ਤੇਰਾ
ਮੰਨਣਾ ਕਿ ਬੰਦੇ ਖੁਦ ਹੀ ਰੱਬ ਸਿਰਜਿਆ, ਖੁਦ ਹੀ ਉਸ ਅਗੇ ਮੂਧਾ ਹੋ ਲਿਆ? ਯਾਣੀ
ਖੁਦ ਹੀ ਰੱਬ ਘੜਿਆ ਖੁਦ ਦੀ ਸਿਰਜਣਾ ਮੂਹਰੇ ਗੋਡੇ ਟੇਕ ਦਿਤੇ।
ਮੈਂ ਕਹਿੰਨਾ ਠੀਕ ਹੈ। ਮੇਰੀ ਹੀ ਸਿਰਜਣਾ ਤੇ ਮੈਂ ਹੀ ਉਸ ਅਗੇ ਡਿਗ ਲਿਆ।
ਮੂਰਖ ਸਾਂ, ਹਾਲੇ ਪਤਾ ਨਾ ਸੀ, ਪੱਥਰ ਯੁੱਗ ਸੀ, ਪੜਾਈ ਨਾ
ਸੀ, ਵਿਗਿਆਨ ਨਾ ਸੀ। ਠੀਕ ਹੈ ਜਾਹਲ ਸੀ ਮੈਂ ਪਰ ਸਿਆਣੇ ਬੰਦੇ, ਅਜ ਦੇ ਯੁੱਗ ਦੇ
ਬੰਦੇ, ਪੜੇ ਲਿਖੇ ਵਿਗਿਆਨੀ ਬੰਦੇ ਤੇਰੀ ਅਕਲ ਕਿਥੇ? ਤੂੰ ਖੁਦ
ਦੀ ਸਿਰਜਣਾ ਦਾ ਗੁਲਾਮ ਕਿਓਂ?
ਜਾਹਲ ਬੰਦੇ ਤਾਂ ਮਿਟੀ ਨਾਲ ਇਕ, ਕੁਦਰਤ ਨਾਲ ਇਕ, ਜੀਵਾਂ ਜੰਤੂਆਂ ਨਾਲ ਇਕ, ਹਵਾਵਾਂ,
ਪਾਣੀਆਂ, ਦਰਿਆਵਾਂ, ਧੁਪਾਂ-ਛਾਵਾਂ ਨਾਲ ਇਕ। ਪ੍ਰਕਿਰਤੀ ਨਾਲ ਇਕ, ਖੁਦ ਨਾਲ ਇਕ। ਓਹ ਤਾਂ
ਬਲਦਾਂ ਦੀਆਂ ਟਲੀਆਂ ਸੁਣ ਕੇ ਵੀ ਵਿਸਮਾਦ ਵਿਚ ਚਲੇ ਜਾਣ ਵਾਲੇ ਮਨੁੱਖ, ਮੋਰ, ਪਪੀਹੇ,
ਚਿੜੀਆਂ, ਕੋਇਲਾਂ ਦੀਆਂ ਹੂਕਾਂ ਸੁਣ ਕੇ ਹੀ ਨਸ਼ਿਆ ਜਾਣ ਵਾਲੇ ਮਨੁੱਖ।
ਪਰ ਤੂੰ? ਤੇਰੀ ਸਿਰਜਣਾ ਨੇ ਅਜ ਬਰੂਦਾਂ, ਬੰਬਾਂ ਦੇ
ਢੇਰਾਂ ਤੇ ਲਿਆ ਖੜਾ ਨਹੀਂ ਕੀਤਾ ਮਨੁੱਖਤਾ ਨੂੰ? ਤੇਰੀ ਸਿਰਜਣਾ ਨੇ ਬੰਦੇ ਕੋਲੋਂ ਬੰਦਾ
ਹੀ ਖੋਹ ਨਹੀਂ ਲਿਆ? ਉਹੋ ਮਨੁੱਖ, ਪਿਆਰੇ ਮਨੁੱਖ, ਚਹਿਕਣ ਵਾਲੇ ਪਰਿੰਦੇ ਧਰਤੀ ਵਿਚ ਹੀ
ਕਿਧਰੇ ਦਫਨਾ ਨਹੀਂ ਦਿਤੇ ਤੇਰੀ ਸਿਰਜਣਾ ਨੇ?
ਮੇਰੇ ਸਿਰਜੇ ਰੱਬ ਨੇ ਜੇ ਤੇਰੇ ਸਿਰਜੇ ਵਿਗਿਆਨ ਜਿੰਨੀ ਤਬਾਹੀ ਕੀਤੀ ਧਰਤੀ ਦੀ ਤਾਂ ਦਸ?
ਹਾਲੇ ਤਾਂ ਕਖ ਵੀ ਨਾ ਤੂੰ ਅਗੇ ਦੇਖ ਜੇ ਤੇਰੀ ਸਿਰਜਣਾ ਨੇ ਬੀਜ ਹੀ ਨਾਸ ਨਾ ਕਰਕੇ ਰਖ
ਦਿਤਾ ਮਨੁੱਖਤਾ ਦਾ? ਪੂਰਾ ਸੰਸਾਰ ਅੰਦਰੀਂ ਵੜਿਆ ਜਾਂ ਮੂੰਹ ਦਿਖਾਓਂਣ ਗੋਚਰਾ ਜੇ ਨਹੀਂ
ਛਡਿਆ ਤਾਂ ਇਹ ਵੀ ਤੇਰੀ ਸਿਰਜਣਾ ਦੀ ਹੀ ਕਰਾਮਾਤ ਨਹੀਂ ਤਾਂ ਦਸ?
ਮੇਰੇ ਸਿਰਜੇ ਰੱਬ ਦਾ ਮੈਂ ਹੀ ਗੁਲਾਮ ਪਰ ਤੇਰੀ ਸਿਰਜਣਾ ਨੇ ਪੂਰੀ ਮਨੁੱਖਤਾ ਨੂੰ ਗੁਲਾਮੀ
ਦੇ ਅਜਿਹੇ ਘੋਰ ਹਨੇਰੇ ਵਿਚ ਸੁਟਿਆ ਕਿ ਬਿਨਾ ਮੌਤ ਤੋਂ ਇਸ ਨੂੰ ਕੋਈ ਮਾਈ ਦਾ ਲਾਲ ਨਹੀਂ
ਕੱਢ ਸਕਦਾ।
ਤੇਰੀ ਸਿਰਜਣਾ ਨੇ ਮਨੁੱਖਾਂ ਦੇ ਜਜ਼ਬਾਤ ਹੀ ਕਤਲ ਮਾਰੇ।
ਆਪਸੀ ਪਿਆਰ,ਮੁਹੱਬਤਾਂ, ਤਾਘਾਂ, ਉਡੀਕਾਂ, ਵਿਛੋੜੇ, ਮਿਲਾਪ, ਆਦਰ, ਮਾਣ, ਸਵੈਮਾਣ ਵਰਗੇ
ਲਫਜਾਂ ਦੀ ਜਾਨ ਹੀ ਕੱਢ ਛੱਡੀ?
ਮੈਂ ਤੇ ਮੂਰਖ ਸਾਂ, ਪੱਥਰ ਯੁੱਗ ਵੇਲੇ ਦਾ ਮੂਰਖ। ਅਣਦਿਸਦੇ ਰੱਬ ਦੀ ਸਿਰਜਣਾ ਕਰਨ ਵਾਲਾ।
ਮੇਰੀ ਸਿਰਜਣਾ ਦਾ ਕਿਸੇ ਨੂੰ ਕੀ ਗਿਲਾ ਜਿਹੜਾ ਸੀ ਹੀ ਮੂਰਖ। ਪਰ ਤੂੰ ਸਿਆਣਾ? ਤੂੰ ਤੇ
ਅਣਦਿਸਦੀ ਕਿਸੇ ਸ਼ੈਅ ਤੇ ਇਤਬਾਰ ਨਾ ਕੀਤਾ ਪਰ ਤੇਰੀ ਦਿਸਦੀ ਸਿਰਜਣਾ ਕੀ ਚੰਦ ਚਾਹੜੇ, ਕਦੇ
ਸੋਚਣ ਵੰਨੀ ਧਿਆਨ ਨਹੀਂ ਗਿਆ? ਕਿ ਕੇਵਲ ਮੇਰੀ ਸਿਰਜਣਾ ਤੇ ਮੁੜਕੋ ਮੁੜਕੀ?
ਮੇਰੇ ਰੱਬ ਯਾਣੀ ਮੇਰੀ ਸਿਰਜਣਾ ਪਿਛੇ ਲਹੂਆਂ ਦੇ ਦਰਿਆ ਵਹੇ, ਇਹ ਤੇਰਾ ਕਹਿਣਾ ਹੈ
ਪਰ ਤੇਰੀ ਸਿਰਜਣਾ? ਤੇਰੀ ਸਿਰਜਣਾ ਨੇ ਕਾਰਪੋਰੇਟ
ਸੰਸਾਰ ਨੂੰ ਜਨਮ ਦਿਤਾ। ਜਿਹੜੀ ਹਰੇਕ ਨੂੰ ਬੰਬ ਵੇਚਣ ਲਈ ਪਬਾਂ ਭਾਰ? ਜਹਿਰੀਲੀਆਂ ਸਪਰੇਆਂ,
ਜਹਿਰੀਲੇ ਕੈਮੀਕਲ, ਗੰਦੀਆਂ ਗੈਸਾਂ, ਮਾਰੂ ਦਵਾਈਆਂ, ਨਵੀਆਂ ਖੁਦ ਦੀਆਂ ਪੈਦਾ ਕੀਤੀਆਂ
ਬਿਮਾਰੀਆਂ ਤੇ ਫਿਰ ਦਵਾਈਆਂ, ਵਾਇਰੈਸਾਂ ਦੇ ਛਿੜਕਾਅ, ਸਾਹ ਘੁਟ ਸੁੱਟਣ ਵਾਲੇ ਧੂੰਏ,
ਨਸ਼ਿਆਂ ਦੇ ਦਰਿਆ, ਚਿੱਟੇ, ਕਾਲੇ, ਹਰੇ ਪੀਲੇ ਨਸ਼ੇ, ਫੜ ਲਓ, ਮਾਰ ਦਿਓ, ਕਤਲੋਗਾਰਤ, ਦੂਜੇ
ਮੁਲਖ ਨੂੰ ਹੜੱਪਣ ਦੀਆਂ ਗੋਦਾਂ, ਸਾਜਿਸ਼ਾਂ। ਇਹ ਮੇਰੀ ਸਿਰਜਣਾ ਨਹੀਂ ਕਰ ਰਹੀ। ਪੱਥਰ
ਯੁੱਗ ਵਾਲੇ ਦੀ ਸਿਰਜਣਾ ਨਹੀਂ।
ਰੱਬ ਡਰ ਵਿਚੋਂ ਪੈਦਾ ਹੋਇਆ ਬੰਦੇ ਦੇ, ਇਹ ਤੇਰਾ ਮੰਨਣਾ ਹੈ।
ਪਰ ਡਰਿਆ ਹੋਇਆ ਮੈਂ ਸਾਂ ਜਾਂ ਤੇਰਾ ਅਜ ਦਾ ਯੁੱਗ?
ਅਜ ਜਿੰਨਾ ਬੰਦਾ ਕਦ ਡਰਿਆ ਸੀ। ਖੁਦ ਉਪਰ ਬੇਭਰੋਸਗੀ, ਬੇਵਿਸਵਾਸ਼ੀ ਕਦ ਸੀ ਬੰਦੇ ਨੂੰ ਅਜ
ਜਿੰਨੀ? ਕਬਰਾਂ ਵਿਚ ਪੈਣ ਤਕ ਬੰਦਾ ਅਜ ਦਾ ਮੂੰਹ ਕਾਲਾ ਕਰੀ ਬੈਠਾ? ਸੁੱਕੇ ਸੜੇ ਬੇਜਾਨ
ਹੋ ਚੁੱਕੇ ਮੂੰਹ ਤੇ ਵਿਚਾਰੀ ਰੰਗ ਕਰੀ ਬੈਠੀ ਮਾਈ? ਮੂੰਹ ਉਪਰ ਮਾਸਕ ਚਾਹੜਿਆ ਹੇਠਾਂ
ਚੁੰਜ ਤੋਤੇ ਵਰਗੀ ਕਰੀ ਬੈਠੀ ਔਰਤ? ਮਹਿੰਗੇ ਬਰੈਂਡ ਤੇ ਜਿਉਂਦੇ ਜਾਨਵਰਾਂ ਦੀਆਂ ਖਲਾਂ
ਲਾਹ ਕੇ ਬਣਾਏ ਪਰਸ ਤੇ ਜੁੱਤੀਆਂ, ਅਧ ਨੰਗੇ ਜਿਸਮ ਲੈ ਕੇ ਸੜਕੋ ਸੜਕੀ, ਬੰਦੇ ਦੀ ਖੁਦ
ਉਪਰ ਬੇਵਿਸਵਾਸ਼ੀ ਅਤੇ ਡਰ ਦੀ ਮੂੰਹ ਬੋਲਦੀ ਤਸਵੀਰ ਹੈ ਤੇ ਇਹ ਦੇਣ ਤੇਰੀ ਸਿਰਜਣਾ ਦੀ ਹੈ?
ਅਜ ਦੇ ਬੰਦੇ ਜਿੰਨਾ ਕੋਈ ਡਰਿਆ ਤੇ ਕਮਜੋਰ ਹੈ ਤਾਂ ਦਸ ਕਿ ਉਸ ਦਾ ਖੁਦ ਉਪਰੋਂ ਹੀ ਕੀ
ਵਿਸਵਾਸ਼ ਨਹੀਂ ਉਡ ਗਿਆ?
ਜਾਨ ਈ ਕੱਢ ਕੇ ਰਖ ਦਿਤੀ ਬੰਦੇ ਵਿਚੋਂ ਤੇਰੀ ਸਿਰਜਣਾ ਨੇ।
ਗਲਾਂ ਕਰ ਰਿਹਾਂ ਤੂੰ ਮੇਰੀ ਸਿਰਜਣਾ ਦੀਆਂ?