Khalsa News homepage

 

 Share on Facebook

Main News Page

️🎯 ਦਿੱਲੀ ਦੂਰ ਹੈ? ❓💥
-: ਗੁਰਦੇਵ ਸਿੰਘ ਸੱਧੇਵਾਲੀਆ  29.11.2020
#KhalsaNews #GurdevSingh #Sadhewalia #Farmers #Kisaan #Protest #Modi #Sadh #Nihang #Dhadrianwala #Badal


👉ਹਾਲੇ ਦਿੱਲੀ ਦੂਰ ਹੈ। ਸਿਆਣੇ ਆਂਹਦੇ ਦੁਸ਼ਮਣ ਦੀ ਚੁੱਪ ਅਤਿ ਖਤਰਨਾਕ। ਦੁਸ਼ਮਣ ਤਮਾਸ਼ਬੀਨ ਕਦੇ ਨਹੀਂ ਹੁੰਦਾ। ਪਰ ਜੇ ਇਓਂ ਈ ਇਕੱਠ ਰਿਹਾ ਫਿਰ ਦੂਰ ਕੀ ਪੈਰਾਂ ਵਿੱਚ ਹੈ।

ਵੈਸੇ ਦਿੱਲੀ ਦੂਰ ਹੀ ਰਹਿੰਦੀ ਬਾਗੀ ਤੋਂ। ਪਰ੍ਹੇ ਪਰ੍ਹੇ। ਪਾਸੇ ਪਾਸੇ। ਰੁੱਸੀ ਰੁੱਸੀ। ਪੰਜਾਬ ਬਾਗੀ ਹੈ, ਪੰਜਾਬ ਨਾਲ ਦਿੱਲੀ ਦੀ ਬਣ ਈ ਓ ਨਹੀਂ ਸਕਦੀ। ਕਦੇ ਨਹੀਂ ਬਣੀ। ਇਹ ਤਾਂ ਖਾਲਸਾ ਜੀ ਦੇ ਹੌਂਸਲੇ ਸਨ ਕਿ ਉਨੀ ਦੂਰ ਬੈਠੀ ਦਿੱਲੀ ਖਿੱਚ ਕੇ ਪੈਰਾਂ ਵਿੱਚ ਲਿਆ ਮਾਰੀ, ਨਹੀਂ ਤਾਂ ਉਹ ਕਾਹਨੂੰ ਨੇੜੇ ਲਗਦੀ ਬਾਗੀ ਦੇ।

☝️ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਜਮਨਾ ਪਾਰ ਕੀਤੀ ਸੀ। ਬਾਬਾ ਦੂਰਅੰਦੇਸ਼ੀ ਸੀ ਉਹ ਦਿੱਲੀ ਕਾਬੂ ਕਰਨਾ ਚਾਹੁੰਦਾ ਸੀ, ਪਰ ਉਸ ਸਮੇਂ ਹਾਲੇ ਮੁਗਲਾਂ ਦੀ ਪਕੜ ਦਿੱਲੀ ਉਪਰ ਪੀਡੀ ਸੀ ਅਤੇ ਹਲਾਤ ਸਾਜਗਰ ਨਾ ਹੋਣ ਕਾਰਨ ਬਾਬਾ ਬੰਦਾ ਸਿੰਘ ਨੂੰ ਪਿਛੇ ਮੁੜਨਾ ਪਿਆ।
ਉਸ ਤੋਂ ਬਾਅਦ 1764 ਵਿੱਚ ਯਾਣੀ 54 ਸਾਲ ਬਾਅਦ ਖਾਲਸੇ ਨੇ ਜਮਨਾ ਟੱਪੀ। ਇੰਨੀ ਦੇਰ ਦਾ ਕਾਰਨ ਬਾਹਰੋਂ ਆਏ ਨਾਦਰ ਅਬਦਾਲੀ ਖਾਸ ਕਰ ਅਬਦਾਲੀ ਨਾਲ ਸਿੰਘਾ ਦੀ ਲੰਮੀ ਖੂਨੀ ਲੜਾਈ ਸੀ, ਉਹ ਪੰਜਾਬ ਵਿੱਚ ਹੀ ਉਲਝੇ ਰਹੇ।

👿ਅਬਦਾਲੀ ਨੂੰ ਧਮਕੜੇ ਪਾਉਣ ਤੋਂ ਬਾਅਦ ਤਾਂ ਦਿੱਲੀ ਖਾਲਸੇ ਨੇ ਅੰਮ੍ਰਿਤਸਰ ਤਰਨਤਾਰਨ ਹੀ ਬਣਾਈ ਰਖੀ। ਖਾਸਕਰ ਸਰਦਾਰ ਬਘੇਲ ਸਿੰਘ ਲਈ ਦਿੱਲੀ ਸ਼ੁਗਲ ਜਿਹਾ ਬਣ ਕੇ ਰਹਿ ਗਿਆ ਕਿ ਜਦ ਪੰਜਾਬ ਵੰਨੀਓ ਥੋੜਾ ਵਿਹਲ ਮਿਲਿਆ ਚਲੋ ਬਈ ਸਿੰਘੇ ਪਾਓ ਕਾਠੀਆਂ ਘੋੜਿਆਂ 'ਤੇ ਦਿੱਲੀ ਚਲਣਾ।

👁️ਦਰਅਸਲ ਖਾਲਸਾ ਜੀ ਦੀ ਦਿੱਲੀ ਵਿਚ ਕੋਈ ਬਾਹਲੀ ਰੁਚੀ ਓ ਈ ਨਹੀਂ ਸੀ ਨਹੀਂ ਤਾਂ ਉਸ ਸਮੇਂ ਕੋਈ ਤਾਕਤ ਸਿੱਖਾਂ ਦੇ ਮੁਕਾਬਲੇ ਨਾ ਸੀ ਕਿ ਉਨ੍ਹਾਂ ਨੂੰ ਦਿਲੀਓਂ ਉਖੇੜ ਸਕਦੀ। ਅਬਦਾਲੀ ਠੱਪਿਆ ਗਿਆ ਸੀ, ਮਰਹੱਟੇ, ਰਾਜਪੂਤ ਤਾਂ ਖੁੱਦ ਸਿੰਘਾਂ ਦੀ ਮਦਦ ਲੈਂਦੇ ਰਹਿੰਦੇ ਸਨ। ਰਾਜਪੂਤ ਸੂਰਜਮਲ ਦੇ ਮੁੰਡੇ ਜਵਾਹਰ ਸਿੰਘ ਵਰਗੇ ਤਾਂ ਜੁੱਤੀਆਂ ਲਾਹ ਕੇ ਮਦਦ ਮੰਗਣ ਆਉਂਦੇ ਸਨ ਕਿ ਅਬਦਾਲੀ ਦਾ ਜਾਨਸ਼ੀਨ ਨਜੀਬਓਦੌਲਾ ਟਿਕਣ ਨਹੀ ਦਿੰਦਾ ਓਨਾ ਨੂੰ। ਹੁਲਕਰ ਵਰਗੇ ਕਿ ਅਬਦਾਲੀ ਕਾਬਲੋਂ ਤੁਰ ਪਿਆ, ਸੁਣਕੇ ਹੀ ਘੇਰੇ ਛਡ ਜਾਂਦੇ ਸਨ।

👳ਸਿੱਖ ਕਿਉਂਕਿ ਪੰਜਾਬ ਲਈ ਹੀ ਲੜਦੇ ਮਰਦੇ ਆਏ ਸਨ, ਉਨ੍ਹਾਂ ਦੀ ਰੂਹ ਪੰਜਾਬ ਵਿੱਚ ਵਸਦੀ ਸੀ, ਉਨ੍ਹਾਂ ਦਾ ਦਿਲ ਪੰਜਾਬ ਵਿੱਚ ਧੜਕਦਾ ਸੀ। ਦਿਵਾਲੀ ਵਿਸਾਖੀ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦੇ ਚਾਅ ਵਿੱਚ ਤਾਂ ਉਹ ਪਾਏ ਘੇਰੇ ਛਡ ਕੇ ਆ ਜਾਂਦੇ ਸਨ ਕਿ ਚਲ ਕੋਈ ਨਾ ਫਿਰ ਆ ਕੇ ਪਾ ਲਾਂਗੇ ਇਹ ਕਿਹੜਾ ਦੌੜ ਚਲੇ ਨੇ।

🇮🇳 ਦਿੱਲੀ ਪੰਜਾਬ ਦੇ ਪੈਰੀ ਪੈਂਦੀ ਰਹਿਣੀ ਸੀ, ਜੇ ਹੀਰੇ ਖੋਤਿਆਂ ਗੱਲ਼ ਨਾ ਬੱਧੇ ਹੁੰਦੇ ਅਤੇ ਤਪੜਝਾੜ ਮਾਸਟਰ ਕੌਮ ਮੇਰੀ ਦੇ ਲੀਡਰ ਨਾ ਹੁੰਦੇ ਜਿਹੜੇ ਦਿਆਨੰਦ ਅਤੇ ਹੋਰ ਕੱਟੜ ਹਿੰਦੂਆਂ ਦੇ ਤਮਾਸ਼ੇ ਦੇਖਣ ਦੇ ਬਾਵਜੂਦ ਵੀ ਸਮਝ ਨਾ ਸਕੇ ਕਿ ਇਨ੍ਹਾਂ ਨਾਲ ਸਾਡੀ ਬਣ ਈ ਓ ਨਹੀਂ ਸਕਦੀ।

🇮🇳 ਦਿੱਲੀ ਅੱਜ ਫਿਰ ਪੰਜਾਬ ਤੋਂ ਡਰੀ ਹੋਈ, ਪਰ ਦੁਸ਼ਮਣ ਕਮਜੋਰ ਨਹੀਂ। ਹਾਲੇ ਦੇਖ ਰਿਹਾ ਉਹ ਅਸੀਂ ਕਿਥੇ ਤੱਕ ਜਾ ਸਕਦੇਂ। ਵਿਚਾਲੇ ਸੰਨ੍ਹ ਲਾਓਂਣ ਦੇ ਪੂਰੇ ਮੌਕੇ। ਕਿਲੇ ਦੀ ਕਮਜੋਰ ਕੰਧ ਦੇਖਣਗੇ। ਕੁੱਝ ਕਾਮਰੇਡਾਂ ਅਪਣੇ ਰੰਗ ਤਾਂ ਦਿਖਾਓਂਣੇ ਸ਼ੁਰੂ ਕਰ ਦਿਤੇ ਹੋਏ ਨੇ ਕਾਲੀਆਂ ਕਾਂਗਰਸੀਆਂ ਵਾਲਾ ਵਰਕਾ ਈ ਪਾੜ ਦਿਓ। ਉਨ੍ਹਾਂ ਦੀਆਂ ਤਾਂ ਲਾਸ਼ਾਂ ਦਫਨਾ ਦਿਓ ਕਿਧਰੇ ਤੇ ਭੁਲ ਜਾਓ ਇਥੇ ਮੁਰਦੇ ਦੱਬੇ ਸਨ।

ਡੇਰਿਆਂ, ਸਾਧੜਿਆਂ, ਕਾਰਸੇਵੀਆਂ, ਲੰਮੇ ਚੋਲਿਆਂ ਵਾਲਿਆਂ, ਵਿਗਿਆਨੀਆਂ, ਸਿਰ ਵਰਤਣ ਦੀਆਂ ਸਲਾਹਾਂ ਦੇਣ ਵਾਲਿਆਂ, ਨਿਹੰਗਾਂ ਦੀਆਂ ਵਿਹਲੀਆਂ ਧਾੜਾਂ, ਪੰਜਾਬ ਦਾ ਮੋਟਾ ਅੰਨ ਖਾਕੇ ਗੈਸ ਮਾਰਨ ਵਾਲੇ ਰੰਗ ਬਰੰਗੇ ਗੁਰੂਆਂ, ਐਕਟਰਾਂ ਵਰਗੇ ਪੋਜ ਬਣਾ ਕੇ ਹੇਕਾਂ ਲਾਉਣ ਵਾਲੇ ਰਾਗੀਆਂ, ਤੋਤਿਆਂ-ਗਟਾਰਾਂ ਕਿਸੇ ਤੁਹਾਡੇ ਨਾਲ ਨਹੀਂ ਖੜੋਣਾ, ਨਾ 84 ਵੇਲੇ ਖੜੋਤੇ ਸਨ, ਇਹ ਲੜਾਈ ਪੰਜਾਬ ਨੂੰ ਖੁਦ ਲੜਨੀ ਪੈਣੀ। ਕਿਸਾਨ ਨੂੰ ਖੁਦ ਲੜਨੀ ਪੈਣੀ। ਤੁਹਾਡੇ ਬਾਪੂਆਂ, ਮਾਵਾਂ, ਨਿਆਣਿਆਂ ਨੂੰ ਖੁਦ ਲੜਨੀ ਪੈਣੀ ਕਿਉਂਕਿ ਇਹ ਲੜਾਈ ਹੈ ਹੀ ਤੁਹਾਡੀ। ਜਿੰਨਾ ਦੇ ਉਪਰ ਨਾਂ ਲਏ ਨੇ ਉਹ ਤਾਂ ਚਿੱਟੇ ਖਫਣ ਪਾ ਕੇ ਕਦ ਦੇ ਹਕੂਮਤਾਂ ਦੀ ਘੋੜੀ ਬਣ ਚੁਕੇ ਹੋਏ ਨੇ।

👉ਯਾਦ ਰਹੇ ਜੇ ਬਾਕੀ ਸਟੇਟਾਂ ਦੇ ਕਿਸਾਨ ਪੰਜਾਬ ਨਾਲ ਨਾ ਹੁੰਦੇ ਦਿੱਲੀ ਨੇ ਪਾਣੀ ਦੀਆਂ ਨਹੀਂ ਗੋਲੀਆਂ ਦੀਆਂ ਵਾਛੜਾਂ ਕਰਨੀਆਂ ਸਨ ਅਤੇ ਪੰਜਾਬ ਨੂੰ ਖਾਲਿਸਤਾਨੀ ਕਹਿਕੇ ਕੱਦ ਦਾ ਕੁੱਟਿਆ ਹੋਣਾ ਸੀ, ਕਿਉਂਕਿ ਦਿੱਲੀ ਦੀ ਪੰਜਾਬ ਨਾਲ ਕਦੇ ਨਹੀਂ ਬਣੀ, ਬਣ ਸਕਦੀ ਹੀ ਨਹੀਂ। ਪੰਜਾਬ ਅਪਣੇ ਸੁਭਾਅ ਕਰਕੇ ਬਾਗੀ ਹੈ। ਬਾਗੀ ਅਤੇ ਹਕੂਮਤ ਦੀ ਕਿਵੇਂ ਬਣ ਜੂ। ਕਿ ਬਣ ਜੂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top