Share on Facebook

Main News Page

ਬਲੀ ਦੇ ਬੱਕਰੇ ?
-: ਗੁਰਦੇਵ ਸਿੰਘ ਸੱਧੇਵਾਲੀਆ
161218

ਬੱਕਰਾ ਚਾਹੇ ਜਿਥੇ ਮਰਜੀ ਹੋਵੇ ਉਸ ਦੀ ਬਲੀ ਤੈਅ ਹੈ? ਕਹਾਵਤ ਵੀ ਹੈ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ। ਮਾੜੀਆਂ ਤੇ ਸੁੱਤੀਆਂ ਕੌਮਾਂ ਦੀ ਅਹਿਮੀਅਤ ਬਲੀ ਦੇ ਬੱਕਰੇ ਜਿੰਨੀ ਹੀ ਹੁੰਦੀ ਹੈ, ਇਹ ਗੱਲ ਕਨੇਡਾ ਦੀ ਇਸ ਸਾਲ ਦੀ 'ਪਬਲਿਕ ਸੇਫਟੀ' ਦੀ ਰਿਪੋਰਟ ਵਿਚ ਸਿੱਖਾਂ ਦੇ ਦਹਿਸ਼ਤਗਰਦ ਹੋਣ ਤੋਂ ਸਾਬਤ ਹੋ ਗਈ ਹੈ। ਲਿਬਰਲ ਬਣਿਆਂ ਤੱਕ ੧੬-੧੭ ਤੱਕ ਦੀਆਂ ਰਿਪੋਰਟਸ ਆ ਚੁੱਕੀਆਂ ਪਰ ਇਨ੍ਹਾਂ ਨੂੰ ਰਾਤੋ ਰਾਤ ਪਤਾ ਨਹੀਂ  ਸੁਪਨੇ ਵਿਚ ਕੀ ਇਲਹਾਮ ਹੋਇਆ ਕਿ ਸਵੇਰੇ ਉੱਠ ਕੇ ਸਿੱਖ ਦਹਿਸ਼ਤਗਰਦ ਹੋ ਗਏ?

ਪਿੰਡ ਵਿਚ ਸਭ ਨੂੰ ਪਤਾ ਹੁੰਦਾ ਕਿ ਔਹ ਫਲਾਂ ਜੱਟ ਜਿੰਨੇ ਲਲਕਾਰੇ ਮਾਰਦਾ ਉਨੀ ਔਕਾਤ ਹੈ ਨਹੀਂ ਉਸ ਦੀ। ਜਿਵੇਂ ਸਾਡੇ ਰਾਜਨੀਤੀਆਂ ਦਾ ਗੋਰਿਆਂ ਨੂੰ ਲੱਗ ਗਿਆ ਕਿ ਇਹ ਨਾਹਰੇ ਜੈਕਾਰਿਆਂ ਤੋਂ ਅੱਗੇ ਬਹੁਤਾ ਨਹੀਂ  ਸੋਚਦੇ ਨਹੀਂ  ਤਾਂ ਕੋਈ ਪਾਰਟੀ ਜੁਅਰਤ ਨਾ ਕਰੇ ਕਿ ਬਾਕੀਆਂ ਤਰ੍ਹਾਂ ਰਹਿ ਰਹੇ ਅਸੀਂ ਰਾਤੋ ਰਾਤ ਦਹਿਸ਼ਤਗਰਦ ਹੋ ਗਏ? ਅਕਲਮੰਦ ਰਾਜਨੀਤੀ ਦੇ ਅੰਦਰੋਂ ਕੰਨ ਮਰੋੜਦਾ ਮੂਰਖ ਬਾਹਰ ਸੜਕ ਤੇ ਰੌਲਾ ਪਾ ਰਿਹਾ ਹੁੰਦਾ। ਹਿੰਦੂ ਕਦੇ ਤੁਸੀਂ ਸੜਕ ਤੇ ਦੇਖਿਆ ਕਿ ਸਿੱਖਾਂ ਨੂੰ ਦਹਿਸ਼ਤਗਰਦ ਘੋਸ਼ਿਤ ਕਰੋ?

ਗੋਰੇ ਲੋਕ ਸਾਡੇ ਲੀਡਰਾਂ ਨੂੰ ਜਾਣ ਗਏ ਨੇ ਕਿ ਇਨ੍ਹਾਂ ਦੇ ਚੁਣੇ ਆ ਰਹੇ 'ਭਲਵਾਨ' ਥਾਪੀਆਂ ਮਾਰਨ ਅਤੇ ਪੈਰਾਂ ਨਾਲ ਮਿੱਟੀ ਪੁੱਟਣ ਤੋਂ ਬਾਅਦ ਪਹਿਲੇ ਪਟਕੇ ਵਿਚ ਠੁੱਸ ਹੋ ਜਾਣ ਵਾਲੇ ਹਨ ਯਾਣੀ ਗੁੰਗੇ? ਯਾਦ ਰਹੇ ਕਿ ਪ੍ਰਵਾਹ ਉਨ੍ਹਾਂ ਕੌਮਾਂ ਦੀ ਕੀਤੀ ਜਾਂਦੀ ਹੈ ਜਿਸ ਕੌਮ ਦੇ ਲੀਡਰ ਭਾਰੇ, ਅਕਲ ਅਤੇ ਜੁਅਰਤ ਵਾਲੇ ਹੋਣ। ਇਸ ਦੀਆਂ ਮਿਸਾਲਾਂ ਤਾਂ ਤਾਜੀਆਂ ਨੇ ਦੁਹਰਾਉਣ ਦੀ ਲੋੜ ਨਹੀਂ  ਜਦ ਹਾਲੇ ਕੱਲ ਮਿਸਟਰ ਡੱਗ ਫੋਰਡ ਦੇ ਬ੍ਰੈਪਟਨ ਉਪਰ ਫੇਰੇ ਕੁਹਾੜੇ ਵੇਲੇ ਗੁੰਗੇ ਰਹਿਣ ਵਾਲੇ ਹੁਣ ਲਿਬਰਲ ਨੂੰ ਚਿੱਠੀਆਂ ਲਿਖ ਲਿਖ ਥਾਪੀਆਂ ਮਾਰ ਰਹੇ ਨੇ ਕਿ ਅਸੀਂ ਦਹਿਸ਼ਤਗਰਦ ਨਹੀਂ । ਉਹ ਭੁੱਲ ਗਏ ਹਾਲੇ ਕੱਲ ਯਾਣੀ ਮਾਰਚ ਵਿਚ ਇਸੇ ਸਾਲ ਉਨ੍ਹਾਂ ਦੀ ਹੀ ਪਾਰਟੀ ਤਰਫੋਂ ਇਹੀ ਮਤਾ ਮਿਸਟਰ ਓ ਟੂਲ ਵਲੋਂ ਲਿਆਂਦਾ ਗਿਆ ਸੀ ਜਿਹੜਾ ਖੁਦ ਲਿਬਰਲਾਂ ਹੀ ਲੀਕ ਕੀਤਾ ਸੀ? ਯਾਣੀ ਲਿਬਰਲ ਇਹ ਤਾਂ ਨਹੀਂ  ਸਨ ਚਾਹੁੰਦੇ ਕਿਤੇ ਕਿ ਇਹ 'ਪੁੰਨ ਦਾ ਕੰਮ' ਤਾਂ ਅਸੀਂ ਕਰਨਾ ਸੀ ਤੁਹਾਨੂੰ ਕਿਵੇਂ ਬਾਜੀ ਮਾਰਨ ਦੇ ਸਕਦੇ?

'ਪਬਲਿਕ ਸੇਫਟੀ' ਦੀ ਗੱਲ ਕਰਨੀ ਹੋਵੇ ਤਾਂ ਇਸ ਨੂੰ ਇਸ ਪਾਸਿਓਂ ਵੀ ਦੇਖਿਆ ਜਾਣਾ ਚਾਹੀਦਾ ਕਿ ਗੋਰੇ ਇੱਕ ਨੇ ਸਕੂਲ ਵਿਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਪਤਾ ਨਹੀਂ  ਕਿੰਨੇ ਨਿਆਣੇ ਮਾਰ ਛੱਡੇ ਉਹ ਕ੍ਰਿਸਚਨ ਧਰਮ ਨਾਲ ਸਬੰਧਤ ਸੀ ਤੇ ਹਾਲੇ ਕੱਲ ਪਾਰਲੀਮਾਨੀ ਵਿਚ ਛੂਟਿੰਗ ਕਰਨ ਵਾਲਾ ਗੋਰਾ ਵੀ ਇਸਾਈ ਪਰ ਕੀ ਪੂਰੀ ਕ੍ਰਿਸਚਨੈਲਟੀ ਤੋਂ ਕਨੇਡਾ ਨੂੰ ਖਤਰਾ ਹੋ ਗਿਆ? ੨੦੧੬ ਜਾਂ ੧੭ ਤੱਕ ਸਿੱਖ ਠੀਕ ਰਹੇ ੧੮ ਵਿਚ ਸਿੱਖਾਂ ਕੀ ਅਜਿਹਾ ਕੀਤਾ ਕਿ ਉਹ ਦਹਿਸ਼ਤਗਰਦ ਹੋ ਗਏ?

ਇੱਕ ਪਾਸਿਓਂ ਹੋਰ ਦੇਖਣ ਤੇ ਵੈਸੇ ਸ਼ੱਕ ਨਹੀਂ  ਕੀਤਾ ਜਾਣਾ ਚਾਹੀਦਾ ਕਿ ਲਿਬਰਲ ਦੇ ਦੇਸੀ ਲੀਡਰਾਂ ਦੇ ਘਾਲਿਆਂ ਮਾਲਿਆਂ ਤੋਂ ਧਿਆਨ ਪਾਸੇ ਹਟਾਉਂਣ ਲਈ ਹਿੰਦੋਸਤਾਨ ਦੀ ਰਾਜਨੀਤੀ ਤਰ੍ਹਾਂ ਕੋਈ ਹੋਰ ਮੁੱਦਾ ਖੜਾ ਕਰ ਦਿੱਤਾ ਜਾਣਾ ਵਾਜਬ ਸਮਝਿਆ ਗਿਆ ਹੋਵੇ ? ਕਿਉਂਕਿ ਉਨ੍ਹਾਂ ਫਰਾਡਾਂ ਵਿਚ ਵੱਡੇ ਘੈਂਟ ਲੀਡਰਾਂ ਦਾ ਵੀ ਨਾਮ ਬੋਲਦਾ ਦਿੱਸ ਰਿਹਾ ਹੈ ਨਹੀਂ  ਤਾਂ ਪਹਿਲੀਆਂ ਠੀਕ ਠਾਕ ਰਿਪੋਟਾਂ ਤੋਂ ਬਾਅਦ ਅਚਾਨਕ ਇਹ ਬਦਲਾਅ?

ਹੁਣ ਤੁਹਾਡੇ ਲੀਡਰ ਮੱਗਰਮੱਛ ਵਾਲੇ ਅਥਰੂ ਬਹਾਉਂਣਗੇ ਕਿ ਸਾਨੂੰ ਪਤਾ ਹੀ ਨਹੀਂ  ਸੀ ਜਿਵੇਂ ਰੂਬੀ ਸਹੋਤਾ ਵਿਹਾ ਰਹੀ ਹੈ ਜਦ ਕਿ ਰੂਬੀ ਸਹੋਤਾ 'ਪਬਲਿਕ ਸੇਫਟੀ' ਦੀ ੧੨ ਮੈਬਰ ਕਮੇਟੀ ਵਿਚੋਂ ਇੱਕ ਹੈ? ਉਸ ਕਮੇਟੀ ਦੀ ਬਕਾਇਦਾ ਮੈਂਬਰ ਹੈ। ਯਾਦ ਰਹੇ ਕਿ ਉਸ ਕਮੇਟੀ ਦੇ ਕੁੱਲ ੧੨ ਮੈਬਰਾਂ ਵਿਚੋਂ ੮ ਲਿਬਰਲ, ੩ ਪੀ ਸੀ ਅਤੇ ਇੱਕ ਐਂ ਡੀ ਪੀ ਦਾ ਹੈ। ਯਾਣੀ ਸਭ ਤੋਂ ਵੱਧ ਲਿਬਰਲ? ਪਰ ਕੀ ਜਦ ਇਹ ਮਤਾ ਟੇਬਲ ਹੋਇਆ ਤਾਂ ਰੂਬੀ ਸਹੋਤਾ ਨੂੰ ਪਤਾ ਨਹੀਂ  ਸੀ? ਉੁਹ ਇਸ ਨੂੰ ਟੇਬਲ ਹੋਣ ਵੇਲੇ ਕਿਉਂ ਨਹੀਂ  ਬੋਲੀ? ਯਾਦ ਰਹੇ ਕਿ ਟੇਬਲ ਹੋਣ ਵੇਲੇ ਸਭ ਉਪਰਲੇ ਹੇਠਲੇ ਲੀਡਰਾਂ ਨੂੰ ਪਤਾ ਹੁੰਦਾ ਕਿ ਕੀ ਹੋਣ ਜਾ ਰਿਹਾ ਪਰ ਇਹ ਕੁਰਸੀ ਦੇ ਪਘੂੰੜਿਆਂ ਉਪਰ ਘੁੱਟ ਕੇ ਹੱਥ ਪਾਈ ਬੈਠੇ ਇਸ ਫਿਕਰ ਵਿਚ ਨੇ ਕਿਤੇ ਡਿਗ ਨਾ ਜਾਈਏ?

ਸਿੱਖਾਂ ਨੂੰ ਇਹ ਫੈਸਲਾ ਕਰ ਹੀ ਲੈਣਾ ਚਾਹੀਦਾ ਕਿ ਜਿਹੜਾ ਸਾਡੇ ਉਪਰ ਅਜਿਹੇ ਹਮਲੇ ਬੋਲੂ ਜਾਂ ਜਿਹੜੀ ਪਾਰਟੀ ਸਾਡੇ ਉਪਰ ਹੋ ਰਹੀ ਅਜਿਹੀ ਗੁੰਡਗਰਦੀ ਉਪਰ ਗੂੰਗੀ ਬਣੀ ਰਹੂ ਉਨ੍ਹਾਂ ਦੇ ਲੀਡਰਾਂ ਨੂੰ ਅਸੀਂ ਕਿਸੇ ਗੁਰਦੁਆਰੇ ਦੀ ਸਟੇਜ ਤੇ ਨਹੀਂ  ਚੜਨ ਦੇਵਾਂਗੇ ਨਾ ਉਨ੍ਹਾਂ ਦੀ ਮਕਾਣ ਜਾਂਵਾਗੇ ਚਾਹੇ ਕੋਈ ਪਾਰਟੀ ਹੋਵੇ! ਫਿਰ ਪੁੱਛਿਓ ਅਸੀਂ ਦਹਿਸ਼ਤਗਰਦ ਹਾਂ ਜਾਂ ਹੱਡ ਭੰਨਵੀ ਕਮਾਈ ਕਰਨ ਵਾਲੇ ਮਿਹਨਤਕਸ਼ ਲੋਕ?

ਮੁੱਕਦੀ ਗੱਲ ਕਿ ਸਿੱਖਾਂ ਵਿਚ ਤਾਕਤ ਅਤੇ ਕੰਮ ਕਰ ਸਕਣ ਦੀ ਸਮਰਥਾ ਝੋਟਿਆਂ ਵਾਲੀ ਪਰ …? ਕਿਧਰੇ ਯੂ ਪੀ ਵੰਨੀ ਜੰਗਲ ਜਾ ਪੁੱਟੇ, ਕਿਧਰੇ ਲੋਹ ਲਦਾਖ ਦੀਆਂ ਪਹਾੜੀਆਂ ਜਾ ਚ੍ਹੜੇ, ਵਰ੍ਹਦੇ ਬੰਬਾਂ ਵਿਚ ਲੰਗਰ ਲਾਈ ਫਿਰਦੇ ਤੇ ਕਿਧਰੇ ਬਾਹਰ ਆ ਕੇ ਰਾਜਨੀਤੀ ਵਿਚ ਵੀ ਇਨੀ ਮੂੰਹ ਉਗਲਾਂ ਪਵਾ ਛਡੀਆਂ ਪਰ ਮਾਰ ਪਤਾ ਕਿਥੇ ਖਾਧੀ? ਕਿ ਇਹ ਅਪਣੀ ਕੋਈ ਜਮਾਤ ਨਹੀਂ  ਖੜੀ ਕਰ ਸਕੇ। ਜਦ ਕਿ ਜਮਾਤ ਕਰਾਮਾਤ ਹੁੰਦੀ । ਉਸ ਜਮਾਤ ਦਾ ਕੁੰਡਾ ਜੇ ਤੁਹਾਡੇ ਲੀਡਰਾ ਸਿਰ ਹੁੰਦਾ ਤਾਂ ਇਉਂ ਗੁੰਗੇ ਬੋਲੇ ਅਤੇ 'ਗੂੰਠਾ' ਛਾਪ ਨਾ ਸਾਬਤ ਹੁੰਦੇ! ਕਿ ਹੁੰਦੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top