ਸ਼ੋਰ
ਓਥੇ ਹੋਊ ਜਿਥੇ ਜ਼ਿੰਦਗੀ, ਸੰਨਾਟਾ ਤਾਂ ਕਬਰਾਂ ਵਿੱਚ। ਜ਼ਿੰਦਗੀ ਦਾ ਨਾਂ ਈ ਸ਼ੋਰ ਹੈ,
ਸੰਨਾਟਾ ਹੋ ਜਾਏ ਤਾਂ ਸਮਝੋ ਮੌਤ ਹੈ। ਜ਼ਿੰਦਗੀ ਲਈ ਤੁਹਾਨੂੰ ਸ਼ੋਰ ਕਰਨਾ ਈ ਪਏਗਾ, ਸ਼ੋਰ
ਤਾਂ ਨਿਆਣਾ ਨਾ ਕਰੇ ਤਾਂ ਮਾਂ ਦੁਧ ਨਹੀਂ ਚੁੰਘਾਉਂਦੀ। ਜਿਥੇ ਸ਼ੋਰ ਦੀ ਲੋੜ ਨਹੀਂ ਸਮਝੋ
ਮੌਤ, ਉਥੇ ਕਦਮ ਰਖ ਚੁਕੀ ਹੋਈ।
ਜੋਗੀ ਕਹਿੰਦਾ ਸੰਨਾਟੇ ਵਿੱਚ ਰੱਬ ਨਾਲ ਗੱਲਾਂ ਹੁੰਦੀਆਂ, ਸਿੱਧੀਆਂ
ਗੱਲਾਂ। ਬਾਬਾ ਜੀ ਅਪਣੇ ਜਾ ਚੜੇ ਪਹਾੜੀਂ ਕਿ ਜੋਗੀ ਇਹ ਕੁਚੱਜੀ ਮਤ ਤੈਨੂੰ ਕਿਸ ਦਿਤੀ ਕਿ
ਰੱਬ ਸੰਨਾਟੇ ਵਿੱਚ ਹੈ। ਰੱਬ ਸ਼ੋਰ ਵਿੱਚ ਹੈ, ਜਿੰਦਗੀ ਵਿੱਚ ਹੈ, ਜਿਓਂਦੇ ਮਨੁੱਖਾਂ ਵਿੱਚ
ਹੈ।
ਸੰਨਾਟਾ ਨਾਂ ਤਾਂ ਮੌਤ ਦਾ ਹੈ, ਕਬਰਾਂ ਦਾ ਹੈ,
ਪੱਥਰਾਂ ਦਾ ਹੈ।
ਪੰਜਾਬ ਸਦਾ ਸ਼ੋਰ
ਵਿੱਚ ਰਿਹਾ। ਪੰਜਾਬ ਦੇ ਖੂਨ ਵਿੱਚ ਸ਼ੋਰ ਹੈ। ਪੰਜਾਬ ਵਿੱਚ ਜਿੰਦਗੀ ਧੜਕਦੀ ਹੈ।
ਪੰਜਾਬ ਸੰਨਾਟੇ ਨੂੰ ਪਸੰਦ ਈ ਓ ਨਹੀਂ ਕਰਦਾ। ਪੰਜਾਬ ਸੰਨਾਟੇ ਤੋੜ ਸੁਟਦਾ ਹੈ ਕਿਉਂਕਿ
ਪੰਜਾਬ ਜਿਉਂਦਾ ਹੈ, ਪੰਜਾਬ ਗੁਰਾਂ ਦੇ ਨਾਂ ਜਿਉਂਦਾ ਹੈ।
ਪੰਜਾਬ ਦਾ ਮੂੰਹ ਫਿਰ ਦਿੱਲੀ ਵੰਨੀ। ਪੰਜਾਬ ਨੇ ਫਿਰ ਸੰਨਾਟਾ
ਤੋੜਿਆ ਹੈ। ਪੰਜਾਬ ਨੇ ਫਿਰ ਚੁੱਪ ਤੋੜੀ ਹੈ ਕਿਉਂਕਿ ਪੰਜਾਬ ਮੁਰਦਾ ਨਹੀਂ।
ਹਕੂਮਤਾਂ ਨੂੰ ਸ਼ੋਰ ਤੋਂ ਚਿੜ ਰਹੀ, ਸਦਾ
ਚਿੜ ਰਹੀ। ਕੋਈ ਰਾਜ ਸ਼ੋਰ ਨਹੀਂ ਚਾਹੁੰਦਾ। ਉਹ ਕਬਰਾਂ 'ਤੇ, ਸੰਨਾਟੇ 'ਤੇ ਯਾਣੀ ਮੁਰਦਿਆਂ
ਉਪਰ ਰਾਜ ਕਰਨ ਵਿੱਚ ਵਿਸਵਾਸ਼ ਰਖਦੇ ਨੇ। ਉਹ ਕਬਰਸਤਾਨ ਚਾਹੁੰਦੇ ਨੇ ਜਿਥੇ ਬੋਲੇ
ਕੋਈ ਨਾ। ਚੁੱਪ, ਸ਼ਾਂਤੀ, ਸੰਨਾਟਾ।
ਪੰਜਾਬ ਵਿੱਚ ਵੀ ਹਕੂਮਤਾਂ ਚਿਰ ਦੀਆਂ ਸੰਨਾਟਾ ਬੀਜ ਰਹੀਆਂ ਪਰ
ਉਗਿਆ ਨਹੀਂ, ਕਿਉਂਕਿ ਪੰਜਾਬ ਵਿੱਚ ਜਿੰਦਗੀ ਧੜਕਦੀ ਹੈ। ਕਿੰਨੇ ਛੱਟੇ ਦਿੱਤੇ ਉਨੀ ਸੰਨਾਟੇ
ਦੇ ਪੰਜਾਬ ਵਿੱਚ। ਕਿੰਨਾ ਬੀਜ ਸੁੱਟਿਆ ਪਰ ਪੰਜਾਬ ਫਿਰ ਉਠ ਖੜਦਾ ਕਿਉਂਕਿ ਇਹ ਜਿਉਂਦਾ
ਹੈ।
ਭੋਰਿਆਂ ਵਿੱਚ, ਡੇਰਿਆਂ ਵਿੱਚ, ਸਚਖੰਡਾਂ ਵਿੱਚ, ਦਰਗਾਹਾਂ ਵਿੱਚ।
ਸਭ ਚੁੱਪ ਦਾ ਈ ਤਾਂ ਪਾਠ ਸੀ। ਸਭ ਸੰਨਾਟੇ ਦੀ ਹੀ ਤਾਂ ਵਿਆਖਿਆ ਹੁੰਦੀ ਰਹੀ। ਸੁਲਫਿਆਂ
ਵਾਲੇ, ਬੀੜੀਆਂ ਵਾਲੇ, ਨੰਗੇ ਢਿਡਾਂ ਵਾਲੇ, ਅਗਾਂਹ ਉਨ੍ਹਾਂ ਦੇ ਯਾਰ। ਨਿਰੀ ਮੌਤ, ਮੌਤ
ਵਰਗੀ ਚੁੱਪ।
ਯਾਦ ਰਹੇ ਜਿੱਥੇ ਹਕੂਮਤਾਂ ਦੇ ਬੂਟਾਂ ਦੇ ਨਿਸ਼ਾਨ ਪੈ ਜਾਂਦੇ ਨੇ ਉਥੇ
ਕਬਰਾਂ ਉਗ ਆਉਂਦੀਆਂ ਨੇ। ਮੌਤ ਉਗ ਆਉਂਦੀ ਉਥੇ। ਸਭ ਡੇਰਿਆਂ ਵਿੱਚ ਉਗ ਆਈ ਮੌਤ ਤੁਹਾਡੇ
ਸਾਹਵੇਂ। ਨਹੀਂ ਉਗੀ ਤਾਂ ਦਸੋ। ਰਾਧਾ ਸੁਆਮੀਏ, ਸੌਦੀਏ, ਰਾੜੇ ਰਤਵਾੜੇ, ਨਾਨਕਸਰੀਏ,
ਰੰਗੀਲੇ ਚਮਕੀਲੇ ਕਿਥੇ ਨੇ? ਕਿਸਾਨ ਦਾ ਪੁੱਤ ਸੜਕਾਂ 'ਤੇ ਜੂਝ ਰਿਹਾ ਕਿ ਮੇਰੇ ਹਥੋਂ ਆਟਾ
ਈ ਖੋਹ ਕੇ ਲੈ ਚਲੀ ਹਕੂਮਤ ਪਰ ਬਾਬੇ ਤੋਤੇ ਵਰਗੇ ਅਪਣੀ ਓ ਈ ਤੌੜੀ ਤਤੀ ਕਰੀ ਫਿਰਦੇ ਕਿ
ਆਓ ਤੁਹਾਨੂੰ ਦਸੀਏ ਗਲਗਲਾਂ ਦੀ ਚੱਟਣੀ ਕਿਵੇਂ ਰਗੜੀ ਦੀ।
ਯਾਦ ਰਹੇ ਹਿੰਦੋਸਤਾਨ ਵਿੱਚ "ਓਮ ਨਮੋ
ਸ਼ਾਂਤੀ" ਦਾ ਪਾਠ ਪੜਾਇਆ ਜਾਂਦਾ ਰਿਹਾ ਯਾਣੀ ਮੌਤ ਦਾ ਤੇ ਓਹੀ ਪਾਠ ਪੰਜਾਬ ਨੂੰ
ਕਦ ਦਾ ਪੜਾਇਆ ਜਾਣ ਲਗਾ ਹੈ ਕਿ ਬਾਬਾ ਜੀ ਸਾਡੇ ਕਿੱਲੀ ਨਾਲ ਲਮਕ ਗਏ, ਬਾਬਾ ਜੀ ਸਾਡੇ
ਛੱਪੜ ਵਿੱਚ ਵੱੜ ਖੜੋਤੇ, ਬਾਬਾ ਜੀ ਸਾਡੇ ਮੜੀਆਂ ਵਿੱਚ ਜਾ ਬੈਠੇ। ਮੁਰਦਿਆਂ ਮੜੀਆਂ ਵਿੱਚ
ਹੀ ਜਾਣਾ ਸੀ ਹੋਰ ਓਹ ਸਰਦਾਰ ਬਘੇਲ ਸਿੰਘ ਤਰਾਂ ਦਿੱਲੀ ਵੰਨੀ ਤੁਰਦੇ?
ਪੰਜਾਬ ਵਿੱਚ ਸ਼ੋਰ
ਹੈ ਕਿਉਂਕਿ ਪੰਜਾਬ ਵਿੱਚ ਜਿੰਦਗੀ ਹੈ ਤੇ ਯਾਦ ਰਹੇ ਕਿ ਜ਼ਿੰਦਗੀ ਵਿੱਚ ਸੰਨਾਟਾ
ਨਹੀਂ ਹੁੰਦਾ, ਜ਼ਿੰਦਗੀ ਵਿੱਚ ਮੌਤ ਵਰਗੀ ਚੁੱਪ ਨਹੀਂ ਹੁੰਦੀ, ਜ਼ਿੰਦਗੀ ਕਬਰਸਤਾਨਾਂ ਵਿੱਚ
ਨਹੀਂ ਬੈਠਦੀ, ਜ਼ਿੰਦਗੀ ਜਾਬਰ ਦੀ ਹਿੱਕ ਵਿੱਚ ਵੱਜਦੀ ਹੈ, ਜਿਵੇਂ ਪੰਜਾਬ ਅੱਜ ਵੱਜ ਰਿਹਾ
ਹੈ। ਨਹੀਂ?