Share on Facebook

Main News Page

👳 ਪੰਜਾਬ ਦਾ ਬਾਗੀ ਹੋਣਾ
-: ਗੁਰਦੇਵ ਸਿੰਘ ਸੱਧੇਵਾਲੀਆ
18.02.2022
#KhalsaNews #GurdevSingh #Sadhewalia #DeepSidhu #IndianState #Punjab

ਬਗਾਵਤ ਇਸ ਦੇ ਖੂਨ ਵਿੱਚ ਹੈ, ਲਹੂ ਤੋਂ ਵੀ ਹੇਠਾਂ ਉਤਰ ਹੱਡਾਂ ਵਿੱਚ ਰੱਚ ਗਈ ਹੋਈ। ਪੰਜਾਬ ਦੇ ਲੋਕ ਨਾ ਧਰਤੀ ਵਿਚੋਂ ਉਗੇ ਨਾ ਉਪਰੋਂ ਡਿੱਗੇ ਬਲਕਿ ਪੀਹੜੀ ਦਰ ਪੀਹੜੀ ਔਰੰਗਜੇਬਾਂ, ਨਾਦਰਾਂ, ਅਬਦਾਲੀਆਂ ਵੇਲੇ ਹਿੱਕਾਂ ਡਾਹ ਕੇ ਲੜਨ ਵਾਲਿਆਂ ਵਿੱਚੋਂ ਹੀ ਨੇ। ਅਸੀਂ-ਤੁਸੀਂ, ਤੂੰ-ਮੈਂ ਸਭ ਕਿਤੇ ਨਾ ਕਿਤੇ ਓਨਾ ਸੂਰਬੀਰਾਂ ਨਾਲ ਜਾ ਜੁੜਦੇ ਹਾਂ ਜਿਹੜੇ ਛੋਲਿਆਂ ਦੀ ਮੁੱਠ ਚੱਬ ਕੇ ਵੀ ਬਾਦਸ਼ਾਹ ਹੋਣ ਦਾ ਐਲਾਨ ਕਰੀ ਜਾਂਦੇ ਰਹੇ।

ਤੁਹਾਡਾ ਨਿਆਣਾ ਬਹੁਤ ਲੱਥ ਹੋਵੇ ਤਾਂ ਤੁਸੀਂ ਕਹਿੰਨੇ ਇਹ ਚੜਦੇ ਪਾਣੀ ਨੂੰ ਜਾਂਦਾ, ਪਰ ਪੰਜਾਬ ਤਾਂ ਜਾਂਦਾ ਹੀ ਚੜਦੇ ਪਾਣੀ ਨੂੰ ਰਿਹਾ।

ਮਰਹੱਟੇ-ਰਾਜਪੂਤ ਤਾਂ ਪਾਏ ਘੇਰੇ ਛੱਡ ਛੱਡ ਭੱਜ ਜਾਂਦੇ ਰਹੇ ਕਿ ਦੌੜੋ ਓਏ ਅਬਦਾਲੀ ਤੁਰ ਪਿਆ ਜੇ ਕਾਬਲੋਂ, ਪਰ ਪੰਜਾਬ ਵਾਲੇ ਬਾਗੋ ਬਾਗ ਕਿ ਚਲੋ ਅਬਦਾਲੀ ਲੁੱਟੀਏ।

☝️ ਦੀਪ ਸਿੱਧੂ ਮਗਰ ਪੰਜਾਬ ਦੀ ਜਵਾਨੀ ਦਾ ਦੌੜ ਪੈਣਾ ਅਤੇ ਉਸ ਦੇ ਸਿਵਿਆਂ ਦੀ ਸਵਾਹ ਪੱਲੇ ਬੰਨਣੀ ਇਹੀ ਸੁਨੇਹਾ ਦਿੰਦੀ ਕਿ ਪੰਜਾਬ ਵਿਚੋਂ ਬਗਾਵਤ ਮਰੀ ਨਹੀਂ ਹੈ। ਦੀਪ ਦੇ ਬੋਲ ਕਿਉਂਕਿ ਪੰਜਾਬ ਵਿਚਲੀ ਬਗਾਵਤ ਦੀ ਅਗਵਾਈ ਕਰਦੇ ਸਨ, ਉਸ ਦੇ ਬੋਲਾਂ ਵਿਚ ਉਹ ਰੜਕ ਸੀ ਜਿਹੜੀ ਪੰਜਾਬ ਨੂੰ ਸਕੂਨ ਦਿੰਦੀ ਸੀ, ਖਾਸ ਕਰ ਦੀਪ ਸਿੱਧੂ ਦਾ ਬਾਬਾ ਜਰਨੈਲ ਸਿੰਘ ਨੂੰ ਅੱਜ ਦੇ ਰੋਲ ਮਾਡਲ ਵਜੋਂ ਪੇਸ਼ ਕਰਨਾ ਗਰਮ ਲਹੂ ਨੂੰ ਤਸੱਲੀ ਦਿੰਦਾ ਸੀ ਕਿਉਂਕਿ ਬਾਬਾ ਖੁੱਲੀ ਬਗਾਵਤ ਦਾ ਪ੍ਰਤੀਕ ਹੈ। ਦੀਪ ਸਿੱਧੂ ਜਦ ਸਿਸਟਮ ਦੇ ਵਿਰੁੱਧ ਭੁਗਤਦਾ ਸੀ, ਤਾਂ ਪੰਜਾਬ ਵਿਚਲੇ ਗੈਰਤਮੰਦ ਤੱਤ ਨੂੰ ਅੰਦਰੋਂ ਹੁਲਾਰਾ ਦਿੰਦਾ ਸੀ, ਕਿਉਂਕਿ ਇਸ ਦਾ ਬਾਗੀ ਖੂਨ ਜਰਵਾਣਿਆਂ ਨੂੰ ਹਮੇਸ਼ਾਂ ਨਫਰਤ ਕਰਦਾ ਆਇਆ ਹੈ।

ਦੀਪ ਸਿੱਧੂ ਬਾਰੇ ਅੱਜ ਦੀ ਛਾਈ ਹੋਈ ਚਰਚਾ ਕੋਈ ਉਸ ਦੇ ਕੋਈ ਕਲਾਕਾਰ ਹੋਣ ਕਰਕੇ ਨਹੀਂ, ਨਾ ਉਸ ਦੀ ਕਿਸੇ ਫਿਲਮ ਨੂੰ ਲੈ ਕੇ, ਨਾ ਉਸ ਦਾ ਐਕਟਰ ਹੋਣਾ ਕਰਕੇ। ਕੇਵਲ ਦੋ ਕੁ ਸਾਲਾਂ ਵਿਚ ਸਿੱਧੂ ਦਾ ਇਓਂ ਪੰਜਾਬ ਉਪਰ ਛਾ ਜਾਣਾ ਦਸਦਾ ਕਿ ਉਸ ਦੀ ਬਾਗੀ ਸੁਰ ਨੂੰ ਪੰਜਾਬ ਨੇ ਅਪਣੇ ਦਿਲ ਦੀਆਂ ਗਹਿਰਾਈਆਂ ਨਾਲ ਕਬੂਲਿਆ ਜਿਸ ਤੋਂ ਸਾਬਤ ਹੁੰਦਾ ਕਿ ਦੇਖਣ ਨੂੰ ਮਰ ਰਿਹਾ ਜਾਪਦਾ ਪੰਜਾਬ, ਹਾਲੇ ਵੀ ਬਗਾਵਤ ਅਪਣੀ ਬੁੱਕਲ ਵਿੱਚ ਲਈ ਬੈਠਾ।

👉 40-40 ਸਾਲ ਦੇ ਤਜਰਬਿਆਂ ਵਾਲੇ ਰਾਜੇਵਾਲ ਵਰਗੇ ਅੱਜ ਕਿੰਨੇ ਬੌਣੇ ਜਾਪਦੇ ਦੀਪ ਦੇ ਸਾਹਵੇਂ ਅਤੇ ਰੁਲਦੇ ਵਰਗੇ ਪਤਾ ਨਹੀਂ ਕਿੱਥੇ ਰੁਲ਼ ਗਏ।

ਕਾਮਰੇਡਾਂ ਦੇ ਇਨਕਲਾਬ ਨੂੰ ਕੋਈ ਬੇਰਾਂ ਵੱਟੇ ਨਹੀਂ ਪੁਛਦਾ ਜਿੰਨਾ ਨੂੰ ਭੁਲੇਖਾ ਸੀ, ਕਿ ਦਿਲੀ ਖੌਰੇ ਲਾਲ ਝੰਡੇ ਹੇਠ ਜਿੱਤੀ ਗਈ। ਕਾਮਰੇਡਾਂ ਦੇ ਬੋਲਾਂ ਵਿੱਚ ਸਿੱਧੂ ਵਾਲੀ ਬਗਾਵਤ ਨਹੀਂ ਸੀ, ਬਲਕਿ ਸਮਾਂ ਟਪਾਊ ਸਮਝੌਤਾ ਸੀ ਜਿਹੜਾ ਪੰਜਾਬ ਦੀ ਮਜਬੂਰੀ ਸੀ।

ਦੀਪ ਸਿੱਧੂ ਜਦ ਸਿੱਖ ਕੌਮ ਦੀ ਹਸਤੀ ਤੇ ਹੋਣੀ ਦੀ, ਫਸਲਾਂ ਦੀ ਬਜਾਇ ਨਸਲਾਂ ਦੀ ਗਲ ਕਰਦਾ ਸੀ ਤਾਂ ਪੰਜਾਬ ਨਸ਼ਿਆ ਜਾਂਦਾ ਸੀ ਉਸ ਦੀਆਂ ਇਨਾ ਗਲਾਂ 'ਤੇ, ਕਿਉਂਕਿ ਪੰਜਾਬ ਅਪਣੀ ਨਸਲ ਬਰਬਾਦ ਕਰਾਉਣ ਦੀ ਸ਼ਰਤ 'ਤੇ ਕੇਵਲ ਫਸਲ ਬਚਾਉਣੀ ਹਾਲੇ ਵੀ ਪਰਵਾਨ ਨਹੀਂ ਕਰਦਾ। ਉਹ ਅਪਣੀ ਹਸਤੀ ਅਤੇ ਹੋਣੀ ਬਾਰੇ ਫਿਕਰਮੰਦ ਨਾ ਹੁੰਦਾ ਤਾਂ ਅੱਜ ਦੀਪ ਸਿੱਧੂ ਨੂੰ ਲੈ ਕੇ ਇਓਂ ਸੜਕੋ ਸੜਕੀ ਹੁੰਦਾ ਉਸ ਦੇ ਸਿਵਿਆਂ ਤੱਕ ਨਾ ਉਪੜਦਾ।

👳 ਪੰਜਾਬ ਦੀ ਬਗਾਵਤ ਦੀ ਅਗਵਾਈ ਕਰਨ ਕਾਰਨ ਦੀਪ ਸਿੱਧੂ ਇੱਕ ਉਹ ਜੁੱਗ ਹੋ ਨਿਬੜਿਆ ਜਿਹੜਾ ਕਦੇ ਬੀਤਦਾ ਨਹੀਂ। ਕਿ ਬੀਤਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top