Share on Facebook

Main News Page

"ਸੀਨਾ ਬਸੀਨਾ" ਕਿ "ਪਸੀਨਾ ਪਸੀਨਾ" ?
-: ਇੰਦਰਜੀਤ ਸਿੰਘ , ਕਾਨਪੁਰ
 
 

ਖ਼ਾਲਸਾ ਨਿਊਜ਼ 'ਤੇ ਛਪਿਆ ਪ੍ਰੋਫੇਸਰ ਕਸ਼ਮੀਰਾ ਸਿੰਘ ਜੀ ਦਾ ਲੇਖ "ਅਕਾਲ ਚੈੱਨਲ ਰਾਹੀਂ ਦਸਮ ਗ੍ਰੰਥ ਡੀਬੇਟ ! ਬੇਸਿੱਟਾ ਰਹੀ" ਪੜ੍ਹਿਆ ਅਤੇ ਨਾਲ ਹੀ ਪੂਰੀ ਡਿਬੇਟ ਦੀ ਵੀਡੀਉ ਵੀ ਸੁਣੀ। ਮੇਰੀ ਮੱਤ ਅਨੁਸਾਰ ਇਹ ਡੀਬੇਟ ਬੇਸਿੱਟਾ ਨਹੀਂ ਰਹੀ, ਬਲਕਿ ਬਹੁਤ ਕੁਝ ਸਾਬਿਤ ਕਰ ਗਈ, ਜਿਸ ਵਿੱਚ ਦਸਮ ਗ੍ਰੰਥ ਦੇ ਵੱਡੇ ਪੈਰੋਕਾਰਾਂ ਨੇ ਆਪ ਸਵੀਕਾਰ ਕਰ ਲਿਆ ਕਿ "ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ, ਗੁਰੂ ਸਾਹਿਬ ਵੇਲੇ ਮੌਜੂਦ ਨਹੀਂ ਸੀ ਅਤੇ ਨਾਂ ਹੀ ਇਸ ਦੀ ਸੰਪਾਦਨਾਂ ਗੁਰੂ ਸਾਹਿਬ ਜੀ ਨੇ ਕੀਤੀ ਸੀ। ਸੰਪਾਦਕ ਸਾਹਿਬ ਨੇ ਇਨ੍ਹਾਂ ਬਚਿਤੱਰੀ ਵਿਦਵਾਨਾਂ 'ਤੇ ਵਿਅੰਗ ਕਸਦਿਆਂ ਇਸ ਬਹਿਸ ਨੂੰ "ਸੀਨਾ ਬਸੀਨਾ" ਦਾ ਨਾਮ ਦਿੱਤਾ ਹੈ, ਲੇਕਿਨ ਸਾਨੂੰ ਤਾਂ ਇਹ ਬਚਿੱਤਰੀ ਵਿਦਵਾਨ, ਪੁੱਛੇ ਜਾ ਰਹੇ ਸਵਾਲਾਂ ਤੋਂ "ਪਸੀਨਾ ਪਸੀਨਾ" ਹੁੰਦੇ ਦਿੱਸੇ।

ਇਹ ਬਚਿਤੱਰੀਏ ਦੂਜੀ ਧਿਰ ਦੇ ਇਕ ਵੀ ਸਵਾਲ ਦਾ ਬ -ਦਲੀਲ ਜਵਾਬ ਨਹੀਂ ਦੇ ਸਕੇ। ਮਸਲਨ :

1- ਦਸਮ ਗ੍ਰੰਥ ਕਦੋਂ ਅਤੇ ਕਿਸ ਕਾਲ ਵਿੱਚ ਲਿਖਿਆ ਗਿਆ ?
2- ਇਸਦੀ ਸੰਪਾਦਨਾਂ ਕਦੋਂ ਅਤੇ ਕਿਸਨੇ ਕੀਤੀ ?
3- ਜੇ ਜਫਰਨਾਮਾਂ ਗੁਰੂ ਸਾਹਿਬ ਜੀ ਦੀ ਰਚਨਾਂ ਹੈ, ਤਾਂ ਪੁਰਾਤਨ ਬੀੜਾਂ ਵਿੱਚ ਜਫਰਨਾਮਾਂ ਸ਼ਾਮਿਲ ਕਿਉਂ ਨਹੀਂ ਹੈ ?
4- ਦਸਮ ਗ੍ਰੰਥ ਵਿੱਚ ਜ਼ਫਰਨਾਮਾ, ਜਿਸਤੇ ਤੁਸੀਂ ਇਸ ਗ੍ਰੰਥ ਦੇ ਪਾਠ ਦਾ ਭੋਗ ਪਾਉਂਦੇ ਹੋ, ਉਹ ਤਾਂ ਦਸਮ ਗ੍ਰੰਥ ਦੀਆਂ ਪੁਰਾਤਨ ਬੀੜਾਂ ਵਿੱਚ ਹੈ ਹੀ ਨਹੀਂ ?
5- ਕੀ ਇਸ ਗ੍ਰੰਥ ਦੀ ਸੰਪਾਦਨਾ ਗੁਰੂ ਸਾਹਿਬ ਆਪ ਕਰ ਗਏ ਸਨ ?
6- ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਦੇਣ ਵੇਲੇ ਕੀ ਇਸ ਗ੍ਰੰਥ ਦਾ ਪ੍ਰਕਾਸ਼ ਹਜ਼ੂਰ ਸਾਹਿਬ ਉਥੇ ਹੈ ਸੀ ?
7- ਮੋਤੀ ਬਾਗ ਵਾਲੀ ਬੀੜ ਦੇ ਕੁਲ 578 ਪੰਨੇ ਹਨ, ਤੇ ਹੋਰ ਚਾਰ ਬੀੜਾਂ ਵਿੱਚ ਵੀ ਪੰਨੇ ਘੱਟ ਹਨ। ਫਿਰ ਇਹ 1428 ਪੰਨਿਆਂ ਵਾਲਾ "ਦਸਮ ਗ੍ਰੰਥ" ਕਿਸਨੇ ਬਣਾ ਦਿੱਤਾ ?

...ਆਦਿਕ ਬਹੁਤ ਸਾਰੇ ਸਵਾਲ ਜਾਗਰੂਕ ਸਿੱਖਾਂ ਨੇ ਕੀਤੇ, ਪਰ ਜਵਾਬ ਦੇਣ ਵੇਲੇ ਬਚਿਤੱਰੀ ਵਿਦਵਾਨ ਪਸੀਨਾ ਪਸੀਨਾ ਹੂੰਦੇ ਰਹੇ ਤੇ ਬਹੁਤੇ ਜਵਾਬਾਂ ਵਿੱਚ "ਸੀਨਾ ਬਸੀਨਾ" ਕਹਿੰਦੇ ਰਹੇ।

ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਦੂਜੀ ਧਿਰ ਨੇ ਬੜੀ ਸੁਹਿਰਦਤਾ ਅਤੇ ਠਰੰਮੇ ਨਾਲ ਇਨ੍ਹਾਂ ਬਚਿੱਤਰੀਆਂ ਨੂੰ ਕੀਤੇ, ਲੇਕਿਨ ਆਪਣੀ ਆਦਤ ਅਨੁਸਾਰ ਇਹ ਬਚਿੱਤਰੀਏ ਹੋਰ ਹੋਰ ਗੱਲਾਂ ਕਰਕੇ ਅਸਲ ਸਵਾਲ ਤੋਂ ਭਜਦੇ ਰਹੇ। ਇਸ ਬਹਿਸ ਦੀ ਪੜਚੋਲ ਕਰਣ ਦੀ ਖਾਸ ਲੋੜ ਇਸ ਲਈ ਸਮਝੀ ਗਈ, ਕਿ ਇਸ ਬਹਿਸ ਵਿੱਚ ਇਨ੍ਹਾਂ ਬਚਿੱਤਰੀਆਂ ਨੇ ਆਪ ਇਹ ਸਵੀਕਾਰ ਕਰ ਲਿਆ ਹੈ ਕਿ "ਦਸਮ ਗ੍ਰੰਥ" ਨਾਮ ਦਾ ਕੋਈ ਗ੍ਰੰਥ ਹੈ ਹੀ ਨਹੀਂ ਸੀ, ਅਤੇ ਨਾ ਹੀ ਗੁਰੂ ਸਾਹਿਬ ਜੀ ਨੇ ਇਸਦੀ ਸੰਪਾਦਨਾ ਕੀਤੀ। ਇਸ ਬਹਿਸ ਵਿੱਚ ਇਨ੍ਹਾਂ ਬਚਿੱਤਰੀ ਵਿਦਵਾਨਾਂ ਨੇ ਜੋ ਬਹੁਤ ਮਹਤੱਵਪੂਰਨ ਗੱਲਾਂ ਸਵੀਕਾਰ ਕੀਤੀਆਂ ਉਹ ਇਸ ਪ੍ਰਕਾਰ ਹਨ ।

1- ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਨਾ ਲਿਖਿਆ ਗਿਆ ਅਤੇ ਨਾ ਹੀ ਗੁਰੂ ਸਾਹਿਬ ਜੀ ਨੇ ਇਸ ਦੀ ਕਦੀ ਸੰਪਾਦਨਾਂ ਹੀ ਕੀਤੀ ।
2- ਗੁਰੂ ਸਾਹਿਬ ਵੇਲੇ ਇਹ ਰਚਨਾਵਾਂ ਕਈ ਪੋਥੀਆਂ ਦੇ ਰੂਪ ਵਿੱਚ ਮਿਲਦੀਆਂ ਸਨ । ਸੰਪਾਦਨਾਂ ਬਾਦ ਵਿੱਚ ਹੋਈ ।
3- ਇਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਜੋ ਪੁਰਾਤਨ ਬੀੜਾ ਹਨ ਉਨ੍ਹਾਂ ਦੇ 578 ਪੰਨੇ ਹਨ ਅਤੇ ਕੁਝ ਦੇ ਘੱਟ ਵੱਧ ਪੰਨੇ ਹਨ 1428 ਪੰਨਿਆਂ ਦੀ ਕੋਈ ਹਸਤ ਲਿਖਿਤ ਬੀੜ ਮੌਜੂਦ ਨਹੀਂ ਹੈ ।
4- ਸਿੱਖ ਰਹਿਤ ਮਰਿਆਦਾ ਜੋ 1942 ਵਿੱਚ ਤਿਆਰ ਹੋਈ ਉਹ ਇਸ ਪੁਆੜੇ ਦੀ ਜੜ ਹੈ । ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿਸੇ ਹੋਰ ਗ੍ਰੰਥ ਮੂਰਤੀ ਆਦਿਕ ਰਖਣ ਦੀ ਮਨਾਹੀ ਹੈ ।
5- ਅਕਾਲ ਤਖਤ ਤੋਂ ਜਾਰੀ 2008 ਵਾਲਾ ਹੁਕਮਨਾਮਾਂ ਵੀ ਵਿਵਾਦ ਦੀ ਜੜ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ (ਵਾਕਰ) ਕਿਸੇ ਹੋਰ ਗ੍ਰੰਥ ਮੂਰਤੀ ਆਦਿਕ ਰਖਣ ਦੀ ਮਨਾਹੀ ਹੈ ।
6- ਦਸਮ ਗ੍ਰੰਥ ਦਾ ਇਕ ਇਕ ਅੱਖਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਿਖਿਆ ਹੋਇਆ ਹੈ ।
7- ਇਹ ਗ੍ਰੰਥ ਹਿੰਦੂ ਮਿਥਿਹਾਸਕ ਕਹਾਣੀਆਂ ਦਾ ਉਤਾਰਾ ਹੈ।
8- ਸਿੱਖਾਂ ਦਾ ਇਕੋ ਇਕ ਗੁਰੂ ਗੁਰੂ ਗ੍ਰੰਥ ਸਾਹਿਬ ਹਨ।
9- ਦਮਦਮੀ ਟਕਸਾਲ ਪੂਰੇ ਪੰਥ ਦੀ ਰਹਿਨੁਮਾਈ ਨਹੀਂ ਕਰਦੀ ।
10- ਬਾਬਾ ਭਿੰਡਰਾਂ ਵਾਲਿਆਂ ਨੇ ਕਦੀ ਵੀ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁਲ ਮਾਨਤਾ ਨਹੀਂ ਦਿੱਤੀ ।

ਇਹ ਡੀਬੇਟ ਬੇਨਤੀਜਾ ਨਹੀਂ ਰਹੀ ? ਇਸਨੇ ਤਾਂ ਬਹੁਤ ਕੁੱਝ ਸਾਫ ਕਰ ਦਿੱਤਾ, ਕਿਉਂਕਿ ਇਨ੍ਹਾਂ ਨੇ ਜੋ ਇਹ ਦਸ ਨੁਕਤੇ ਸਵੀਕਾਰ ਕੀਤੇ ਹਨ, ਉਹ ਇਸ ਬਚਿੱਤਰੀ ਪੋਥੇ ਦੀ ਪ੍ਰਮਾਣਿਕਤਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦੇ ਹਨ। ਨਾਲ ਹੀ ਬਚਿੱਤਰੀਆਂ ਦੇ ਇਸ ਦਾਵੇ ਦੀਆਂ ਵੀ ਧੱਜੀਆਂ ਉਡਾ ਦਿੰਦੇ ਹਨ, ਕਿ ਇਹ ਅਕਾਲ ਤਖਤ ਅਤੇ ਸਿੱਖ ਰਹਿਤ ਮਰਿਆਦਾ ਦੇ ਹੁਕਮ ਨਾਮਿਆਂ ਅਤੇ ਨਿਯਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਰਪਿਤ ਹਨ।

ਜਾਗਰੂਕ ਸਿੱਖਾਂ ਨੇ ਇਕ ਬਹੁਤ ਹੀ ਵਧੀਆ ਸਵਾਲ ਕੀਤਾ ਕਿ, "ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਪਾਠ ਕਰਦੇ ਹਾਂ ਤੇ ਅਸੀਂ ਸਾਰੇ ਹੀ ਅੰਕਾਂ ਦਾ ਕਰਦੇ ਹਾਂ। ਤੁਸੀਂ ਜਦੋਂ ਇਸ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰੋਗੇ ਤਾਂ ਕੇਹੜੀ ਬੀੜ ਦਾ ਕਰੋਗੇ ?" 578 ਪੰਨਿਆਂ ਵਾਲੀ ਕਿ 1428 ਪੰਨਿਆਂ ਵਾਲੀ। ਇਸ ਸਵਾਲ ਨਾਲ ਬਚਿੱਤਰੀਆਂ ਦਾ ਮੁੱਖੀ ਪੂਰੀ ਤਰ੍ਹਾਂ ਹਿੱਲ ਗਿਆ ਅਤੇ ਜਵਾਬ ਨਾ ਦੇ ਸਕਿਆ ਬਲਕਿ ਗੁਰੂ ਗ੍ਰੰਥ ਸਾਹਿਬ ਤੇ ਹੀ ਹਮਲਾ ਕਰਣ 'ਤੇ ਉਤਾਰੂ ਹੋ ਗਿਆ ਕਿ, "ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ 764 ਅੰਕ ਸਨ।" ਜੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਐਡ ਕਰ ਸਕਦੇ ਸਨ, ਤਾਂ ਕੀ ਦਸਮ ਗ੍ਰੰਥ ਵਿੱਚ ਹੋਰ ਬਾਣੀਆਂ ਐਡ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਸਨ ? ਇਨ੍ਹਾਂ ਧੂਤਿਆਂ ਨੂੰ ਮੈਂ ਇਹ ਪੁਛਣਾ ਚਾਉਂਦਾ ਹਾਂ ਕਿ, ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਐਡ ਕਰਣ ਵਾਲਾ ਆਪ ਦਸਵਾਂ ਨਾਨਕ ਸੀ, ਨਾ ਕਿ ਪਟਨਾ ਸਾਹਿਬ ਦਾ ਗ੍ਰੰਥੀ ਸੁੱਖਾ ਸਿੰਘ ਸੀ ਜੋ ਤਾਂਤ੍ਰਿਕ ਭਈਆ ਅਤੇ ਦੇਵੀ ਦਾ ਉਪਾਸਕ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਰਾਬਰੀ, ਪੰਥ ਦੋਖੀ ਤਾਕਤਾਂ ਦੇ ਹਥ ਵਿੱਕੇ ਹੋਏ ਸੁਖਾ ਸਿੰਘ ਅਤੇ ਉਸਦੇ ਪੁੱਤਰ ਚੜ੍ਹਤ ਸਿੰਘ ਨਾਲ ਕਰਨਾ ਹੀ ਇਨ੍ਹਾਂ ਦੀ ਦੀਵਾਲੀਆ ਬੁੱਧਿ ਨੂੰ ਉਜਾਗਰ ਕਰ ਰਿਹਾ ਸੀ ।

ਇਕ ਪਾਸੇ ਇਹ ਬਚਿੱਤਰੀਏ ਅਕਾਲ ਤਖਤ ਅਤੇ ਰਹਿਤ ਮਰਿਆਦਾ ਨੂੰ ਸਮਰਪਿਤ ਹੋਣ ਦੀ ਗਲ ਕਰਦੇ ਹਨ, ਦੂਜੇ ਪਾਸੇ ਇਹ ਆਪ ਅਕਾਲ ਤਖਤ ਤੋਂ ਜਾਰੀ ਹੁਕਮਨਾਮੇਂ ਨੂੰ ਹੀ ਨਹੀਂ ਮੰਨਦੇ, ਜਿਸ ਵਿੱਚ ਲਿਖਿਆ ਹੈ ਕਿ, "ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਦੂਜੇ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ।" ਮੈਂ ਦਿੱਲੀ ਕਮੇਟੀ ਦੇ ਵੀ ਬਹੁਤ ਸਾਰੇ ਬਚਿਤੱਰੀ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਨੂੰ ਇਹ ਕਹਿੰਦਿਆ ਸੁਣਿਆ ਹੈ ਕਿ, "ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ, ਅਸੀਂ ਅਕਾਲ ਤਖਤ ਦਾ ਹੁਕਮਨਾਮਾਂ ਲਾਗੂ ਕਰਵਾਕੇ ਰਹਾਂਗੇ ।" ਲੇਕਿਨ ਇਨ੍ਹਾਂ ਦੀ ਕਥਨੀ ਅਤੇ ਕਰਣੀ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਇਹ ਲੋਕ ਦਮਗੱਜੇ ਤਾਂ ਅਕਾਲ ਤਖਤ ਦਾ ਨਾਮ ਲੈ ਲੈ ਕੇ ਛਡਦੇ ਹਨ, ਲੇਕਿਨ ਅਸਲ ਵਿੱਚ ਇਹ ਆਪ ਅਕਾਲ ਤਖਤ ਦੇ ਸਿਧਾਂਤ ਤੋਂ ਨਾ ਸਮਝ ਅਤੇ ਉਸਤੋਂ ਬਾਗੀ ਹਨ। ਜੇ ਇਹ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਦੇ ਸਭਤੋਂ ਵੱਡੇ ਪੈਰੋਕਾਰ ਹਨ ਤਾਂ ਪਹਿਲਾਂ ਅਕਾਲ ਤਖਤ ਤੋਂ ਜਾਰੀ 2008 ਦੇ ਇਸ ਹੁਕਮ ਨਾਮੇ ਨੂੰ ਲਾਗੂ ਕਿਉਂ ਨਹੀਂ ਕਰਵਾਉਂਦੇ? ਇਸ ਡਿਬੇਟ ਵਿੱਚ ਇਨ੍ਹਾਂ ਬਚਿੱਤਰੀਆਂ ਦਾ ਅਸਲੀ ਚੇਹਰਾ ਸਾਮ੍ਹਣੇ ਆ ਗਿਆ ਹੈ।

ਇਸ ਬਹਿਸ ਵਿੱਚ ਇਸ ਬਚਿੱਤਰੀ ਵਿਦਵਾਨ ਨੇ ਇਹ ਕਹਿਆ ਕਿ 2008 ਵਾਲਾ ਹੁਕਮਨਾਮਾਂ ਹੀ ਸਾਰੇ ਵਿਵਾਦ ਦੀ ਜੱੜ ਹੈ। ਇਹ ਵੀ ਕਿਹਾ ਕਿ 1942 ਵਾਲੀ ਰਹਿਤ ਮਰਿਆਦਾ ਅੰਗ੍ਰੇਜ਼ਾਂ ਵੱਲੋਂ ਬਣਾਈ ਗਈ ਹੈ, ਤੇ ਉਹ ਇਸ ਮਰਿਆਦਾ ਨੂੰ ਨਹੀਂ ਮੰਨਦੇ। ਦੋ ਤਖਤਾਂ 'ਤੇ ਦਸਮ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਨਾਲ ਪੁਰਾਤਨ ਸਮੈਂ ਤੋਂ ਹੁੰਦਾ ਆਇਆ ਹੈ। ਇਨ੍ਹਾਂ ਧੂਤਿਆਂ ਕੋਲੋਂ ਕੋਈ ਇਹ ਪੁੱਛੇ ਕੇ ਜੇ 2008 ਵਿਚ ਜਾਰੀ ਇਸ ਹੁਕਮਨਾਮੇ ਨੇ ਪੁਆੜੇ ਪਾਏ ਹਨ, ਤਾਂ ਇਹ ਗਲ ਤਾਂ ਸਿੱਖ ਰਹਿਤ ਮਰਿਆਦਾ ਵਿੱਚ 1942 ਵਿਚ ਹੀ ਦਰਜ ਕੀਤੀ ਹੋਈ ਹੈ।

ਵਾਹ ਭਈ ਵਾਹ ! ਇਹ "ਸੀਨਾ ਬਸੀਨਾ" ਹੈ ਕਿ "ਸੀਨਾ ਜ਼ੋਰੀ" ? ਜੇੜ੍ਹਾ ਹੁਕਮਨਾਮਾਂ, ਜੇੜ੍ਹੀ ਰਹਿਤ ਮਰਿਆਦਾ ਤੁਹਾਡਾ ਪੱਖ ਪੂਰਦੀ ਹੋਵੇ ਉਸ ਨੂੰ ਤੁਸੀਂ ਸਿਰ ਤੇ ਚੁੱਕੀ ਫਿਰੋ ! 'ਤੇ ਜੇੜ੍ਹੀ ਰਹਿਤ ਮਰਿਆਦਾ ਜੇੜ੍ਹਾ ਹੁਕਮ ਗੁਰਮਤਿ ਦੀ ਕਸਵੱਟੀ 'ਤੇ ਖਰਾ ਉਤਰਦਾ ਹੋਵੇ, ਉਸਨੂੰ ਤੁਸੀਂ ਕਹਿ ਦਿਉ ਕਿ ਇਹ ਪੁਆੜੇ ਦੀ ਜੱੜ ਹੈ। ਕਾਲੀਉ ਅਤੇ ਚਰਿਤੱਰੀਉ ! "ਅਕਾਲ ਤਖਤ ਮਹਾਨ ਹੈ, ਸਿੱਖੀ ਕੀ ਸ਼ਾਨ ਹੈ" ਦੇ ਜੁਮਲੇ 'ਤੇ ਹੀ ਦਿੱਲੀ ਦੀਆਂ ਚੋਣਾਂ ਤੁਸਾਂ ਜਿੱਤ ਲਈਆਂ ਸਨ। ਹੁਣ 2008 ਵਾਲੇ ਅਕਾਲ ਤਖਤ ਦੇ ਹੁਕਮ ਨਾਮੇ ਨੂੰ ਦੋ ਤਖਤਾਂ 'ਤੇ ਲਾਗੂ ਕਿਉਂ ਨਹੀਂ ਕਰਵਾਉਂਦੇ ? ਹੁਣ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਦੁਹਾਈ ਪਾਉਣ ਵਾਲੇ ਦਿੱਲੀ ਦੇ ਬਚਿਤੱਰੀ ਪ੍ਰਬੰਧਕੋ ! ਹੁਣ ਕਿਉਂ ਨਹੀਂ ਉਸ ਤੇ ਲਿੱਖੇ ਇਸ ਨਿਯਮ ਨੂੰ ਰੱਦ ਕਰਵਾ ਦਿੰਦੇ ਕਿ, "ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ (ਵਾਕਰ) ਕਿਸੇ ਵੀ ਗ੍ਰੰਥ, ਪੁਸਤਕ ਅਤੇ ਮੂਰਤੀ ਦਾ ਪ੍ਰਕਾਸ਼ ਨਹੀਂ ਹੋ ਸਕਦਾ।" ਦੋ ਤਖਤਾਂ ਤੇ "ਅਕਾਲ ਤਖਤ ਤੋ ਜਾਰੀ ਹੁਕਮ ਨਾਮੇ " ਅਤੇ ਤੁਹਾਡੀ "ਪੰਥ ਪ੍ਰਵਾਣਿਤ ਅਖਵਾਉਣ ਵਾਲੀ ਸਿੱਖ ਰਹਿਤ ਮਰਿਆਦਾ " ਦੀਆਂ ਦਿਨ ਰਾਤ ਧੱਜੀਆਂ ਉਡਾਈਆਂ ਜਾ ਰਹੀਆ ਨੇ ? ਅਕਾਲ ਤਖਤ ਅਤੇ ਰਹਿਤ ਮਰਿਆਦਾ ਪ੍ਰਤੀ ਤੁਹਾਡਾ ਇਹ ਸਤਕਾਰ ਹੁਣ ਕਿਉਂ ਨਹੀਂ ਜਾਗਦਾ । ਕਾਰਣ ਸਪਸ਼ਟ ਹੈ ਕਿ, ਤੁਸੀ ਸਾਰੇ ਬਚਿੱਤਰੀ, ਕੰਨਾਂ ਦੇ ਬੋਲੇ ਅਤੇ ਗਿਆਨ ਰੂਪੀ ਅੱਖਾਂ ਤੋਂ ਅੰਨ੍ਹੇ ਹੋ ! ਤੁਹਾਨੂੰ ਉਹ ਹੀ ਆਂਉਦਾ ਹੈ ਜੋ ਤੁਸੀਂ ਰੋਜ਼ ਪੜ੍ਹਵਾਉਂਦੇ ਅਤੇ ਸੁਣਾਉਂਦੇ ਹੋ। ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਲੈ ਲੈਂਦੇ ਤਾਂ ਇਸ ਕੁਰਾਹੇ ਤੇ ਨਾਂ ਪੈਂਦੇ ! ਹੁਣ ਤਾਂ ਤੁਹਾਡੇ ਵਿਦਵਾਨ ਹੀ ਅਕਾਲ ਤਖਤ ਦੇ ਹੁਕਮਨਾਮੇ ਅਤੇ ਕਥਿਤ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਸਰੇ ਬਜਾਰ ਰੱਦ ਕਰ ਗਏ ਜੇ। ਹੁਣ ਤੁਸੀਂ ਕੌਮ ਨੂੰ ਕੀ ਮੂੰਹ ਵਖਾਉਗੇ ?

ਇਹ ਡਿਬੇਟ ਪੂਰੀ ਤਰ੍ਹਾਂ ਸਫਲ ਰਹੀ ਅਤੇ ਇਹ ਡਿਬੇਟ ਬਚਿੱਤਰੀਆਂ ਦੇ ਦੋਗਲੇ ਕਿਰਦਾਰ ਨੂੰ ਅਤੇ ਇਸ ਬਚਿੱਤਰੀ ਪੋਥੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਗਈ। ਇਸ ਡੀਬੇਟ ਨਾਲ ਇਨ੍ਹਾਂ ਟਕਸਾਲੀਆਂ ਦਾ ਸਿੱਖੀ ਸਿਧਾਂਤਾਂ, ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿਨਾਂ ਕੁ ਸਤਿਕਾਰ ਹੈ, ਇਹ ਵੀ ਉਜਾਗਰ ਹੋ ਗਿਆ ਹੈ। ਦਸਮ ਗ੍ਰੰਥ ਨੂੰ ਅਪ੍ਰਮਾਣਿਕ ਅਤੇ ਰੱਦ ਕਰਣ ਲਈ ਬਚਿੱਤਰੀ ਵਿਦਵਾਨਾਂ ਵਲੋਂ ਸਵੀਕਾਰ ਕੀਤੇ ਗਏ ਇਹ ਨੁਕਤੇ ਸਾਡੇ ਲਈ ਕਾਫੀ ਹਨ।

ਨੋਟ: ਅਕਾਲ ਚੈਨਲ ਦੇ ਹੋਸਟ ਦਾ ਇਸ ਡਿਬੇਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਫਤਵੇ ਜਾਰੀ ਕਰ ਦੇਣਾਂ ਅਤੇ ਆਪ ਹੁਦਰੇ ਫੈਸਲੇ ਕਰ ਲੈਣਾ ਕਿ ਦਸਮ ਗ੍ਰੰਥ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਹੈ, ਬੜਾ ਹੀ ਹਾਸੋਹੀਣਾ ਸਾਬਿਤ ਹੋਇਆ ਅਤੇ ਅਕਾਲ ਚੈਨਲ ਦੀ ਨੀਅਤ ਨੂੰ ਉਜਾਗਰ ਕਰਣ ਵਾਲਾ ਸੀ। ਇਹੋ ਜਹੇ ਚੈਨਲਾਂ ਵਲੋਂ ਕਰਵਾਈਆਂ ਗਈਆਂ ਬਹਿਸਾਂ ਦਾ ਬਹੁਤਿਆਂ ਦੇ ਅਨੁਸਾਰ ਭਾਵੇ ਕੋਈ ਸਿੱਟਾ ਨਾ ਨਿਕਲੇ, ਲੇਕਿਨ ਇਹ ਬਹਿਸਾਂ ਇਨ੍ਹਾਂ ਬਚਿੱਤਰੀਆਂ ਦੀ ਅਗਿਆਾਨਤਾ ਅਤੇ ਜ਼ੋਰ ਜਬਰ ਨਾਲ ਆਪਣੇ ਪੱਖ ਨੂੰ ਮਨਵਾਉਣ ਦੀ ਨਿਅਤ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਜਾਂਦੀਆਂ ਹਨ। ਇਹ ਸਾਡਾ ਤਜੁਰਬਾ ਹੈ। ਇਸ ਦਾ ਕਾਰਣ ਇਹ ਹੈ ਕਿ ਜੇੜ੍ਹੀਆਂ ਧਿਰਾਂ ਇਹੋ ਜਹੀਆਂ ਡਿਬੇਟ ਕਰਵਾਉਦੀਆਂ ਹਨ, ਉਨ੍ਹਾਂ ਨੂੰ ਆਪ ਹੀ ਇਸ ਗ੍ਰੰਥ ਬਾਰੇ ਕੋਈ ਗਿਆਨ ਨਹੀਂ ਹੁੰਦਾ। ਫੈਸਲਾ ਅਤੇ ਨਤੀਜਾ ਤਾਂ ਤੁਸਾਂ ਉਸ ਡਿਬੇਟ ਨੂੰ ਸੁਣ ਵੇਖ ਕੇ ਆਪਣੇ ਵਿਵੇਕ ਅਨੁਸਾਰ ਆਪ ਹੀ ਕਡ੍ਹਣਾਂ ਹੁੰਦਾ ਹੈ, ਕਿ ਕੌਣ ਕਿੰਨੇ ਪਾਣੀ ਵਿੱਚ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top