Share on Facebook

Main News Page

ਦੁੱਖ ਕੀਆਂ ਪੰਡਾਂ ਖੁੱਲੀਆਂ....
-: ਗੁਰਦੇਵ ਸਿੰਘ ਸੱਧੇਵਾਲੀਆ 130918

ਸੁੱਖ ਵਿਚ ਕੋਈ ਵੀ ਨਾ? ਦੁੱਖ ਹੀ ਦੁੱਖ! ਦੇਖਣ ਨੂੰ ਜਾਪਿਆ ਕਿਆ ਸੋਹਣਾ ਆਦਮੀ ਜਾ ਰਿਹਾ, ਪਰ ਕੋਲੇ ਬੈਠ ਕੇ ਜਦ ਖ੍ਹੋਲਿਆ ਤਾਂ! ਦੇਹੀ ਦਾ ਦੁਖ, ਨਿਆਿਣਿਆਂ ਦਾ ਦੁਖ, ਛੱਡ ਗਿਆਂ ਦਾ ਦੁਖ, ਖੁੱਸ ਗਈਆਂ ਜਾਇਦਾਦਾਂ ਦੇ ਦੁੱਖ, ਢਲ ਰਹੀ ਉਮਰ ਦਾ ਦੁੱਖ, ਗੁਆਂਢੀ ਦੀ ਤਰੱਕੀ ਦਾ ਦੁੱਖ, ਰਿਸ਼ਤੇਦਾਰਾਂ ਦੀ ਬੇਵਫਾਈਆਂ ਦੇ ਦੁੱਖ, ਗੋਡਿਆਂ-ਮੋਢਿਆਂ ਦੇ ਦੁੱਖ ਯਾਣੀ ਦੁੱਖ ਹੀ ਦੁੱਖ!

ਉਪਰੋਂ ਜਾਪੇ ਕਿਆ ਕੋਠੀ, ਵੱਡਾ ਘਰ, ਕਾਰਾਂ, ਨੌਕਰ ਪਰ ਵਿਚ ਕੱਖ ਵੀ ਨਾ। ਉਪਰੋਂ ਦਿਖਣ ਵਾਲਾ ਸੱਚ, ਸੱਚ ਥੋੜੋਂ ਹੁੰਦਾ ਸੱਚ ਤਾਂ ਧੁਰ ਅੰਦਰ ਹੁੰਦਾ ਬੰਦੇ ਦੇ, ਜਿਹੜਾ ਜਦ ਨਿਕਲਦਾ ਤਾਂ ਟਾਈ ਛਾਈ ਲਾਈ ਫਿਰਦਾ, ਵੱਡੀ ਗੱਡੀ ਤੇ ਚੜਿਆ ਫਿਰਦਾ ਬੰਦਾ ਟੀਨ ਦੇ ਪੀਪੇ ਤਰ੍ਹਾਂ ਖੜਕਿਆ ਪਿਆ ਹੁੰਦਾ! ਖਾਲੀ ਢੋਲ?

ਸਾਖੀ ਏ। ਧਨਾਢ ਦੀ ਛਾਵੇਂ ਉਤਰੀ ਪਾਲਕੀ ਦੇਖ ਮਰਦਾਨਾ ਜੀ ਕਹਿੰਦੇ ਬਾਬਾ ਜੀ ਤੁਸੀਂ ਕਹਿੰਨੇ 'ਨਾਨਕ ਦੁਖੀਆ ਸਭੁ ਸੰਸਾਰੁ॥' ਪਰ ਆਹਾ ਪਾਲਕੀ 'ਤੇ ਜਾ ਰਹੇ ਧਨਾਢ ਨੂੰ ਕਾਹਦੇ ਦੁੱਖ? ਕੋਈ ਸ਼ੁਮਾਰ ਕਿਹੜੇ ਕਿਸੇ ਚੀਜ ਦੇ। ਹੱਥ ਬੰਨੀ ਨੌਕਰ, ਪਦਾਰਥਾਂ ਦਾ ਅੰਤ ਨਾ, ਇਹ ਵੀ ਤਾਂ ਸੰਸਾਰ ਈ ਏ। ਬਾਬਾ ਜੀ ਕਹਿੰਦੇ ਜਾਹ ਪੁੱਛ ਆ। ਪਰ ਭਾਈ ਮਰਦਾਨਾ ਜੀ ਤਾਂ ਚਾਰ ਪਲ ਨਾਂ ਠਹਿਰ ਸਕੇ ਉਸ ਕੋਲੇ। ਕਹਿੰਦੇ ਬਾਬਾ ਜੀ ਇਹਾ ਮਨੁੱਖ ਜੀਓ ਕਿਵੇਂ ਰਿਹਾ ਤੇ ਕਾਹਦੇ ਲਈ? ਫਕੀਰ ਜਾਣ ਇਨੀਆਂ ਪੰਡਾਂ ਖੋਹਲੀਆਂ ਉਸ ਮੇਰੇ ਕੋਲੇ? ਇਨੇ ਦੁੱਖ?

ਦੌਲਤ, ਪੈਸਾ ਜਾਂ ਧਨਾਢ ਹੋਣ ਦਾ ਸੁੱਖ ਨਾਲ ਸਬੰਧ ਹੀ ਕੋਈ ਨਾ। ਜੇ ਹੁੰਦਾ ਤਾਂ ਬੁੱਸ਼-ਗਦਾਫੀ ਵਰਗੇ ਸੁਖੀ ਨਾ ਹੁੰਦੇ? ਪੂਰੇ ਪੰਜਾਬ ਦੀ ਦੌਲਤ ਤੇ ਬੈਠਾ ਬਾਦਲ ਸੁਖੀ ਨਾ ਹੁੰਦਾ? ਸਰ੍ਹਾਣਿਆਂ ਹੇਠ ਕ੍ਰੋੜਾਂ ਦਈ ਬੈਠੇ, ਸਵਿਸ ਬੈਕਾਂ ਵਿਚ ਧਨ ਤੂੜੀ ਬੈਠੇ ਕੀ ਸੁਖੀ ਨੇ? ਡਰੱਗਾਂ ਵੇਚ ਕੇ ਦੌਲਤਾਂ ਦੇ ਅੰਬਾਰ ਲਾਉਂਣ ਵਾਲੇ ਤੇ ਅਗਾਂਹ ਉਨ੍ਹਾਂ ਦੇ ਨਿਆਣੇ?

ਕਹਾਣੀ ਹੈ। ਕਹਿੰਦੇ ਗਰੀਬ ਅਪਣੀ ਗਰੀਬੀ ਉਪਰ ਰੋਈ ਜਾਵੇ। ਕਹਿੰਦਾ ਕੋਈ ਦੁੱਖ ਵਟਾ ਲਏ ਮੇਰੇ ਨਾਲ। ਅਵਾਜ ਆਈ ਅਪਣੇ ਦੁੱਖਾਂ ਦੀ ਪੰਡ ਬੰਨ ਕੇ ਫਲਾਂ ਥਾਂ ਪਹੁੰਚ ਉਥੇ ਦੁੱਖ ਵਟਾਏ ਜਾਣੇ ਨੇ। ਉਥੇ ਉਸ ਵਰਗੇ ਕਈ ਪੰਡਾਂ ਚੁੱਕੀ ਫਿਰਨ। ਨਿੱਤ ਤੁੜਕਿਆਂ ਦੀਆਂ ਮਹਿਕਾਂ ਦੇਣ ਵਾਲਾ, ਕਾਰਾਂ ਤੇ ਘੁੰਮਣ ਵਾਲਾ, ਨੌਕਰਾਂ ਦੀਆਂ ਲਾਮ ਡੋਰਾਂ ਲਈ ਫਿਰਨ ਵਾਲਾ ਗੁਆਂਢੀ ਬਾਣੀਆਂ ਉਸ ਨਾਲੋਂ ਵੀ ਭਾਰੀ ਪੰਡ ਚੁੱਕੀ ਫਿਰੇ ਉਥੇ। ਗਰੀਬ ਹੈਰਾਨ ਕਿ ਆਹ ਕੀ? ਮੈਂ ਤਾਂ ਇਸ ਵੰਨੀ ਹੀ ਦੇਖ ਦੇਖ ਝੂਰੀ ਗਿਆ ਕਿ ਕਿੰਨਾ ਸੁੱਖੀ ਹੈ ਪਰ...? ਤੇ ਜਦ ਪੰਡਾਂ ਵਟਾਉਂਣ ਦਾ ਹੁਕਮ ਹੋਇਆ ਤਾਂ ਲੋਕ ਵਾਹੋ ਦਾਹੀ ਹੋ ਤੁਰੇ, ਰੱਖੀਆਂ ਪੰਡਾਂ ਵਟਾਉਂਣ ਲਈ ਨਹੀਂ ਬਲਕਿ ਅਪਣੀਆਂ ਖੁਦ ਦੀਆਂ ਚੁੱਕਣ ਲਈ ਕਿ ਮਤੇ ਕੋਈ ਮੇਰੇ ਵਾਲੀ ਲੈ ਜਾਏ? ਉਥੇ ਸਭ ਨੂੰ ਅਪਣੀ ਹੌਲੀ ਜਾਪੇ!

ਮੈਂ ਅਪਣੇ ਦੁੱਖਾਂ ਦੀ ਪੰਡ ਚੁੱਕੀ 'ਸੰਤ' ਕੋਲੇ ਗਿਆ ਕਿ ਇਸ ਵਿਚੋਂ ਕੁਝ ਤਾਂ ਹੌਲੀ ਕਰੇਗਾ ਹੀ, ਪਰ ਖੁਦ 'ਸੰਤ' ਦੀ ਪੰਡ ਤਾਂ ਮੇਰੇ ਨਾਲੋਂ ਵੀ ਭਾਰੀ? ਮੈਂ ਤਾਂ ਇੱਕ ਘਰ ਕਰਕੇ, ਦੋ-ਚਾਰ ਨਿਆਣਿਆਂ ਕਰਕੇ, ਘਰਵਾਲੀ, ਰਿਸ਼ਤੇਦਾਰੀ ਕਰਕੇ ਦੁਖੀ ਸਾਂ ਪਰ ਉਧਰ ਸੰਤ? ਉਸ ਕੋਲੇ ਚੇਲਿਆਂ ਦੀਆਂ ਹੇੜਾਂ, ਸਤ ਸਤ ਮੰਜਲੇ ਡੇਰੇ, ਗੱਡੀਆਂ, ਵੱਡੇ ਅਡੰਬਰ, ਮੱਥਾ ਟੇਕਣ ਵਾਲਿਆਂ ਦੀਆਂ ਭੀੜਾਂ ਤੇ ਉਨ੍ਹਾਂ ਭੀੜਾਂ ਦਾ ਟੋਕਰਾ ਡੁੱਲਣ ਤੋਂ ਬਚਾਈ ਰੱਖਣਾ ਯਾਣੀ ਦੂਜੇ ਸ਼ਰੀਕ ਡੇਰੇ ਤੇ ਜਾਣੋਂ ਰੋਕੀ ਰੱਖਣਾ? ਸ਼ਰੀਕ? ਹਰੇਕ ਡੇਰਾ ਦੂਜੇ ਡੇਰੇ ਦਾ ਸ਼ਰੀਕ? ਤੁਹਾਡੇ ਤਾਂ ਦੋ ਚਾਰ ਹੋਣਗੇ ਉਸ ਦੇ? ਤੁਸੀਂ ਇਨਾ ਥੋੜਾ ਕਰਕੇ ਦੁੱਖੀ ਸੀ ਤੇ ਜਿਸ ਇਨਾ ਕੁਝ ਸਾਂਭਣਾ ਉਸ ਬਾਰੇ ਅੰਦਾਜਾ ਤਾਂ ਲਾਓ? ਖੁਦ ਧੌਣ ਟੁੱਟਣ ਤੱਕ ਦੁੱਖਾਂ ਦੀ ਪੰਡ ਚੁੱਕੀ ਫਿਰਦਾ 'ਸੰਤ' ਤੁਹਾਡੀ ਪੰਡ ਲਈ ਹੱਥ ਕਿਥੇ ਪਵਾ ਦਏਗਾ?

ਕਿਸੇ ਗੱਲ ਦੀ ਤਹਿ ਤੱਕ, ਜੜ੍ਹ ਤੱਕ ਜਾਣ ਦੀ ਬਜਾਇ ਮੈਂ ਦੇਖਾਂ ਕਿਤੇ ਦੁੱਖਾਂ ਦਾ ਕਾਰਨ ਮੈਂ ਖੁਦ ਤਾਂ ਨਹੀਂ? ਤੇ ਮੈਂ ਪਾਵਾਂਗਾ ਕਿ ਦੇਹੀ ਦੇ ਕੁਝ ਉਮਰੀ ਦੁੱਖਾਂ ਨੂੰ ਛੱਡਕੇ ਬਾਕੀ ਦੁੱਖਾਂ ਦਾ ਕਾਰਨ ਮੇਰੇ ਅਪਣੇ ਹੀ ਵਿਕਾਰ ਹਨ! ਜਿਸ ਨੂੰ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਹਿੰਦੇ ਹੋ!

ਤੇ ਜੇ ਦੁੱਖਾਂ ਦਾ ਕਾਰਨ ਮੈਂ ਖੁਦ ਹਾਂ ਸੁੱਖਾਂ ਦਾ ਵੀ ਤਾਂ ਖੁਦ ਹੀ ਹੋਵਾਂਗਾ ਨਾ। ਜੇ ਦੁੱਖ ਮੈਂ ਬੀਜ ਰਿਹਾ ਹਾਂ ਤਾਂ ਉਹ ਪੁੱਟਕੇ ਸੁੱਖ ਵੀ ਬੀਜ ਸਕਦਾਂ। ਬਾਕੀ ਛੱਡੋ, ਦੇਹੀ ਦੇ ਦੁੱਖਾਂ ਦੀ ਗੱਲ ਕਰ ਲਓ। ਸ਼ੂਗਰ, ਬਲੱਡ ਪ੍ਰੈਸ਼ਰ, ਕਲੈਸਟਰ, ਮੋਟਾਪਾ ਕਿਸੇ ਥੋੜੋਂ ਬੀਜੇ ਸਨ। ਦੇਹੀ ਉਪਰ ਗੈਂਡੇ ਤਰ੍ਹਾਂ ਢਲਕਦੀ ਚਰਬੀ ਕੋਈ ਛੱਪੜ ਦਾ ਗਾਰਾ ਥੋੜੋਂ ਸੀ ਕਿ ਕੋਈ ਬਾਲਟਾ ਭਰ ਕੇ ਮੇਰੇ ਤੇ ਲਿੱਪ ਗਿਆ? ਅਗਾਂਹ ਨੂੰ ਡਿੱਗਣ ਡਿੱਗਣ ਕਰਦਾ ਢਿੱਡ ਕਿਸੇ ਦਾ ਥੋੜੋਂ ਸੀ ਕਿ ਰੱਬ ਜੀ ਨੇ ਉਸ ਦਾ ਲਾਹ ਕੇ ਵਾਧੂ ਚੁੱਕ ਕੇ ਮੇਰੇ ੳੇੁਪਰ ਜੜ ਦਿਤਾ ਕਿ ਚਲੋ ਇਸ ਦੇ ਕੰਮ ਆਏ। ਇਹ ਮੇਰੇ ਹੀ ਜੀਵਨ ਦੀ 'ਕਮਾਈ' ਹੈ। ਇਹ ਮੇਰੀ ਹੀ ਜੁਬਾਨ ਦੀ ਕਰਾਮਾਤ ਹੈ ਜਿਹੜੀ ਟੋਕੇ ਤਰ੍ਹਾਂ ਕੁਰਚ ਕੁਰਚ ਕਰਨੋ ਕਦੇ ਬਾਜ ਨਹੀਂ ਆਉਂਦੀ! ਦੇਹੀ ਦੀ ਪੰਡ ਭਾਰੀ ਕਿਉਂ ਨਾ ਹੋਊ, ਤਾਂ ਇਸ ਭਾਰੀ ਪੰਡ ਵਿਚੋਂ ਨਿਕਲਣ ਵਾਲਾ ਕੀ ਹੋਊ? ਕਿੱਕਰਾਂ ਬੀਜ ਕੇ ਦਾਖ ਬਜਾਉਰੀਆਂ?

ਟੀ.ਵੀ. ਵੱਟਸਅੱਪ, ਫੇਸਬੁੱਕ, ਟਿਊਟਰ ਵਰਗੀਆਂ ਖਤਰਨਾਕ ਬਿਮਾਰੀਆਂ ਕਿਸੇ ਥੋੜੋਂ ਲਾਈਆਂ ਜਦ ਕਿ ਉਸ ਸਮੇ ਵਿਚ ਮੈਂ ਦੇਹੀ ਨੂੰ ਹਿਲਾ ਸਕਦਾ ਸੀ। ਤੁਰ ਸਕਦਾ ਸੀ, ਜਿੰਮ ਜਾ ਸਕਦਾ ਸੀ, ਬਾਹਰ ਨਿਕਲ ਕੇ ਹਵਾ ਲੈ ਸਕਦਾ ਸੀ, ਫੁੱਲਾਂ ਕੋਲੇ ਰੰਬਾ ਲੈ ਕੇ ਬੈਠ ਸਕਦਾ ਸੀ, ਪੰਛੀਆਂ ਨੂੰ ਗੀਤ ਗਾਉਂਦੇ ਸੁਣ ਸਕਦਾ ਸੀ। ਫੋਨ ਦੀ ਬਿਮਾਰੀ ਦੇ ਰੋਗੀ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਕਿ ਉਹ ਬੁਰਕੀ ਕਿਸ ਦੀ ਥਾਲੀ ਵਿਚ ਲਾ ਰਿਹੈ! ਸੜਕ ਤੇ ਤੁਰੇ ਜਾਂਦੇ ਨੂੰ ਕਿਹੜਾ ਹੁੰਦਾ ਕਿ ਕਿਸ ਵਿਚ ਵੱਜਣ ਲੱਗਾ! ਮੱਝ ਹੇਠ ਬੈਠਣ ਵਾਲਾ ਕੱਟਾ ਚੋਈ ਜਾ ਰਿਹਾ ਹੁੰਦਾ? ਇਨੀ ਭਿਆਨਕ ਬਿਮਾਰੀ? ਇਨਾ ਵੱਡਾ ਨਸ਼ਾ ਕਿ ਬੰਦਾ ਘਰ ਭੁੱਲੇ ਫੋਨ ਤੇ ਸ਼ਦਾਈ ਕਿਹੜਾ ਨਾ ਹੋ ਜਾਏ? ਫੋਨ ਰਾਤਾਂ ਨੂੰ ਵੀ ਸਰ੍ਹਾਣੇ? ਪੰਡਾਂ ਤਾਂ ਮੈਂ ਖੁਦ ਭਾਰੀਆਂ ਕਰ ਲਈਆਂ ਤਾਂ ਸੁੱਖ ਕਿਥੇ ਨਿਕਲ ਆਉਂਣਗੇ। ਦੇਹੀ ਨੂੰ ਹਲਾਉਂਣ ਜਲਾਉਂਣ ਦੇ ਸਾਰੇ ਰਸਤੇ ਹੀ ਬੰਦ ਕਰ ਮਾਰੇ? ਸਿਰ ਦੇ ਸੋਚਣ ਵਾਲੇ ਯੰਤਰ ਰੱਦ। ਵਿਹਲਾ ਹੋਊ ਤਾਂ ਕੁਝ ਚੰਗਾ ਸੋਚੂ। ਬਚਕਾਨਾ ਕਹਾਣੀਆਂ, ਖ਼ਬਰਾਂ ਅਤੇ ਫੁਕਰਾ ਕਿਸਮ ਦੀਆਂ ਵੀਡੀਓ ਵਿਚ ਸਮਾ ਖਤਮ?

ਅਉਖਦੁ ਨਾਮ ਵਾਲੇ, ਯੋਗੇ ਵਾਲੇ, ਆਰਟ ਲਿਵਿੰਗ ਵਾਲੇ, ਕੋਈ ਬਾਬਾ ਜੀ, ਕੋਈ ਸੰਤ ਜੀ, ਕੋਈ ਪੰਡਤ-ਮੁਲਾਣਾ-ਭਾਈ, ਕੋਈ ਅਜਮੇਰੀ ਛਮੇਰੀ ਤੁਹਾਡਾ ਦੁੱਖ ਕਿਵੇਂ ਕੱਟ ਦਊ ਜਦ ਕਿ ਪੰਡ ਵਿਚ ਸਮ੍ਹਾਨ ਹੀ ਗਲਤ ਬੰਨੀ ਫਿਰਦਾ ਮੈਂ! ਕੂੜੇ ਦੀ ਪੰਡ ਸਿਰ 'ਤੇ ਚੁੱਕੀ ਫਿਰਦਾ ਮੈਂ ਕਹਿੰਨਾ ਜਿੰਦਗੀ ਵਿਚੋਂ ਦੁੱਖਾਂ ਦੀ ਬਦਬੂ ਕਿਥੋਂ ਆ ਰਹੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top