Share on Facebook

Main News Page

️🎯 ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ॥
-: ਗੁਰਦੇਵ ਸਿੰਘ ਸੱਧੇਵਾਲੀਆ
15.09.2022
#GurdevSingh #Sadhewalia #KhalsaNews #Truth

💥 ਜਿਹੜਾ ਪਾਟ ਹੀ ਗਿਆ ਓਹ ਸਚ ਕਿਵੇਂ ਹੋ ਜਾਊ! ਪਾਟਣ ਦਾ ਮੱਤਲਬ ਹੀ ਦੋ ਨੇ ਅਤੇ ਸੱਚ ਦੋ ਹੋ ਹੀ ਨਹੀਂ ਸਕਦੇ। ਸੱਚ ਹਮੇਸ਼ਾਂ ਇੱਕ ਹੁੰਦਾ ਦੋ ਤਾਂ ਵਿੱਚ ਵਿਚਾਲਾ ਜਿਹਾ ਹੁੰਦਾ। ਸੱਚ ਇਓਂ ਨਹੀਂ ਹੁੰਦਾ ਕਿ ਕਦੇ ਇਧਰੋਂ ਸੀਣ ਉਧੜ ਗਈ ਕਦੇ ਓਧਰੋਂ। ਕਦੇ ਜੇਬ ਪਾਟੀ ਫਿਰੇ, ਕਦੇ ਕੱਛਾਂ ਚੋਂ ਉਧੜਿਆ ਫਿਰੇ।

✝️ ਈਸਾਈ ਪਾਸਟਰਾਂ ਨੂੰ ਹੀ ਪੁੱਛ ਲਿਓ ਬਾਈਬਲ ਵਿੱਚ ਕਿੰਨੀ ਵਾਰ ਟਾਂਕੇ ਲਾਓਂਣੇ ਪਏ। ਘੱਟੋ ਘੱਟ 32 ਤੋਂ 36 ਵਾਰ ਤਬਦੀਲੀਆਂ ਕਰਨੀਆਂ ਪਈਆਂ ਬਾਈਬਲ ਵਿੱਚ ਕਿਓਂਕਿ ਉਧੜੀ ਤੁਰੀ ਆਓਂਦੀ ਸੀ ਇਕ ਪਾਸੇ ਸੀਣ ਮਾਰਦੇ ਸੀ ਦੂਜਿਓਂ ਗਰੀਬ ਦੇ ਝੱਗੇ ਤਰ੍ਹਾਂ ਉਧੜੀ ਹੁੰਦੀ ਸੀ।

👳 ਅਸੀਂ ਕਿਸੇ ਦੇ ਧਰਮ ਵਿੱਚਲੀਆਂ ਗੱਲਾਂ ਤੋਂ ਕੁੱਝ ਲੈਣਾ ਦੇਣਾ ਨਹੀਂ, ਪਰ ਜਦ ਸਾਡੇ ਘਰ ਦੇ ਦਰਵਾਜੇ ਮੂਹਰੇ ਕੋਈ ਖੌਰੂ ਪਾਊ ਯਾਣੀ ਜਹਾਦ ਕਰਦਾ ਫਿਰੂ ਫਿਰ ਤਾਂ ਬੋਲਣਾ ਬਣਦਾ ਹੈ ਕਿ ਦੂਜਿਆਂ ਦੁਆਲੇ ਕੈਚੀਆਂ ਫਿਰ ਚੱਕ ਲਿਓ ਪਹਿਲਾਂ ਆਵਦੀਆਂ ਸੀਣਾਂ ਤਾਂ ਮਾਰ ਆਓ।

☝️ 'ਸਾਡੇ ਵਾਲੇ' ਕਹਿੰਦੇ ਤੁਸੀਂ ਇਨਾ ਦੇ ਯਾਣੀ ਈਸਾਈਆਂ ਦੇ ਮੁਲਖਾਂ ਵਿੱਚ ਫਿਰ ਕੀ ਕਰਦੇ ਫਿਰਦੇ ਓਂ, ਪਰ ਯਾਦ ਰਖਣਾ ਕੋਈ ਮੁਲਖ ਇਨਾ ਦਾ ਨਹੀਂ ਲੋਕਾਂ ਕੋਲੋਂ ਖੋਹੇ ਹੋਏ ਅਤੇ ਖੂਨ ਵਹਾ ਕੇ ਝੂਠਾਂ ਫਰੇਬਾਂ ਨਾਲ ਕਬਜੇ ਕੀਤੇ ਹੋਏ ਨੇ ਇਨਾ ਵੀ। ਅਫਰੀਕਾ ਵਾਲੇ ਆਂਹਦੇ ਜਦ ਇਹ ਆਏ ਇਨ੍ਹਾਂ ਹੱਥ ਬਾਈਬਲ ਸੀ ਅਸੀਂ ਅਪਣੀ ਧਰਤੀ ਦੇ ਮਾਲਕ ਪਰ ਜਦ ਅਖਾਂ ਖੋਹਲੀਆਂ ਬਾਈਬਲ ਸਾਡੇ ਅੱਗੇ ਧਰ ਗਏ ਸਾਡੀ ਧਰਤੀ ਦੇ ਮਾਲਕ ਇਹ ਸਨ। ਕੋਈ ਦਸੇ ਕਨੇਡਾ ਅਮਰੀਕਾ ਅਸਟ੍ਰੇਲੀਆ ਇਨਾ ਦਾ ਕਿਵੇਂ? ਇਓਂ ਤਾਂ ਹਿੰਦੁਸਤਾਨ ਵੀ ਇਨਾ ਦਾ ਸੀ ਕਦੇ। ਇਹ ਵੀ ਤਾਂ ਦੂਜਿਆਂ ਦੇ ਮੁਲਖ ਤੁਰੇ ਫਿਰਦੇ ਨੇ।

📍 ਸਾਡੇ ਵੰਨੀ ਵੀ ਸਿੱਧੇ ਆਓਂਦੇ ਤਾਂ ਅਫਸੋਸ ਨਾ ਸੀ ਅਤੇ ਦੋ ਹੱਥ ਕਰਦੇ, ਪਰ ਬੇਈਮਾਨੀਆਂ ਨਾਲ ਡੋਗਰਿਆਂ ਰਾਹੀਂ ਵੜਕੇ ਖਾਲਸਾ ਰਾਜ ਹੜਪਿਆ ਅਤੇ ਸੰਸਾਰ ਉਪਰ ਸੂਰਜ ਨਾ ਡੁਬਣ ਦੇਣ ਵਾਲਾ ਰਾਜ ਕੀ ਇਨੀ ਸੱਚ ਬੋਲ ਕੇ ਲਿਆ? ਸੰਸਾਰ ਉਪਰ ਮਨੁੱਖਤਾ ਦਾ ਖੂਨ ਮੁਸਲਮਾਨਾਂ ਤੋਂ ਵੀ ਜਿਆਦਾ ਈਸਾਈਅਤ ਨੇ ਡੋਹਲਿਆ ਹੋਇਆ ਜੋ ਕਿ ਹਾਲੇ ਤੀਕ ਡੋਹਲ ਰਹੀ ਹੈ।

🔹 ਸੱਚ ਇਕ ਹੀ ਹੁੰਦਾ ਦੋ ਹੋ ਜਾਣ ਤਾਂ ਓਹ ਸੱਚ ਨਹੀਂ ਰਹਿੰਦਾ। ਦੋ ਸੱਚ ਹੋ ਹੀ ਨਹੀਂ ਸਕਦੇ। ਇਓਂ ਨਹੀ ਕਦੇ ਧਰਤੀ ਚਪਟੀ, ਕਦੇ ਤਿੱਖੀ, ਕਦੇ ਤਿਕੋਣੀ ਅਤੇ ਗੋਲ ਕਹਿਣ ਵਾਲੇ ਦਾ ਸਿਰ ਵੱਢ ਦਿਓ। ਇਨੀ ਤਾਂ ਜੀਸਸ ਦਾ ਪਿਓ ਮਨਫੀ ਕਰਕੇ ਓਸ ਭਲੇ ਆਦਮੀ ਨੂੰ ਵੀ ਸ਼ੱਕੀ ਕਰ ਮਾਰਿਆ। ਸੱਚ ਦੀ ਸ਼ੁਰੂਆਤ ਹੀ ਸ਼ੱਕੀ ਤਾਂ ਸੱਚ ਤਾਂ ਪਾਟੇਗਾ ਹੀ ਅਤੇ ਇਹੀ ਕਾਰਨ ਕਿ ਵੈਸਟ ਦੀਆਂ ਚਰਚਾਂ ਨੂੰ ਤਾਲੇ ਲਗ ਚੁਕੇ ਹੋਏ ਨੇ ਕਦ ਦੇ ਯਾਣੀ ਘਰ ਦੇ ਦਾਣੇ ਵਿੱਕ ਚੁਕੇ ਹੋਏ ਬਾਹਰ ਜਾ ਕੇ ਜਹਾਦ ਕਰਦੇ ਫਿਰਦੇ।

✅ ਸੱਚ ਉਧੜਦਾ ਨਹੀਂ ਕਦੇ, ਸੱਚ ਨੂੰ ਸੀਣ ਮਾਰਨੀ ਹੀ ਨਹੀਂ ਪੈਂਦੀ। ਪਾਟਣੋਂ ਪਾਟ ਜਾਊ ਪਰ ਉਧੜੂ ਨਾ ਕਦੇ।

⭕ ਦਸ ਦਿਓ ਜੇ ਚਰਖੜੀ 'ਤੇ ਚੜ ਕੇ ਉਧੜਿਆ ਜਾਂ ਆਰੇ ਹੇਠ ਸਿਰ ਦੇ ਕੇ ਉਧੜ ਗਿਆ। ਪਾੜ ਸੁੱਟੇ ਵਿਚਾਲਿਓਂ, ਪਰ ਉਧੜੇ ਨਾ।

🙏 ਬਾਬਾ ਅਪਣਾ ਕੜੀਆਂ ਵਰਗੇ ਜਵਾਨ ਪੁੱਤ ਬਚਾ ਸਕਦਾ ਸੀ, ਓਨਾ ਦੀਆਂ ਲਾਸ਼ਾਂ ਲਿਤਾੜ ਕੇ ਲੰਘਣੋ ਬਚਿਆ ਜਾ ਸਕਦਾ ਸੀ ਜੇ ਚਮਕੌਰੋਂ ਨਿਕਲ ਤੁਰਦੇ ਹਾਲੇ ਸਮਾਂ ਹੈ ਸੀ ਪਰ ਸੱਚ ਕੀ ਹੋਇਆ ਜੇ ਉਧੜ ਤੁਰਿਆ ਅਤੇ ਸੰਸਾਰ ਨੂੰ ਦਸਿਆ ਕਿ ਲੜਿਆ ਇਓਂ ਵੀ ਜਾਂਦਾ ਅਤੇ ਓਹ ਸੱਚ ਅੱਜ ਤੱਕ ਲੜੀ ਤੁਰਿਆ ਆਓਂਦਾ ਅਤੇ ਓਹ ਵੀ ਬਿਨਾ ਕਿਸੇ ਜਰਨੈਲ ਤੋਂ।

ਈਸਾਈਅਤ ਨੂੰ ਪੁਛੋ ਤੇਰਾਂ (13) ਨਾਲ ਨਫਰਤ ਕਿਓਂ। ਸੱਚ ਕਾਹਦਾ ਜੇ ਚੇਲੇ ਗੁਰੂ ਨੂੰ ਹੀ ਛੱਡ ਕੇ ਭੱਜ ਨਿਕਲੇ। ਸਾਡਿਆਂ ਤਾਂ ਬੇਦਾਵੇ ਦੇ ਕੇ ਵੀ ਆਣ ਸਿਰ ਦਿਤੇ ਅਤੇ ਮੌਤ ਨਾਲ ਭਿੜ ਗਏ। ਨਾ ਕੋਈ ਆਰੇ ਹੇਠ ਸਿਰ ਦੇਣੋਂ ਦੌੜਿਆ ਨਾ ਦੇਗ ਵਿਚ ਉਬਲਣੋ ਨਾ ਜਿਓਂਦਾ ਸੜਨੋ।

ਪਾਦਰੀ ਇਨਾ ਦੇ ਤਾਂ ਹਾਲੇ ਕੱਲ ਚਰਚਾਂ ਬਣਾਓਂਣ ਖਾਤਰ ਪੈਸੇ ਲੈ ਲੈ ਸਵਰਗਾਂ ਦੀਆਂ ਟਿਕਟਾਂ ਵੇਚਦੇ ਰਹੇ ਨੇ ਫਸਟ, ਸੈਕਿੰਡ ਅਤੇ ਥਰਡ ਕਲਾਸ ਦੀਆਂ, ਪਰ ਓਹ ਚਰਚਾਂ ਫਿਰ ਵੀ ਨਾ ਬਚ ਸਕੀਆਂ।

ਸੱਚ ਕਦੇ ਪੁਰਾਣਾ ਨਹੀਂ ਹੁੰਦਾ ਨਾ ਕਦੇ ਸਮਾਂ ਵਿਹਾ ਚੁਕਾ ਹੋਇਆ।

ਮੇਰਾ ਸੱਚ ਮੈਂ ਤੋਂ ਸ਼ੁਰੂ ਨਹੀਂ ਹੁੰਦਾ ਕਿ ਮੈਨੂੰ ਰਬ ਮੰਨੋ, ਮੈਂ ਹੀ ਕਰਤਾ ਹਾਂ ਜਾਂ ਮੈਂ ਰੱਬ ਦਾ ਸਕਾ ਪੁੱਤ ਹਾਂ, ਜਾਂ ਮੈਨੂੰ ਹੀ ਆਖਰੀ ਪੈਗੰਬਰ ਭੇਜਿਆ ਗਿਆ ਹੈ। ਮੇਰਾ ਸੱਚ "ਤੂੰ" ਤੋਂ ਸ਼ੁਰੂ ਹੁੰਦਾ ਅਤੇ "ਤੂੰ" ਵਿੱਚ ਹੀ ਸਮਾਅ ਜਾਂਦਾ। ਮੇਰੇ ਸੱਚ ਦਾ ਬੇਸ ਸਚਿਆਰਾ ਕਿਵੇਂ ਹੋਣ ਵੰਨੀ ਹੈ, ਜਿਹੜਾ ਕਿ ਜਦ ਤੋਂ ਮਨੁੱਖ ਨੇ ਸੁਰਤ ਸੰਭਲੀ ਅਤੇ ਜਦ ਤੀਕ ਇਸ ਦੀ ਹੋਂਦ ਧਰਤੀ ਪੁਰ ਰਹੇਗੀ ਇਸ ਸੱਚ ਦੇ ਸਨਮੁੱਖ ਇਸ ਨੂੰ ਖੜੋਣਾ ਹੀ ਪਵੇਗਾ। ਜਿਓਂ ਜਿਓਂ ਅਗੇ ਜਾਏਗਾ ਇਹ ਸੱਚ ਹੋਰ ਨਵਾਂ ਹੋਕੇ ਮਿਲੇਗਾ ਕਿ ਮੈਂ ਸਚਿਆਰ ਕਿਵੇਂ ਹੋਣਾ।

ਪਦਾਰਥਵਾਦ ਦੇ ਰੇਗਸਤਾਨਾਂ ਵਿੱਚ ਭਟਕਿਆ ਹੋਇਆ ਮਿਰਗ ਜਦ ਹਫ ਜਾਏਗਾ ਤਾਂ ਫਿਰ ਇਹ ਸਵਾਲ ਇਸ ਅਗੇ ਆਣ ਖੜਾ ਹੋਵੇਗਾ ਕਿ ਆਖਰੀ ਰਸਤਾ ਆਖਰ ਸਚਿਆਰ ਹੋਣ ਵੰਨੀ ਹੀ ਖੁਲਣਾ ਅਤੇ ਮੈਂ ਕਿਵੇਂ ਹੋਵਾਂ। ਮੈਂ ਜਿਹੜੇ ਮਰਜੀ ਤਾਰੇ ਤੋੜ ਆਵਾਂ ਪਰ ਡਿਗਣਾ ਆਖਰ ਧਰਤੀ 'ਤੇ ਹੀ ਹੈ ਅਤੇ ਡਿਗੇ ਹੋਏ ਤੋਂ ਇਹੀ ਕਹਿ ਹੋਣਾ ਕਿ ਐਵੇਂ ਹੀ ਭਟਕੀ ਗਿਆ ਮਨ ਦਾ ਸਕੂਨ ਤਾਂ ਸਚਿਆਰ ਹੋਣ ਵਿਚ ਹੀ ਸੀ।

ਜੇ ਮੈਂ ਇਸ ਸੱਚ ਤੋਂ ਦੌੜ ਹੀ ਨਹੀਂ ਸਕਦਾ ਤਾਂ ਇਹ ਸੱਚ ਪੁਰਾਣਾ ਕਿਵੇਂ ਹੋ ਗਿਆ।

ਮਨੁੱਖਤਾ ਜਿਓਂ ਜਿਓਂ ਭਟਕੇਗੀ ਇਹ ਸੱਚ ਤਿਓਂ ਤਿਓਂ ਨਵਾਂ ਹੋ ਕੇ ਮੇਰੇ ਅਗੇ ਆਣ ਖੜਾ ਹੋਵੇਗਾ ਕਿਓਂਕਿ ਸੱਚ ਕਦੇ ਪੁਰਾਣਾ ਹੁੰਦਾ ਹੀ ਨਹੀਂ।

ਮਾੜੀਆਂ ਕਰਤੂਤਾਂ ਹੀ ਛੱਡਣ ਨੂੰ ਗੁਰਾਂ ਦਾ ਸੱਚ ਵਾਰ ਵਾਰ ਮੈਨੂੰ ਕਹਿੰਦਾ ਹੋਰ ਇਸ ਵਿੱਚ ਕਿਹੜੀ ਚੰਨ ਤਾਰਿਆਂ ਦੀ ਗਲ ਕੀਤੀ ਕਿ ਤਾਰਿਆਂ ਦੀ ਗੰਗਾ ਕਿੰਨੀ ਦੂਰ ਅਤੇ ਕਿਧਰ ਨੂੰ ਵਹਿੰਦੀ, ਚੰਨ ਕਿੰਨੀ ਦੂਰ ਜਾਂ ਸੂਰਜ ਕਿੰਨੇ ਮੀਲ। ਧਰਤੀ ਹੇਠ ਬਲਦ ਦੇ ਸਿੰਗ ਨੇ ਜਾਂ ਸ਼ੇਸ਼ਨਾਗ ਫਨ ਚੁਕੀ ਖੜਾ। ਔਰਤ ਬੰਦੇ ਦੀ ਵਖੀ ਵਿਚੋਂ ਪੈਦਾ ਹੋਈ ਜਾਂ ਕਿਸੇ ਸਰਾਪ ਨਾਲ।

ਵਿਗਿਆਨ ਦਾ ਸੱਚ ਰੋਜ ਬਦਲਦਾ ਅਤੇ ਰੋਜ ਪਾਟਦਾ। ਰੋਜ ਨਵੀਆਂ ਲੀਰਾਂ ਇਸ ਨੂੰ ਲਾਓਂਣੀਆਂ ਪੈਦੀਆਂ ਅਤੇ ਨਵੇਂ ਟਾਂਕੇ ਜੜਨੇ ਪੈਂਦੇ। ਅੱਜ ਸੱਚ ਹੋਰ ਸੀ, ਕਲ ਨੂੰ ਹੋਰ ਲਭ ਜਾਂਦਾ, ਪਰਸੋਂ ਹੋਰ ਹੋਇਆ ਹੁੰਦਾ, ਪਰ ਜਿਸ ਸੱਚ ਦੀ ਗਲ ਗੁਰਾਂ ਦਸੀ ਓਹ ਤਾਂ ਬੰਦੇ ਦੀ ਜਿੰਦਗੀ ਤੋਂ ਸ਼ੁਰੂ ਹੋ ਕੇ ਮਰਨ ਤੀਕ ਨਾਲ ਹੀ ਚਲਦਾ। ਲੋਭ, ਕ੍ਰੋਧ, ਹੰਕਾਰ ਦਸੋ ਜੇ ਨਹੀਂ ਚਲਦਾ ਅਤੇ ਇਹੀ ਤਾਂ ਸਾਰੀ ਚਰਚਾ ਹੈ ਕਿ ਇਨਾ ਤੋਂ ਛੁਟ ਕੇ ਮੈਂ ਬੰਦਾ ਬਣ ਜਾਂ।

👉 ਯਾਦ ਰਖਣਾ ਈਸਾਈਅਤ ਦਾ ਸੱਚ ਬੰਦੇ ਦੀ ਮਦਦ ਬਾਅਦ ਕਰਦਾ, ਪਹਿਲਾਂ ਈਸਾਈ ਬਣਾਉਂਦਾ। ਮੇਰੇ ਗੁਰਾਂ ਦਾ ਸੱਚ ਖੁਲੇ ਗਫੇ ਵਰਤਾ ਵੀ ਨਾ ਕਿਸੇ ਦਾ ਧਰਮ ਪੁਛਦਾ, ਨਾ ਜਾਤ, ਨਾ ਇਲਾਕਾ ਅਤੇ ਨਾ ਕਹਿੰਦਾ ਸਿੱਖ ਹੋ ਜਾਹ, ਕਿਓਕਿ ਮੈਂ ਤੇਰੀ ਮਦਦ ਕੀਤੀ ਹੈ। ਨਾ ਕਿਸੇ ਨੂੰ ਸਿੱਖ ਹੋਣ ਲਈ ਡਰਾਉਂਦਾ, ਨਾ ਲਾਲਚ ਦਿੰਦਾ ਕਿਓਂਕਿ ਸੱਚ ਡਰ ਅਤੇ ਲਾਲਚ ਤੋਂ ਪਰੇ ਹੈ, ਜਿਸ ਨੇ ਆਓਂਣਾ ਤਲੀ 'ਤੇ ਸਿਰ ਰੱਖ ਕੇ ਆਵੇ ਨਹੀਂ ਤਾਂ ਅਪਣੇ ਘਰ ਬੈਠੇ, ਕਿਓਂਕਿ ਇਥੇ ਮੁੜਕੇ ਟਾਂਕੇ ਜਾਂ ਸੀਣਾ ਨਹੀਂ ਵੱਜਣੀਆਂ। ਕਿ ਵੱਜਣੀਆਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top