ਗੁਰੂ
ਗਰੰਥ ਸਾਹਿਬ ਵਿਚ ਕਿਥੇ ਲਿਖਿਆ ਕੇਸ ਰਖੋ? ਆਓ
ਚੈਲਿੰਜ ਮੇਰਾ ਸਾਬਤ ਕਰੋ? ਕਰੋ ਬਹਿਸ? ਕਢੋ ਕੋਈ ਵਿਦਵਾਨ? ਲਿਆਓ ਭਲਵਾਨ ਕੋਈ ਹੈ ਤਾਂ?
ਫਸਾਓ ਸਿੰਗ ਮੇਰੇ ਨਾਲ? ਖੁਰਕ ਹੋ ਰਹੀ ਏ ਨਾ। ਫਸਾਇਆਂ ਈ ਹਟਣੀ!
ਨਹੀਂ ਤਾਂ ਮੈਂ ਲਗਿਆਂ ਖੁਰਲੀ ਢਾਹੁਣ? ਕਹਾਵਤ ਸ਼ਾਇਦ ਇਸੇ ਲਈ ਬਣੀ ਕਿ ਵਹਿੜਾ ਟਪੂ ਖੁਰਲੀ
ਓ ਈ ਢਾਹ ਦੂ?
ਗਾਇਕਾਂ ਤਰਾਂ ਬੰਦੇ ਟੋਨ ਬੜੀ ਚੋਰੀ ਕਰਦੇ ਉਸਤਾਦਾਂ ਦੀ।
ਲਿਆਓ ਰੱਬ? ਕਢੋ
ਰੱਬ? ਦਿਖਾਓ ਰੱਬ? ਸਾਬਤ ਕਰੋ ਰੱਬ?, ਐਨ ਉਸੇ ਲੈਅ ਤੇ ਤਬਲਾ ਖੜਕਦਾ। ਯਾਣੀ ਓਹੀ ਸਿੰਗਾਂ
'ਤੇ ਖੁਰਕ?
ਖੁਰਕਾਂ ਦਾ ਮੌਸਮ ਏ। ਛੂਤ ਦੀ ਬਿਮਾਰੀ ਏ ਨਾ ਖੁਰਕ। ਕਾਮਰੇਡਾਂ ਵਾਲੀ ਖੁਰਕ ਅਪਗਰੇਡਾਂ
ਦੇ ਸਿੰਗਾਂ ਤੇ ਹੋਣ ਲਗੀ।
ਮੈਂ ਜੋ ਹਾਂ, ਜੋ ਹੋਣਾ ਚਾਹੁੰਨਾਂ, ਹੋਵਾਂ। ਪਰ ਜਦ ਮੈਂ ਅਖਾੜੇ ਵਿਚ ਆ ਕੇ ਖੌਰੂ ਪਾਓਂਨਾ
ਕਿ ਆਓ ਨਿਕਲੋ ਬਾਹਰ ਤਾਂ ਜਾਂ ਤਾਂ ਮੈਂ ਹੰਕਾਰ ਦੀ ਬਿਮਾਰੀ ਤੋਂ ਪੀੜਤ ਹਾਂ ਜਾਂ ਕਿਸੇ
ਦੀ ਪੁਤਲੀ?
ਗੁਰਬਾਣੀ ਵਿਚ ਬਹੁਤ ਕੁਝ ਨਹੀਂ ਲਿਖਿਆ,
ਪਰ ਓਹ ਮੇਰੇ ਜੀਵਨ ਦਾ ਹਿੱਸਾ ਹੈ। ਇਤਿਹਾਸ ਗੁਰਬਾਣੀ
ਵਿਚ ਨਹੀਂ ਲਿਖਿਆ ਪਰ ਕੌਮ ਦੀ ਜਿੰਦਗੀ ਦਾ ਹਿੱਸਾ ਹੈ। ਪਰ ਜੇ ਕੋਈ ਸਿਰ ਫਿਰਾ
ਕਹੇ ਕਿਥੇ ਲਿਖਿਆ ਗੁਰਬਾਣੀ ਵਿਚ ਤਾਂ ਮੂਰਖਤਾ ਹੈ।
ਗੁਰਬਾਣੀ ਰਚੇਤਾ ਕੋਈ ਇਕ ਵੀ ਸਾਬਤ ਸੂਰਤ ਨਹੀਂ ਸੀ, ਇਸ ਗਲ ਦਾ ਤਰਕ ਕਿਸੇ ਕੋਲੇ ਨਹੀਂ
ਤੇ ਨਾ ਆਰਿਆਂ ਹੇਠ ਸਿਰ ਦੇਣ ਵਾਲੇ, ਚਰਖੜੀਆਂ ਤੇ ਚੜਨ ਵਾਲੇ, ਬੰਦ ਬੰਦ ਕਟਾਓਂਣ ਜਾਂ
ਅਬਦਾਲੀਆਂ ਦੀਆਂ ਹਿਕਾਂ ਵਿਚ ਵੱਜਣ ਵਾਲੇ ਕਿਸੇ ਇਕ ਦਾ ਵੀ ਸਫਾਚਟ ਹੋਣ ਦਾ ਸਬੂਤ ਮਿਲਦਾ।
ਇਸ ਤੋਂ ਵਡਾ ਪ੍ਰਮਾਣ ਜੇ ਮੈਨੂੰ ਹੋਰ ਚਾਹੀਦਾ ਤਾਂ ਇਹ ਮੇਰੀ ਬੇਈਮਾਨੀ ਹੈ ਜਾਂ ਦੋ ਦੂਣੀ
ਨੂੰ ਪੰਜ ਕਹਿਣ ਦੀ ਮੂਰਖਤਾ।
ਕੰਬਦੀਆਂ ਲੱਤਾਂ ਨੂੰ ਫਹੁੜੀਆਂ ਦੇਣ ਤਰਾਂ ਇਹ ਗਲ ਵੀ ਉਠਦੀ ਕਿ ਸਿਖ ਫੈਲਣੇ ਬਹੁਤ ਸਨ ਜੇ
ਕਿਤੇ ਆਹਾ ਵਾਲਾ ਵਾਲੀ ਸ਼ਰਤ ਨਾ ਹੁੰਦੀ? ਪਰ ਮੈਂ ਕਹਿੰਨਾ ਫੈਲਣੇ ਸਨ ਜਾਂ ਆਖਰੀ ਰਸਮਾਂ
ਹੋ ਚੁਕਣੀਆਂ ਸਨ ਹੁਣ ਤਕ? ਕੇਸਾਂ ਸਵਾਸਾਂ ਨਾਲ ਸਿਖੀ ਨਿਭੇ ਦਾ ਕੀ ਅਰਥ ਰਹਿ ਗਿਆ?
ਮੇਰੇ ਨਿਆਣਿਆਂ ਅੰਦਰੋਂ ਸਿਖ ਮਰ ਜਾਏ, ਓਹ ਕੇਸ ਲੁਹਾ ਦੇਣ ਤਾਂ ਮੈਂ ਉਨਾ ਦੀ ਲਾਸ਼ ਦੇ
ਸਿਰਾਣੇ ਬੈਠ ਕੇ ਉਨਾਂ ਲਖਾਂ ਸੂਰਬੀਰ ਜੋਧਿਆਂ, ਸੂਰਮਿਆਂ ਤੇ ਗੁਰੂ ਸਾਹਿਬਾਨਾ ਦਾ ਅਪਮਾਨ
ਤਾਂ ਨਹੀਂ ਨਾ ਕਰਾਂ ਕਿ ਕੇਸਾਂ ਵਿਚ ਕਿਹੜੀ ਸਿਖੀ ਰਖੀ? ਗੁਰੂ ਗਰੰਥ ਸਾਹਿਬ ਵਿਚ ਕਿਥੇ
ਲਿਖਿਆ? ਕੇਸਾਂ ਤੋਂ ਬਿਨਾ ਸਿਖੀ ਫੈਲਣੀ ਬਹੁਤ ਸੀ?
ਇਹ ਦੱਬੂ ਬਿਰਤੀ ਹੈ । ਮੈਂ ਖੁਲ ਕੇ ਗਲ ਕਰਾਂ, ਮੈਨੂੰ
ਮਾਣ ਹੋਵੇ ਕੀ ਇਓਂ ਰਹਿਣ ਨਾਲ ਮੇਰੇ ਵਰਗਾ ਕੋਈ ਨਹੀਂ। ਕਿਓਂਕਿ ਇਓਂ ਰਹਿਣ ਨਾਲ ਮੈਂ ਓਸ
ਕਾਫਲੇ ਦਾ ਹਿਸਾ ਬਣਦਾ ਹਾਂ ਜਿੰਨਾ ਦੇ ਘੋੜਿਆਂ ਦੇ ਪੌੜਾਂ ਨੇ ਦਿਲੀ ਤੋਂ ਲੈ ਕੇ ਖੈਬਰਾਂ
ਤਕ ਰੋਲ ਕੇ ਰਖ ਛਡੇ। ਤੇ ਜਿੰਨਾ ਦੀ ਤਲਵਾਰ ਦੇ ਲੋਹੇ ਵਡੇ ਵਡੇ ਖਬੀਖਾਨਾ ਵੀ ਮੰਨੇ!
ਇਸ ਕਾਫਲੇ ਨਾਲੋਂ ਟੁਟ ਕੇ ਮੈਨੂੰ ਅਜ ਦੇ ਯੁਗ ਦਾ ਹਾਣੀ ਹੋਣ
ਜਾਂ ਸੋ ਕਾਲ ਅਗਾਂਹਵਧੂ ਹੋਣ ਦਾ ਕੋਈ ਚਾਅ ਨਹੀਂ। ਮੈਨੂੰ ਇਹੋ ਜਿਹੇ ਅਗਾਂਹਵਧਣ
ਵਿਚ ਭੋਰਾ ਰੁਚੀ ਨਹੀਂ ਜਿਹੜਾ ਬੀੜੀਆਂ ਤੋਂ ਸ਼ੁਰੂ ਹੋ ਕੇ ਸ਼ਰਾਬ ਦੇ ਪਿਆਲੇ ਵਿਚ ਦੀ ਹੁੰਦਾ
ਲੋਕਾਂ ਦੀਆਂ ਤੀਵੀਆਂ ਦੇ ਅੰਗ ਮਿਣਨ ਵਿਚ ਖਤਮ ਹੋ ਜਾਂਦਾ। ਜਾਂ ਰੱਬ ਨੂੰ ਚਾਰ ਗਾਹਲਾਂ
ਕਢ ਕੇ ਇਨਕਲਾਬ ਆਇਆ ਸਮਝ ਬੈਠਦਾ ਪਰ ਲੁਕਾਈ ਉਪਰ ਜੁਲਮ ਕਰ ਰਹੇ ਜਾਬਰਾਂ ਦੇ ਹਮੇਸ਼ਾਂ ਹਕ
ਵਿਚ ਭੁਗਤਦਾ! ਨਹੀਂ?