ਸੁਆਮੀ
ਸੁਬਰਾਨੀਅਮ ਕਹਿੰਦਾ ਨੋਟਾਂ ਉਪਰ ਮੂਰਤੀ ਲਛਮੀ ਜੀ ਦੀ ਲਾ ਦਿਓ ਜੇ ਨੋਟਾਂ ਦੀ ਵਰਖਾ ਨਾ
ਹੋਈ ਤਾਂ। ਸ਼ਾਇਦ ਉਹ ਮੋਦੀ ਵਾਲੇ ੧੫-੧੫ ਲੱਖ ਲਛਮੀ ਜੀ ਤੋਂ ਲੈ ਕੇ ਦੇਣਾ
ਚਾਹੁੰਦੇ ਹੋਣ ਲੋਕਾਂ ਨੂੰ?! ਪਰ ਇਹ ਨਹੀਂ ਪਤਾ ਲੱਗਾ ਕਿ ਖੀਰ ਸਮੁੰਦਰ ਵਾਲੀ ਲੱਤਾਂ
ਘੁਟਦੀ ਵਿਸ਼ਨੂ ਜੀ ਨਾਲ ਵਾਲੀ ਜਾਂ ਇਕੱਲੀ ਦੀ?
ਉਧਰ ਵਿਚਾਰੇ ਕਾਮਰੇਡ ਚੀਕਾਂ ਮਾਰੀ ਜਾਂਦੇ ਕਿ ਪੰਜਾਬ ਦਾ ਸਭਿਆਚਾਰ
ਤਹਿਸ ਨਹਿਸ ਕਰਤਾ ਬੁੱਤ ਤੋੜਨ ਵਾਲਿਆਂ। ਸੁਆਮੀ ਜੀ ਅਤੇ ਕਾਮਰੇਡਾਂ ਕਿਤੇ ਰਾਇ ਕਰਕੇ ਹੀ
ਮੁਹਿੰਮ ਤਾਂ ਨਹੀਂ ਅਰੰਭੀ ਕਿ ਇੱਕ ਮੂਰਤੀ ਨੋਟਾਂ ਉਪਰ ਚੇਪਣ ਨੂੰ ਫਿਰਦਾ ਦੂਜਾ ਭੰਗੜਾਂ
ਦੇ ਬੁੱਤਾਂ ਲਈ ਦੁੱਖੀ?
ਕਾਮਰੇਡ ਵਿਚਾਰੇ ਦਰਬਾਰ ਸਾਹਬ ਝੋਨਾ ਤਾਂ ਬੀਜ ਨਹੀਂ ਸਕੇ ਪਰ ਦਰਬਾਰ
ਸਾਹਬ ਮੂਹਰੇ ਭੰਗੜਾਂ ਦੇ ਬੁੱਤਾਂ ਵਾਲਾ ਮਨ ਦਾ ਸਕੂਨ ਵੀ ਤੁਸੀਂ ਖੋਹ ਲਿਆ ਇਹ ਤਾਂ
ਵਾਕਿਆ ਹੀ ਸਭਿਆਚਾਰ ਨਾਲ ਧਰੋਹ ਹੈ। ਹੁਣ ਤੁਸੀਂ ਕਹਿੰਨੇ ਕਵਿਤਾਵਾਂ ਲਿਖ ਲਿਖ ਗੁਭ
ਗੁਲਾਟ ਵੀ ਨਾ ਕੱਢਣ? ਕਦੇ ਤੁਹਾਨੂੰ ਇਉਂ ਨਹੀਂ ਜਾਪਦਾ ਹੁੰਦਾ ਕਿ 'ਰੈਡੀਮੇਡ' ਜਿਹੀਆਂ
ਕਵਿਤਾਵਾਂ ਇਨੀ ਪਹਿਲਾਂ ਹੀ ਲਿਖ ਲਿਖ ਝੋਲੇ ਭਰੇ ਹੁੰਦੇ ਜਿਵੇਂ ਕੁ ਦਾ ਸਮਾ ਹੋਵੇ ਝੋਲੇ
ਚੋਂ ਕੱਢ ਉਵੇਂ ਕੁ ਦੀ ਚੇਪ ਦਿੰਦੇ? ਤੇ ਸਭ ਤੋਂ ਪਹਿਲਾਂ ਚੇਪਣ ਵਾਲਾ ਇਨਕਲਾਬੀ 'ਨੰਬਰ
ਵੰਨ'?
ਸੁਆਮੀ ਨੇ ਤਾਂ ਸਾਡੇ ਵਾਲੇ ਇੱਕ ਜਥੇਦਾਰ
ਵਾਲੀ ਕੀਤੀ। ਮੀਟਿੰਗ ਸੀ ਕਿ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇ। ਉਹ ਸਾਰਾ ਸਮਾ
ਚੁੱਪ ਬੈਠਾ ਰਿਹਾ ਪਰ ਜਦ ਉਠਣ ਲੱਗੇ ਤਾਂ ਕਹਿੰਦਾ ਮੇਰੇ ਕੋਲੇ ਇੱਕ 'ਆਈਡੀਆ' ਹੈ ਕਿ
ਨਿਸ਼ਾਨ ਸਾਹਬ ਦਸ ਫੁੱਟ ਹੋਰ ਉਚਾ ਕਰ ਦਿਓ ਦੇਖਣਾ ਜੇ ਪੰਥ ਛਾਲਾਂ ਨਾ ਮਾਰ ਉਠਿਆ? ਚਲੋ
ਸਾਡੇ ਵਾਲੇ ਉਪਰ ਤਾਂ ਇਲਜਾਮ ਲੱਗ ਸਕਦਾ ਕਿ ਉਹ ਅੰਨਪਾੜ ਸੀ ਪਰ ਸੁਆਮੀ? ਉਧਰ ਬੁੱਤਾਂ
ਵਿਚਦੀ ਸਭਿਆਚਾਰ ਉੱਚਾ ਚੁੱਕਣ ਵਾਲੇ ਕਾਮਰੇਡ?
ਇਨੀ ਕੁ ਅਕਲ ਤਾਂ ਹੋ ਹੀ ਸਕਦੀ ਬੰਦੇ ਨੂੰ ਕਿ ਹਰ ਗੱਲ ਤੇ ਚੀਜ ਦਾ ਸਮਾ
ਤੇ ਅਪਣੀ ਕੋਈ ਥਾਂ ਹੁੰਦੀ । ਪਰ ਅੱਖਾਂ ਉਪਰ ਕੱਟੜਵਾਦਤਾ ਦੀ ਪੱਟੀ ਇਹ ਕੁਝ ਕਾਹਨੂੰ
ਦਿੱਸਣ ਦਿੰਦੀ ਕਿ ਦਰਬਾਰ ਸਾਹਬ ਦੀ ਹਦੂਦ ਅੰਦਰ ਭੰਗੜਾਂ ਦੇ ਨਹੀਂ ਸਿੰਘ ਸੂਰਮਿਆਂ ਦੇ ਹੀ
ਬੁੱਤ ਸੋਭਾ ਦਿੰਦੇ ਜਿੰਨਾ ਮੱਸੇ ਰੰਘੜ ਵਰਗਿਆਂ ਦੇ ਸਿਰ ਉਨ੍ਹਾਂ ਦੀ ਹੀ ਭੀੜ ਵਿਚ ਵੱਢ
ਕੇ ਔਹ ਮਾਰੇ ਤੇ ਨੇਜੇ ਟੰਗ ਹਵਾ ਹੋ ਗਏ! ਪਰ ਜਿਹੜੇ ਬੰਦੇ ਸਿਨਮੇ ਦੀਆਂ ਟਿਕਟਾਂ ਪਿੱਛੇ
ਮਰਨ ਵਾਲਿਆਂ ਨੂੰ ਸ਼ਹੀਦ ਬਣਾਈ ਫਿਰਦੇ ਰਹੇ ਉਹ ਕੀ ਜਾਨਣ ਸ਼ਹੀਦ ਸੂਰਮਿਆਂ ਅਤੇ ਭੰਗੜਾ ਦਾ
ਫਰਕ?
ਭੰਗੜਾਂ ਦੇ ਬੁੱਤ ਲਾਉਣ ਲਈ ਹੋਰ ਥਾਵਾਂ ਬਹੁਤ ਤੇ ਹੁਣ ਤਾਂ ਥਾਂ ਥਾਂ
ਲੱਗੇ ਹੋਏ ਨੇ, ਕੌਣ ਰੋਕਦਾ! ਅਪਣੇ ਘਰਾਂ ਵਿਚ ਲਾ ਲਓ ਚਾਹੇ ਆਖਰ ਸਭਿਆਚਾਰ ਵੀ ਤਾਂ
ਬਚਾਉਂਣਾ ਹੋਇਆ? ਪਰ ਯਕੀਨਨ ਇਹ ਥਾਂ ਸਹੀ ਨਹੀਂ ਸੀ ਤੇ ਤੋੜਨ ਵਾਲੇ ਪਹਿਲੇ ਦਿਨ ਹੀ ਹਥੌੜੇ
ਲੈ ਕੇ ਨਹੀਂ ਸਨ ਆ ਗਏ ਤਿੰਨ ਸਾਲ ਤੋਂ ਉਹ ਅਰਜੀਆਂ ਤੇ ਚਿੱਠੀਆਂ ਪਾ ਰਹੇ ਸਨ ਕਿ ਭਾਈ
ਚੱਕ ਲਓ ਇਥੋਂ!!!