04 ਫਰਵਰੀ 2020 ਨੂੰ ਸ.
ਗੁਰਦੇਵ ਸਿੰਘ ਸੱਧੇਵਾਲੀਆ ਜੀ ਦੇ ਪਿਤਾ ਜੀ ਸ. ਕਰਤਾਰ ਸਿੰਘ
ਜੀ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਸ. ਗੁਰਦੇਵ ਸਿੰਘ
ਸੱਧੇਵਾਲੀਆ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹਾਂ। ਅਕਾਲਪੁਰਖ ਉਨ੍ਹਾਂ
ਨੂੰ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਸ. ਕਰਤਾਰ ਸਿੰਘ ਜੀ ਦਾ ਦੇਹ ਸੰਸਕਾਰ ਸ਼ਨਿੱਚਰਵਾਰ 08 ਫਰਵਰੀ ਨੂੰ ਹੇਠ ਲਿਖੇ ਸਮੇਂ
ਅਨੁਸਾਰ ਹੋਵੇਗਾ:
Funeral Service :
Saturday, 08 February 2020 - 03:30pm- 05:30pm
Cremation :
Saturday, 08 February 2020 - 05:30pm- 06:30pm
ਇਸ ਉਪਰੰਤ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਵਿਖੇ ਭੋਗ ਪਾਇਆ
ਜਾਵੇਗਾ।
Bhog: Gurdwara Sikh
Sangat, 32 Regan Road, Brampton ON L7A 1A7
ਘਰਿ
ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
-:
ਗੁਰਦੇਵ ਸਿੰਘ ਸੱਧੇਵਾਲੀਆ 04.02.2020
ਮੌਤ
ਦਾ ਡਾਕੀਆ ਪਤਾ ਨਹੀਂ ਕਦ ਕਿਸ ਵੰਨੀ ਮੌਤ ਦੀ ਚਿੱਠੀ ਸੁੱਟ ਜਾਂਦਾ ਕਿਸੇ ਨੂੰ ਕੁਝ ਪਤਾ
ਨਾ ਤੇ ਅਜ ਓਹ ਬਾਪੂ ਮੇਰੇ ਦੀ ਦੇਹ ਦੇ ਘਰ ਚਿੱਠੀ ਸੁੱਟ ਗਿਆ
ਯਾਣੀ ਬਾਪੂ ਇਸ ਸੰਸਾਰ ਨੂੰ ਮੇਰੇ ਦੇਖਦੇ ਹੀ ਦੇਖਦੇ ਫਤਿਹ ਬੁਲਾ ਗਿਆ!!
ਬਾਪੂ ਨੇ
ਕੋਈ ਪੌਣੇ ਕੁ ਗਿਆਰਾਂ ਇਸ ਧਰਤੀ ਉਪਰ ਰੁਮਕਦੀ ਫਿਰਦੀ ਹਵਾ ਦੀ ਆਖਰੀ ਛੋਟੀ ਜਿਹੀ ਘੁਟ ਭਰੀ
ਤੇ ਬਾਹੋਂ ਫੜੀ ਖੜੀ ਮੌਤ ਦੇ ਨਾਲ ਬੜੇ ਸਹਿਜੇ ਜਿਹੇ ਤੁਰ ਪਿਆ।
ਬੰਦਾ ਦੁਨੀਆਂ ਪ੍ਰਤੀ ਇਨਾ ਵੀ
ਨਿਰਮੋਹਾ ਕੀ ਆਖ। ਅਖ ਪਟ ਕੇ ਨਹੀਂ ਦੇਖਿਆ ਕਿ ਕੌਣ ਦੁਨੀਆ ਤੇ ਕੌਣ ਧੀਆਂ ਪੁਤ?
ਬਾਬਾ ਜੀ ਅਪਣੇ ਕਹਿੰਦੇ ਓ
ਬੇਪਰਵਾਹ ਬੈਠੇ ਬੰਦੇ ਕਦੇ ਦਿਲ ਦੀ ਝੀਥ ਵਿਚਦੀ ਦੇਖ ਲਿਆ ਕਰ ਕਿ ਇਹ ਡਾਕੀਆ ਕਿਤੇ ਤੇਰੇ
ਵੀ ਤਾਂ ਘਰ ਦੇ ਏੜ ਗੇੜ ਗੇੜੀਆਂ ਤਾਂ ਨਹੀਂ ਦਿੰਦਾ ਫਿਰ ਰਿਹਾ? ਇਓਂ ਦੇਖਦੇ ਰਹਿਣ ਨਾਲ
ਬੰਦਾ ਗੁਨਾਹਾਂ ਤੋਂ ਤੌਬਾ ਕਰਨ ਵੰਨੀ ਹਥ ਪੈਰ ਮਾਰਦਾ ਰਹਿੰਦਾ।
ਮੈਨੂੰ ਬਾਪੂ ਦੇ ਮਾਣ ਵਿਚ ਇਨਾ ਹੀ
ਕਹਿਣਾ ਕਾਫੀ ਕਿ ਪਿੰਡ ਮੇਰਾ ਬਾਪੂ ਦਾ ਨਾਂ ਘਟ ਜਾਣਦਾ ਸੀ ਪਰ ਭਗਤ ਜੀ ਕਹਿ ਕੇ ਜਿਆਦਾ।
ਇਹ ਵੀ ਕਿ ਬਾਪੂ ਦਾ ਪੂਰਾ ਜੀਵਨ ਠੱਗੀ ਠੋਰੀ ਤੋਂ ਕੋਹਾਂ ਦੂਰ।
ਮੌਤ ਨੂੰ ਇਓਂ ਸਹਿਜੇ ਸਹਿਜੇ,
ਸਾਹ ਸਾਹ ਕਰ ਕੇ ਦੇਹ ਵੰਨੀ ਵਧਦਿਆਂ ਮੈਂ ਪਹਿਲੀ ਵਾਰ ਦੇਖਿਆ ਤੇ ਜਾਣਿਆ ਕਿ ਮਨੁੱਖ ਦੀ
ਦੇਹੀ ਦੀ ਇਕ ਇਕ ਚੀਜ ਨੂੰ ਮੌਤ ਕਿਵੇਂ ਖੋਹਦੀ ਹੈ। ਕਦੇ ਖਾਣ ਦੀ ਸ਼ਕਤੀ, ਕਦੇ ਪੀਣ ਦੀ
ਵੀ, ਫਿਰ ਬੋਲਣ ਦੀ ਵੀ, ਸੁਣਨ ਦੀ,, ਦੇਹੀ ਨੂੰ ਹਿਲ ਸਕਣ ਦੀ ਵੀ, ਫਿਰ ਬੁੱਲ ਤਕ ਵੀ
ਫਰਕਣ ਦੀ ਤੇ ਆਖਰ ਸਾਹ ਤਕ ਲੈਣ ਦੀ ਵੀ!!
ਮੌਤ ਦੀ ਦੇਹੀ ਦੇ ਦਰਵਾਜੇ ਸੁੱਟੀ
ਗਈ ਚਿੱਠੀ ਮਨੁੱਖ ਲਈ ਦੁਨੀਆਂ ਕਿੰਨੀ ਬੇਅਰਥ ਕਰ ਦਿੰਦੀ ਕਿ ਹਥੀਂ ਲਾਏ ਬਾਗ ਬੂਟਿਆਂ ਵੰਨੀ
ਬੰਦਾ ਅਖ ਵੀ ਕਿਹੜਾ ਭਰ ਕੇ ਦੇਖ ਜਾਏ। ਜਿਵੇਂ ਸਾਡੀਆਂ ਮਾਰੀਆਂ ਵਾਜਾਂ ਵੰਨੀ ਬਾਪੂ ਨੇ
ਕੰਨ ਹੀ ਕਿਹੜਾ ਧਰਿਆ!
ਬਾਬੇ ਫਰੀਦ ਦੇ ਸਲੋਕ ਅਜਿਹੇ ਸਮੇ
ਅੰਦਰ ਤੁਹਾਡੇ ਨੂੰ ਚੀਰ ਚੀਰ ਸੁੱਟਦੇ ਜਾਂਦੇ। ਦਿਲ ਵਿਚੋਂ ਬੋਟੀਆਂ ਬਾਹਰ ਕਢ ਕਢ ਰਖਦੇ।
ਯਾਰ ਬਾਬਿਓ ਇਨਾ ਨੇੜੇ ਦਾ ਸਚ? ਤੇ ਜਦ ਤੁਸੀਂ ਬੰਦਾ ਅਪਣਾ ਛਡ ਕੇ ਘਰਾਂ ਨੂੰ ਤੁਰਦੇ ਤਾਂ
ਨੌਵੇਂ ਬਾਬਿਆਂ ਦੇ ਸੰਸਾਰ ਬਾਰੇ ਕੌੜੇ ਸਚ?
ਬਜ਼ੁਰਗ ਆਖਦੇ ਹੁੰਦੇ ਸਨ ਰਬ ਤੇ
ਮੌਤ ਨੂੰ ਹਮੇਸ਼ਾਂ ਚੇਤੇ ਰਖੋ ਮਤਲਬ ਹੁੰਦਾ ਸੀ ਕਿ ਗੁਨਾਹਾਂ ਤੋਂ, ਠੱਗੀ ਠੋਰੀ ਤੋਂ ,
ਬੁਰਾਈਆਂ ਤੋਂ ਬਚੇ ਰਹੋਂਗੇ! ਨਹੀਂ?