Share on Facebook

Main News Page

💔 ਜਨਰੇਸ਼ਨ ਗੈਪ #Generation #Gap 💔
-: ਗੁਰਦੇਵ ਸਿੰਘ ਸੱਧੇਵਾਲੀਆ 
07.01.2026
#KhalsaNews #GurdevSingh #sadhewalia #Generation #Gap

👆 ਇਹ ਲਫਜ਼ ਆਮ ਵਰਤੋਂ ਵਿਚ ਆਓਂਦਾ ਕਰਕੇ ਮੈਂ ਇਵੇਂ ਹੀ ਕਹਿ ਦਿਤਾ।
ਪਹਿਲਾਂ ਗੈਪ ਜਾਂ ਤਾਂ ਹੁੰਦਾ ਹੀ ਨਾ ਸੀ ਜਾਂ ਬਹੁਤ ਘੱਟ। ਓਹੀ ਹਲ਼ ਪੰਜਾਲੀ ਪਿਓ, ਦਾਦਾ, ਪੜਦਾਦਾ ਫੜਦਾ ਸੀ ਓਹੀ ਅਗਿਓਂ ਪੁੱਤ, ਪੋਤੇ, ਪੜਪੋਤੇ। ਸਿਆੜ ਕਿਵੇਂ ਸਿੱਧਾ ਰੱਖਣਾ, ਪਸ਼ੂ ਦੇ ਫਾਲਾ ਨਾ ਵੱਜੇ ਕਿਵੇਂ ਬਚਾਓਂਣਾ, ਬੀਅ ਕਦ ਕੇਰਨਾ ਪਾਣੀ ਕਦ ਦੇਣਾ ਇਨੀਆਂ ਕੁ 5-7 ਗਲਾਂ ਜੋ ਪਿਓ ਨੇ ਦਾਦੇ ਤੋਂ ਸਿਖੀਆਂ ਹੁੰਦੀਆਂ ਸਨ, ਓਹੀ ਅਗਿਓਂ ਪਿਓ ਆਵਦੇ ਨਿਆਣਿਆਂ ਨੂੰ ਦਸ ਕੇ ਤੁਰ ਜਾਂਦਾ ਸੀ ਅਤੇ ਸਦੀਆਂ ਤੋਂ ਇਓਂ ਹੀ ਚਲਦਾ ਰਿਹਾ।

#ਜਨਰੇਸ਼ਨ #ਗੈਪ ਵਰਗੀ ਕੋਈ ਬਾਹਲੀ ਗਲ ਹੁੰਦੀ ਨਾ ਸੀ। ਹੁਣ ਵਾਲਾ ਮਨੁੱਖ ਇਨਾ 'ਜੰਪ' ਕਰ ਗਿਆ ਅਤੇ ਇਹ ਪਾੜਾ ਇਨਾ ਵੱਡਾ ਹੋ ਗਿਆ ਕਿ ਮਾਪਾ ਇਕ ਪਾਰ ਖੜੋਤਾ, ਉਲਾਦ ਉਸ ਦੀ ਦੂਜੇ ਪਾਰ ਛਾਲ ਮਾਰ ਗਈ।

👉 ਹੁਣ ਪੁੱਤ ਨਹੀਂ, ਮਾਪਾ ਪੁੱਤ ਨੂੰ ਫੋਨ ਚਲਾਉਣ ਬਾਰੇ ਜਾਂ ਹੋਰ ਘਾਲੇ ਮਾਲਿਆਂ ਬਾਰੇ ਪੁੱਛ ਰਿਹਾ ਹੁੰਦਾ। ਹੁਣ ਉਲਾਦ ਨਹੀਂ ਮਾਪਾ ਉਲਾਦ ਉਪਰ ਨਿਰਭਰ ਹੈ। ਕੋਲ ਬੈਠੇ ਮਾਪੇ ਨੂੰ ਕੱਖ ਪਤਾ ਨਾ ਨਿਆਣਾ ਉਸ ਦਾ ਕਿਸੇ ਨਾਲ ਲੜ ਰਿਹਾ ਜਾਂ ਪੀਘਾਂ ਪਾਈ ਬੈਠਾ।

💢 ਅਜਿਹੇ ਕਈ ਹੋਰ ਕਾਰਣਾਂ ਕਾਰਣ ਮਾਪਾ ਹੀਣਭਾਵਨਾ ਵਿਚ ਉਤਰ ਜਾਂਦਾ ਕਿ ਓਹ ਬਹੁਤ ਪਿਛੇ ਰਹਿ ਗਿਆ, ਬਹੁਤ ਪਛੜ ਗਿਆ ਮਹਿਸੂਸ ਕਰਦਾ ਅਤੇ ਇਸ ਪੱਛੜੇਪਨ ਦੇ ਅਸਿਸਾਸ ਵਿਚ ਓਹ ਗਧੇ ਤੋਂ ਗਧੇ ਨਿਆਣੇ ਨੂੰ ਵੀ ਅਪਣੇ ਤੋਂ ਸਮਝਦਾਰ ਸਮਝਣ ਲਗ ਜਾਂਦਾ। ਅਤੇ ਕਈ ਦਫਾ ਇਸ ਪਛੜੇਪਨ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਕੁਝ ਮਾਪਾ ਬੀਚਾਂ ਉਪਰ ਕੱਛੇ ਪਾਕੇ ਨਾਲ ਮਾਈਆਂ ਦੇ ਟੋਪੀਆਂ ਪਵਾ ਵਲੈਤੀ ਜਿਹੀਆਂ ਚੀਕਾਂ ਮਾਰਦਾ ਬੜਾ ਹਾਸੋ ਹੀਣਾ ਜਿਹਾ ਲਗ ਰਿਹਾ ਹੁੰਦਾ, ਕਿਉਂਕਿ ਮਹੌਲ ਹੋਰ ਵਿਚ ਪੈਦਾ ਹੋਇਆ ਹੁੰਦਾ ਕਰਕੇ ਨਾ ਤਾਂ ਨੀਕਰ ਲਾਹਕੇ ਗੋਰਿਆਂ ਤਰਾਂ ਅੰਡਰਵੀਅਰ ਨਾਲ ਘੁੰਮ ਸਕਦਾ, ਨਾ ਗੋਰੀਆਂ ਤਰਾਂ ਮਾਈ ਆਵਦੀ ਨੂੰ ਲੋਕਾਂ ਸਾਹਵੇਂ ਅਲਫ ਕਰ ਸਕਦਾ ਹੁੰਦਾ। ਅਤੇ ਕੁਝ ਮਾਪਾ ਸਮਾਜ ਦੀ ਸ਼ਰਮੋ ਕੁਸ਼ਰਮੀ ਦਬਿਆ ਘੁਟਿਆ ਹੀ ਤੁਰ ਜਾਂਦਾ ਸੰਸਾਰ ਤੋਂ।

🪃 ਇਹ ਬਹੁਤ ਕਸੂਤਾ ਮੋੜ ਐ "ਕੂਹਣੀ ਮੋੜ" ਜਿਸ ਨੂੰ ਮੁੜਦਿਆਂ ਬਹੁਤਾ ਮਾਪਾ ਅਪਣੀ ਗੱਡੀ ਹੀ ਪਲਟਾ ਬੈਠਦਾ, ਪਰ ਕੁਝ ਬੁੱਢੇ ਹੋਣ ਦੀ ਦਹਿਲੀਜ 'ਤੇ ਜਾ ਕੇ ਵੀ ਮਾਈਆਂ ਦੇ ਵਾਲ ਗਲ 'ਚ ਪਵਾ ਖੁਦ ਸੜੀਆਂ ਜਿਹੀਆਂ ਲਤਾਂ ਨਾਲ ਨੀਕਰ ਪਾ ਕੇ ਘੁੰਮਦੇ ਬੜਾ ਚੁਟਕਲਾ ਜਿਹਾ ਹੋ ਨਿਬੜਦੇ ਅਤੇ ਇਸ ਨੂੰ ਓਹ ਸਮੇਂ ਦਾ ਹਾਣੀ ਹੋਣਾ ਮੰਨਦੇ।

🧿 ਬਹੁਤਾ ਮਾਪਾ ਸਮਝੌਤਾਵਾਦੀ ਹੋ ਕੇ 'ਨਿਆਣੇ ਬੜੇ ਸਿਆਣੇ ਨੇ ਜੀ, ਕਹਿਕੇ ਮੌਲੇ ਬਲਦ ਤਰਾਂ ਧੌਣ ਸੁੱਟ ਬਹਿੰਦੇ, ਪਰ ਕੁਝ ਅੱਖੜ ਬੰਦੇ ਜੇ ਸਮਝੌਤਾ ਐਕਸਪ੍ਰੈਸ 'ਤੇ ਨਹੀਂ ਚੜਦੇ ਤਾਂ ਖੁਦ ਦੀ ਔਰਤ ਵੀ ਛੜ ਮਾਰ ਕੇ ਔਹ ਜਾਂਦੀ, ਕਿ ਚਲ ਤੁਰਿਆ ਫਿਰ।

🗃️ ਪੁਰਾਣਾ ਹੋ ਚੁਕਾ ਮਾਪਾ ਕੀ ਜਾਣੇ ਗੂਚੀ ਜਾਂ ਅਰਮਾਨੀ, ਪਰ ਸ਼ਾਪਿੰਗ ਕਰਕੇ ਆਏ ਨਿਆਣੇ ਦੇ ਝੋਲੇ ਫੋਲ ਕੇ ਜਦ ਓਹ ਸ਼ੌਪਿੰਗ ਬਿਲ ਵਿੰਹਦੇ ਤਾਂ ਬਿਲ ਤੋਂ ਪਹਿਲਾਂ ਦਿਲ ਬੈਠ ਜਾਂਦਾ। ਇਕ ਝੱਗੇ ਦੇ ਪੈਸਿਆਂ ਦੀ ਕੀਮਤ ਵਿਚ ਉਨ ਸਾਰੇ ਟੱਬਰ ਦੇ ਕਪੜੇ ਹੰਡਾਏ ਹੁੰਦੇ, ਦਿਲ ਦਾ ਬੈਠਣਾ ਤਾਂ ਬਣਦਾ ਸੀ।

🏮ਖਾਣ ਪੀਣ, ਸੌਣ, ਬਹਿਣ, ਪਹਿਨਣ ਸਭ ਦਾ ਪਾੜਾ ਵੱਡਾ ਹੋ ਗਿਆ ਇਸ 'ਜਰਨੇਸ਼ਨ ਗੈਪ' ਵਿਚ। ਇਥੇ ਤੱਕ ਕਿ ਰੋਣ ਹੱਸਣ ਤਕ ਦਾ ਪਾੜਾ ਵਧ ਗਿਆ ਮਾਪਾ ਸੰਘ ਪਾੜ ਕੇ ਰੋਂਦਾ ਅਤੇ ਤਾੜੀ ਮਾਰ ਕੇ ਹਸਦਾ, ਪਰ ਨਵੀਂ ਪੀਹੜੀ ਰੋਂਦੀ ਵੀ ਫੁਸ ਫੁਸ ਤੇ ਹਸਦੀ ਤਾਂ ਇਓਂ ਜਿਵੇਂ ਨਕਲੀ ਦੰਦ ਡਿੱਗ ਜਾਣ ਦੇ ਖਦਸ਼ੇ ਵਾਲਾ ਹੱਸਦਾ।

🫩 ਸ਼ਾਂਤ ਰਹਿਕੇ ਕੂਚ ਕਰਨਾ ਚਾਹੁਣ ਵਾਲੇ ਮਾਪੇ ਨੂੰ ਚਾਹੀਦਾ ਕਿ ਨਿਆਣਿਆਂ ਵੰਨੀ ਦੇਖ ਦੇਖ ਦਿਲ ਬੈਠਣ ਤੋਂ ਪਹਿਲਾਂ ਅਪਣਾ ਅਲਗ ਬੈਠਣ ਦਾ ਪ੍ਰਬੰਧ ਕਰ ਲੈਣ, ਕਿਉਂਕਿ ਇਹ ਪਾੜਾ ਵੱਡਾ ਹੈ ਤੇ ਇਨੀ ਵੱਡੀ ਛਾਲ ਮਾਪੇ ਤੋਂ ਹੁਣ ਵੱਜਣੀ ਨਹੀਂ। ਕਿ ਵੱਜਣੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top