ਅੱਖਾਂ
ਗਈਆਂ ਜਹਾਨ ਗਿਆ... ਇਹ ਕਹਾਵਤ ਹੈ। ਅੰਨਾ ਬੰਦਾ ਦੇਖ ਕੁੱਝ ਨਹੀਂ ਸਕਦਾ, ਸਹਾਰੇ
ਬਿਨਾ ਤੁਰ ਨਹੀਂ ਸਕਦਾ, ਦੌੜ ਨਹੀਂ ਸਕਦਾ, ਛਾਲਾਂ ਨਹੀਂ ਮਾਰ ਸਕਦਾ। ਉਸ ਦੀ ਜਿੰਦਗੀ ਦੀ
ਇੱਕ ਸੀਮਾ, ਇਕ ਦਾਇਰਾ ਯਾਣੀ ਛੱਪੜ ਡੱਡੂ ਤਰ੍ਹਾਂ ਬਹੁਤ ਛੋਟਾ ਦਾਇਰਾ। ਕਿਸੇ ਓਪਰੇ ਕਦਮ
ਨਾਲ ਤਰਾਹ ਜਾਣ ਵਾਲੀ ਜਿੰਦਗੀ। ਡਰ ਦੇ ਸਾਏ ਹੇਠ ਜਿਓਂਣ ਵਾਲੀ ਜਿੰਦਗੀ। ਹਮੇਸ਼ਾਂ ਡਰ ਦੇ
ਸਾਏ ਹੇਠ ਸਹਿਕਣ ਵਾਲੀ ਜ਼ਿੰਦਗੀ। ਅੱਖਾਂ ਨਹੀਂ ਨਾ। ਦਿਸਦਾ ਕੱਖ ਨਹੀਂ ਨਾ। ਤ੍ਰਭਕਣਾ ਤਾਂ
ਹੋਵੇਗਾ ਹੀ। ਡਰ, ਦਹਿਸ਼ਤ ਤਾਂ ਹੋਵੇਗੀ ਹੀ ਦਿਸਦਾ ਈ ਨਹੀਂ ਕੁੱਝ।
ਜਹਾਨ ਹਨੇਰਾ ਹੋ ਜਾਂਦਾ। ਅੰਨਾ ਬੰਦਾ ਜਿਸ ਨੇ ਜੋ ਦਸ ਦਿੱਤਾ ਓਧਰ ਈ ਤੁਰ ਪੈਂਦਾ। ਉਸ
ਹਰੇਕ 'ਤੇ ਯਕੀਨ ਕਰਨ ਤੋਂ ਬਿਨਾ ਚਾਰਾ ਈ ਕੋਈ ਨਹੀਂ। ਤੁਰਨ ਦਾ ਫੈਸਲਾ ਉਸ ਦੇ ਖੁਦ ਦੇ
ਹੱਥ ਹੈ ਹੀ ਨਹੀਂ।
ਡਾਕਟਰ ਨੇ 239 ਸਾਲ ਲਾ ਕੇ ਮੇਰੀਆਂ ਅੱਖਾਂ ਦਾ ਓਪਰੇਸ਼ਨ ਕੀਤਾ।
ਮੇਰਾ ਜਹਾਨ ਮੋਕਲਾ ਕੀਤਾ। ਜਿਓਂ ਹੀ ਮੈਨੂੰ ਦਿਸਣ ਲਗਾ ਮੈਂ ਮਾਰ ਛਾਲਾਂ ਉਠਿਆ।
ਪੈਰਾਂ ਭਾਰ ਧਰਤੀ 'ਤੇ ਬੈਠਣ ਵਾਲਾ ਮੈਂ ਘੋੜਿਆਂ ' ਜਾ ਕਾਠੀ ਪਾਈ। ਤ੍ਰਾਹ ਤ੍ਰਾਹ ਕਰਦੀ
ਜਿੰਦਗੀ ਅਬਦਾਲੀਆਂ ਅਗੇ ਬਰਛਾ ਗਡ ਕੇ ਖੜ ਗਈ।
ਦਿਸਣ ਲਗ ਗਿਆ ਨਾ, ਅਖਾਂ ਆ ਗਈਆਂ ਨਾ, ਅਖਾਂ ਦੀ ਰੌਸ਼ਨੀ ਨੇ ਗਲ
ਸਪਸ਼ਟ ਕਰ ਦਿਤੀ ਕਿ ਐਵੇਂ ਈ ਡਰੀ ਗਿਆ ਸਾਹਵੇਂ ਵਾਲੇ ਦੇ ਵੀ ਤਾਂ ਦੋ ਈ ਹਥ ਸਨ। ਤਾਂ
ਖਾਲਸਾ ਜੀ ਕਹਿੰਦਾ ਆ ਅਬਦਾਲੀ ਚਲ ਆ ਫਿਰ ਮੈਦਾਨ ਵਿਚ ਦੋ ਹਥ ਕਰੀਏ!
ਅਬਦਾਲੀ ਨਾਲ ਦੋ ਹਥ?
ਡਾਕਟਰ ਤਾਂ ਅਪ੍ਰੇਸ਼ਨ ਕਰ ਗਿਆ, ਡਾਕਟਰ ਤਾਂ ਹਨੇਰਾ ਦੂਰ ਕਰ ਗਿਆ।
ਡਾਕਟਰ ਅਖਾਂ ਦੀ ਸੰਭਾਲ ਕਰਨੀ ਵੀ ਤਾਂ ਦਸ ਗਿਆ। ਲੰਮੀ ਲਿਸਟ ਦੇ ਗਿਆ ਕਿ ਆਹਾ ਪ੍ਰਹੇਜ,
ਆਹ ਦਵਾਈ ਸਵੇਰੇ ਸ਼ਾਮ ਪਾਓਂਦਾ ਰਹੀਂ ਦੁਬਾਰਾ ਅੰਨਾਂ ਹੋਣੋ ਬਚਿਆ ਰਹੇਂਗਾ। ਪਰ ਮੈਂ?
ਮੇਰੀਆਂ ਅੱਜ ਦੀਆਂ ਹਰਕਤਾਂ, ਮੇਰੇ ਹੁਣ ਦੇ ਕੰਮ, ਮੇਰਾ ਹੁਣ ਦਾ ਕੰਧਾਂ 'ਚ ਵਜਣਾ ਦਸਦਾ
ਕਿ ਅੱਖਾਂ ਗਵਾ ਬੈਠਾ ਮੈਂ।
ਆਹਾ ਲੰਘੇ ਪੂਰੇ ਮਹੀਨੇ ਦੇ ਕੰਮ ਮੈਨੂੰ ਦਸਦੇ ਕਿ ਮੈਂ ਅੱਖਾਂ ਗਵਾ ਲਈਆਂ।
ਕਰਵਾਚੌਥ ਦੇ ਨਾਂ 'ਤੇ ਤੂੜੀ ਤਰਾਂ ਢਿੱਡ ਤੂੜਨ ਤੈਂ ਲੈ ਕੇ ਹੁਣ ਤਕ।
ਮੈਨੂੰ ਕੋਈ ਇਤਰਾਜ ਨਹੀਂ ਕੋਈ ਰਾਵਣ
ਫੂਕੀ ਜਾਵੇ ਜਾਂ ਰਾਮ ਦੇ ਆਓਂਣ ਨੂੰ ਬੰਦੀਛੋੜ ਕਹਿਕੇ ਖੁਦ ਨੂੰ ਮੂਰਖ ਬਣਾਓਂਣ ਦਾ ਭੁਲੇਖਾ
ਪਾਲੀ ਜਾਏ, ਵਿਸ਼ਕਰਮਾ ਦੇ ਖਰਾਦੇ ਚੜਿਆ ਫਿਰੇ ਪਰ ਮੈਨੂੰ ਤਾਂ ਫਿਕਰ ਮੇਰੀਆਂ ਅਪਣੀਆਂ ਅੱਖਾਂ
ਦਾ ਹੈ।
ਮੈਨੂੰ ਜਦ ਦਿਸ ਰਿਹਾ ਤਾਂ ਮੇਰੇ ਸਾਹਵੇਂ ਭਵੇਂ ਸ਼ੇਰ ਲੰਘ ਜਾਏ ਪਰ ਬਿਲੀ ਦੇ ਲੰਘਣ 'ਤੇ
ਮੇਰਾ ਤ੍ਰਾਹ ਜਾਣਾ ਦਸਦਾ ਤਾਂ ਹੈ ਕਿ ਮੇਰੀਆਂ ਅੱਖਾਂ ਚਲੇ ਗਈਆਂ। ਜਿਥੇ ਕੁੱਤੇ ਮੂਤੀ
ਜਾਂਦੇ ਓਥੇ ਚਾਰ ਰਖੀਆਂ ਇੱਟਾਂ ਦੀ ਕਬਰ 'ਤੇ ਮੇਰਾ ਗੋਡਿਆਂ ਭਾਰ ਹੋਣਾ ਦਸਦਾ ਕਿ ਮੈਂ
ਦੁਬਾਰਾ ਅੰਨਾ ਹੋ ਗਿਆਂ।
ਮੇਰੇ ਵਰਗੀਆਂ ਅੱਖਾਂ, ਨੱਕ, ਕੰਨ, ਲਤਾਂ, ਬਾਹਾਂ ਅਤੇ ਮੇਰੇ ਹੀ ਵਰਗੇ ਲਾਲ ਰੰਗ ਦੇ ਲਹੂ
ਵਰਗੇ ਇਨਸਾਨ ਨੂੰ ਚੁਹੜਾ ਚਮਾਰ ਜਾਂ ਅਛੂਤ ਸਮਝ ਕੇ ਘਿਰਣਾ ਕਰਨੀ ਦਸਦਾ ਕਿ ਚਾਨਣ ਮੈਂ ਗਵਾ
ਬੈਠਾਂ।
ਬੰਦੀਛੋੜ ਦੇ ਨਾਂ 'ਤੇ ਮੂਰਤੀਆਂ ਦਾ ਹੱੜ ਦੇਖ ਕੇ ਜਾਪਦਾ ਕਿ
ਗੁਰੂ ਦੀ ਨਦਰ ਮੈਂ ਖੋਹ ਬੈਠਾਂ ਨਹੀਂ ਤਾਂ ਜੇ ਅੱਖ ਨਾ ਜਾਂਦੀ ਲਗੀ ਹੁੰਦੀ ਤਾਂ ਪ੍ਰਹੇਜ
ਦੀ ਲੰਮੀ ਲਿਸਟ ਵਿਚੋਂ ਮੈਂ ਪੜ ਨਾ ਸਕਦਾ ਕਿ ਮੂਰਤੀਆਂ ਪੂਜਣ ਵਾਲੇ ਮੂਰਖ, ਮੁਘਦ ਅਤੇ
ਗਵਾਰ ਹੁੰਦੇ ਹਨ?
ਵੱਡਭਾਗੀਆਂ ਦੀਆਂ ਭੀੜਾਂ, ਡੇਰਿਆਂ ਦੀਆਂ ਭੀੜਾਂ, ਰੰਗ ਬਰੰਗੇ ਗੁਰੂਆਂ ਦੀਆਂ ਭੀੜਾਂ,
ਸੁਆਮੀਆਂ ਪੰਡਤਾਂ ਦਾ ਘੇਰਾ ਸਾਬਤ ਕਰਦਾ ਕਿ ਮੇਰੀਆਂ ਅਖਾਂ ਜਾਦੀਆਂ ਲਗੀਆਂ, ਮੇਰਾ ਜਹਾਨ
ਹਨੇਰਾ ਹੋ ਚੁਕਾ, ਮੇਰਾ ਚਾਨਣ ਗੁਆਚ ਗਿਆ ਜਾਪਦਾ।
ਖੈਰ ਚਲੋ ਅੱਜ ਵਿਸ਼ਕਰਮਾ ਵਿਚਾਰੇ ਦੀ ਮਦਦ ਕਰੀਏ ਓਹ
ਸੂਰਜ ਨੂੰ ਖਰਾਦੇ ਚਾਹੜੀ ਬੈਠਾ ਅਪਣੀ ਧੀ ਦੇ ਮੇਚ ਦੇ ਕਰਨ ਜਾ ਰਿਹਾ ਆਪਾਂ ਦੁਕਾਨਾ ਬੰਦ
ਕਰ ਦੌੜੀਏ ਸ਼ਾਇਦ ਉਸ ਵਲੋਂ ਛਿਲੇ ਜਾ ਰਹੇ ਸੂਰਜ ਦੀ ਕੋਈ ਕਾਤਰ ਦਾ ਚਾਨਣ ਮੇਰੀਆਂ ਅੱਖਾਂ
ਵਿਚ ਰੌਸ਼ਨੀ ਭਰ ਦਏ। ਨਹੀਂ?