Share on Facebook

Main News Page

🔥 ਅੱਗੇ ਕੀ ਹੋਵੇਗਾ ?
-: ਗੁਰਦੇਵ ਸਿੰਘ ਸੱਧੇਵਾਲੀਆ
12.03.2022
#KhalsaNews #GurdevSinghSadhewalia #Panth #Akali #Badal

⚠️ ਬੜੇ ਚਿਰਾਂ ਬਾਅਦ ਪੰਥ ਫਿਰ ਤੋਂ ਖਤਰੇ ਵਿੱਚ ਹੋਵੇਗਾ। ਓਨਾ ਚਿਰ ਹੋਵੇਗਾ ਜਦ ਤਕ ਖੁਸੀ ਕੁਰਸੀ ਦਾ ਕੋਈ ਪਾਵਾ ਹੱਥ ਨਹੀਂ ਆ ਜਾਂਦਾ।

♻️ ਬੰਦਾ ਚਾਰ ਦਿਨ ਕਿਤੇ ਫੈਸਲਾ ਕਰਾਓਂਣ ਵਾਲਿਆਂ ਵਿੱਚ ਬੈਠ ਆਵੇ ਤਾਂ ਘਰੇ ਨੀਂਦ ਨਹੀਂ ਆਓਂਦੀ ਕਿ ਕਿਤੇ ਕੋਈ ਸੱਦਣ ਤਾਂ ਨਹੀਂ ਆ ਗਿਆ ਫਿਰ। ਸਵਾਦ ਹੀ ਵਖਰਾ, ਨਸ਼ਾ ਈ ਅਜੀਬ, ਭੁੱਸ ਹੀ ਅਜੀਬ ਪਰ ਇਥੇ ਤਾਂ ਬਾਦਲ ਕਿਆਂ ਪੰਜਾਬ ਦੀ ਵੱਡੀ ਕੁਰਸੀ 'ਤੇ ਝੂਟੇ ਲਏ ਹੋਏ ਨੇ ਅਤੇ ਕਈ ਸਾਲ ਲਏ ਹੋਏ ਨੇ, ਓਹ ਤੁਹਾਨੂੰ ਕੀ ਲਗਦਾ ਟਿੱਕ ਕੇ ਬੈਠ ਜਾਣਗੇ?

ਲੀਡਰ ਨੂੰ ਕੁਰਸੀ ਅਤੇ ਕੁੱਤੇ ਨੂੰ ਹੱਡ ਦਾ ਸਵਾਦ ਕੋਈ ਛੁਡਾ ਕੇ ਦਿਖਾਏ। ਕੈਪਟਨ ਵਾਲੀ ਤਾਜਾ ਮਿਸਾਲ ਏ ਕਿ ਕਬਰ ਵਿੱਚ ਲੱਤਾਂ ਪਰ ਤਰਲੇ ਦੇਖਣ ਵਾਲੇ। ਤਾਂ ਤੁਹਾਨੂੰ ਕੀ ਜਾਪਦਾ ਕਿ ਬਾਦਲ ਹੁਰੀਂ ਟਿੱਕ ਕੇ ਬੈਠਣਗੇ ਅਤੇ ਤੁਸੀਂ ਪੰਜ ਸਾਲ ਤੱਕ ਬੇਅਦਬੀਆਂ ਵਾਲੇ ਕਾਰੇ ਇਵੇਂ ਹੀ ਯਾਦ ਰਖ ਸਕੋਂਗੋ ਅਤੇ ਤੜੀ ਵਿੱਚ ਆਏ ਝਾੜੂ ਵਾਲੇ ਬਹੁਕਰਾਂ ਨਾ ਫੇਰਨਗੇ ਲੋਕਾਂ ਦੇ?

♨️ ਪੁਰਾਣੀਆਂ ਖੁੱਡੇ ਲਾਈਆਂ ਜੰਗਾਲ ਚੁਕੀਆਂ ਤੋਪਾਂ ਨੂੰ ਤਾਂ ਬਾਦਲਕਿਆਂ ਚੋਣਾਂ ਤੋਂ ਪਹਿਲਾਂ ਹੀ ਤੇਲ ਦੇਣਾ ਸ਼ੁਰੂ ਕਰ ਦਿਤਾ ਸੀ, ਜਿਸ ਵਿਚੋਂ ਪੰਥ ਖਤਰੇ ਵਾਲੇ ਬੰਬ ਦਾਗਣੇ ਨੇ ਕਿਓਂਕਿ ਓਨਾ ਹੋਣੀ ਅਪਣੀ ਭਾਪ ਲਈ ਸੀ ਕਿ ਭਾਜਪਈਆਂ ਨਾਲ ਪੰਗਾ ਮਹਿੰਗਾ ਪਊ। ਨਾਲ ਡੁਬਦੀ ਬੇੜੀ ਵਿਚ ਬਸਪਾ ਵਾਲੇ ਵੀ ਚਾਹੜ ਕੇ ਰੋਹੜ ਛਡੇ।

🎗️ਪੰਥ ਖਤਰੇ ਵਾਲਾ ਜੁਮਲਾ ਤਾਂ ਪਹਿਲੀ ਗਲ ਸ਼ਾਇਦ ਚਲ ਹੀ ਜਾਵੇ ਕਿਓਂਕਿ ਇਕ ਤਾਂ ਪੰਜਾਬ ਭਾਵੁਕ ਬਹੁਤ ਹੈ, ਦੂਜਾ ਹਾਲੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਵਾਲੀਆਂ ਤੇਜ ਛੁਰੀਆਂ ਹਾਲੇ ਓਨਾ ਕੋਲੇ ਹੀ ਨੇ। ਓਹ ਕਈਆਂ ਦੇ ਛੇਕ ਪਾਓਂਣਗੇ ਅਤੇ ਕਈਆਂ ਦੇ ਭਾਂਡੇ ਮੰਜਵਾ ਕੇ ਬੰਦ ਕਰਨਗੇ।

💠 ਬਾਦਲਾਂ ਦੇ ਦੋ ਪਹਿਲਵਾਨਾਂ ਦੇ ਲੰਗੋਟੇ ਕੱਸੀ ਮੈਦਾਨ ਵਿਚ ਆਓਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਸਕਦਾ। ਇਕ ਸ਼ਿਵਸੈਨੀਆਂ ਦੀ ਬਾਂਦਰ ਸੈਨਾ, ਦੂਜਾ ਨਕਲੀ ਖਾਲਿਸਤਾਨੀਆਂ ਦੀਆਂ ਤੋਪਾਂ। ਯਾਦ ਰਹੇ ਅਸਲ ਦੀ ਨਕਲ ਹਰੇਕ ਕੋਲੇ ਹੁੰਦੀ ਖਾਸ ਕਰ ਰਾਜਨੀਤਕਾਂ ਕੋਲੇ ਤਾਂ ਅਵੱਸ਼ ਹੀ। ਮਦਾਰੀ ਤਰਾਂ ਕਦੇ ਕਿਸੇ ਬਾਂਦਰ ਦੀ ਰੱਸੀ ਢਿੱਲੀ ਕਰਨਗੇ ਕਦੇ ਕਿਸੇ ਦੀ। ਯਾਦ ਰਹੇ ਦਿੱਲੀ ਨੂੰ ਡਰਾ ਕੇ ਬਲੈਕਮੇਲ ਕਰਨ ਦਾ ਬਾਦਲਾਂ ਦਾ ਇਹ ਪੁਰਾਣਾ ਅਤੇ ਹੰਡਿਆ ਹੋਇਆ ਤਰੀਕਾ ਹੈ ਕਿ ਪੰਜਾਬ ਨੂੰ ਸ਼ਾਂਤ ਓਹੀ ਰਖ ਸਕਦੇ ਹੋਰ ਕੋਈ ਨਹੀਂ।

💮 ਬਾਦਲ ਕਿਆਂ ਦੇ ਇਹ ਖੂਨ ਵਿੱਚ ਹੈ ਕਿ ਸੱਤਾ ਖਾਤਰ ਓਹ ਕੁੱਝ ਵੀ ਕਰ ਸਕਦੇ, ਕੁੱਝ ਵੀ ਯਾਣੀ ਕੁੱਝ ਵੀ, ਪੁਰਾਣੇ ਰਜਵਾੜਿਆਂ ਤਰਾਂ ਵੀ।

📛 ਪਰ ਜੇ ਕਿਤੇ ਪੰਥ ਵਾਲਾ ਹਥਿਆਰ ਨਾ ਚਲਦਾ ਦਿਸਿਆ ਤਾਂ ਹੋ ਸਕਦਾ ਵਾਪਸ ਮੋਦੀ-ਸ਼ਾਹ ਦੇ ਵਾਪਸ ਪੈਰੀਂ ਪੈ ਜਾਣ ਅਤੇ ਓਹ ਅੱਖਾਂ ਵਿਖਾਓਂਣ ਵਰਗੇ ਅਗਲੇ ਪਿਛਲੇ ਸਾਰੇ ਪਾਪ ਗੰਗਾ ਧੋ ਕੇ ਫਿਰ ਤੋਂ ਵੋਟ ਮਸ਼ੀਨਾ ਰਾਹੀਂ ਕਢ ਕੇ ਪਵਿੱਤਰ ਕਰ ਦੇਣ ਕਿਓਂਕਿ ਜਿਹੜੀਆਂ ਜੜਾਂ ਸਿੱਖਾਂ ਦੀਆਂ ਬਾਦਲ ਵੱਢ ਸਕਦੇ ਓਹ ਬਾਣੀਏ ਦੇ ਭੰਤੇ ਹੁਰਾਂ ਤੋਂ ਨਹੀਂ ਵੱਢ ਹੋਣੀਆਂ।

🛡 ਪੰਥ ਕਮਰਕੱਸੇ ਕਰ ਲਏ, ਬਸ ਥੋੜੇ ਚਿਰਾਂ ਨੂੰ ਓਹ ਖਤਰੇ ਦੀ ਬੇੜੀ ਠਿਲਣ ਹੀ ਵਾਲਾ ਹੈ, ਅਤੇ ਉਸ ਦੇ ਗੰਭੀਰ ਮਸਲਿਆਂ ਦੇ ਬਾਦਲ ਕੇ ਮਸੀਹਾ ਬਣਨ ਵਾਲੇ ਨੇ ਤਾਂ ਕਿ ਪੰਥ ਨੂੰ ਬਚਾਇਆ ਜਾ ਸਕੇ। ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top