ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ
ਸਜਾਇ ॥
ਮੌਤ ਸਜ਼ਾ ਵੀ ਬਣ ਸਕਦੀ ਮੇਰੀ, ਲੰਮੀ ਅਤੇ ਗੂੜੀ ਨੀਂਦ ਵੀ। ਸਹਿਲਾ
ਮਰਨਾ ਵੀ ਹੋ ਸਕਦਾ, ਪੀੜਾ ਭਰਿਆ ਦੁਖਦਾਈ ਵੀ।
ਕਹਾਣੀ ਸੁਣੀ ਹੋਈ ਤੁਸੀਂ ਕਿ ਬੰਦਾ ਮਰਨ ਲਗਾ ਸਾਰੇ ਨਿਆਣੇ ਸਰਾਣੇ
ਖੜੇ ਪਰ ਕਹਿ ਰਿਹਾ ਤੁਹਾਡਾ ਬੇੜਾ ਬਹਿ ਜੇ ਹੱਟੀ ਤੇ ਕੌਣ ਏ? ਇਥੇ ਖੀਰ ਵੰਡੀਦੀ ਸੀ ਜਿਹੜੀ
ਲੈਣ ਲਈ ਖੜੇ ਓਂ ਦਫਾ ਹੋ ਜਾਓ ਕੋਈ ਜਣਾ ਓਥੇ ਮਾਂ ਧਾਡੀ ਸੁੰਝੀ ਪਈ!
ਇਹ ਮੇਰੇ ਚੇਤਣ 'ਤੇ, ਮੇਰੀ ਚੇਤਨਾ 'ਤੇ ਨਿਰਭਰ ਕਰਦਾ ਕਿ ਗੱਡੀ
ਆਓਂਣ ਤੋਂ ਪਹਿਲਾਂ ਈ ਮੈਂ ਅਪਣਾ ਬਿਸਤਰਾ ਬੰਨ ਕੇ ਰਖਿਆ ਜਾਂ ਖਲਾਰੇ ਪਾਈ ਫਿਰਦਾਂ ਕਿ ਜਰਾ
ਠਹਿਰ ਮੈਂ ਤਾਂ ਹਾਲੇ ਵਿਆਜੀ ਦਿਤੇ ਪੈਸੇ ਮੁੜਵਾਓਂਣੇ ਸੀ, ਰਜਿਸਟਰੀ ਰਹਿੰਦੀ ਸੀ ਹਾਲੇ
ਇਕ ਕਰਾਓਂਣ ਵਾਲੀ, ਛੋਟਾ ਕਾਕਾ ਹਾਲੇ ਵਿਆਹੁਣ ਵਾਲਾ ਪਿਆ ਸੀ।
ਠਹਿਰਨਾ ਵਹਿਰਨਾ ਕੀਹਨੇ ਕਮਲਿਆ, ਮੌਤ ਦਾ ਇੰਝਣ ਤਾਂ ਚੀਕਾਂ ਮਾਰ
ਰਿਹਾ ਸਿਰ ਤੇ, ਹਰੀ ਝੰਡੀ ਮੌਤ ਪਹਿਲਾਂ ਈ ਲੈ ਕੇ ਖੜੀ ਹੁੰਦੀ ਤੂੰ ਕਾਕੇ ਈ ਖਲਾਰੀ ਫਿਰਦਾਂ
ਹਾਲੇ ਤਕ? ਮੌਤ ਦਾ ਬੰਨਾ ਤਾਂ ਖਲਾਰੇ ਪਏ ਈ ਰਹਿਣ ਦਿੰਦਾ ਜਿਹੜੇ ਮਗਰੋਂ ਨਿਆਣੇ ਈ ਸਾਂਭਦੇ।
ਸਾਂਭਦੇ ਕੀ ਓਹ ਤਾਂ ਆਸ਼ੂਤੋਸ਼ ਤਰਾਂ ਫਰੀਜਰ ਵਿੱਚ ਲਗੇ ਬਕਸੇ ਸਮੇ ਈ ਸਾਂਭ ਜਾਂਦੇ। ਵਸ ਚਲੇ
ਤੇਰੀਆਂ ਉਂਗਲਾਂ ਵੀ ਵੱਢ ਸੁਟਣ ਛਾਪਾਂ ਛੱਲੇ ਲਾਹੁਣ ਖਾਤਰ।
ਬਾਬਾ ਜੀ ਅਪਣੇ ਕਹਿੰਦੇ ਅਗੋਂ ਈ, ਪਹਿਲਾਂ ਈ, ਲੱਤਾਂ ਗੋਡੇ ਤੁਰਦੇ
ਵਕਤ ਈ ਇਹ ਗੱਲ ਸਮਝ ਲੈ, ਚੇਤ ਲੈ ਕਿ ਖਲਾਰੇ ਕਿਵੇ ਸਮੇਟਣੇ ਤਾਂ ਕਿ ਮੌਤ ਦੀ ਪੀੜਾ ਭਰੀ
ਸਜਾ ਤੋਂ ਬਚਿਆ ਜਾ ਸਕੇ।
ਬੜੇ ਪਿਆਰੇ ਬੋਲ ਸਨ ਇਕ ਪੋਸਟ ਵਿੱਚ ਕਿ ਬੰਦਾ ਫਕੀਰ ਨੂੰ ਪੁੱਛਦਾ
ਕਿ ਜਿੰਦਗੀ ਦਾ ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਦਿਨ ਕਿਹੜਾ? ਫਕੀਰ ਆਂਹਦਾ ਮੌਤ ਤੋਂ ਇਕ
ਦਿਨ ਪਹਿਲਾਂ।
ਪਰ ਪਤਾ ਕਿਵੇਂ ਲਗੇ ਕਿ ਕਲ ਨੂੰ ਮੌਤ ਏ?
ਬਸ ਰੋਜ ਈ ਮੰਨ ਕੇ ਚਲੋ ਕਿ ਕੱਲ ਨੂੰ ਆ ਰਹੀ ਏ
ਅਤੇ ਅੱਜ ਦੇ ਦਿਨ ਰੱਜ ਕੇ ਜਸ਼ਨ ਮਨਾਓ।
ਮੈਨੂੰ 50 ਤੋਂ 60 ਵਰਿਆਂ ਦੇ ਵਿਚਾਲੇ ਅਪਣਾ ਖਲਾਰਾ ਸਮੇਟਣਾ ਸ਼ੁਰੂ
ਕਰ ਦੇਣਾ ਚਾਹੀਦਾ ਤਾਂ ਕਿ ਗੱਡੀ ਆਈ ਖੜੀ ਤੇ ਭਗਦੜ ਵਾਲੀ ਸਜਾ ਤੋਂ ਬਚ ਸਕਾਂ, ਸ਼ਾਂਤ ਅਤੇ
ਸਹਿਜ ਵਿੱਚ ਜਾ ਸਕਾਂ। ਨਹੀਂ?