ਬਾਬਾ
ਰਾਮ ਸਿੰਘ ਸੀਂਘੜੇ ਵਾਲਿਆਂ ਦੀ ਮੌਤ ਨੂੰ ਲੈ ਕੇ ਅੰਦਾਜੇ ਹੀ ਹਨ ਜੋ ਹਾਲੇ ਹਰੇਕ
ਲਾ ਰਿਹਾ ਹੈ। ਤੁਹਾਡੇ, ਸਾਡੇ, ਮੇਰੇ, ਤੇਰੇ ਸਭ ਦੇ ਅੰਦਾਜੇ। ਯਾਣੀ ਜਿੰਨੇ ਮੂੰਹ ਓਨੀਆਂ
ਗੱਲਾਂ।
ਬਾਬਾ ਰਾਮ ਸਿੰਘ ਜਗਰਾਓਂ ਵਾਲੇ ਠਾਠ ਦੇ ਨਾਲ ਈ ਗੁਰੂਸਰ ਪਿੰਡ
ਦਾ ਹੈ ਜੋ ਬਚਪਨ ਵੇਲੇ ਤੋਂ ਈ ਨਾਨਕਸਰ ਡੇਰੇ ਹੈ।
90 ਕੁ ਦੇ ਸ਼ੁਰੂ ਵਿੱਚ ਇੰਨੀ ਨਾਨਕਸਰ ਛੱਡ ਕੇ ਕਰਨਾਲ ਸੀਂਘੜੇ
ਆ ਡੇਰਾ ਕੀਤਾ ਕਿਉਂਕਿ ਬਾਬਾ ਸਾਧੂ ਸਿੰਘ ਤੋਂ ਬਾਅਦ ਵਾਲੇ ਗਦੀਨਸ਼ੀਨ ਵਾਲਾ ਲਖਾ
ਧੜਾ ਗੁਰਦਾਸਪੁਰੀਆ ਯਾਣੀ ਮਾਰ ਖੋਰਾ ਧੱਕੜ ਸੀ। ਉਸ ਨੂੰ ਪਤਾ ਸੀ ਬਾਬੇ ਦੇ ਜਾਣ ਬਾਅਦ
ਗੱਦੀ ਵਾਰਸ ਰਾਮ ਸਿੰਘ ਬਣੇਗਾ, ਸੋ ਓਸ ਬਾਬੇ ਸਾਧੂ ਸਿੰਘ ਦੇ ਜਿਓਂਦੇ ਹੀ ਬਾਬੇ ਰਾਮ
ਸਿੰਘ ਦਾ ਡੰਡਾ ਗੁੱਲਾ ਓਥੋਂ ਚੁਕਦਾ ਕਰ ਦਿਤਾ। ਰਾਮ ਸਿੰਘ ਨੇ ਅਪਣੇ ਖਾਸ ਅਤੇ ਪੁਰਾਣੇ
ਪੰਜ ਸਤ ਸਹਿਯੋਗੀ ਚੇਲੇ ਲੈ ਕੇ ਬਾਬੇ ਜੰਗ ਸਿੰਘ ਦੇ ਖਾਲੀ ਪਏ ਡੇਰੇ ਆਣ ਉਤਾਰਾ ਕੀਤਾ।
ਬਾਬਾ ਜੰਗ ਸਿੰਘ 82 ਵਿਚ ਸਿੰਘਾਂ ਦੀਆਂ ਅਸਥੀਆਂ ਨੂੰ ਲੈ ਕੇ ਦਿੱਲੀ ਵਿੱਚ ਨਿਕਲ ਰਹੇ
ਜਲੂਸ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਸੀ। ਬਾਬੇ ਰਾਮ ਸਿੰਘ ਦੇ ਆਓਂਣ ਨਾਲ
ਸੀਂਘੜੇ ਚੋਖੀਆਂ ਰੌਣਕਾਂ ਲਗ ਗਈਆਂ ਅਤੇ ਡੇਰੇ ਦਾ ਪੂਰੀ ਸ਼ਾਨੋ ਸ਼ੌਕਤ ਵਾਲਾ ਵਿਕਾਸ ਹੋਇਆ।
ਸਿੱਖ ਕੌਮ ਅਤੇ ਪੰਜਾਬ ਉਪਰ ਬੜੇ ਘਲੂਘਾਰੇ ਅਤੇ ਹਕੂਮਤਾਂ ਦੀ ਜ਼ੋਰ ਅਜ਼ਮਾਈ ਹੁੰਦੀ ਰਹੀ ਅਤੇ
ਰਹਿੰਦੀ ਪਰ ਕੋਈ ਡੇਰਾ ਸਮੇਤ ਨਾਨਕਸਰੀਆਂ ਘੱਟ ਹੀ ਨਾਲ ਖੜੋਤਾ ਕੌਮ ਦੇ। 84 ਵੇਲੇ ਪੂਰੀ
ਕੌਮ ਨਪੀੜੀ ਗਈ, ਪਰ ਕੋਈ ਡੇਰਾ ਕੁਸਕਿਆ ਤੱਕ ਨਹੀਂ। ਇਸ ਵਾਰੀ ਇਹ ਕਿਸਾਨੀ ਮੋਰਚੇ ਵਿੱਚ
ਨਾਲ ਖੜੋਤੇ ਸਨ। ਪਰ ਚਲੋ ਜਿੰਨਾ ਖੜੋਤੇ ਧੰਨਵਾਦ ਕਰਨਾ ਬਣਦਾ ਪਰ ਇਹ ਸ਼ਹਾਦਤ ਨਹੀਂ, ਨਾ
ਖੁਦਕਸ਼ੀ ਕਤਲ ਹੈ।
ਕਾਹਲੀ ਜਿਹੀ ਵਿੱਚ ਲਿਖੀ ਗਈ ਆਤਮਹੱਤਿਆ ਵਾਲੀ ਚਿਠੀ ਦੀ ਸ਼ੈਲੀ
ਹੀ ਵੈਸੇ ਕਾਫੀ ਇਹ ਜਾਨਣ ਲਈ ਕਿ ਇਹ ਕਤਲ ਹੈ। ਚੰਡੀਗੜ ਤੋਂ ਇਕ ਬੀਬੀ ਦੀ
ਇੰਟਰਵਿਊ ਵੀ ਇਸ ਗਲ ਵੰਨੀ ਇਸ਼ਾਰਾ ਕਰਦੀ ਹੈ ਕਿ ਇਹ ਕਤਲ ਹੈ। ਉਹ ਬੀਬੀ ਕਰੀਬਨ ਚਾਰ ਸਾਲ
ਡੇਰੇ ਦੀ ਡਿਸਪੈਂਸਰੀ ਚਲਾਓਂਦੀ ਰਹੀ ਹੈ। ਉਸ ਦਾ ਦਾਅਵੇ ਨਾਲ ਇਹ ਕਹਿਣਾ ਹੈ ਕਿ ਇਹ ਚਿੱਠੀ
ਦੀ ਸ਼ੈਲੀ ਅਤੇ ਲਿਖਤ ਬਾਬੇ ਰਾਮ ਸਿੰਘ ਦੀ ਨਹੀਂ ਹੈ। ਦੂਜਾ
ਬਾਬਾ ਕਦੇ ਅਪਣੇ ਕੋਲੇ ਪਿਸਤੌਲ ਨਹੀਂ ਸੀ ਰਖਦਾ। ਤੀਜਾ
ਉਸ ਨੂੰ ਕਦੇ ਇਕੱਲਿਆਂ ਨਹੀਂ ਸੀ ਛੱਡਿਆ ਜਾਂਦਾ। ਸਭ ਤੋਂ ਵੱਡੀ ਗਲ ਕਿ ਇਨੀ ਵੱਡੀ
ਸਲਤਨਤ ਛੱਡ ਕਦੇ ਕੋਈ ਖੁਦਕਸ਼ੀ ਨਹੀਂ ਕਰਦਾ। ਓਹ ਵੀ ਡੇਰੇਦਾਰ?
ਸਰਕਾਰੀ ਸਾਜਸ਼ ਵੀ ਇਹ ਤਾਂ ਨਹੀਂ ਕਹੀ ਜਾ ਸਕਦੀ
ਕਿਉਂਕਿ ਅਜਿਹੇ ਡੇਰੇ ਸਰਕਾਰਾਂ ਦੇ ਖਾਸ ਚਹੇਤੇ ਹਨ। ਇਸ ਬਾਬੇ ਨੂੰ ਸਰਕਾਰੀ ਸਾਜਸ਼ ਦਾ
ਸ਼ਿਕਾਰ ਹੋਣ ਦਾ ਤਾਂ ਕੋਈ ਕਾਰਨ ਦਿਸਦਾ ਹੀ ਨਹੀਂ ਇਹ ਬਾਬਾ ਤਾਂ ਵਿਚਾਰਾ ਕੁੱਝ ਚਿਰ ਪਹਿਲਾਂ
ਖੁਦ ਈ ਮੰਦਰਾਂ ਵਿੱਚ ਜਾ ਤਾੜੀਆਂ ਮਾਰ ਮਾਰ ਜੈ ਸੀਆ ਰਾਮ ਦਾ ਭਜਨ ਗਾ ਹੱਟਿਆ ਹੈ। ਸਰਕਾਰਾਂ
ਅਜਿਹੇ ਡੇਰੇ ਪਾਲਦੀਆਂ ਨੇ ਮਾਰਦੀਆਂ ਨਹੀਂ।
ਇੰਗਲੈਂਡ ਤੋਂ ਸਰਦਾਰ ਪ੍ਰਭਦੀਪ ਸਿੰਘ ਹੋਰੀਂ ਸਿੰਘ ਨਾਦ
ਰੇਡੀਓ ਤੋਂ ਇਕ ਗਲ ਹੋਰ ਕਹਿ ਰਹੇ ਸਨ ਉਹ ਵੀ ਧਿਆਨ ਮੰਗਦੀ ਕਿ ਪੰਜ ਚਾਰ ਮਹੀਨੇ
ਪਹਿਲਾਂ ਤ੍ਰਿਲੋਚਨ ਸਿੰਘ ਨਾਂ ਦੇ ਅਪਣੇ ਬਿਮਾਰ ਅਤੇ ਖਾਸ ਚੇਲੇ ਦਾ ਜਦ ਬਾਬਾ ਰਾਮ ਸਿੰਘ
ਪਤਾ ਲੈਣ ਗਿਆ ਤਾਂ ਉਸ ਨੂੰ ਡਾਕਟਰ ਵਲੋਂ ਦਸਿਆ ਗਿਆ ਕਿ ਇਸ ਬੰਦੇ ਨੂੰ ਕੱਚ ਪੀਸ ਕੇ
ਖਵਾਇਆ ਗਿਆ ਹੈ। ਇਸ ਦੇ ਮਿਹਦੇ ਵਿੱਚ ਕਰ ਦੇ ਪੀਸ ਨਿਕਲੇ ਨੇ। ਇਸੇ ਗਲੇ ਦੁਖੀ ਹੋ ਕੇ
ਬਾਬਾ ਕਈ ਮਹੀਨੇ ਡੇਰਿਓਂ ਬਾਹਰ ਹੀ ਚੰਡੀਗੜ੍ਹ ਅਤੇ ਲੁਧਿਆਣੇ ਰਿਹਾ। ਇਸ ਤੋਂ ਜਾਪਦਾ ਹੈ
ਕਿ ਡੇਰੇ ਅੰਦਰ ਕੁੱਝ ਨਾ ਕੁਝ ਪਹਿਲਾਂ ਤੋਂ ਸੁਲਗ ਰਿਹਾ ਸੀ ਜਿਸ ਨੂੰ ਅੰਤਮ ਛੂਹਾਂ ਇਥੇ
ਦਿੱਲੀ ਬਾਰਡਰ 'ਤੇ ਦਿਤੀਆਂ ਗਈਆਂ। ਇਸ ਦੇ ਖੁਲਾਸੇ ਤਾਂ ਇਸ ਕੇਸ ਦੀ ਚੀਰ ਫਾੜ ਹੀ ਕਰ
ਸਕਦੀ ਜੇ ਸਹੀ ਅਰਥਾਂ ਵਿੱਚ ਬਿਨਾ ਕਿਸੇ ਰਾਜਸੀ ਦਬਾਅ ਕੀਤੀ ਗਈ।
ਇਨਸਾਨੀਅਤ ਤੌਰ 'ਤੇ ਇਕ ਬੰਦਾ ਮਰਨ ਤੇ ਸਾਨੂੰ ਤੁਹਾਨੂੰ ਸਭ ਨੂੰ ਦੁਖ ਹੈ,
ਪਰ ਯਾਦ ਰਹੇ ਕਤਲ ਜਾਂ ਖੁਦਕਸ਼ੀਆਂ ਕਦੇ
ਸ਼ਹਾਦਤ ਨਹੀਂ ਹੁੰਦੀਆਂ! ਕਿ ਹੁੰਦੀਆਂ?