Share on Facebook

Main News Page

ਫੰਡਰ ਗਾਵਾਂ
-: ਗੁਰਦੇਵ ਸਿੰਘ ਸੱਧੇਵਾਲੀਆ 120918

ਫੰਡਰ ਗਾਈਆਂ ਵਾਲੇ ਬਾਬੇ ਪਾਲੇ ਦੇ ਚਰਚੇ ਵੇਖ, ਸ਼ੋਸ਼ਲ ਮੀਡੀਏ ਉਪਰ ਉਸ ਦੇ ਨਾਂ ਦੇ ਡੰਕੇ ਸੁਣ, ਉਸ ਦੀ ਮਰਗ ਤੇ ਤੂਤੀਆਂ ਨਗਾਰੇ ਵੱਜਦੇ ਦੇਖ ਅਤੇ ਉਸ ਦਾ ਸਿੱਧਾ ਹੀ ਸੱਚਖੰਡ ਵਾਸੀ ਹੋਣਾ ਦੇਖ ਬਾਬਾ ਫੌਜਾ ਸਿੰਘ ਦਾ ਵੀ ਦਿੱਲ ਕੀਤਾ ਕਿ ਕਿਉਂ ਨਾ ਫੰਡਰ ਗਾਈਆਂ ਹੀ ਪਾਲ ਲਈਆਂ ਜਾਣ? ਐਵੇਂ ਔਰਗਾਨਿਕ ਟਿੰਡੇ ਮੂਲੀਆਂ ਮਗਰ ਪਏ ਲੱਕ ਦੀਆਂ ਕੜਿੱਲਾਂ ਕਢਾ ਕੇ ਮੰਜਾ ਮੱਲ ਕੇ ਬਹਿ ਗਏ!

ਉਂਝ ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਜੇ ਉਸ ਨੇ ਇਹ ਪੰਗਾ ਨਾ ਕੀਤਾ ਤਾਂ ਬਾਬੇ ਪਾਲੇ ਦੀਆਂ ਚੜ੍ਹਾਈਆਂ ਦੇਖ ਕਿਸੇ ਹੋਰ ਨੇ ਮੱਲ ਮਾਰ ਜਾਣੀ! ਗਾਂ ਮਾਈ ਦੇ ਨਾਂ ਤੇ ਜਿਸ ਦੇ ਮਰਜੀ ਉਜਾੜਾ ਕਰ ਦਿਓ, ਜਿਹੜੀ ਮਰਜੀ ਸੜਕ ਰੋਕ ਦਿਓ, ਜਿਸ ਦੇ ਮਰਜੀ ਘਰ ਵਾੜ ਦਿਓ ਕਿਸੇ ਪੁੱਛਣਾ ਥੋੜੋਂ!

ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਬਾਬੇ ਪਾਲੇ ਨੂੰ ਕੋਈ ਹੋਰ ਫੰਡਰ ਪਸ਼ੂ ਨਹੀਂ ਲੱਭਾ ਹੋਊ, ਪਰ ਫਿਰ ਆਪੇ ਸੋਚਦਾ ਕਿ ਮੱਝ ਬੱਕਰੀ ਕਿਸੇ ਅਪਣੇ ਖੇਤੀਂ ਥੋੜੋਂ ਵੜਨ ਦੇਣੀ ਤੇ ਮੱਝਾਂ ਦੇ ਨਾਲ ਜੱਟਾਂ ਬਾਬੇ ਪਾਲੇ ਦੀਆਂ ਵੀ ਖੁੱਚਾਂ ਸੇਕ ਦੇਣੀਆਂ ਸਨ। ਕਿਉਂਕਿ ਮੱਝ ਜਾਂ ਬੱਕਰੀ ਮਾਂ ਥੋੜੋਂ ਕਿਸੇ ਦੀ।

ਅੱਜ ਨਾਮਧਾਰੀਆਂ ਦੀ ਚੜ੍ਹਾਈ ਹੈ, ਪਰ ਬਹੁਤੀ ਮਾਈ ਗਾਂ ਕਰਕੇ! ਬੰਦ ਕਰਕੇ ਦੇਖ ਲੈਣ 'ਗੁਰੂ' ਅੱਧਾ ਵੀ ਨਹੀਂ ਰਹਿ ਜਾਣਾ! ਗਾਂ ਵਾਲਾ ਵਪਾਰ ਅੱਜ ਦੇ ਜੁੱਗ ਦਾ ਹਿੰਦੋਸਤਾਨ ਦਾ ਸਭ ਤੋਂ ਆਹਲਾ ਵਪਾਰ। ਕਿਸੇ ਦੀ ਕੀ ਜ਼ੁਅਰਤ ਕੋਈ ਮਾਤਾ ਨੂੰ ਓਏ ਵੀ ਕਹਿ ਜਾਏ! ਜਿਸ ਦਾ ਮੂਤ ਤੇ ਗੋਹਾ ਵੀ ਲੋਕ ਛੱਕ ਜਾਂਦੇ, ਸੋਚੋ ਕਿ ਕਿੰਨੀ 'ਪਵਿੱਤਰ' ਹੋਊ ਉਹ ਮਾਈ?

ਕੈਨੇਡਾ ਵਿੱਚ ਬਤਖਾਂ ਜਿਹੀਆਂ ਨੇ ਉਹ ਗਰਮੀਆਂ ਵਿਚ ਪੂਰੀ ਸੜਕ ਰੋਕੀ ਰੱਖਦੀਆਂ ਤੇ ਕਾਰਾਂ ਵਾਲਿਆਂ ਦੀ ਜੁੱਰਤ ਨਹੀ ਹਾਰਨ ਵੀ ਮਾਰ ਜਾਏ। ਪੈਰ ਮਟਕ ਮਟਕ ਸੜਕ ਤੇ ਉਹ ਤੁਰਦੀਆਂ ਵੇਖਣ ਵਾਲੀਆਂ ਹੁੰਦੀਆਂ। ਚਲੋ ਉਹ ਤਾਂ ਕੁਝ ਚਿਰ ਹੁੰਦਾ ਜਦ ਉਨਹਾਂ ਦੇ ਬੱਚੇ ਹੁੰਦੇ ਉਂਝੇ ਵੀ ਲੋਕ ਸੋਹਣਾ ਜਾਪਦਾ ਪੰਛੀ ਕਰਕੇ ਰੁੱਕਦੇ ਕਝ ਡਰ ਕਰਕੇ ਵੀ ਪਰ ਲੋਕ ਉਨ੍ਹਾਂ ਨੂੰ ਕੋਈ ਮਾਂ, ਭੈਣ ਜਾਂ ਵਹੁਟੀ ਭਰਜਾਈ ਨਹੀ ਮੰਨਦੇ!

ਬਾਬਾ ਫੌਜਾ ਸਿੰਘ ਸੋਚਦਾ ਕਿ ਕੈਨੇਡਾ ਵਾਲੇ ਹੁਣ ਭੰਗ ਵੀ ਕਨੂੰਨੀ ਕਰ ਦੇਣ ਲੱਗੇ ਹਨ ਕਿਉਂ ਨਾ ਬਾਬੇ ਪਾਲੇ ਵਾਲਾ ਘੋਟਨਾ ਹੀ ਮੰਗਵਾ ਲਿਆ ਜਾਵੇ ਯਾਣੀ ਸੋਨੇ ਤੇ ਸੁਹਾਗਾ! ਜੇ ਬਿਨਾ ਕੱਦੂ ਟਿੰਡਿਆਂ ਤੋਂ ਫਾਰਮ ਵਿਚ ਰੌਣਕਾਂ ਨਾ ਲੱਗੀਆਂ ਤਾਂ। ਇੱਕ ਪਾਸੇ ਫੰਡਰ ਗਾਵਾਂ ਦੀ ਸੇਵਾ ਦੂਜੇ ਬੰਨੇ ਦੇਹ ਰਗੜੇ ਤੇ ਰਗੜਾ! ਨਾਲੇ ਸਿੱਧਾ ਸੱਚਖੰਡ ਵਾਸੀ ਧੂਮ ਧੜੱਕੇ ਵਾਧੂ ਦੇ! ਨਹੀਂ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top