ਰਾਜੇ ਫਿਲਪ ਦੇ ਮੁੰਡੇ, ਗਰੀਕ ਦੇ ਰਹਿਣ ਵਾਲੇ 'ਐਲਗਜੰਡਰ'
ਯਾਣੀ ਸਕੰਦਰ ਦੇ ਅਥਰੇ ਘੋੜੇ ਦੀ ਲਗਾਮ ਪੋਰਸ ਯਾਣੀ ਪੰਜਾਬ ਨੇ
ਖਿੱਚੀ ਕਿ ਬਅਸ! ਇਸ ਤੋਂ ਅੱਗੇ ਨਹੀਂ। ਦੁਨੀਆਂ ਜਿੱਤਣ ਵਾਲੇ ਸਕੰਦਰ ਨੇ ਭਿੜ ਕੇ
ਦੇਖ ਲਿਆ ਤੇ ਆਖਰ ਪੰਜਾਬ ਆ ਕੇ ਤਲਵਾਰ ਮਿਆਨੇ ਪਾ ਲਈ ਅਤੇ ਸੈਰ ਬੈਰ ਕਰਕੇ ਮੁੜਦਾ ਹੋਇਆ
ਰਸਤੇ ਵਿਚ ਹੀ ਖੁਦਕਸ਼ੀ ਕਰਕੇ ਚਲਦਾ ਬਣਿਆ। ਯਾਣੀ ਸਕੰਦਰ ਦੇ ਵਧਦੇ ਆ ਰਹੇ ਤੂਫਾਨ ਨੂੰ
ਪੋਰਸ ਯਾਣੀ ਪੰਜਾਬ ਨੇ ਠੱਲ ਪਾਈ। ਪੰਜਾਬ ਸ਼ੁਰੂ ਤੋਂ ਈ ਲੜਾਕੂ ਤੇ ਧੱਕੜ।
ਕਹਿੰਦੇ ਜਦ ਰਾਮ ਨੇ ਰਾਜ ਮੋਕਲਾ ਕਰਨ
ਖਾਤਰ ਘੋੜਾ ਛੱਡਿਆ ਤਾਂ ਡਰਦਾ ਫੜੇ ਕੋਈ ਨਾ। ਪੰਜਾਬ ਵਿਚਲੀਆਂ ਅਵਾਰਾ ਗਾਵਾਂ ਤਰਾਂ
ਕਚੂਰ ਘਾਹ ਨੂੰ ਬੁਰਕ ਮਾਰਦਾ ਘੋੜਾ ਜਦ ਪੰਜਾਬ ਦੀ ਜੂਹ ਟੱਪਿਆ ਤਾਂ ਲਵ ਕਸ਼ ਨੇ ਨੂੜ ਕੇ
ਘੋੜਾ ਤਬੇਲੇ ਬੰਨ ਲਿਆ ਤੇ ਰਾਮ ਨੂੰ ਕਹਿੰਦੇ ਪਿਓ ਹੋਏਗਾ ਰਾਹ ਰਾਹ ਦਾ ਪਰ ਪੰਜਾਬ ਦੀ
ਗੈਰਤ ਨੂੰ ਮਿਹਣਾ ਹੈ ਜੇ ਤੂੰ ਸੁਕਾ ਚਲਾ ਗਿਆ ਇਥੋਂ। ਸਿੱਧਾ ਹੋ ਮੈਦਾਨ ਵਿਚ ਦੋ ਹਥ
ਕਰੀਏ। ਆਖਰ ਰਾਮ ਘੋੜਾ ਅਪਣਾ ਲੰਡਾ ਕਰਾ ਕੇ ਹਾਰ ਖਾ ਕੇ ਮੁੜ
ਗਿਆ ਤੇ ਨਮੋਸ਼ੀ ਵਿਚ ਸਰਜੂ ਨਦੀ ਵਿਚ ਛਾਲ ਮਾਰ ਗਿਆ।
ਦੁਨੀਆਂ ਨੂੰ ਪੈਰਾਂ ਹੇਠ ਲਿਤਾੜਨ ਵਾਲਾ ਸਕੰਦਰ ਪੰਜਾਬ ਆ ਕੇ
ਖੁਦ ਹੀ ਲਿਤੜਿਆ ਗਿਆ। ਸ਼ਕਤੀਸ਼ਾਲੀ ਰਾਵਣ ਦਾ ਸਿਰ ਵੱਢਣ ਵਾਲਾ ਰਾਮ ਪੰਜਾਬ ਦੇ
ਜੰਮ ਪਲ ਖੁਦ ਦੇ ਹੀ ਨਿਆਣਿਆਂ ਤੋਂ ਹਾਰ ਖਾ ਕੇ ਦੌੜ ਨਿਕਲਿਆ। ਪੂਰੇ ਮੁਲਖ ਨੂੰ ਭੁਆਂਟੀਆਂ
ਦੇਣ ਅਤੇ ਲੁੱਟਣ ਵਾਲਾ ਨਾਦਰ ਪੰਜਾਬ ਆ ਕੇ ਖੁਦ ਹੀ ਲੁੱਟਿਆ ਗਿਆ ਲੋਕਾਂ ਦੇ ਤੌੜੇ ਖਾਲੀ
ਕਰ ਜਾਣ ਵਾਲਾ ਅਬਦਾਲੀ ਪੰਜਾਬ ਵਿਚਦੀ ਲੰਘਦਾ ਖੁਦ ਦੇ ਹੀ ਤੌੜੇ ਮੂਧੇ ਮਰਵਾ ਗਿਆ।
ਪੂਰੇ ਹਿੰਦੋਸਤਾਨ ਵਿਚ ਮੁਗਲਾਂ ਦਿਆਂ ਰਾਜਾਂ ਦੀਆਂ ਨਿਸ਼ਾਨੀਆਂ
ਹਾਲੇ ਤੱਕ ਮੌਜੂਦ। ਹਵੇਲੀਆਂ, ਬਾਗ, ਮੁਨਾਰੇ, ਤਾਜ ਮਹੱਲ, ਕੁਤਬ ਮੁਨਾਰ ਪਰ ਪੰਜਾਬ ਦੀ
ਮਿੱਟੀ ਨੇ ਕਿਸੇ ਦਾ ਨਿਸ਼ਾਨ ਨਹੀਂ ਛੱਡਿਆ ਸਿਵਾਏ ਗੁਰਾਂ ਦੇ ਨਿਸ਼ਾਨਾ ਤੋਂ।
ਬੜੀ ਜਬਰਦਸਤ ਮਿੱਟੀ ਪੰਜਾਬ ਦੀ, ਸਖਤ ਮਿੱਟੀ, ਖੂੰਖਾਰ ਮਿੱਟੀ। ਕਿਸੇ ਦੇ ਪੈਰ ਨਾ ਲਗਣ
ਦੇਵੇ ਇਹ ਮਿੱਟੀ, ਕਿਸੇ ਦੇ ਨਿਸ਼ਾਨ ਨਾ ਰਹਿਣ ਦਏ, ਕਿਸੇ ਦੀਆਂ ਯਾਦਗਰਾਂ। ਇਹ ਮਿੱਟੀ ਉਸ
ਦੇ ਨਿਸ਼ਾਨ ਸਾਂਭਦੀ ਜੋ ਇਸ ਵਰਗਾ ਹੀ ਹੋਵੇ ਯਾਣੀ ਧੱਕੜ, ਧੜੱਲੇਦਾਰ, ਜ਼ੋਰ ਵਾਲਾ।
ਇਸ ਮਿੱਟੀ ਨੂੰ ਤਹਿ ਦਿਲੋਂ ਜੇ ਮੁਹੱਬਤ ਕੀਤੀ ਤਾਂ ਖਾਲਸਾ ਜੀ
ਨੇ। 1699 ਤੋਂ 1799 ਤੀਕ ਬੰਦਿਆਂ ਤਲਵਾਰ ਨਹੀਂ ਮਿਆਨ ਪਾ ਕੇ ਦੇਖੀ। ਨਾ ਘਰੀਂ
ਸਓਂ ਕੇ ਦੇਖਿਆ ਨਾ ਰਹਿ ਕੇ ਜਦ ਤਕ ਖਾਲਸਾ ਰਾਜ ਕਾਇਮ ਨਹੀਂ ਕਰ ਲਿਆ ਅਤੇ ਜਰਵਾਣਿਆਂ ਦੇ
ਨਾਸੀਂ ਧੂੰਆਂ ਨਹੀਂ ਦੇ ਛੱਡਿਆ। ਬੰਦੇ ਸਿਰ ਲੈ ਲੈ ਤੁਰੇ ਹੀ ਆਓਂਦੇ ਰਹੇ, ਮਜਾਲ ਕਤਾਰ
ਟੁੱਟਣ ਦਿਤੀ ਹੋਵੇ। ਇਕ ਡਿੱਗਦਾ ਸੀ ਦਸ ਮਗਰ ਹੋਰ ਆਣ ਖੜੋਂਦੇ। ਕੇਵਲ ਇਕ ਹੀ ਨਿਸ਼ਾਨਾ ਕਿ
ਇਸ ਮਿੱਟੀ ਉਪਰ ਕਿਸੇ ਬਾਹਰਲੇ ਜਰਵਾਣੇ ਦੇ ਪੈਰ ਨਹੀਂ ਲੱਗਣ ਦੇਣੇ, ਲਗਣ ਦਿਤੇ ਵੀ ਨਾ।
ਅਜ ਦਿੱਲੀ ਬੈਠੀ ਲੀਡਰਸ਼ਿੱਪ ਪੰਜਾਬ ਦੀ ਮਿੱਟੀ ਦੀ ਤਸੀਰ ਨੂੰ
ਸਮਝੇ। ਫੈਸਲੇ ਚਾਹੇ ਸ਼ਾਂਤਮਈ ਹੀ ਲਵੇ ਪਰ ਇਹ ਗੱਲ ਵੀ ਧਿਆਨ ਵਿਚ ਰਖੇ ਕਿ ਇਸ
ਮਿੱਟੀ ਦੀ ਤਸੀਰ ਵਿੱਚ ਜਿਆਦਾ ਚਿਰ ਟਿੱਕ ਕੇ ਬੈਠਣਾ ਹੈ ਹੀ ਨਹੀਂ।
ਇਨਾ ਨੂੰ ਕਿਸੇ ਆਹਰੇ ਲਾਈ ਹੀ ਰੱਖਣਾ ਇਸ ਲਹਿਰ ਦੀ ਕਾਮਯਾਬੀ ਹੈ ਨਹੀਂ ਤਾਂ ਇਹ
ਮਿੱਟੀ ਬਿਨਾ ਨਤੀਜਿਆਂ ਦੀ ਪਰਵਾਹ ਕੀਤੇ ਆਪ ਮੁਹਾਰੇ ਹੋ ਉਠਦੀ ਹੈ।
ਰੱਬ ਕਰੇ ਐਸਾ ਨਾ ਹੋਵੇ।