ਤੁਹਾਨੂੰ
ਯਾਦ ਹੋਣਾ ਜਦ ਆਪਾਂ ਬੱਸ ਵਿੱਚ ਬੈਠਦੇ ਹੁੰਦੇ ਸੀ, ਤਾਂ ਆ ਲਓ ਜੀ ਕੰਘੀਆਂ ਵੇਚਣ
ਵਾਲਾ ਆ ਗਿਆ, ਉਸ ਉਤਰਨਾ ਤਾਂ ਲਓ ਸੁਰਮੇ ਵਾਲਾ ਆ ਗਿਆ, ਨਹੁੰ ਕੱਟਣੀਆਂ, ਟੌਫੀਆਂ ਵਾਲਾ,
ਚੂਰਨ ਵਾਲਾ, ਖਮੀਰੇ ਬਨੱਖਸ਼ੇ ਵਾਲਾ, ਨਿੱਬੂੰ ਦੀ ਦਾਲ ਵਾਲਾ, ਯਾਣੀ ਬੱਸ ਤੁਰਨ ਤੱਕ ਲਾਮ
ਡੋਰੀ ਤੁਰੀ ਰਹਿੰਦੀ ਸੀ। ਪਹਿਲੇ ਨੇ ਅਗਲੀ ਬੱਸੇ ਚਲੇ ਜਾਣਾ ਦੂਜੇ ਪਹਿਲੀ ਥਾਂ ਮੱਲ ਲੈਣੀ।
ਪੂਰੀ ਚੇਨ ਦੀ ਚੇਨ।
ਗਰਮੀਆਂ ਵਿਚ ਬਾਹਰ ਵੀ ਇਹੀ ਹਾਲ ਹੁੰਦਾ।
ਜੁਲਾਈ, ਅਗੱਸਤ, ਸਤੰਬਰ ਪੰਜਾਬ ਦਾ ਕਿਸਾਨ ਹਾਲੋਂ ਬੇਹਾਲ, ਗਰਮੀ ਦੀ ਅੱਤ, ਭਾਦੋਂ
ਦੇ ਚੁਮਾਸੇ, ਉਪਰੋਂ ਹੇਠੋਂ ਸੜਿਆਂਦ, ਮੱਛਰਾਂ ਦੀ ਭਰਮਾਰ, ਜੱਟ ਦੇ ਖੀਸੇ ਖਾਲੀ ਤੇ
ਤੁਹਾਡੇ ਆਹ ਚਿੱਟੇ ਨੀਲੇ ਕਬੂਤਰ ਬਾਹਰ ਵੰਨੀ ਫੁਰਰਰਰ..?
ਬੱਸ ਚਲਣ ਤੱਕ ਆਹ ਲਓ ਜੀ ਬੁਲੰਦਪੁਰੀ ਆ
ਗਿਆ, ਉਹ ਉਤਰਿਆ ਰਾਮਪੁਰ ਖੇੜੇ ਵਾਲਾ ਆ ਗਿਆ, ਨਾਨਕਸਰ ਵਾਲੇ ਆ ਗਏ, ਰਾੜੇ ਵਾਲੇ, ਚਲੋ
ਜੀ 'Environment' ਵਾਲੇ 'ਮਹਾਂਪੁਰਖ' ਆ ਪਧਾਰੇ, ਆਹਾ ਕਾਰਸੇਵੀਆਂ ਕੋਈ ਆ ਗਿਆ, ਆਹਾ
ਚੱਕੋ ਵਾਜੇ ਤੂਤੀਆਂ ਵਾਲੇ ਯਾਣੀ ਬਿਧੀਚੰਦੀਏ ਆ ਪਧਾਰੇ, ਕਿਸੇ ਤੋਂ ਨਹੀਂ ਸਰਿਆ ਉਹ ਕੋਈ
ਲੋਟਾ ਹੀ ਚੁੱਕ ਲਿਆਇਆ, ਕੋਈ ਸ਼ਸਤਰ ਚੁੱਕ ਲਿਆਇਆ ਯਾਣੀ ਗਹਿਮਾ ਗਹਿਮ। ਹਾਲੇ ਨਿੱਕਿਆਂ
ਨਿੱਕਿਆਂ ਸੰਤਾਂ ਦਾ ਅੰਤ ਨਾ ਜਿਹੜੇ ਗਲੀ ਗਲੀ ਘੁੰਮ ਕੇ ਮੁੜ ਜਾਂਦੇ!
ਜਿਹੜੇ ਇਨ੍ਹਾਂ ਦੀ ਕੈਂਚੀ ਪੈਣੋਂ ਬੱਚ ਗਏ ਉਨ੍ਹਾਂ ਲਈ
ਆ ਲਓ ਜੀ ਜੇ ਜੀ ਬੀ ਆ ਗਿਆ, ਬੱਬੂ ਮਾਨ ਲੈ ਲਓ, ਉਹ
ਉਤਰਿਆ ਬੱਸੋਂ ਆਹ ਗੁਰਦਾਸ ਮਾਨ ਆ ਗਿਆ, ਆਹਾ ਕੋਈ ਅਖੇ ਕੋਇਲ ਆ ਗਈ ਪੰਜਾਬ ਦੀ, ਆਹਾ ਕੋਈ
ਹੋਰ ਕੁੱਕੜ ਸਿਰਾ ਜਿਹਾ ਕੰਨੀ ਮੁੱਤੀਆਂ ਵਾਲਾ ਆ ਗਿਆ। ਹਲੇ ਪੈਸੇ ਰਹਿੰਦੇ
ਜ੍ਹੇਬ ਵਿਚ ਤਾਂ ਚਲੋ ਤੀਆਂ ਆ ਗਈਆਂ, ਉਸ ਦੇ ਮੁਕਾਬਲੇ ਹੋਰ ਤੀਆਂ ਆ ਗਈਆਂ, ਜੇ ਹਾਲੇ ਵੀ
ਮਨ ਨਹੀ ਭਰਿਆ ਤਾਂ ਮਿਸ ਪੰਜਾਬਣ ਹੀ ਸਹੀਂ। ਤੇ ਧੀਆਂ ਤੁਹਾਡੀਆਂ ਦੀ ਮੁਸ਼ਟੰਡੇ ਨੁਮਾਇਸ਼
ਲਾਉਂਦੇ, ਮੁੱਸਕੜੀਆਂ ਹੱਸਦੇ ਤੇ ਤੁਸੀਂ ਖੁਸ਼ ਹੋ ਹੋ ਲੋਕਾਂ ਨੂੰ ਦੱਸਦੇਂ ਕਿ ਧੀ ਤੁਹਾਡੀ
ਇਸ ਨੁਮਾਇਸ਼ ਵਿਚ ਫਸਟ?
ਇਹ ਹੋ ਕੀ ਰਿਹਾ ਤੁਹਾਡੇ ਨਾਲ?
ਨਿਆਣੇ ਤੁਹਾਡੇ ਡਰੱਗਾਂ ਵਿਚ ਚਲੇ ਗਏ, ਗੈਂਗਵਾਦ ਦੇ ਰਾਹੇ ਪੈ ਗਏ, ਮੌਤ ਦੀਆਂ ਗਲੀਆਂ
ਵਿਚ ਗੁਆਚ ਗਏ ਤੇ ਤੁਸੀਂ? ਜਿੰਨਾ ਘਰਾਂ ਵਿਚੋਂ ਅਰਥੀਆਂ ਉੱਠ ਰਹੀਆਂ ਹੋਣ, ਕੀਰਨੇ ਅਸਮਾਨ
ਚੀਰ ਰਹੇ ਹੋਣ ਉਨ੍ਹਾਂ ਨੂੰ ਆਹਾ ਮੇਲਿਆਂ ਗੇਲਿਆਂ ਤੋਂ ਵਿਹਲ ਨਾ ਮਿਲੇ? ਉਹ ਆਹ ਚਿੱਟੀਆਂ
ਨੀਲੀਆਂ ਧਾੜਾਂ ਦੇ ਪੈਰਾਂ ਵਿਚ ਡਿੱਗਦੀਆਂ ਫਿਰਨ? ਸੰਵਾਰਿਆ ਕੀ ਇਨ੍ਹਾਂ ਤੁਹਾਡਾ? ਤੁਹਾਡੇ
ਨਿਆਣਿਆਂ ਨੂੰ ਗੈਂਗਵਾਦ ਵਲ ਤੋਰਨ ਵਾਲੀ ਗਾਇਕ ਮੰਡੀਰ ਵੰਨੀ ਤੁਹਾਡੇ ਕਿਸੇ ਸਾਧ ਸੰਤ ਨੇ
ਉਂਗਲ ਕੀਤੀ?
ਬਾਦਲਾਂ-ਮਜੀਠੀਆਂ ਜ਼ਹਿਰ ਦੇ ਦੇ ਮਾਰੇ ਨਿਆਣੇ ਤੁਹਾਡੇ ਪਰ ਇਹ ਚਿੱਟੇ ਬਗਲੇ ਉਸ ਨੂੰ ਦਿੱਲੀ
ਵੋਟਾਂ ਨਹੀ ਪਾਉਂਦੇ ਰਹੇ? ਇਨ੍ਹਾਂ ਦੇ ਸਿੱਧੇ ਹੈਲੀਕੈਪਟਰ ਉਤਰਦੇ ਰਹੇ ਬਲੁੰਦਪੁਰੀਆਂ
ਦੇ? ਕਿਹੜਾ ਬਿੱਧੀਚੰਦੀਆ, ਬੁਲੰਦੀਆ, ਰਾਮਪੁਰੀਆ ਜਾਂ ਦੂਜਾ ਤੀਜਾ ਬੋਲਿਆ?
ਪੰਜਾਬ ਲੁੱਟ ਹੋ ਗਿਆ, ਨਸ਼ਿਆਂ ਇਸ ਦੀ ਜਵਾਨੀ ਰੋਹੜ ਖੜੀ, ਪਾਣੀ ਇਸ ਦੇ ਦਿੱਲੀ ਡੀਕ ਗਈ,
ਰੋਹੀਆਂ ਨਹਿਰਾਂ ਵਾਲੀਆਂ ਲਾਸ਼ਾਂ ਦੇ ਸਿਵੇ ਹਾਲੇ ਠੰਡੇ ਨਹੀ ਸਨ ਹੋਏ ਕਿ ਟੀਕਿਆਂ ਵਾਲਾ
ਪੂਰ ਤੋਰ ਦਿੱਤਾ ਮਗਰੇ। ਸਾਡੀਆਂ ਸਮਝਾਂ ਦੇ ਹਾਲੇ ਵੀ ਪੱਲੇ ਕੱਖ ਨਾ?
ਅਸੀਂ ਹਾਲੇ ਵੀ ਵਾਜੇ ਤੂਤੀਆਂ ਚੁੱਕੀ ਫਿਰਦੇ?