Share on Facebook

Main News Page

🙏 ਕੀਰਤਨੁ ਨਿਰਮੋਲਕ ਹੀਰਾ॥ 💎
-: ਗੁਰਦੇਵ ਸਿੰਘ ਸੱਧੇਵਾਲੀਆ
07.08.2024
#KhalsaNewsws #GurdevSingh #sadhewalia #kirtaniya #ragi #ਬੇਈਮਾਨ

💎 ਹੀਰਾ! ਯਾਣੀ ਬੇਹੱਦ ਕੀਮਤੀ।
.....ਪਰ ਕੌਮ ਮੇਰੀ ਦੀ ਹਾਲਤ ਉਸ ਘੁਮਿਆਰ ਵਰਗੀ ਜਿਨ ਚੱਕ ਕੇ 🐴 ਗਧੇ ਗਲ ਬੰਨ ਦਿੱਤਾ, ਜਿਹੜਾ ਜੱਗੇ ਦੀ ਤਾਨ ਵੀ ਲਾਈ ਜਾਂਦਾ ਅਤੇ ਕੀਰਤਨ ਦੇ ਨਾ 'ਤੇ ਮਿਰਜ਼ਾ ਗਾਓਂਣ ਵਾਲਾ ਭੁੱਸ ਵੀ ਪੂਰਾ ਕਰੀ ਜਾਂਦਾ।

✍️ ਲਫਜ਼ ਕਠੋਰ ਲਗਣਗੇ, ਪਰ ਜਦ ਤੁਸੀਂ ਹੋ ਰਹੇ ਕੀਰਤਨ ਦੀ ਦੁਰਦਸ਼ਾ ਦੇਖਦੇ ਤਾਂ ਕੀ ਕਹੋਂਗੇ? ਮਨ ਤਾਂ ਨੀਵਾਣ ਭਾਲਦਾ ਕਿ ਘਾਟੀ ਨਾ ਚੜਨੀ ਪਵੇ ਤਾਂ ਕੀਰਤਨ 'ਤੇ ਜਦ ਫਿਲਮੀ ਧੁਨ ਵਜੇਗੀ ਤਾਂ ਸ਼ਬਦ ਕਿੱਥੇ ਰਹਿ ਗਿਆ? ਜਿਹੜਾ ਕੀਰਤਨੀਆਂ ਖੁਦ ਦੀ ਧੁਨ ਬਣਾ ਕੇ, ਸਬਦ ਯਾਦ ਕਰਕੇ ਨਹੀਂ ਗਾ ਸਕਦਾ, ਉਹ ਕਿੰਨਾ ਕੁ ਈਮਾਨਦਾਰ ਹੋਏਗਾ?

🙂 ਕੀਰਤਨ ਮਨ ਦਾ ਠਹਿਰਾਓ ਐ, ਰੂਹ ਦੀ ਖੁਰਾਕ, ਮਨ ਦਾ ਸਕੂਨ, ਖੁਦ ਦੇ ਅੰਦਰ ਉਤਰ ਜਾਣਾ। ਕੀਰਤਨ ਦਿਆਂ ਖੰਭਾਂ 'ਤੇ ਉਡਕੇ ਮਨ ਅਕਾਸ਼ਾਂ ਵੰਨੀ ਚੜਦਾ, ਗਹਿਰਾਈਆਂ ਵਿੱਚ ਡੁੱਬਦਾ ਬਸ ਆਹੀ ਕਾਰਣ ਕਿ ਇਹ ਕੀਮਤੀ ਹੀਰਾ ਹੈ।

😈 ਸੱਜਣ ਵਰਗੇ ਠੱਗ ਨੂੰ ਸੰਤ ਬਣਾ ਦਿੰਦਾ ਕੀਰਤਨ। ਭੂਮੀਏ ਵਰਗੇ ਡਾਕੂ ਦੇ ਕਵਾੜ ਖੋਹਲ ਦਿੰਦਾ ਕੀਰਤਨ। ਬਾਬਾ ਜੀ ਅਪਣਿਆਂ ਇਸੇ ਕੀਰਤਨ ਨਾਲ ਦੁਨੀਆਂ ਜਿੱਤ ਲਈ, ਕੌਡੇ ਵਰਗੇ ਬੰਦੇ ਖਾਣੇ ਮੋਮ ਕਰ ਛੱਡੇ। ਪੰਡਤ ਮੁਲਾਣੇ, ਜੋਗੀ, ਸਿੱਧ ਸਭ ਕੀਰਤਨ ਨੇ ਜਿੱਤ ਲਏ। ਪਰ ਹੁਣ?

😧 ਦੇਹ ਤੇਰੇ ਦੀ ਚਾਂਗਾ ਅਤੇ ਚਿਮਟਿਆਂ ਦਾ ਸ਼ੋਰ, ਢੋਲਕੀਆਂ ਦੇ ਸਿਰ ਵਿੱਚ ਹਥੌੜੇ। ਕਦੇ ਮਿਰਜ਼ੇ ਦੀ, ਕਦੇ ਜੱਗੇ ਦੀ ਤਾਨ ਅਤੇ ਇਸ ਸ਼ੋਰਗੁਲ ਵਿੱਚ ਗੁਰਾਂ ਦੇ ਪਾਵਨ ਬਚਨ ਤੂੜੀ ਤਰਾਂ ਉਡ ਕੇ ਰਹਿ ਗਏ। ਐਨੇ ਅਣਮੁਲੇ ਬਚਨਾਂ ਨੂੰ ਤੁਸੀਂ ਚਾਗਾਂ ਮਾਰ ਮਾਰ ਗਾਓਂਣ ਦਾ ਸੋਚ ਕਿਵੇਂ ਸਕਦੇਂ?

👁️ ਕੀਰਤਨ ਨੂੰ ਨੱਚਣ ਗਾਓਣ ਵਰਗੇ ਮਹੌਲ ਵਿਚ ਗਾ ਕੇ ਤੁਸੀਂ ਕੀਰਤਨ ਰਹਿਣ ਹੀ ਕੱਦ ਦਿਤਾ? ਜਗਰਾਤੇ ਦੀਆਂ ਭੇਟਾਵਾਂ ਗਾਓਂਣ ਦੇ ਪੱਧਰ ਤੱਕ ਲਿਆ ਕੇ ਕੀਰਤਨ ਦੀ ਤੌਹੀਨ ਨਹੀਂ ਕੀਤੀ ਤਾਂ ਕੀ ਐ?

️🎶 ਵੱਡੇ ਵੱਡੇ ਕੀਰਤਨ ਦਰਬਾਰਾਂ ਅਤੇ ਇੰਨੀ ਫੜ ਲਓ, ਮਾਰ ਦਿਓ ਦੇ ਬਾਵਜੂਦ ਕੌਮ ਮੇਰੀ ਦਾ ਹਾਲ? ਕਿਉਂਕਿ ਓਹ ਗੁਰ ਲਿਵ ਨਾਲ ਜੁੜ ਹੀ ਨਾ ਸਕੀ। ਜਿੱਥੇ ਜਾ ਕੇ ਜੁੜਨਾ ਸੀ, ਓਥੇ ਵੀ ਅਗਿਓਂ ਬਾਲੀਵੁੱਡ।

️🎯 ਇਸ ਲਈ ਮੈਂ ਕਹਿੰਨਾ ਚਾਰ ਕੀਰਤਨੀਏ ਹੀ ਚਾਹੇ ਰਹਿ ਜਾਣ, ਪਰ ਲੋਕ ਤਰਸਣ ਕੀਰਤਨ ਸੁਣਨ ਨੂੰ।

🙏 ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿਚ ਜਿਹੜੇ ਪੁਰਾਣੇ ਤੁਰਦੇ ਰਹੇ ਲੋਕ ਨੇ ਦਸਿਓ ਭਲਾ ਓਹੀ ਕੀਰਤਨ ਹੁੰਦਾ ਹੁਣ ਵੀ? ਕਵਿਤਾਵਾਂ ਦਾ ਫਿਲਮੀ ਗਾਣਿਆਂ ਦਾ, ਮਾਤਾ ਦੀਆਂ ਭੇਟਾਂ ਦਾ ਅਤੇ ਕੀਰਤਨ ਦਾ ਫਰਕ ਹੀ ਨਹੀਂ ਮਿੱਟ ਗਿਆ ਤਾਂ ਦੱਸੋ। ਸਹਿਜ ਰਿਹਾ ਨਾ ਸੁਹਜ।

💰 ਧੰਦਾ ਤਾਂ ਚਲੋ ਬਣਾ ਲਿਆ ਇੱਥੇ ਤੱਕ ਵੀ ਸਹਿਮਤ, ਪਰ ਧੰਦਾ ਹੀ ਈਮਾਨਦਾਰੀ ਨਾਲ ਕਰ ਲੈਂਦੇ। ਧੰਦੇ ਵਿਚ ਵੀ ਬੇਈਮਾਨੀ!! ਬੇਈਮਾਨੀ ਨਾ ਹੁੰਦੀ ਤਾਂ ਫਿਲਮਾਂ ਦੀਆਂ ਧੁਨਾਂ ਉਪਰ ਨਿਰਭਰ ਕਿਓਂ ਹੋਣਾ ਪੈਂਦਾ? ਮਾਤਾ ਦੀਆਂ ਭੇਟਾਵਾਂ ਤੱਕ ਕਿਓਂ ਪਹੁੰਚਣਾ ਪੈਂਦਾ? ਪੜਾਈ ਵਿੱਚ ਪਛੜੇ ਨਿਆਣੇ ਤਰ੍ਹਾਂ ਪਰਚੀਆਂ ਪਾੜ ਪਾੜ ਵਾਜਿਆਂ 'ਤੇ ਕਿਓਂ ਰਖਣੀਆਂ ਪੈਂਦੀਆਂ?

⚠️ ਇਹ ਖਦਸ਼ਾ ਕਿ ਕੀਰਤਨੀਏ ਹੀ ਖਤਮ ਹੋਣ ਵੰਨੀ ਵਧ ਰਹੇ ਨੇ, ਪਰ ਮੈਂ ਕਹਿੰਨਾ ਅਜਿਹਾ ਧੂੜ ਧੜਕਾ ਖਤਮ ਹੋ ਹੀ ਜਾਣਾ ਚਾਹੀਦਾ। ਜਦ ਇਹ ਨਹੀਂ ਸਨ, ਕੌਮ ਓਦੋਂ ਵੀ ਜਿਓਂਦੀ ਸੀ, ਅੱਗੇ ਵੀ ਸਾਰ ਲਏਗੀ।

⛔ ਇਹ ਕਾਹਦਾ ਓਲਾਮਾ ਕਿ ਕੌਮ ਪੈਸੇ ਤਾਂ ਪੂਰੇ ਕੀਰਤਨੀਆਂ ਨੂੰ ਚੱਜ ਨਾ ਦਿੰਦੀ ਨਹੀਂ। ਜਿਹੜੇ ਕੰਮ ਵਿਚ ਤੁਹਾਨੂੰ ਮਨ ਚਾਹੇ ਪੈਸੇ ਨਹੀਂ ਮਿਲਦੇ ਛੱਡ ਦੇਣਾ ਚਾਹੀਦਾ, ਪਰ ਇਸ ਬਹਾਨੇ ਕੀਰਤਨ ਦਾ ਅਨਾਦਰ ਨਹੀਂ ਕਰਨਾ ਚਾਹੀਦਾ।

💢 ਗਾਓਂਣ ਵਾਲਿਆਂ ਮੁਕਾਬਲੇ ਤੁਲਨਾ ਕਰਨ ਵਾਲੇ ਓਧਰ ਹੋ ਲੈਣ ਕਿਹੜਾ ਕਿਸੇ ਰੋਕਿਆ? ਬਥੇਰੀ ਮੰਡੀਰ ਕੰਨਾਂ ਵਿੱਚ ਮੁੱਤੀਆਂ ਪਾਈ ਲਗੀ ਫਿਰਦੀ, ਤੁਹਾਨੂੰ ਵੀ ਬਰਦਾਸ਼ਤ ਕਰ ਲੈਂਣਗੇ। ਦੁਰਗਾ ਰੰਗੀਲਾ ਜਾਂ ਦਲੇਰ ਮਹਿੰਦੀ ਜਾਂ ਹੋਰ ਜਿਹੜੇ ਚੰਨ ਤਾਰੇ ਤੋੜ ਲਿਆਏ, ਤੁਸੀਂ ਵੀ ਤੋੜ ਲਵੋ, ਪਰ ਇਸ "ਨਿਰਮੋਲਕ ਹੀਰੇ" ਨੂੰ ਕੌਡੀਆਂ ਵੱਟੇ ਨਾ ਵੇਚੋ।🙏

#harjindersingh #srinagar #Rangila #PaontaSahib #sarabjeetsinghlaadi #babiha #RanjitSinghDhadrianWale #nanaksar #DhakkiSahib #Guriqbal #kaulan #joni #sodhi #anoopsingh #Anantveer #singers #bollywood


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top