Khalsa News homepage

 

 Share on Facebook

Main News Page

ਮਰ ਰਹੀ ਫਸਲ
-: ਗੁਰਦੇਵ ਸਿੰਘ ਸੱਧੇਵਾਲੀਆ  08.07.2020
#KhalsaNews #GurdevSinghSadhewalia #Young_Generation #Sikh_History

ਮੇਰਾ ਬੜਾ ਪਿਆਰਾ ਮਿਤਰ ਤੇ ਇੰਮੀਗਰੇਸ਼ਨ ਦਾ ਵਕੀਲ ਏ ਰਾਜਪਾਲ ਸਿੰਘ ਹੋਠੀ। ਉਸ ਭੂੰਡੀਆਂ ਸੁੰਡੀਆਂ ਵਾਲਾ ਮੇਰਾ ਆਰਟੀਕਲ ਪੜਕੇ ਫੋਨ ਕੀਤਾ ਤੇ ਬੜੀ ਫਿਕਰ ਤੇ ਅਫਸੋਸ ਕਰਨ ਵਾਲੀ ਗਲ ਦਸੀ।

ਇਕ ਕੁੜੀ ਕੋਈ ਬਾਈ ਕੁ ਸਾਲ ਦੀ। ਸਟੂਡੈਂਟ ਵੀਜੇ ਤੇ ਆਈ ਹੋਈ ਸੀ, ਉਸ ਅਪਣੇ ਮਾਂ ਬਾਪ ਨੂੰ ਵਿਜਟਰ ਵੀਜੇ ਲਈ ਅਪਲਾਈ ਕਰਨ ਲਈ ਸਾਪਾਂਸਰਸ਼ਿਪ ਬਣਾਓਂਣੀ ਸੀ। ਉਸ ਜਦ ਅਪਣੀ ਜਾਣਕਾਰੀ ਦੇਣ ਲਈ ਪਿੰਡ ਦਾ ਨਾਂ ਕੁਪ-ਰਹੀੜਾ ਦਸਿਆ ਤਾਂ ਹੋਠੀ ਹੁਰੀਂ ਕਹਿਣ ਲਗੇ ਸਪਾਂਸਰਸ਼ਿਪ ਤਾਂ ਚਲ ਕੁੜੀ ਬਣਾ ਦਿੰਦੀ ਪਰ ਇਓਂ ਦਸ ਤੇਰੇ ਪਿੰਡ ਦੀ ਖਾਸੀਅਤ ਕੀ ਹੈ। ਕੁੜੀ ਕਹਿੰਦੀ ਆਮ ਪਿੰਡਾ ਵਰਗਾ ਪਿੰਡ ਏ ਖਾਸੀਅਤ ਕੀ ਹੋ ਸਕਦੀ ਪਰ ਓਹ ਕਹਿੰਦਾ ਨਹੀ, ਇਸ ਪਿੰਡ ਦੀ ਇਤਿਹਾਸਕ ਮਹੱਤਤਾ ਕੀ ਹੈ? ਕੁੜੀ ਸਿਰ ਮਾਰ ਗਈ!

ਹੋਠੀ ਹੁਰੀਂ ਕਹਿੰਦੇ ਚਲ ਕੁੜੀਏ ਸਪਾਂਸਰਸ਼ਿਪ ਦਾ 100 ਡਾਲਰ ਮੁਆਫ, ਸੋਚ ਕੇ ਜੇ ਪਿੰਡ ਅਪਣੇ ਦਾ ਇਤਿਹਾਸ ਦਸ ਦਏਂ ਪਰ ਓਸ ਕੁੜੀ ਕੋਲੇ ਇਕੋ ਸਿਰ ਹੀ ਬਚਿਆ ਸੀ ਮਾਰਨ ਲਈ ਜਿਹੜਾ ਭਾਰ ਪਾਓਂਣ ਨਾਲੋ ਫੇਰਨਾ ਸੌਖਾ ਸੀ। ਪਰ ਹੋਠੀ ਹੁਰੀਂ ਇਤਿਹਾਸ ਦੇ ਕਾਫੀ ਸ਼ੁਦਾਈ ਨੇ ਓਹ ਕਹਿੰਦੇ ਕੁੜੀਏ ਕੰਮ ਤੇ ਕੈਸ਼ ਤੂੰ 50-60 ਡਾਲਰ ਬਣਾ ਲਏਂਗੀ ਪਰ ਦੇਖ ਲੈ ਇਥੇ ਤੇਰਾ 100 ਬਚਦਾ। ਚਲ ਤੂੰ ਇਓਂ ਕਰ ਆਹਾ ਮੇਰਾ ਕੰਪਿਊਟਰ ਚਕ ਤੇ ਗੂਗਲ 'ਤੇ ਅਪਣਾ ਪਿੰਡ ਸਰਚ ਕਰਕੇ ਦਸ ਦੇਹ ਕਿ ਇਸ ਦਾ ਇਤਿਹਾਸ ਕੀ ਹੈ? ਪਰ ਤੁਸੀਂ ਹੈਰਾਨ ਹੋਵੋਗੇ ਕਿ ਕੁੜੀ ਓਸ ਵਿਚ ਭੋਰਾ ਰੁਚੀ ਨਾ ਕਿ ਮੈਂ ਪੰਜ ਮਿੰਟ ਕਢ ਲਵਾਂ?

ਮੈਂ ਦੇਖਿਆ ਕਿ ਸੁੰਡੀਆਂ-ਭੂੰਡੀਆਂ ਤਾਂ ਮੈਂ ਥੋੜਾ ਟਿਕਾਣੇ ਲੈ ਆਦੀਆਂ ਸਨ ਪਰ ਇਸ ਵਾਰੀ ਗਰਮੀ ਨੇ ਵਟ ਕੱਢੇ ਕਿਤੇ ਤੇ ਮੀਂਹ ਦੀ ਕਣੀ ਨਾ! ਮੀਂਹ ਦੇ ਭਰੇ ਡਰੰਮਾਂ ਨਾਲ ਮੈਂ ਤਰਲਾ ਜਿਹਾ ਕੀਤਾ ਕਿ ਪੌਦੇ ਮੇਰੇ ਬਚ ਜਾਣ ਪਰ ਓਹ ਸਿਰ ਈ ਨਾ ਚੁਕ ਰਹੇ ਸਨ?

ਮਾਂ ਦੀਆਂ ਇਤਿਹਾਸਕ ਲੋਰੀਆਂ ਦੀਆਂ ਠੰਡੀਆਂ ਬੂੰਦਾਂ ਨੇ ਪੌਦੇ ਵਿਚ ਜਾਨ ਪਾਓਂਣੀ ਸੀ ਪਰ ਮਾਂ ਵਿਚਾਰੀ ਹਿੰਦੀ ਡਰਾਮਿਆਂ ਦੇ ਸੜਦੇ ਕਲੇਸ਼ਾਂ ਵਿਚ ਉਲਝ ਕੇ ਰਹਿ ਗਈ ਜਿਸ ਨੂੰ ਘਰ ਵਾਲੇ ਦੀ ਰੋਟੀ ਨਾਲੋਂ ਵੀ ਜਿਆਦਾ ਫਿਕਰ ਇਸ ਗਲ ਦਾ ਹੁੰਦਾ ਕਿ ਅਜ ਸਸ ਉਸ ਦੀ ਨੇ ਸਕੁੰਤਲਾਂ ਨੂੰ ਕਿਤੇ ਘਰੋਂ ਤਾਂ ਨਹੀ ਕਢ ਦੇਣਾ ਵਿਚਾਰੀ ਨੂੰ? ਤੇ ਓਸ ਮਾਂ ਦੇ ਨਿਆਣੇ ਦਾ ਨਾਂਮ ਵੀ ਡਰਾਮਿਆਂ ਵਿਚੋਂ ਆ ਰਿਹਾ ਹੈ?

ਗੁਰਦੁਆਰਾ ਇਤਿਹਾਸ ਦੀ ਘਟ ਪਰ ਮਰੇ ਸਾਧਾਂ ਦੀਆਂ ਬਰਸੀਆਂ ਤੇ ਪ੍ਰਚਾਰਕ ਰਾਹੀਂ ਸਚਖੰਡ ਦੇ ਟਿਕਟ ਜਿਆਦਾ ਵੰਡਦਾ, ਜਿਸ ਵਿਚੋਂ ਵਿਆਹ ਵਾਲੇ ਪਰੋਗਰਾਮ ਨਾਲੋਂ ਵੀ ਜਿਆਦਾ ਆਮਦਨ ਹੁੰਦੀ।

ਦੇਸੀ ਮੀਡੀਆ? ਓਹ ਤੇ ਜੇ ਹੋਰ ਕੁਤਖਾਨੇ ਤੋਂ ਥੋੜਾ ਬਾਹਲਾ ਵਿਹਲ ਮਿਲ ਜਾਏ ਤਾਂ ਹੀਰ ਸੱਸੀ ਮਗਰ ਡਾਂਡੇ ਮੀਂਡੇ ਹੋ ਪੈਂਦਾ। ਓਨਾ ਜੋਰ ਮਿਰਜੇ ਦੇ ਮਰਨ ਤੇ ਨਹੀ ਲਗਾ ਹੁੰਦਾ ਜਿੰਨਾ ਇਨਾ ਦਾ ਤੇ ਗਾਓਂਣ ਵਾਲਿਆਂ ਦਾ ਲਗ ਜਾਂਦਾ।

ਇਤਹਾਸ? ਕਿਹੜਾ ਇਤਿਹਾਸ? ਇਹ ਗਲ ਕਰਨੀ ਤਾਂ ਪਿਛਾਂਹਖਿੱਚੂ ਹੈ ਨਾ! ਕੁਝ ਇਕ ਹੋਰ ਹੋਣਗੇ ਪਰ ਇਨਾ ਵਿਚੋਂ ਰੰਗਲਾ ਪੰਜਾਬ ਵਾਲੇ ਦਿਲਬਾਗ ਚਾਵਲਾ ਨੂੰ ਦਾਦ ਦੇਣੀ ਬਣਦੀ ਜਿਹੜਾ ਜੁਅਰਤ ਨਾਲ ਤੇ ਲਗਾਤਾਰ ਇਤਿਹਾਸ ਦੀ ਗਲ ਕਰਦਾ ਰਿਹਾ ਹੈ ਬਿਨਾ ਇਸ ਹੀਣਭਾਵਨਾ ਤੋਂ ਕਿ।ਮੈਂ ਕਿਤੇ ਪਿਛਾਂਹਖਿੱਚੂ ਨਾ ਹੋ ਜਾਵਾਂ?

ਹੁਣ ਤੇ ਸਵੇਰੇ ਉਠਦਿਆਂ ਹੀ ਹਾਰੇ ਕਿਸਾਨ ਤਰਾਂ ਉਪਰ ਨੂੰ ਦੇਖਦਾਂ ਕਿ ਮੀਂਹ ਦੇ ਛਰਾਟੇ ਆਓਂਣ ਜਿਹੜੇ ਮੇਰੀ ਫਸਲ ਬਚਾ ਸਕਣ ਨਹੀਂ ਤਾਂ ਡਰੰਮਾਂ ਦਿਆਂ ਪਾਣੀਆਂ ਨਾਲ ਫਸਲਾਂ ਕਦ ਤਕ ਬਚਦੀਆਂ ਰਹਿ ਸਕਦੀਆਂ! ਕਿ ਸਕਦੀਆਂ?

ਯਾਦ ਰਹੇ ਕੁੱਪ ਰਹੀੜਾ ਓਹ ਮੈਦਾਨ ਸੀ ਜਿਥੇ ਅਬਦਾਲੀ ਨੇ ਵਡਾ ਘਲੂਘਾਰਾ ਕਰਕੇ ਖਾਲਸਾ ਜੀ ਦਾ ਕਰੀਬਨ 30 ਹਜਾਰ ਬੰਦਾ ਇਕ ਦਿਨ ਵਿਚ ਵੱਢਿਆ ਸੀ ਜਿਸ ਵਿਚ ਬੀਬੀਆਂ ਬਚੇ ਤੇ ਬਜੁਰਗ ਵੀ ਸ਼ਾਮਲ ਸਨ।

ਹੈਰਾਨ ਕਰਨ ਵਾਲੀ ਗਲ ਇਹ ਕਿ ਇਕ ਸਾਲ ਪਹਿਲਾਂ ਪਾਣੀ ਪਤ ਦੀ ਏਸ਼ੀਆ ਦੀ ਮਸ਼ਹੂਰ ਲੜਾਈ ਵਿਚ ਦੋ ਲੱਖ ਮਰਹਟਿਆਂ ਨੂੰ ਅਗੇ ਲਾ ਕੇ ਦੁੜਾਓਂਣ ਵਾਲੇ ਅਬਦਾਲੀ ਨੂੰ ਕੇਵਲ ਪੰਜ ਮਹੀਨਿਆਂ ਵਿਚ ਅੰਮ੍ਰਿਤਸਰ ਦੀ ਲੜਾਈ ਵਿਚ ਖਾਲਸਾ ਜੀ ਨੇ ਬੁਰੀ ਤਰਾਂ ਹਰਾਇਆ ਤੇ ਅਬਦਾਲੀ ਨੇ ਲਹੌਰ ਕਿਲੇ ਵਿਚ ਵੜਨ ਤਕ ਪਿਛੇ ਭਓਂ ਕੇ ਨਾ। ਦੇਖਿਆ ਸੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top