ਜੀਵਨ
ਦੀ ਸਮਝ ਹੀ ਮਰਣ ਵਿਚੋਂ ਪੈਦਾ ਹੁੰਦੀ। ਮਰਣ ਦੀ ਸਮਝ ਬਿਨਾ ਜੀਵਨ ਡਾਵਾਂ ਡੋਲ!
ਡਰਿਆ ਹੋਇਆ! ਗੁਲਾਮ! ਹੀਣਾ! ਦਬਿਆ ਹੋਇਆ! ਘੁਟੇ ਹੋਏ ਸਾਹ ਤਰ੍ਹਾਂ! ਨਿਰੀ ਸਲ੍ਹਾਬ! ਨਾ
ਧੁੱਪ ਨਾਂ ਹਵਾ!
ਜਿਉਂ ਹੀ ਮਰਣ ਦੀ ਸੋਝੀ ਆਈ ਸਭ ਦਰਵਾਜੇ ਚੁਪੱਟ ਖੁਲ੍ਹੇ। ਚਾਨਣ ਨਾਲ ਭਰ ਗਿਆ ਮਨੁੱਖ ਕਿ
ਐਵੇਂ ਡਰੀ ਗਿਆ? ਐਵੇਂ ਦੁੱਬਕੀ ਗਿਆ? ਇਉਂ ਹੀ ਗੋਡਿਆਂ ਚ' ਸਿਰ ਦੇਈ ਰੱਖਿਆ? ਤੇ ਉਹ
ਸਿੱਧਾ ਹੋ ਪਿਆ ਬਰਸ਼ਾ ਗੱਡ ਕੇ ਕਿ ਆ ਇਧਰ ਹੁਣ ਜੇ ਧੌਣ ਨਾ ਭੰਨੀ!
ਮੌਤ ਕਾਰਣ ਹੀ ਡਰਦਾ ਸੀ ਨਾ ਤੇ ਜਦ ਮਰਣਾ ਈ ਸਿੱਖ ਗਿਆ ਤਾਂ ਫਿਰ ਕਿਹੜੀ ਜਿੰਦਗੀ ਤੇ
ਕਿਹੜੀ ਮੌਤ। ਤੇ ਦੁਨੀਆਂ ਦੇ ਲੋਕ ਉਨ੍ਹਾਂ ਹੀ ਸੂਰਬੀਰਾਂ ਨੂੰ ਯਾਦ ਕਰਦੇ ਜਿੰਨੀ ਜਿੰਦਗੀ
ਤੇ ਮੌਤ ਦੇ ਫਰਕ ਹੀ ਮਿਟਾ ਛੱਡੇ!
ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਪਰ ਸਾਹਵੇਂ ਫੌਜ!
ਦੋ-ਦੋ ਫਿਰ ਚਾਰ-ਚਾਰ ਪਰ ਫਿਰ ਵੀ ਕਹਿੰਦੇ ਯਾਰ ਸਵਾਦ ਕਿਥੇ ਆਇਆ ਦੱਸ-ਦੱਸ ਆਉਂਣ ਦੇਹ!
ਬਾਹਲੇ ਸਿਆਣਿਆਂ ਕਹਿਣਾ ਕਮਲੇ ਸਨ ਇਹ ਕੀ ਲੜਾਈ ਹੋਈ! ਡੱਲੇ ਵੀ ਕਿਹਾ ਹੋਣਾ ਗੁਰੁ ਕਮਲਾ
ਹੋ ਗਿਆ ਬੰਦੇ ਮਾਰਕੇ ਕੌਣ ਨਿਸ਼ਾਨੇ ਪਰਖਦਾ ਪਰ ਮੂਹਰੇ ਹਿੱਕਾਂ ਡਾਹੁਣ ਵਾਲੇ? ਇਤਿਹਾਸ
ਬਣਦੇ ਹੀ ਤਾਂ ਜਦ ਕੌਮਾਂ ਮਰਣ ਵਾਲੇ ਪਾਸਿਓਂ ਜਿਉਂਣਾ ਸਿੱਖਦੀਆਂ। ਪੂਰੀ ਫੌਜ ਦੇ ਘੇਰੇ
ਵਿਚੋਂ ਮੱਸੇ ਦਾ ਸਿਰ ਵੱਢ ਕੇ ਅਗਲੇ ਔਹ ਗਏ! ਪਤਾ ਨਾ ਹੋਵੇਗਾ ਕਿ ਸਿਰ ਸਾਡੇ ਵੀ ਲੱਥ
ਸਕਦੇ? ਪਰ ਫਰਕ ਹੀ ਕਦ ਰਿਹਾ ਜਿੰਦਗੀ ਤੇ ਮੌਤ ਦਾ!
ਜਿਉਂਣਾ ਤਾਂ ਜਾਨਵਰ ਵੀ ਜਾਣਦੇ ਮਨੁੱਖ ਨਾਲੋਂ ਕਿਤੇ ਚੰਗੀ ਤਰ੍ਹਾਂ ਬੱਚੇ ਪਾਲ ਜਾਂਦੇ ਪਰ
ਮਰਦ ਲੋਕ ਓਹ ਮੰਨੇ ਜਾਂਦੇ ਜਿਹੜੇ ਪਹਿਲਾਂ ਮਰਣ ਕਬੂਲ ਕਰਦੇ ਯਾਣੀ ਜੀਵਨ ਨੂੰ ਮਰਣ ਵਾਲੇ
ਪਾਸਿਓਂ ਸਿੱਖਣਾ ਸ਼ੁਰੂ ਕਰਦੇ! ਹਿੰਦੋਸਤਾਨ ਦੇ ਸਾਧਾਂ, ਜੋਗੀਆਂ, ਨਾਥਾਂ, ਸਿੱਧਾਂ, ਪੰਡਤਾਂ
ਪੂਰਾ ਜੋਰ ਹੀ ਬੰਦੇ ਨੂੰ ਜਿਉਂਣਾ ਸਿਖਾਉਂਣ ਤੇ ਲਾ ਛਡਿਆ ਪਰ ਨਤੀਜਾ?
ਸਿਖਾਇਆ ਗੁਰੂ ਸਾਹਿਬਾਨਾਂ ਵੀ ਬੰਦੇ ਨੂੰ ਜਿਉਂਣਾ ਹੀ, ਪਰ
ਮਰਣ ਵਾਲੇ ਪਾਸਿਓਂ! ਤਾਂ ਕਿ ਮਨੁੱਖ ਆਜ਼ਾਦ ਰਹਿ ਸਕੇ, ਹਿੱਕ ਤਾਣ ਕੇ, ਬਿਨਾ ਕਿਸੇ ਨਾਢੂ
ਖਾਂ ਦੀ ਈਨ ਮੰਨੇ। ਪਰ ਯਾਦ ਰਹੇ ਕਿ ਇਹ ਵੀ ਨਹੀਂ ਕਿ ਬਿਨਾ ਵਜਾ ਰੇਲ ਦੀ ਪਟੜੀ
ਹੇਠ ਛਾਲਾਂ ਮਾਰਦਾ ਫਿਰੇ ਜਾਂ ਕੰਧਾਂ ਵਿਚ ਸਿਰ?