Khalsa News homepage

 

 Share on Facebook

Main News Page

ਵੈਸਟ ਵਾਲਾ ਬੁਖਾਰ
-: ਗੁਰਦੇਵ ਸਿੰਘ ਸੱਧੇਵਾਲੀਆ  13.02.2021
#KhalsaNews #Gurdev_Singh #Sadhewalia #Dhadrianwala #Western #World

ਸਾਡੇ ਵਾਲੇ ਕਈਆਂ ਨੂੰ ਤਾਂ ਕੰਬ ਕੰਬ ਚੜਿਆ। ਖਾਸ ਕਰ ਬਾਬੇ ਤੋਤੇ ਕਿਆਂ ਵਰਗਿਆਂ ਨੂੰ ਤਾਂ ਖੰਘ ਵੀ ਨਾਲ ਹੋਈ ਫਿਰਦੀ। ਉਸਨੂੰ ਤਾਂ ਆਵਦੀ ਖੁਰਲੀ ਦੇ ਪੱਠੇ ਓਂ ਈ ਤੂੜੀ ਜਾਪੀ ਜਾਂਦੇ ਜਿਸ ਵਿੱਚ ਭੋਰਾ ਹਰਿਆ ਯਾਣੀ ਛਟਾਲਾ ਨਾ ਹੋਵੇ।

ਵੈਸਟ ਦੀ ਸੁਣ ਲਓ ਫਾਰਮ ਵਿਚ ਅਸੀਂ ਸ਼ੈਡ ਬਣਾਓਂਣਾ ਸੀ। ਬਣਾਓਂਣ ਵਾਲੇ ਬੰਦੇ ਅਪਣੇ ਸਨ। ਦੋ ਗੋਰੇ ਓਨੀ ਨਾਲ ਕੰਮ ਤੇ ਰਖੇ ਸਨ। ਇੱਕ ਮਸ਼ੀਨ ਨਾਲ ਨੀਹਾਂ ਖੋਦਣ ਲਈ ਦੂਜਾ 'ਬਲਾਕ' ਲਾਓਂਣ ਲਈ। ਮਸ਼ੀਨ ਅਪਣੇ ਬੰਦਿਆ ਦੀ ਸੀ ਪਰ ਚਲਾਓਂਣ ਵਾਲਾ ਫਿਰ ਵੀ 50 ਡਾਲਰ ਘੰਟਾ ਲੈਂਦਾ ਸੀ ਪਰ ਰਹਿ ਓਹ ਅਪਣੇ ਬੰਦਿਆਂ ਦੀ ਬੇਸਮਿੰਟ ਵਿੱਚ ਰਿਹਾ ਸੀ ਅਤੇ 6 ਮਹੀਨੇ ਦਾ ਕਿਰਾਇਆ ਨਾ ਸੀ ਦੇ ਸਕਿਆ ਤੇ ਬੰਦੇ ਅਪਣੇ ਦਿਹਾੜੀਆਂ ਲਵਾ ਕੇ ਕਰਾਇਆ ਕੱਢਦੇ ਸਨ। ਯਾਣੀ ਇਨੀ ਵੱਡੀ 'ਸਕਿਲ' ਵਾਲਾ ਬੰਦਾ ਮੂਲੋਂ ਈ ਨੰਗ। ਘਰਵਾਲੀ ਨਿਆਣੇ ਦੌੜ ਗਏ ਸਨ ਤੇ ਪੰਜਾਹਾ ਦੇ ਗੇੜ ਵਾਲਾ ਓਹ ਬੰਦਾ 22 ਸਾਲ ਦੀ 'ਫਰੈਂਡੀ ' ਦੀ ਅਠੰ ਮਸ਼ੀਨ ਬਣ ਕੇ ਰਹਿ ਗਿਆ ਸੀ।

'ਬਲਾਕ' ਲਾਓਂਣ ਵਾਲਾ 30 ਡਾਲਰ ਘੰਟਾ ਲੈਂਦਾ ਸੀ ਪਰ ਹਾਲਤ ਉਸ ਦੀ ਵੀ ਮੂਲੋਂ ਈ ਪਤਲੀ। ਗਡੀ ਰਖਣ ਗੋਚਰੇ ਵੀ ਪੈਸੇ ਨਾ ਸੀ ਓਸ ਖੋਲੇ।

ਬੰਦੇ ਉਸ ਨੂੰ ਘਰੋਂ ਚੁਕ ਕੇ ਲਿਆਓਂਦੇ। ਬੁੱਢੀ ਨਿਆਣੇ ਉਸ ਦੇ ਵੀ ਛੱਡ ਕੇ ਦੌੜੇ ਹੋਏ।

ਸਾਡੇ ਪਹਿਲੇ ਫਾਰਮ ਵਿਚ ਕਿਰਾਏਦਾਰ ਗੋਰਾ ਪਿਓ ਪੁੱਤ ਰਹਿੰਦੇ ਸਨ। ਵੱਡੀਆਂ ਮਸ਼ੀਨਾਂ ਸਨ ਅਤੇ ਕੰਮ ਓਹ 'Landscapin' ਦਾ ਕਰਦੇ ਸਨ। ਇਨੇ ਵੱਡੇ ਪੱਧਰ 'ਤੇ ਕੰਮ ਕਰਨ ਵਾਲੇ ਬੰਦੇ ਗਰਮੀਆਂ ਗਰਮੀਆਂ 2-3ਲੱਖ ਡਾਲਰ ਸਾਲ ਦਾ ਬਣਾ ਲੈਂਦੇ ਹੋਣਗੇ ਪਰ ਖੁਦ ਦਾ ਘਰ ਲੈ ਕੇ ਨਹੀਂ ਰਹਿ ਸਕੇ ਅਤੇ ਕਿਰਾਇਆ ਦੇਣ ਵੇਲੇ ਮਰ ਗਏ ਲੁੱਟੇ ਗਏ ਹੁੰਦੀ ਸੀ। ਜਦ ਵੀ ਸ਼ਨੀ ਐਤਵਾਰ ਕਿਤੇ ਗੇੜਾ ਮਾਰਨ ਅਸੀਂ ਜਾਣਾ ਤਾਂ ਰੁਖਾਂ ਹੇਠ ਬੀੜੀਆਂ ਅਤੇ ਬੋਤਲਾਂ ਈ ਦਿਸਦੀਆਂ ਸਨ। ਇਕ ਮਾਈ ਪੁੱਤ ਦੀ ਆਓਂਦੀ ਸੀ ਦੂਜੀ ਬੁਢੇ ਹੋ ਰਹੇ ਪਿਓ ਦੀ ਗੱਡੀ ਵਿਚੋਂ ਉਤਰ ਰਹੀ ਹੁੰਦੀ ਸੀ ਸ਼ਰਮ ਹਯਾ ਮੁੱਢੋਂ ਈ ਖਤਮ।

ਟੱਬਰ ਇਨ੍ਹਾਂ ਦੇ ਖਿਲਰ ਚੁੱਕੇ ਹੋਏ ਨੇ ਸਮਾਜਕ ਤਾਣਾ ਬਾਣਾ ਤਾਂ ਕਦ ਦਾ ਇਨੀਂ ਆਮ ਪਾਰਟੀ ਦੇ ਝਾੜੂ ਤਰਾਂ ਤੀਲਾ ਤੀਲਾ ਕਰ ਲਿਆ ਹੋਇਆ ਹੈ। ਕੇਜਰੀਵਾਲ ਦੀ ਸਿਰਫ ਦਿੱਲੀ ਬਚੀ ਤਰਾਂ ਇਨਾ ਦੀ ਜਿੰਦਗੀ ਵਿਚ ਕੇਵਲ ਮਾਂ ਈ ਬਚੀ ਓਹ ਵੀ ਸਾਲ ਬਾਅਦ 'ਮਦਰ ਡੇਅ' ਤੇ। ਫਾਰਮ ਭਰਨਾ ਹੋਵੇ ਤਾਂ ਪਿਓ ਦਾ ਨਾਮ ਈ ਗਾਇਬ ਕਰ ਛੱਡਿਆ।

ਅਮਰੀਕਾ ਵਿਚ 12 ਤੋਂ ਲੈ ਕੇ 20 ਤੱਕ ਦੇ ਨਿਆਣਿਆਂ ਦੀ 'Suicide' ratio ਦੁਨੀਆਂ ਉਪਰ ਸਭ ਤੋਂ ਜਿਆਦਾ। ਸ਼ਰਾਬ ਪੀ ਕੇ ਐਕਸੀਡੈਂਟ ਰੇਸ਼ੋ ਹੈਰਾਨ ਕਰਨ ਵਾਲੀ। ਕਰਾਈਮ ਰੇਸ਼ੋ ਉਸ ਤੋਂ ਅਗਾਂਹ। ਗੋਲੀਆਂ, ਮਾਰ, ਧਾੜ, ਕਤਲੇਗਾਰਤ, ਲੁੱਟਮਾਰ, ਬੰਦੂਕਾਂ ਪਸਤੌਲ ਦਾ ਖੜਕਾ ਦੜਕਾ ਨਿੱਤ ਦਾ ਧੰਧਾ। ਨਿਊਯਾਰਕ ਜਾ ਕੇ ਦੇਖੋ ਕੀ ਹਾਲ ਹੈ ਇਨਾ ਪੜਿਆਂ ਲਿਖਿਆਂ ਅਤੇ ਤਰੱਕੀ ਯਾਫਤਾ ਮੁਲਖਾਂ ਦਾ। ਵੈਨਕੋਵਰ ਮੈਂ ਟੈਕਸੀ ਚਲਾਈ। ਚਲਦੀ ਵਿਚੋਂ ਈ ਛਾਲਾਂ ਮਾਰ ਮਾਰ ਦੌੜ ਜਾਂਦੇ ਸਨ ਕਿ ਕਿਰਾਇਆ ਨਾ ਦੇਣਾ ਪਵੇ ਤੇ ਸ਼ਰਾਬੀ ਹੋਈਆਂ ਕੁੜੀਆਂ ਜੇਹਬੋਂ ਸੱਖਣੀਆਂ ਡਾਂਡੇ ਮੀਂਡੇ ਈ ਹੋ ਪੈਂਦੀਆਂ ਸਨ ਕਿ ਕਿਰਾਇਆ ਤਾਂ ਹੈਨੀ ਪਰ,,,,???

ਸਾਡੇ ਲੋਕਾਂ ਜੇ ਚਾਰ ਚਾਰ ਘਰ ਬਣਾਏ ਤਾਂ ਸਾਡੇ ਬੰਦੇ ਘਰੇ ਵੀ ਤਾਂ ਨਹੀਂ ਬਹਿੰਦੇ, ਨਾ ਬੀਬੀਆਂ ਨਾ ਬਜੁਰਗ। 'ਵੈਲਫੇਅਰ ਰੇਸ਼ੋ ਈ ਕੱਢ ਕੇ ਦੇਖ ਲਓ ਸਾਡੇ ਲੋਕ ਦੂਜਿਆਂ ਮੁਕਾਬਲੇ ਕਿੰਨੀ ਕੁ ਲੈਂਦੇ।

ਵੀਕੈਂਡ ਜਿਥੇ ਗੋਰੇ 'ਫਰੈਂਡੀਆਂ ' ਲੈ ਕੇ ਰਾਤਾਂ ਨੂੰ ਕਲੱਬਾਂ ਵਿਚ ਪੈਸਾ ਓਡਾ ਰਹੇ ਹੁੰਦੇ ਓਥੇ ਸਾਡੇ ਲੋਕ ਓਵਰ ਟਾਈਮ ਲਾ ਰਹੇ ਹੁੰਦੇ ਯਾਣੀ ਅਪਣੀ ਮਿਹਨਤ ਕਰ ਰਹੇ ਹੁੰਦੇ।

ਵੱਡੇ ਘਰ ਅਤੇ ਵਡੀਆਂ ਗੱਡੀਆਂ ਸਾਡੇ ਲੋਕਾਂ ਦੇ ਸ਼ੌਕ ਨੇ ਪਰ ਕੁਝ ਇਕ ਭੇਡਾਂ ਨੂੰ ਛੱਡ ਸਾਰੇ ਇਥੇ ਡਰੱਗਾਂ ਨਹੀਂ ਵੇਚਦੇ ਅਪਣੀਆਂ ਮਿਹਨਤਾਂ ਨਾਲ ਅਪਣੇ ਮਹੱਲ ਉਸਾਰਦੇ ਅਤੇ ਸ਼ਾਨ ਨਾਲ ਰਹਿੰਦੇ।

ਪੰਜਾਬ ਜਾਂ ਦੁਨੀਆਂ ਉਪਰ ਕੋਈ ਆਫਤ ਆਏ ਤਾਂ ਸਾਡੇ ਬੰਦੇ ਦਿੱਲ ਖੋਹਲ ਕੇ ਮਦਦਗਾਰ ਹੁੰਦੇ। ਦਿੱਲੀ ਵਿਚਲੇ ਅੰਦੋਲਨ ਤੇ ਲੋਕੀਂ ਪੈਸਾ ਦਿੱਲ ਖੋਹਲ ਕੇ ਸੁਟਿਆ। ਬਾਬੇ ਤੋਤੇ ਕਿਆਂ ਦੇ ਮਹੱਲ ਵੀ ਇਨਾ ਚਾਰ ਜਾਂ ਇਕ ਘਰਾਂ ਵਾਲਿਆਂ ਦੇ ਡਾਲਰਾਂ ਤੇ ਈ ਖੜੇ ਨੇ ਨਹੀਂ ਤਾਂ ਗੋਰੇ ਇਹੋ ਜਿਹੇ ਨਕੰਮੇ ਬੰਦੇ ਨੂੰ ਪੰਜੀ ਨਾ ਦੇਣ।

ਬੈਂਕ ਫੂਡਸ ਦੀਆਂ ਲਾਈਨਾ ਵਿੱਚ ਸਾਡਾ ਇਕ ਬੰਦਾ ਵੀ ਲਗਾ ਦਿਖਾ ਦਿਓ ਜਾਂ ਹਾਈਵੇਅ ਨਿਕਲਣ ਵਾਲੇ ਰਸਤੇ ਤੇ ਭਿੱਖ ਮੰਗਦਾ। ਓਥੇ ਬਾਬੇ ਤੋਤੇ ਕਿਆਂ ਦੇ ਚਹੇਤੇ ਬਹੁਗਿਣਤੀ ਗੋਰੇ ਹੀ ਹੁੰਦੇ।

ਦਿੱਲੀ ਦੀਆਂ ਸੜਕਾਂ ਤੇ ਚਲਦੇ ਗੁਰੂ ਕੇ ਲੰਗਰ ਵੀ ਓਨਾ ਦੇ ਹੀ ਨੇ ਲਾਏ ਵੇ ਨੇ ਜਿਹੜੇ ਬਾਬੇ ਨੂੰ ਤਾਸ਼ ਕੁਟਦੇ ਹੀ ਦਿੱਸੀ ਜਾਂਦੇ। ਖੁਦ ਤੋਤੇ ਕਿਆਂ ਦੇ ਕਣਕ ਦੀਆਂ ਬੋਰੀਆਂ ਵੀ ਓਨਾ ਤਾਸ਼ ਕੁਟਣ ਵਾਲਿਆਂ ਦਿਓਂ ਹੀ ਜਾਂਦੀਆਂ ਨਹੀਂ ਤਾਂ ਚਾਹ ਵੀ ਦੂਜਿਆਂ ਸਿਰੋਂ ਪੀਣ ਵਾਲੇ ਨੰਗ ਕਾਮਰੇਡ ਨਹੀਂ ਦੇ ਕੇ ਜਾਂਦੇ ਜਿਹੜੇ ਬਾਬਾ ਬੇਲੀ ਬਣਾਈ ਫਿਰਦਾ ਤੇ ਜੀਹਨਾਂ ਦੀਆਂ ਕਿਤਾਬਾਂ ਦੇ ਵਰਕੇ ਪਾੜਕੇ ਸਟੇਜ ਤੇ ਸੁਣਾ ਜਾਂਦਾ।

ਵੈਸਟ ਦੀ ਉਪਰਲੀ ਚਕਾਚੌਂਧ ਦੇ ਹੇਠਾਂ ਹਨੇਰਾ ਹੀ ਹਨੇਰਾ ਹੈ। ਵੈਸਟ ਬੁਰੀ ਤਰਾਂ ਉਖੜ ਅਤੇ ਭਟਕ ਚੁੱਕਾ ਹੋਇਆ। ਇਹੀ ਭਟਕਨਾ ਹੀ ਹੈ ਕਿ ਇਹ ਕਦੇ ਕਿਸੇ ਯੋਗੀ ਮਗਰ ਦੌੜ ਤੁਰਦੇ, ਕਦੇ ਹਰੇ ਕ੍ਰਿਸ਼ਨਾ ਮਗਰ ਛੈਣੀ ਚੁਕੀ ਫਿਰਦੇ, ਕਦੇ ਓਸ਼ੋ ਦੇ ਜਾ ਕੇ ਨੰਗੇ ਹੋਈ ਫਿਰਦੇ ਪਰ ਸ਼ਾਂਤੀ ਆ ਨਹੀਂ ਰਹੀ।

ਬੰਦੇ ਦੀ ਜਿੰਦਗੀ ਨੂੰ ਸਭ ਤੋਂ ਜਿਆਦਾ 'ਬੈਲੰਸ' ਰਖਣ ਦਾ ਸਭ ਤੋਂ ਵੱਡਾ ਸਾਧਨ ਹੈ ਉਸ ਦਾ ਪਰਿਵਾਰ ਪਰ ਪਰਿਵਾਰ ਹੀ ਤਾਂ ਇਹ ਤੋੜ ਚੁੱਕੇ ਹੋਏ ਨੇ। ਪਰਿਵਾਰ ਤੋਂ ਅਗੇ ਸ਼ੁਰੂ ਹੁੰਦਾ ਤੁਹਾਡਾ ਸਮਾਜਕ ਤਾਣਾ ਬਾਣਾ ਜਿਸ ਦੀ ਅੱਖ ਦੀ ਸ਼ਰਮ ਕਾਰਨ ਹੀ ਸਹੀਂ ਪਰ ਬੰਦਾ ਅਪਣਾ ਪਸ਼ੂਪਨ ਥੋੜਾ ਬਾਹਲਾ ਦੱਬ ਘੁੱਟ ਲੈਂਦਾ ਯਾਣੀ ਸਮਾਜ ਇਕ ਵਾੜ ਤਰਾਂ ਹੈ।

ਵੈਸਟ ਨੇ ਅਜ਼ਾਦੀ ਦੇ ਨਾਂ ਹੇਠ ਪਰਿਵਾਰਕ ਅਤੇ ਸਮਾਜਕ ਤਾਣੇ ਬਾਣੇ ਦੀਆਂ ਚੂਲਾਂ ਹਿਲਾ ਕੇ ਰੱਖ ਦਿਤੀਆਂ ਅਤੇ ਮੁੜ ਵਾਪਸ ਜੰਗਲੀ ਯਾਣੀ ਪਸ਼ੂਆਂ ਵਾਲੀ ਜਿੰਦਗੀ ਵੰਨੀ ਮੋੜਾ ਕੱਟ ਲਿਆ ਹੋਇਆ। ਇਨਾ ਦੀਆਂ ਅਗਲੀਆਂ ਨਸਲਾਂ ਜਿੰਮੇਵਾਰੀਆਂ ਤੋਂ ਦੌੜੀਆਂ ਵਿਆਹ ਸ਼ਾਦੀ ਨੂੰ ਵਡਾ ਭਾਰ ਸਮਝਣ ਲੱਗ ਗਈਆਂ ਅਤੇ ਇਹ ਵਾਇਰਸ ਸਾਡੇ ਤੁਹਾਡੇ ਨਿਆਣਿਆਂ ਵਿਚ ਵੀ ਜੋਰ ਫੜ ਰਹੇ ਨੇ। ਯਾਦ ਰਹੇ ਜੇ ਇਹ ਵਾਇਰਸ ਇਓਂ ਹੀ ਜੋਰ ਫੜੀ ਗਈ ਤਾਂ ਬਾਬੇ ਤੋਤੇ ਵੀ ਜੰਮਣੋ ਜਾਂਦੇ ਰਹਿਣਗੇ। ਇਸ ਬੀਮਾਰੀ ਦੀ ਜੜ ਦਾ ਨਾਂ ਹੈ ਸੋ ਕਾਲ ਅਜਾਦੀ ਜਿਹੜੀ ਵੈਸਟ ਕਹਿੰਦਾ ਮੈਂ ਲੋਕਾਂ ਨੂੰ ਦਿਤੀ।

ਯਾਦ ਰਹੇ ਦੋਨੋ ਵੱਡੀਆਂ ਜੰਗਾਂ ਰਾਹੀਂ ਮਨੁੱਖਤਾ ਦਾ ਘਾਣ ਵੈਸਟ ਯਾਣੀ ਬੈਂਕਰਾਂ ਯਾਣੀ ਕਾਰਪੋਰੇਟਰਾਂ ਨੇ ਕੀਤਾ। ਸੰਸਾਰ ਉਪਰ ਜਹਿਰਾਂ ਦਾ ਵਪਾਰ ਕੌਣ ਕਰ ਰਿਹਾ? ਕਰੋਨਾ ਵਰਗੀ ਮਹਾਂਮਾਰੀ ਕਿਸ ਦੀ ਪੈਦਾ ਕੀਤੀ ਹੋਈ? ਧਰਤੀ ਨੂੰ ਫੂਕ ਸੁੱਟਣ ਵਾਲੇ ਪ੍ਰਮਾਣੂੰ ਕਿਸ ਦੇ ਨੇ? ਛੋਟੇ ਅਤੇ ਗਰੀਬ ਮੁਲਖਾਂ ਨੂੰ ਲੜਾ ਕੇ ਗੋਲਾ ਬਾਰੂਦ ਕੌਣ ਵੇਚ ਰਿਹਾ? ਧਰਤੀ ਉਪਰ ਬੰਬ ਕਿਸ ਦੇ ਡਿੱਗ ਰਹੇ ਨੇ? 'ਇਨਵਾਇਰਮੈਂਟ' ਦੀ ਸਭ ਤੋਂ ਜਿਆਦਾ ਬਰਬਾਦੀ ਕੀ ਅਮਰੀਕਾ ਨੇ ਨਹੀਂ ਕੀਤੀ?

ਜਿਧਰ ਤੋਪ ਦਾ ਮੂੰਹ ਕਰਨਾ ਸੀ ਓਧਰ ਬਾਬਾ ਜਰਵਾਣਿਆਂ ਵੰਨੀ ਹੋਇਆ ਫਿਰਦਾ ਸਿਰੋਪੇ ਦਿੰਦਾ ਫਿਰਦਾ ਪਰ ਅਪਣੇ ਈ ਲੋਕਾਂ।ਦਾ ਖਾ ਕੇ ਓਨਾ ਨੂੰ ਈ ਭੰਡੀ ਜਾ ਰਿਹਾ।

ਪੰਜਾਬ ਦਾ ਪਾਣੀ, ਪੰਜਾਬ ਦਾ ਲਹੂ, ਖੂਨ ਸਭ ਜੋਕਾਂ ਵੇਚ ਕੇ ਛੱਕ ਗਈਆਂ। 70 ਸਾਲ ਤੋਂ ਦੋ ਈ ਜੋਕਾਂ ਕਾਲੀਏ ਤੇ ਕੈਪਟਨੀਏ ਰਹੇ ਕਿਆ ਕਦੇ ਪੁਛਣ ਦੀ ਜੁਅਰਤ ਹੋਈ ਕਿ ਪਾਪ ਦੀਆਂ ਜੰਝਾਂ ਵਾਲਿਓ ਬਾਜ ਆ ਜਾਓ ਸਾਡੇ ਨਿਆਣਿਆਂ ਦਾ ਕਤਲੇਆਮ ਕਰਨੋਂ। ਇਕ ਪੀਹੜੀ ਸਾਡੀ ਗੋਲੀਆਂ ਯਾਣੀ ਕੈਪਟਨੀਆਂ ਖਪਾ ਮਾਰੀ ਦੂਜੀ ਟੀਕਿਆਂ ਯਾਣੀ ਕਾਲੀਆਂ। ਰੱਬ ਸੱਚਾ ਖੈਰ ਕਦੇ ਕਿ ਹੁਣ ਤੀਜੀ ਕਿਤੇ ਕਾਮਰੇਡਾਂ ਦੇ ਢਿੱਡੀਂ ਨਾ ਚਲੀ ਜਾਵੇ। ਪਰ ਅਪਣੇ ਲੋਕਾਂ ਦੇ ਨਾਲ ਖੜੋਣ ਦੀ ਬਜਾਇ ਤੁਸੀਂ ਉਲਟਾ ਤਾਸ਼ ਕੁਟਣੇ ਦੱਸ ਦੱਸ ਮਸਖਰੀਆਂ ਕਰ ਰਹੇਂ ਓਂ?

ਯਾਦ ਰਹੇ ਚੰਗੇ ਮੰਦੇ ਬੰਦੇ ਸਭ ਅਤੇ ਸਾਰੀਆਂ ਕੌਮਾਂ, ਭਾਈਚਾਰਿਆਂ ਵਿਚ ਹੁੰਦੇ ਪਰ ਕਿਸੇ ਇਕ ਦੀਆਂ ਕੁਝ ਚੰਗਾਈਆਂ ਦਸ ਕੇ ਖੁਦ ਦੇ ਲੋਕਾਂ ਨੂੰ ਬੱਦੂ ਕਰਨਾ ਬੇਈਮਾਨੀ ਅਤੇ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ। ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top