Share on Facebook

Main News Page

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ" ਭਾਗ - ਪਹਿਲਾ
-: ਇੰਦਰਜੀਤ ਸਿੰਘ, ਕਾਨਪੁਰ

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਅਪਣੇ ਮਹਾਨ ਕੋਸ਼ ਵਿਚ "ਬਚਿੱਤਰ ਨਾਟਕ" ਦਾ ਸਿੱਧਾ ਸਾਦਾ ਇਕ ਅਰਥ "ਵਿਚਿਤ੍ਰਨਾਟਕ" ਲਿੱਖ ਕੇ ਸਾਰੀ ਗੱਲ ਹੀ ਮੁਕਾ ਦਿੱਤੀ ਹੈ। "ਵਿਚਿਤ੍ਰ" ਹਿੰਦੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹਿੰਦੀ ਸ਼ਬਦਕੋਸ਼ ਵਿੱਚ "ਅਜੀਬੋਗਰੀਬ/ ਅਨੋਖਾ " ਜਾਂ "ਆਮ ਤੌਰ 'ਤੇ ਨਾਂ ਹੋਣ ਵਾਲਾ" ਹੁੰਦਾ ਹੈ ।

ਉਦਾਹਰਣ ਦੇ ਤੌਰ 'ਤੇ ਜੇ ਕਿਸੇ ਦੇ ਘਰ ਚਾਰ ਬਾਹਾਂ ਜਾਂ ਦੋ ਸਿਰ ਵਾਲਾ ਬੱਚਾ ਜੰਮ ਪਵੇ, ਤਾਂ ਸੁਭਾਵਿਕ ਹੀ ਇਹ ਕਹਿਆ ਜਾਂਦਾ ਹੈ , "ਫਲਾਣੇ ਦੇ ਘਰ "ਵਿਚਿਤ੍ਰ ਬੱਚੇ" ਨੇ ਜਨਮ ਲਿਆ ਹੈ। ਮਤਲਬ ਸਾਫ ਹੈ ਕਿ, ਕਥਿਤ ਦਸਮ ਗ੍ਰੰਥ, ਜਿਸਦਾ ਪਹਿਲਾ ਨਾਮ "ਬਚਿੱਤਰ ਨਾਟਕ" ਸੀ, ਵਾਕਈ ਇਹੋ ਜਹੀਆਂ ਅਨਗਿਨਤ "ਬਚਿੱਤਰ ਗੱਲਾਂ" ਨਾਲ ਭਰਿਆ ਪਿਆ ਹੈ, ਜੋ ਮਨੁੱਖ ਦੇ ਅਸਲ ਜੀਵਨ ਵਿੱਚ ਘਟਿਤ ਹੁੰਦੀਆਂ ਹੀ ਨਹੀਂ। ਜੇੜ੍ਹੀਆਂ ਗੱਲਾਂ ਆਮ ਜੀਵਨ ਵਿੱਚ ਵੇਖਣ ਨੂੰ ਨਹੀਂ ਮਿਲਦੀਆਂ ਜਾਂ ਤਾਂ ਉਹ ਮਿੱਥ ਹੁੰਦੀਆਂ ਹਨ ਜਾਂ ਮਨਘੜਤ। ਇਹ ਬਚਿਤੱਰੀ ਪੋਥਾ ਵੀ ਇਹੋ ਜਹੀਆਂ ਮਨਘੜਤ ਵਿਚਿਤ੍ਰ ਗੱਲਾਂ ਅਤੇ ਗੱਪਾਂ ਨਾਲ ਭਰਿਆ ਪਿਆ ਹੈ । ਜੇ ਇਹ "ਵਿਚਿਤ੍ਰ" ਹੈ ਤਾਂ "ਸੱਚ ਦੇ ਪਾਂਧੀਆਂ" ਲਈ ਇਹ ਆਰਾਧਨ ਯੋਗ ਤਾਂ ਨਹੀਂ, ਬਲਕਿ ਮਨੋਰੰਜਨ ਦਾ ਇਕ ਸਾਧਨ ਜ਼ਰੂਰ ਬਣ ਸਕਦਾ ਹੈ ।

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ "ਵਿਚਿਤ੍ਰ" ਸ਼ਬਦ ਦੇ ਅਲੰਕਾਰ ਰੂਪ ਦਾ ਅਰਥ ਕਰਦਿਆ "ਉਲਟਾ ਯਤਨ ਕਰਣ ਵਾਲਾ" ਲਿਖਿਆ ਹੈ। ਸ਼ਾਯਦ ਇਸੇ ਕਰਕੇ ਇਹ ਵਿਚਿਤ੍ਰ ਪੋਥੀ ਵਿੱਚ ਸਿੱਖ ਸਿਧਾਂਤਾਂ ਤੋਂ ਉਲਟ ਗੱਲਾਂ ਅਤੇ ਹਾਸੋਹੀਣੀਆਂ ਗੱਪਾਂ, ਥਾਂ ਥਾਂ 'ਤੇ ਲਿਖੀਆਂ ਮਿਲਦੀਆਂ ਹਨ, ਜਿਨ੍ਹਾਂ 'ਤੇ ਕੋਈ ਵੀ ਮਨੁੱਖ ਵਿਸ਼ਵਾਸ਼ ਨਹੀਂ ਕਰ ਸਕਦਾ। ਅਸੀਂ ਇਥੇ ਇਸ ਬੱਚਿਤੱਰੀ ਪੋਥੇ ਵਿੱਚ ਲਿਖੀਆਂ ਬਚਿੱਤਰ ਗੱਲਾਂ ਦਾ ਜਿਕਰ ਲੜੀਵਾਰ ਕਰਕੇ, ਸ਼ਬਦ ਗੁਰੂ ਦੇ ਸਿੱਖਾਂ ਨੂੰ ਇਸ ਪੋਥੇ ਦੀ ਅਸਲਿਅਤ ਦੇ ਦਰਸ਼ਨ ਕਰਾਵਾਂਗੇ ਕਿ ਇਹੋ ਜਹੀਆਂ ਵਿਚਿਤੱਰ ਗੱਲਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ 'ਤੇ ਖਰੀਆਂ ਉਤਰਦੀਆਂ ਹਨ ? ਜੇ ਨਹੀਂ! ਤਾਂ ਫਿਰ ਸਿੱਖੀ ਸਿਧਾਂਤ ਤੋਂ ਉਲਟੀਆਂ ਇਹ ਗੱਲਾਂ ਸਾਡੇ ਸਰਬੰਸ ਦਾਨੀ ਮਹਾਨ ਗੁਰੂ ਦੀਆਂ ਲਿਖਿਆਂ ਕਿਸ ਤਰ੍ਹਾਂ ਹੋ ਸਕਦੀਆਂ ਨੇ ।

ਆਉ ਸ਼ੁਰੂ ਕਰਦੇ ਹਾਂ ।

ਅੱਜ ਗੱਲ ਕਰਦੇ ਹਾਂ "ਗਿਆਨ ਪ੍ਰਬੋਧ" ਨਾਮ ਦੀ ਉਸ ਰਚਨਾਂ ਦੀ, ਜਿਸਨੂੰ ਬਹੁਤੇ ਵਿਦਵਾਨ "ਗਪੌੜ ਪ੍ਰਬੋਧ" ਵੀ ਕਹਿੰਦੇ ਹਨ। ਗਪੌੜ ਪ੍ਰਬੋਧ ਕਿਉਂ ਕਹਿੰਦੇ ਹਨ? ਇਸ ਦਾ ਪਤਾ ਤੁਹਾਨੂੰ ਇਸ ਰਚਨਾਂ ਵਿਚ ਲਿਖੀਆਂ ਗੱਪਾਂ ਪੜ੍ਹ ਕੇ ਆਪ ਹੀ ਲੱਗ ਜਾਵੇਗਾ। ਇਹ ਰਚਨਾਂ ਇਸ ਪੋਥੇ ਦੇ ਪੰਨਾਂ ਨੰਬਰ 127 ਤੋਂ ਸ਼ੁਰੂ ਹੁੰਦੀ ਹੈ, ਤੇ 155 'ਤੇ ਸਮਾਪਤ ਹੁੰਦੀ ਹੈ। ਇਸ ਵਿੱਚ ਹਿੰਦੂ ਰਾਜਿਆਂ ਵਲੋਂ ਕਰਵਾਏ ਗਏ ਚਾਰ ਯੱਗਾਂ ਦਾ ਵਿਸਤਾਰ ਨਾਲ ਜਿਕਰ ਕੀਤਾ ਗਿਆ ਹੈ। ਗੱਲ ਆ ਗਈ ਨਾ, ਸਿੱਖੀ ਸਿਧਾਂਤਾਂ ਦੇ ਉਲਟ ਚੱਲਣ ਵਾਲੇ ਵਿਚਿਤ੍ਰ ਨਾਟਕ ਦੀ। ਗੁਰੂ ਗ੍ਰੰਥ ਸਾਹਿਬ ਇਨ੍ਹਾਂ ਹੋਮ ਯੱਗਾਂ ਦਾ ਖੰਡਨ ਕਰਦੇ ਹਨ ਅਤੇ ਫੁਰਮਾਨ ਕਰਦੇ ਹਨ:

ਬਨਾਰਸੀ ਤਪੁ ਕਰੇ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਉ ਨ ਪੂਜੈ ॥
ਅੰਕ 973

ਅਤੇ ਇਹ ਪੋਥਾ ਉਨ੍ਹਾਂ ਸਿਧਾਂਤਾਂ ਦੇ ਉਲਟ ਇਨ੍ਹਾਂ ਯੱਗਾਂ ਬਾਰੇ ਵਿਸਤਾਰ ਨਾਲ ਦਸਦਾ ਹੈ ਅਤੇ ਇਸ ਪੋਥੇ ਦੇ 28 ਪੰਨੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਗੱਪਾਂ ਮਾਰਣ ਵਿੱਚ ਖਰਚ ਕਰ ਦਿੰਦਾ ਹੈ।

ਇਸ ਵਿੱਚ ਇੱਕ ਯਗ ਹੈ "ਸਰਪਮੇਧ ਯੱਗ"। ਇਹ ਯਗ ਜਨਮੇਜੇ ਰਾਜੇ ਨੇ ਸੱਪਾਂ ਤੋਂ ਬਦਲਾ ਲੈਣ ਲਈ ਕਰਵਾਇਆ ਸੀ, ਕਿਉਂਕਿ ਉਸ ਦੇ ਪਿਤਾ ਦੀ ਸੱਪਾਂ ਦੇ ਡੱਸ ਲੈਣ ਨਾਲ ਮੌਤ ਹੋ ਗਈ ਸੀ। ਇਸ ਯੱਗ ਵਿੱਚ ਇੱਕ ਕੋਹ ਲੰਮਾ ਯੱਗ ਕੁੰਟ ਤਿਆਰ ਕਰਵਾਇਆ ਗਿਆ ਸੀ। ਬ੍ਰਾਹਮਣ ਮੰਤਰ ਪੜ੍ਹ ਰਹੇ ਸਨ। ਮੰਤਰਾਂ ਦੀ ਸ਼ਕਤੀ ਨਾਲ ਹਵਨ ਕੁੰਟ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸੱਪ ਆ ਆ ਕੇ ਡਿੱਗਣ ਅਤੇ ਸੜਨ ਲੱਗੇ। ਇੱਕ ਹੱਥ (ਡੇੜ ਫੁੱਟ) ਤੋਂ ਲੈ ਕੇ ਇਕ ਹਜ਼ਾਰ ਹੱਥ ( ਡੇੜ ਕਿਲੋਮੀਟਰ ) ਲੰਮੇ ਸੱਪ ਕਰੋੜਾਂ ਦੀ ਗਿਣਤੀ ਵਿੱਚ ਆ ਆ ਕੇ ਹਵਨ ਕੁੰਟ ਵਿੱਚ ਡਿੱਗ ਡਿੱਗ ਕੇ ਸੜਨ ਲੱਗ ਪਏ (ਲਗਦਾ ਹੈ ਸੱਪਾਂ ਦਾ ਕੋਈ ਸੁਸਾਈਡ ਕੰਪੀਟੀਸ਼ਨ Suicide competition ਹੋ ਰਿਹਾ ਹੋਵੇ ) ਅਨੰਤ ਕਿਸਮਾਂ ਦੇ ਸੱਪ ਉਥੇ ਆ ਆ ਕੇ ਸੜ ਰਹੇ ਸਨ। ਇਨ੍ਹਾਂ ਸੱਪਾਂ ਦੀ ਧੌਂਣ (ਗਰਦਨ) ਸੱਤ ਸੱਤ ਹੱਥ ( ਸਾਡੇ ਦਸ ਫੁੱਟ) ਤੋਂ ਲੈ ਕੇ ਬਾਰਹਾਂ ਹੱਥ (ਅਠਾਰ੍ਹਾਂ ਫੁੱਟ) ਤੱਕ ਮੋਟੀ ਸੀ। ( ਵਾਹ ਭਈ ਵਾਹ ਇਹੋ ਜਹੇ ਸੱਪ ਤੁਸੀਂ ਕਦੀ ਵੇਖੇ ਹਨ ? ਹੈ ਨਾਂ ਵਿਚਿਤ੍ਰ ਗੱਪ ? ) ਗੱਪ ਹੱਲੀ ਮੁੱਕੀ ਨਹੀਂ, ਅੱਗੇ ਸੁਣੋ!

ਬਚਿਤੱਰੀਆਂ ਦੇ ਗੁਰੂ ਦੀ ਲਿੱਖੀ ਗੱਪ ਹੈ, ਕਿਸੇ ਐਰਾ ਗੈਰਾ ਲਿਖਾਰੀ ਦੀ ਲਿੱਖੀ ਗੱਪ ਥੋੜੀ ਨਾ ਹੈ ਜੋ ਇੱਥੇ ਹੀ ਮੁੱਕ ਜਾਵੇ। ਇਸਤੋਂ ਬਾਦ ਕਈ ਸੱਪ ਇਕ ਹਜਾਰ ਹੱਥ ਲੰਮੇ, ਤੇ ਕਈ ਸੱਪ ਦੋ ਹਜ਼ਾਰ ਹੱਥ ਲੰਮੇ, ਝੁੰਡ ਬਣਾ ਬਣਾ ਕੇ ਆਉਣ ਲੱਗੇ। ਇਸ ਤੋਂ ਬਾਅਦ ਹੋਰ ਵੱਡੇ ਸੱਪ ਕੋਈ ਇਕ ਯੋਜਨ ਲੰਮੇ, ਕੋਈ ਦੋ ਯੋਜਨ ਲੰਮੇ ਅਤੇ ਕਈ ਕਈ ਯੋਜਨ ਲੰਮੇ ਸੱਪ ਹਜਾਰਾਂ ਦੇ ਝੂੰਡ ਵਿੱਚ ਆ ਆ ਕੇ ਉਸ ਹਵਨ ਕੁੰਟ ਵਿੱਚ ਡਿਗਦੇ ਤੇ ਸੜ ਜਾਂਦੇ।

ਮੇਰੇ ਵੀਰੋ ! ਮੇਰਾ ਦਿਲ ਕਰ ਆਇਆ ਕਿ ਮੈਂ ਇਹ ਤਾਂ ਪਤਾ ਕਰ ਲਵਾਂ ਕਿ ਇਕ ਯੋਜਨ ਦੀ ਲੰਬਾਈ ਕਿੱਨੀ ਹੁੰਦੀ ਹੈ ? ਤਾਂ ਮਹਾਨ ਕੋਸ਼ ਚੁੱਕ ਕੇ ਵੇਖਿਆ ਤਾਂ ਆਪਣਾਂ ਹਾਸਾ ਰੋਕਿਆਂ ਨਹੀਂ ਰੋਕ ਸਕਿਆ। ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਇਕ ਯੋਜਨ ਦੀ ਲੰਬਾਈ ਅੱਠ ਹਜਾਰ ਗੱਜ (ਅਰਥਾਤ 7.315 ਕਿਲੋਮੀਟਰ ਲਿੱਖੀ ਹੋਈ ਹੈ) ਜੇ ਚਾਰ ਯੋਜਨ ਵਾਲੇ ਸੱਪਾਂ ਦੀ ਲੰਬਾਈ ਹੀ ਲੈ ਲਈਏ, ਬਹੁਤੇ ਲੰਮਿਆਂ ਸੱਪਾਂ ਨੂੰ ਤਾਂ ਛੱਡ ਹੀ ਦਿਉ ! ਚਾਰ ਯੋਜਨ ਵਾਲੇ ਸੱਪ ਦੀ ਕੁਲ ਲੰਬਾਈ 7.315 x 4= 29.26 ਕਿਲੋਮੀਟਰ ਸੀ

ਹੱਲੀ ਵੀ ਬਚਿੱਤਰ ਗੱਪ ਮੁੱਕੀ ਨਹੀਂ ਜੇ ! ਅਗੇ ਸੁਣੋ ਜੀ ! ਹੁਣ ਛੋਟੇ ਛੋਟੇ ਸੱਪ ਵੀ ਆਉਣੇ ਸ਼ੁਰੂ ਹੋ ਗਏ । ਇਹ ਛੋਟੇ ਛੋਟੇ ਸੱਪ ਵੀ ਕਰੋੜਾਂ ਦੀ ਗਿਣਤੀ ਵਿੱਚ ਆ ਆ ਕੇ ਹਵਨ ਕੁੰਟ ਵਿੱਚ ਸੱੜ ਰਹੇ ਸਨ। ਕਿਤਨੇ ਹੀ ਸੱਪ ਇੱਕ ਇੱਕ ਮੁੱਠ ਜਿੰਨੇ ਵੱਡੇ ਸਨ। ਕਿਤਨੇ ਹੀ ਸੱਪ ਇਕ ਇਕ ਅੰਗੂਠੇ ਜਿੰਨੇ ਲੰਮੇ ਸਨ । ਕਿੰਨੇ ਹੀ ਅੱਧੇ ਅੰਗੂਠੇ ਦੇ ਬਰਾਬਰ ਸਨ। ਇਸ ਤੋਂ ਬਾਅਦ ਸੁੰਡੀਆਂ ਵਰਗੇ ਸੱਪ ਵੀ ਕਰੋੜਾਂ ਦੀ ਗਿਣਤੀ ਵਿੱਚ ਆਉਣੇ ਸ਼ੁਰੂ ਹੋ ਗਏ ।.........

ਹੁਣ ਦੱਸੋ ਖਾਲਸਾ ਜੀ ! ਇਸ ਗਿਆਨ ਪ੍ਰਬੋਧ ਨਾਲ ਤੁਹਾਡੇ ਗਿਆਨ ਵਿੱਚ ਕਿਨ੍ਹਾਂ ਕੁ ਵਾਧਾ ਹੋਇਆ ? ਹੈ ਨਾਂ ਇਸ ਬਚਿੱਤਰੀ ਪੋਥੇ ਦੀ ਬਚਿੱਤਰ ਗੱਪ ? ਕੀ ਇਹੋ ਜਿਹਾ ਗਿਆਨ ਵਿਹੂਣਾਂ ਝੂਠ ਸਾਡੇ ਮਹਾਨ ਗੁਰੂ ਲਿੱਖ ਕੇ ਅਪਣਾਂ ਮਜ਼ਾਕ ਉਡਵਾ ਸਕਦੇ ਹਨ ? ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ "ਗਿਨਿਸ ਬੁਕ ਆਫ ਵਰਲਡ ਰਿਕਾਰਡਸ" ਵਿੱਚ ਦਰਜ ਹੋਣ ਯੋਗ ਗੱਪ ਦੇ ਉੱਤੇ ਵੀ "ਪਾਤਸ਼ਾਹੀ 10" ਦਾ ਠੱਪਾ ਲਾ ਦਿੱਤਾ ਗਿਆ ਹੈ ।

ਪੁਛੋ ਹੁਣ ਬਚਿੱਤਰੀਆਂ ਕੋਲੋਂ ਕਿ ਇਹੋ ਜਿਹੇ ਸੱਪ ਕਦੀ ਤੁਸਾਂ ਵੇਖੇ ਜਾਂ ਸੁਣੇ ਹਨ ? ਜਿਨ੍ਹਾਂ ਦਾ ਜਿਕਰ ਤੁਹਾਡਾ ਗੁਰੂ ਇਸ ਪੋਥੇ ਵਿੱਚ ਕਰ ਰਿਹਾ ਹੈ ?

ਚਲਦਾ ....


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top