ਜਾਤ
ਕੀ ਸੀ ਗੱਲ ਇਹ ਨਾ ਸੀ, ਸੱਚ ਕੀ ਸੀ, ਗੱਲ ਇਹ ਸੀ। ਉਚਾ ਜਾਂ ਨੀਵਾਂ ਹੋਣ ਦਾ ਸਬੰਧ ਜਾਤ
ਨਹੀਂ ਕਰਮ ਨਾਲ ਹੈ। ਗੁਰੂ ਦੀ ਨਦਰ ਵਿਚ ਉਚਾ ਪੰਡੀਆ ਨਹੀਂ ਬਲਕਿ ਮਹਾਂਪੁਰਖ ਭਗਤ ਰਵਿਦਾਸ
ਜੀ ਸਨ। ਓਹ ਕਹਿੰਦੇ ਫਿਰ ਕੀ ਹੋਇਆ ਜੇ ਓਹ ਮਰੇ ਪਸ਼ੂ ਢੋਂਹਦਾ ਪਰ ਪੰਡਤ ਤੇਰੇ ਨਾਲੋਂ
ਹਜਾਰ ਗੁਣ ਚੰਗਾ ਝੂਠ ਮਾਰ ਮਾਰ ਲੁਕਾਈ ਨੂੰ ਲੁਟਦਾ ਤਾਂ ਨਹੀਂ।
ਖੁਦ ਨੂੰ ਚਮਾਰ ਮੰਨ ਕੇ ਦੱਬ ਜਾਣ ਵਾਲੇ
ਓਸ ਸਮੇ ਹੈਰਾਨ ਰਹਿ ਗਏ ਜਦ ਭਗਤ ਰਵਿਦਾਸ ਜੀ ਖੁਦ ਹੀ ਪੰਡੀਏ ਨੂੰ ਡਾਂਡੇ ਮੀਂਡੇ ਈ ਹੋ
ਪਏ ਜਿਸ ਦਾ ਸਿੱਧਾ ਅਰਥ ਸੀ ਚਲ ਚਲ ਵਡਾ ਤੂੰ ਉੱਚਾ। ਮੈਂ ਚਮਾਰ ਈ ਸਹੀਂ ਪਰ
ਹਰਾਮ ਦੀਆਂ ਤਾਂ ਨਹੀਂ ਖਾਂਦਾ।
ਉਸ ਯੁਗ ਵਿਚ ਓਸ ਪੰਡੀਏ ਨੂੰ ਸਿੱਧਾ ਹੋਣਾ ਕਿਸੇ ਸੂਰਮੇ ਦਾ ਹੀ
ਕੰਮ ਸੀ ਜਿਹੜਾ ਅਜ ਦੇ ਯੁਗ ਵਿਚ ਵੀ ਮਨੁਖ ਨੂੰ ਨੀਵਾਂ ਹੋਣ ਦਾ ਅਹਿਸਾਸ ਕਰਾਓਂਣੋ ਬਾਜ
ਨਹੀਂ ਆ ਰਿਹਾ।
ਜਿਹੜੀ ਜਾਤ ਨੂੰ ਨੀਵੀਂ ਸਮਝ ਲੋਕ ਲੁੱਕਦੇ ਫਿਰਦੇ ਸਨ ਭਗਤ ਜੀ ਨੇ
ਸਿੱਧੇ ਈ ਕਿਹਾ ਚਮਾਰ ਤਾਂ ਚਮਾਰ ਸਹੀਂ ਹੋਰ ਦੱਸ। ਜਿਵੇਂ ਤੁਸੀਂ ਹੁਣ ਕਹਿਣਾ ਹੋਵੇ ਕਿ
'ਸੋ ਵੱਟ'?
ਬੰਦਾ ਸਿੱਧਾ ਹੀ ਓਦੋਂ ਹੁੰਦਾ ਸਾਹਵੇਂ
ਵਾਲੇ ਨੂੰ ਜਦ ਓਹ 'ਕੰਪਲੈਕਸ' ਯਾਣੀ ਹੀਣ ਭਾਵਨਾ ਤੋਂ ਬਾਹਰ ਆਓਂਦਾ। ਜਦ ਖੁਦ ਦਾ
ਸੋ ਕਾਲ ਨੀਵਾਂ ਹੋਣ ਦਾ ਡਰ ਚਲਾ ਜਾਂਦਾ। ਨਿਰਭਓ ਨਾਲ ਲੀਨ ਹੋਣ ਲਗਦਾ। ਓਹ ਕਦ ਫਿਰ ਕਿਸੇ
ਉਚੇ ਵੁਚੇ ਦੀ ਪ੍ਰਵਾਹ ਕਰਦਾ।
ਭਗਤ ਰਵਿਦਾਸ ਜੀ ਵਰਗੇ ਨਿਰਭੈ ਸੂਰਮਿਆਂ ਪੰਡਤ ਦੀ ਛੱਟ ਲਾਹ ਕੇ ਔਹ
ਮਾਰੀ। ਪੰਡੀਏ ਦਾ ਪਿੱਛਲੇ ਜਨਮ ਦੇ ਬਹਾਨੇ ਇਨਾ ਸੂਰਬੀਰ ਭਗਤਾਂ ਉਪਰ ਊਝਾਂ ਆਓਂਣਾ ਸਾਬਤ
ਕਰਦਾ ਕਿ ਓਹ ਅੱਤ ਦਾ ਦੁਖੀ ਅਤੇ ਲਾਜਵਾਬ ਹੋਇਆ ਘਟੀਆ ਹਥਿਆਰਾਂ ਉਪਰ ਉਤਰ ਆਇਆ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸਾਹਿਬਾਨਾਂ ਨੂੰ ਨਾਲ ਬੈਠਾਓਂਣਾ
ਤਾਂ ਓਂ ਈ ਸਿੱਧੀ ਬਗਾਵਤ ਸੀ ਜਿਸ ਦਾ ਖਮਿਆਜਾ ਗੁਰੂ ਸਾਹਿਬਾਨਾਂ ਨੂੰ ਵੀ ਬੁਰਾ ਭੁਗਤਣਾ
ਪਿਆ। ਬਾਗੀ ਹੀ ਬਾਗੀ ਨੂੰ ਸਮਝਦਾ ਅਤੇ ਉਸ ਮੁਹੱਬਤ ਕਰਦਾ ਗੁਰੂ ਸਾਹਿਬਾਨਾਂ ਦੀ ਭਗਤ
ਸਾਹਿਬਾਨਾਂ ਨਾਲ ਅੱਤ ਦੀ ਮੁਹੱਬਤ ਅਤੇ ਆਦਰ ਇਸ ਗੱਲ ਦਾ ਪ੍ਰਤੀਕ ਹੈ ਕਿ ਓਨੀ ਇਹ ਸਾਰੇ
ਬਾਗੀ ਇਕੱਠੇ ਕਰਕੇ ਮਨੁੱਖਤਾ ਨੂੰ ਇੱਕ ਵੱਡਾ ਸੁਨੇਹਾ ਦਿਤਾ ਸੀ ਕਿ ਕੋਈ ਜਾਤ ਵਾਤ ਨਹੀਂ
ਇਥੇ ਸਭ ਮਨੁੱਖ ਬਰਾਬਰ ਨੇ ਨਾ ਜਾਤ ਕਰਕੇ ਕੋਈ ਵਡਾ ਨਾਂ ਛੋਟਾ।
ਪਸ਼ੂ ਢੋਣ ਵਾਲਾ ਰਵਿਦਾਸ ਓਹ ਮਹਾਨ ਮਹਾਂਪੁਰਖ
ਜਿਸ ਮਾਇਆ ਦੇ ਛੌੜ ਕੱਟ ਸੁੱਟੇ ਅਤੇ ਸਤਿ ਸੰਗਤ ਵਿਚ ਪ੍ਰਗਟ ਹੋ ਆਇਆ।
ਨਾਂਦੇੜ ਵਿਖੇ ਗੁਰੂ ਬਾਜਾਂ ਵਾਲੇ ਜਦ ਗੁਰੂ ਗ੍ਰੰਥ ਸਹਿਬ ਨੂੰ
ਸਿਜਦਾ ਕੀਤਾ ਤਾਂ ਉਸ ਵਿਚ ਭਗਤ ਰਵਿਦਾਸ ਜੀ ਵਰਗੇ ਮਹਾਂਪੁਰਖਾਂ ਤੋਂ ਇਲਾਵਾ ਬਾਕੀ ਸੂਰਮੇ
ਭਗਤ ਵੀ ਸ਼ਾਮਲ ਸਨ ਜੀਹਨਾ ਨੂੰ ਪੰਡੀਆ ਨੀਵੇ ਕਹਿਕੇ ਦੁਰਕਾਰਦਾ ਸੀ।
ਗੁਰੂ ਗ੍ਰੰਥ ਸਾਹਿਬ ਨੂੰ ਅੱਜ ਵੀ ਮੱਥਾ ਟੇਕਣ ਵਾਲਾ ਸਿੱਖ ਜੇ ਕਿਸੇ
ਜਾਤ ਨੂੰ ਉਚਾ ਜਾਂ ਨੀਵਾਂ ਮੰਨ ਕੇ ਘਿਰਣਾ ਕਰਦਾ ਹੈ ਤਾਂ ਯਾਦ
ਰਹੇ ਓਹ ਇਨਾ ਮਹਾਂਪੁਰਖਾਂ ਦਾ ਬਾਅਦ ਪਰ ਗੁਰੂ ਸਾਹਿਬਾਨਾਂ ਦਾ ਅਪਮਾਨ ਪਹਿਲਾਂ ਕਰ ਰਿਹਾ
ਹੋਵੇਗਾ। ਨਹੀਂ?
ਭਗਤ ਰਵਿਦਾਸ ਜੀ ਦੇ ਜਨਮ ਪੁਰਬ ਦੀਆਂ ਸਾਰੇ
ਸਿੱਖ ਸੰਸਾਰ ਨੂੰ ਮੁਬਾਰਕਾਂ ਹੋਣ ਜੀ।