਦੇ ਇਨਸਾਫ, ਕਦੇ ਮੁਆਵਜੇ, ਕਦੇ ਖੁਦ ਦੇ ਹੀ ਕਤਲਾਂ ਦੇ ਚ੍ਹੜੇ ਕਰਜਿਆਂ ਦੀਆਂ ਮੁਆਫੀਆਂ!

ਗੁਰੂਆਂ-ਭਗਤਾਂ ਨੇ ਸੈਂਕੜੇ ਸਾਲਾਂ ਦੀਆਂ ਘਾਲਣਾਂ ਨਾਲ ਪੰਜਾਬ ਨੂੰ ਸਿਆਣੇ ਕੀਤਾ ਸੀ, ਪਰ ਇਸ ਦੀ ਅਕਲ ਡੇਰਿਆਂ, ਲੀਡਰਾਂ, ਲਾਲਾਂ ਵਾਲਿਆਂ, ਭੋਰਿਆਂ ਵਾਲਿਆਂ, ਸੱਚਖੰਡਾਂ ਵਾਲਿਆਂ, ਬੰਦ ਬੱਤੀਆਂ ਵਾਲਿਆਂ, ਚਿਮਟਿਆਂ, ਢੋਲਕੀਆਂ ਖਾ ਲਈ ਤੇ ਨਤੀਜਾ? ਨਿਆਣੇ ਇਨ੍ਹਾਂ ਦੇ ਸਵਰਗ ਲੈਣ ਬਾਹਰਲੇ ਮੁਲਕਾਂ ਵੰਨੀ ਦੌੜ ਗਏ, ਇਹ ਸਵਰਗ ਲੈਣ ਨੰਗਾਂ ਦੇ ਡੇਰਿਆਂ 'ਤੇ!

ਤੇ ਜੇ ਕੌਮ ਮੇਰੀ ਨੂੰ ਅੱਜ ਸਭ ਤੋਂ ਵਧੇਰੇ ਅਕਲ ਦੀ ਗੱਲ ਜਾਪਦੀ ਤਾਂ ਉਹ ਸੜਕਾਂ 'ਤੇ ਜਾ ਕੇ ਐਲਾਨਨਾਮੇ ਕਰਨੇ, ਕੰਪਿਊਟਰਾਂ ਰਾਹੀਂ ਸ਼ੇਖਚਿੱਲੀ ਤਰ੍ਹਾਂ ਮੁਲਕ ਖੜੇ ਕਰਨ ਦੇ ਸੁਪਨੇ ਦਿਖਾ ਕੇ ਦੁਨੀਆਂ ਵਿਚ ਕੌਮ ਦੀ ਜੱਗ ਹਸਾਈ ਕਰਨੀ?

ਫਿਰ ਯਾਦ ਰਹੇ ਕਿ ਅੱਜ ਦੇ ਜੁੱਗ ਬਚੀ ਉਹੀ ਕੌਮ ਰਹਿ ਸਕੂ ਜਿਹੜੀ 'Survive' ਕਰਨ ਜੋਗ ਹੋਊ, ਨਹੀਂ ਤਾਂ ਇਸ ਸੰਸਾਰ ਦੇ ਜੰਗਲ ਵਿਚ ਉਨ੍ਹਾਂ ਕੌਮਾਂ ਦੇ ਕੁਰੰਗ ਰੁਲ ਜਾਂਦੇ ਹਨ ਜਿਹੜੀਆਂ ਅਕਲ ਤੋਂ ਕੰਮ ਨਾ ਲੈ ਕੇ ਸ਼ੇਖਚਿੱਲੀ ਵਰਗੀਆਂ ਗੱਲਾਂ ਉਪਰ ਜਿਅਦਾ ਨਿਰਭਰ ਹੋ ਜਾਦੀਆਂ ਹਨ! ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top