Share on Facebook

Main News Page

ਪੱਗਾਂ ਲਾੳਹੁਣ ਦੀ ਸਿੱਖਿਆ ਇਨ੍ਹਾਂ ਬਚਿੱਤਰੀਆਂ ਨੇ ਅਖੌਤੀ ਦਸਮ ਗ੍ਰੰਥ ਵਿੱਚੋਂ ਹੀ ਲਈ ਹੈ
-: ਇੰਦਰਜੀਤ ਸਿੰਘ, ਕਾਨਪੁਰ

ਅਖੌਤੀ ਦਸਮ ਗ੍ਰੰਥ ਨਾਮ ਦੀ ਇਹ ਕਿਤਾਬ, ਸਿੱਖ ਸਿਧਾਂਤਾਂ ਅਤੇ ਗੁਰਮਤਿ ਦਾ ਘਾਂਣ ਤਾਂ ਕਰਦੀ ਹੀ ਹੈ, ਨਾਲ ਹੀ ਨਾਲ, ਸਾਡੇ ਗੁਰੂਆਂ ਦੀ ਅਸਿਧੇ ਤੌਰ 'ਤੇ ਨਿੰਦਾ ਕਰਕੇ ਉਨ੍ਹਾਂ ਨੂੰ ਬਦਨਾਮ ਵੀ ਕਰ ਰਹੀ ਹੈ। "ਦੇਵੀ ਜੂ ਕੀ ਉਸਤਤਿ" ਨਾਲ ਭਰੀ ਪਈ, ਇਹ ਕਿਤਾਬ ਸਾਡੇ ਸਰਬੰਸਦਾਨੀ ਗੁਰੂ ਸਾਹਿਬ ਨੂੰ "ਦੇਵੀ ਪੂਜਕ" ਅਤੇ "ਅਸ਼ਲੀਲ ਰਚਨਾਵਾਂ ਲਿਖਣ" ਵਾਲਾ ਸਾਬਿਤ ਕਰ ਰਹੀ ਹੈ। ਨਾਲ ਹੀ ਨਾਲ ਇਹੋ ਜਹੀਆਂ ਕਈ ਕਹਾਣੀਆਂ ਵੀ ਇਸ ਵਿੱਚ ਲਿਖੀਆਂ ਹਨ, ਜਿਸ ਨਾਲ ਉਸ ਮਹਾਨ ਗੁਰੂ ਦੇ ਕਿਰਦਾਰ 'ਤੇ ਵੀ ਸ਼ੰਕੇ ਖੜੇ ਕੀਤੇ ਜਾ ਰਹੇ ਹਨ।

ਇਨ੍ਹਾਂ ਦਸਮ ਗ੍ਰੰਥੀਆਂ ਨੇ ਬਹੁਤ ਚਾਲਾਕੀ ਨਾਲ, ਕੁਝ ਹਿੱਸੇ, ਜੋ ਇਹ ਭੁਲੇਖਾ ਖੜਾ ਕਰਦੇ ਹਨ ਕਿ ਇਹ ਅਕਾਲਪੁਰਖ ਦੀ ਉਸਤਤਿ ਹੈ, ਉਨ੍ਹਾਂ ਨੂੰ ਚੁਣ ਚੁਣ ਕੇ ਕੱਢ ਲਿਆ ਹੈ। ਉਨ੍ਹਾਂ ਦਾ ਤਾਂ ਇਹ ਨਿਤ ਪ੍ਰਚਾਰ ਕਰਦੇ ਅਤੇ ਉਸਨੂੰ ਪੜ੍ਹਦੇ ਅਤੇ ਕੀਰਤਨ ਕਰਦੇ ਹਨ। ਲੇਕਿਨ ਇਨ੍ਹਾਂ ਰਚਨਾਵਾਂ ਦੇ ਅਗੇ ਅਤੇ ਪਿਛੇ ਦੇ ਉਹ ਸਾਰੇ ਬੰਦ ਹਜ਼ਮ ਕਰ ਜਾਂਦੇ ਨੇ, ਜੋ ਇਨ੍ਹਾਂ ਰਚਨਾਵਾਂ ਦੇ ਭੇਦ ਖੋਲਦੇ ਹਨ। ਜਿਸ ਤਰ੍ਹਾਂ ਕਿ "ਚੰਡੀ ਦੀ ਵਾਰ" (ਅਸਲ ਨਾ "ਦੁਰਗਾ ਜੀ ਕੀ ਵਾਰ" ) ਦੀ ਪਹਿਲੀ ਪੌੜ੍ਹੀ ਤਾਂ ਇਹ ਪੜ੍ਹਦੇ ਹਨ, "ਪ੍ਰਿਥਮ ਭਗਉਤੀ ਸਿਮਰ ਕੇ..." ਲੇਕਿਨ ਬਾਕੀ ਦੀਆਂ 55 ਪੌੜ੍ਹੀਆਂ ਇਹ ਨਹੀਂ ਪੜ੍ਹਦੇ। "ਦੁਰਗਾ ਪਾਠ ਬਣਾਇਆ ਸਭੇ ਪੌੜੀਆਂ..." ਕਿਉਂਕਿ ਇਹ 55 ਪੌੜ੍ਹੀਆਂ, ਇਸ ਪਹਿਲੀ ਪੌੜ੍ਹੀ ਵਿਚ ਆਈ "ਭਗਉਤੀ" ਦਾ ਸਾਰਾ ਭੇਦ ਖੋਲ੍ਹ ਦਿੰਦੀਆਂ ਹਨ। ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਵੀ ਰਚਨਾਵਾਂ ਹਨ, ਜਿਨ੍ਹਾਂ ਬਾਰੇ ਅਸੀਂ ਕਈ ਵਾਰ ਚਰਚਾ ਕਰ ਚੁਕੇ ਹਾਂ।

ਅੱਜ ਅਸੀਂ ਜਿਕਰ ਕਰਾਂਗੇ, ਉਸ ਕਹਾਣੀ ਦਾ, ਜੋ ਪੰਨਾਂ ਨੰਬਰ 901 ਅਤੇ 902 ਤੇ, ਚਰਿਤ੍ਰ ਨੰਬਰ 71 ਵਿੱਚ ਲਿਖੀ ਹੋਈ ਹੈ। ਇਸ ਵਿੱਚ ਕੋਈ ਗੁਰੂ ਹੈ, ਜੋ ਆਪਣੀ ਹੱਡ ਬੀਤੀ ਸੁਣਾ ਰਿਹਾ ਹੈ। "ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!" ਹੁਣ ਆਪ ਹੀ "ਇਸ ਗੁਰੂ" ਦੀ ਇਹ ਆਪ ਬੀਤੀ ਪੜ੍ਹ ਲਵੋ, ਤੇ ਇਹ ਫੈਸਲਾ ਆਪ ਕਰੋ ਕਿ ਇਸ ਕਹਾਣੀ ਵਿੱਚ, ਇਹ ਕਿਹੜਾ ਗੁਰੂ ਹੈ, ਜੋ ਆਪਣੀ ਕਥਾ ਆਪ ਸੁਣਾ ਰਿਹਾ ਹੈ?

ਦੋਹਰਾ॥ ਸਿਰਮੌਰ ਦੇਸ਼ ਦੀ ਰਿਆਸਤ ਵਿਚ ਪਾਂਵਟਾ ਨਗਰ, ਚੰਗੀ ਤਰ੍ਹਾਂ ਵਸਦਾ ਹੈ॥ ਉਸ ਦੇ ਨੇੜੇ ਜਮੁਨਾਂ ਨਦੀ ਵਗਦੀ ਹੈ ॥ ਇਸ ਤ੍ਰ੍ਹਾਂ ਪ੍ਰਤੀਤ ਹੂੰਦਾ ਹੈ ਕਿ ਉਹ ਕੁਬੇਰ ਦੀ ਨਗਰੀ ਹੋਵੇ॥ ਉਸ ਨਦੀ ਦੇ, ਕੰਡੇ 'ਤੇ ਕਪਾਲ ਮੋਚਨ ਨਾਮ ਦਾ ਤੀਰਥ ਵੀ ਸੀ। ਅਸੀ ਪਾਂਵਟਾ ਨਗਰ ਨੂੰ ਛੱਡ ਕੇ, ਉਸ ਥਾਂ 'ਤੇ ਆ ਗਏ ॥

ਚੌਪਈ: ਰਸਤੇ ਵਿਚ ਸ਼ਿਕਾਰ ਖੇਡਦੇ ਹੋਏ ਸੂਰਾਂ ਨੂੰ ਮਾਰਿਆ ॥ ਬਹੁਤ ਸਾਰੇ ਹਿਰਨ ਵੀ ਮਾਰੇ ॥ ਫਿਰ ਅਸੀਂ ਉਸ ਸਥਾਨ ਦਾ ਰਾਹ ਫੜਿਆ ॥ ਅਤੇ ਉਸ ਤੀਰਥ ਦੇ ਦਰਸ਼ਨ ਕੀਤੇ॥

ਦੋਹਰਾ ॥ ਉਥੇ ਸਾਡੇ ਬਹੁਤ ਸਾਰੇ ਸਿੱਖ ਆ ਪਹੁੰਚੇ॥ ਉਨ੍ਹਾਂ ਨੂੰ ਦੇਣ ਲਈ ਸਾਨੂੰ ਸਿਰੋਪਿਆਂ ਦੀ ਲੋੜ ਸੀ॥ ਅਸੀਂ ਆਪਣੇ ਲੋਕ ਬੁਲਾ ਕੇ ਪਾਉਂਟਾ ਅਤੇ ਬੂਰੀਆਂ ਨਗਰਾਂ ਵਿੱਚ ਭੇਜੇ ॥ ਲੇਕਿਨ ਉਥੋਂ ਇਕ ਵੀ ਪੱਗ ਨਹੀਂ ਮਿਲੀ ॥ ਉਹ ਅਸਫਲ ਹੋ ਕੇ ਵਾਪਸ ਆ ਗਏ॥ ਮੁੱਲ ਖਰਚਨ 'ਤੇ, ਇਕ ਵੀ ਪਗੜੀ ਨਹੀਂ ਮਿਲੀ ॥ ਤਦ ਅਸੀਂ ਮਨ ਵਿਚ ਇਹ ਸਲਾਹ ਕੀਤੀ॥ ਜਿਥੇ ਕੋਈ ਵੀ ਮੂਤਰ ਕਰਦਾ ਨਜਰ ਆਵੇ ॥ ਉਸਦੀ ਪਗੜੀ ਖੋਹ ਲਿਆਉ ॥ ਜਦੋਂ ਪਿਆਦਿਆਂ (ਸਿਪਾਹੀਆਂ) ਨੇ ਇਹ ਗਲ ਸੁਣੀ ॥ ਤਦ ਉਨ੍ਹਾਂ ਸਾਰਿਆਂ ਨੇ ਮਿਲ ਕੇ ਉੱਸੇ ਤਰ੍ਹਾਂ ਕੀਤਾ॥ ਜੋ ਮਨਮੁਖ ਉਸ ਤੀਰਥ 'ਤੇ ਆਇਆ, ਉਸ ਨੂੰ ਪੱਗ ਤੋਂ ਵਾਂਝਾ ਕਰਕੇ ਭਜਾ ਦਿਤਾ॥

ਦੋਹਰਾ॥ ਇਸ ਤਰ੍ਹਾਂ ਉਸ ਇਕ ਰਾਤ ਵਿਚ 800 ਪੱਗਾਂ ਉਤਾਰ ਲਈਆਂ॥ ਉਹ ਪੱਗਾਂ ਪਿਆਦਿਆਂ (ਸਿਪਾਹੀਆਂ) ਨੇ ਸਾਨੂੰ ਲਿਆ ਕੇ ਦਿਤੀਆਂ ॥ ਅਸਾਂ ਉਨ੍ਹਾਂ ਨੂੰ ਧੋ ਕੇ, ਸਾਫ ਕਰਵਾ ਲਿਆ॥ ਚੌਪਈ ॥ ਉਨ੍ਹਾਂ ਨੂੰ ਧੁਆ ਕੇ ਸਵੇਰੇ ਹੀ ਮੰਗਵਾ ਲਿਆ॥ ਸਾਰੇ ਹੀ ਸਿੱਖਾਂ ਨੂੰ (ਉਹ ਪੱਗਾਂ) ਬੰਧਵਾ ਦਿਤੀਆਂ॥ ਜੋ ਬਚ ਗਈਆਂ ਉਨ੍ਹਾਂ ਨੂੰ ਫੌਰਨ ਹੀ ਵੇਚ ਦਿੱਤਾ॥ ਬਾਕੀ ਦੀਆਂ ਜੇੜ੍ਹੀਆਂ ਪੱਗਾਂ ਬਚ ਗਈਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ॥

ਦੋਹਰਾ ॥ ਪਗੜੀਆਂ ਲੈ ਕੇ ਉਹ (ਸਿੱਖ) ਸੁਖ ਪੂਰਵਕ ਘਰ ਨੂੰ ਚਲੇ ਗਏ॥ ਕਿਸੇ ਮੂਰਖ ਨੇ ਨਾ ਸਮਝਿਆ ਕਿ ਰਾਏ (ਸਾਡੇ ਨਾਲ) ਕੀ ਕਰ ਗਿਆ ਹੈ॥

ਮੇਰੇ ਵੀਰੋ ! ਅਸੀਂ ਇਸ ਕੂੜ ਪੋਥੇ ਰਾਂਹੀ ਲੁੱਟੇ ਜਾ ਚੁਕੇ ਹਾਂ ! ਹਲੀ ਵੀ ਹੋਸ਼ ਕਰੋ ! ਤੇ ਇਹ ਸੋਚੋ, ਕਿ ਉਹ ਕਿਹੜਾ "ਰਾਏ" ਹੋ ਸਕਦਾ ਹੈ, ਜੋ ਇਹ ਆਪ ਬੀਤੀ ਸੁਣਾ ਰਿਹਾ ਹੈ? ਜੇ ਤੁਹਾਡੀ ਸੋਚਣ ਸਮਝਣ ਦੀ ਤਾਕਤ ਨਹੀਂ ਰਹੀ, ਤਾਂ ਆਉ ਇਸ ਕਹਾਣੀ ਨੂੰ ਪੜ੍ਹ ਕੇ, ਮਨ ਵਿੱਚ ਜੋ ਸਵਾਲ ਉੱਠ ਰਹੇ ਹਨ, ਉਨ੍ਹਾਂ ਵਲ ਇਕ ਨਿਗਾਹ ਮਾਰ ਲਈਏ।

  1. ਪਾਂਵਟਾ ਸ਼ਹਿਰ ਵਿਚ ਕਿਹੜਾ ਰਾਏ (ਰਾਜਾ) ਰਹਿੰਦਾ ਸੀ?

  2. ਰਾਜੇ ਦੀ ਪ੍ਰਜਾ ਹੁੰਦੀ ਹੈ ਕਿ ਸਿੱਖ? ਜੇ ਸਿੱਖ ਲਿਖ ਰਿਹਾ ਹੈ ਤਾਂ ਉਹ ਰਾਏ ਫਿਰ "ਗੁਰੂ" ਹੋਇਆ ?

  3. ਪਾਂਵਟਾ ਸ਼ਹਿਰ ਵਿਚ ਕਿਹੜਾ ਗੁਰੂ ਰਹਿੰਦਾ ਸੀ, ਜਿਸਦੇ ਦਰਸ਼ਨ ਕਰਨ, ਉਸ ਦੇ ਸਿੱਖ ਆਂਉਦੇ ਸਨ ? ( ਨੋਟ : ਰਾਜੇ ਦੇ ਸਿੱਖ ਨਹੀਂ ਹੁੰਦੇ ਉਸ ਦੀ ਪਰਜਾ ਹੋਇਆ ਕਰਦੀ ਹੈ)

  4. ਸਿਰੋਪੇ ਦੇਣ ਦੀ ਪ੍ਰਥਾ ਅਤੇ ਚਲਣ ਕਿਸ ਧਰਮ ਵਿੱਚ ਹੈ ? ਜੇ ਇਹ ਸਿੱਖ ਧਰਮ ਵਿੱਚ ਹੀ ਹੈ, ਤਾਂ ਉਹ ਗੁਰੂ ਕੌਣ ਸੀ, ਜਿਸਨੂੰ ਆਪਣੇ ਸਿੱਖਾਂ ਨੂੰ ਸਿਰੋਪੇ ਦੇਣ ਦੀ ਲੋੜ ਪੈ ਗਈ ?

  5. ਪਾਂਵਟਾ ਸ਼ਹਿਰ ਵਿਚ ਕਿਹੜਾ ਰਾਇ ਰਹਿੰਦਾ ਸੀ, ਜੋ ਸ਼ਿਕਾਰ ਵੀ ਖੇਡਦਾ ਸੀ?

  6. ਇਹ ਕਵੀ ਉਸ ਨੂੰ "ਰਾਏ" ਲਿਖ ਰਿਹਾ ਹੈ। ਕਿਸ ਗੁਰੂ ਦੇ ਨਾਮ ਨਾਲ "ਰਾਏ" ਲਾਇਆ ਜਾਂਦਾ ਸੀ ?

ਹੁਣ ਇਹ ਵੀ ਵੇਖ ਅਤੇ ਪੜ੍ਹ ਲਵੋ ਕਿ ਇਹ ਕਿਤਾਬ, ਉਸ ਗੁਰੂ ਦਾ, ਉੱਸੇ ਦੀ ਜੁਬਾਨੀ, ਮਜ਼ਾਕ ਉੜਾ ਰਹੀ ਹੈ, ਕਿ ਉਸ ਦੀ ਵਡਿਆਈ ਕਰ ਰਹੀ ਹੈ?

  1. ਸ਼ੇਰ ਅਤੇ ਚੀਤੇ ਨਹੀਂ, ਇਹ ਕਵੀ ਉਸ ਰਾਏ ਕੋਲੋਂ ਸੂਰ ਤੇ ਹਿਰਨ ਮਰਵਾ ਰਿਹਾ ਹੈ।

  2. ਇਹ ਗੁਰੂ ਅਪਣੇ ਦਰਸ਼ਨ ਕਰਨ ਆਏ "ਸਿੱਖਾਂ" ਦੀਆਂ ਪੱਗਾਂ ਲਾਅ ਕੇ ਉਨ੍ਹਾਂ ਨੂੰ ਬੇਇਜੱਤ ਕਰਕੇ ਵਾਪਿਸ ਭੇਜ ਰਿਹਾ ਹੈ। ਸਿੱਖਾਂ ਤੋਂ ਖੋਹੀਆਂ ਹੋਈਆਂ ਪੁਰਾਣੀਆਂ ਪੱਗਾਂ ਦੇ ਸਿਰੋਪੇ ਬਣਵਾ ਕੇ ਦੂਜੇ ਸਿੱਖਾਂ ਨੂੰ ਵੰਡ ਰਿਹਾ ਹੈ। ਇਸ ਕਹਾਣੀ ਵਿੱਚ ਇਹੋ ਹੀ ਲਿਖਿਆ ਹੋਇਆ ਹੈ।

  3. ਇਸ ਗੁਰੂ ਕੋਲ ਆਪਣੇ ਸਿੱਖਾਂ ਨੂੰ ਦੇਣ ਲਈ ਸਿਰੋਪੇ ਵੀ ਨਹੀਂ ਹੁੰਦੇ ਸਨ। ਇਹ ਕਿਤਾਬ ਇਹ ਦਸ ਰਹੀ ਹੈ।

  4. ਇਸ ਗੁਰੂ ਦੇ ਜੋ ਸ਼ਰਧਾਲੂ, ਇਸ ਦੇ ਦਰਸ਼ਨ ਕਰਨ ਲਈ ਆਏ ਸਨ, ਕੀ ਉਹ ਸਾਰੇ, ਉਸ ਰਾਤ, ਸਾਰੇ ਹੀ ਮੂਤਰ ਕਰਨ ਨਿਕਲ ਪਏ ਸਨ? ਜੋ ਇੱਕ ਰਾਤ ਵਿਚ 800 ਪੱਗਾਂ ਇਕੱਠੀਆਂ ਹੋ ਗਈਆਂ ਸਨ ?

  5. ਇਹ ਗੁਰੂ ਆਪਣੇ ਸ਼ਰਧਾਲੂਆਂ ਨੂੰ ਮੂਰਖ ਕਹਿ ਰਿਹਾ ਹੈ। ਇਸ ਕਹਾਣੀ ਦੇ ਅਖੀਰ ਵਿੱਚ।

  6. ਇਹ ਆਪਣੇ ਸਿੱਖਾਂ ਨਾਲ ਠੱਗੀ ਕਰਕੇ, ਉਨ੍ਹਾਂ ਦੀਆਂ ਪੱਗਾਂ ਚੁਰਾ ਕੇ ਉਨ੍ਹਾਂ ਨੂੰ ਹੀ ਸਿਰੋਪੇ ਵੰਡਦਾ ਹੈ। ਇਸ ਕਿਤਾਬ ਦੀ ਇਹ ਕਹਾਣੀ ਇਹ ਹੀ ਕਹਿ ਰਹੀ ਹੈ।

  7. ਇਹ ਆਪਣੇ ਸਿੱਖਾਂ ਦੀਆਂ ਪੁਰਾਣੀਆਂ ਪੱਗਾਂ ਵੇਚ ਵੀ ਦਿੰਦਾ ਹੈ। ਇਹ ਕਹਾਣੀ ਇਹ ਦਸ ਰਹੀ ਹੈ।

  8. ਸਿਰੋਪੇ ਕੋਈ ਰਾਜਾ ਆਪਣੀ ਪ੍ਰਜਾ ਨੂੰ ਨਹੀਂ ਦਿੰਦਾ। ਇਕ ਗੁਰੂ ਵਲੋਂ ਹੀ ਆਪਣੇ ਸਿੱਖ ਨੂੰ ਸਿਰੋਪਾ ਦੇਣ ਦੀ ਪ੍ਰਥਾ ਰਹੀ ਹੈ।

ਫੈਸਲਾ ਤੁਹਾਡਾ ਹੈ !

"ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!" ਇਸ ਕਿਤਾਬ ਦੇ ਜੋ ਪੰਨੇ ਇਸ ਲੇਖ ਨਾਲ ਦਿੱਤੇ ਜਾ ਰਹੇ ਨੇ, ਉਨ੍ਹਾਂ ਨੂੰ ਆਪ ਪੜ੍ਹੋ ! ਤੇ ਫੈਸਲਾ ਕਰੋ ਕਿ, "ਕੀ ਇਹ ਕਿਤਾਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਹੋਈ ਹੋ ਸਕਦੀ ਹੈ?" ਜੇ ਤੁਸਾਂ ਹੁਣ ਵੀ ਨਹੀਂ ਮੰਨਣਾ ! ਤਾਂ ਇਹ ਯਾਦ ਰਖਿਉ ! ਕਿ ਅੱਜ ਤਾਂ ਤੁਸੀਂ ਉੱਚੀ ਉੱਚੀ ਇਸ ਕਿਤਾਬ ਨੂੰ "ਦਸਮ ਦੀ ਬਾਣੀ" ਕਹਿ ਰਹੇ ਹੋ, ਲੇਕਿਨ ਜਦੋਂ ਪੰਥ ਦੋਖੀਆਂ ਨੇ ਇਸ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਕਹਿਣਾ ਸ਼ੁਰੂ ਕਰ ਦਿੱਤਾ, ਤਾਂ ਤੁਹਾਡੇ ਕੋਲ, ਮੂੰਹ ਛੁਪਾਉਣ ਦਾ ਵੀ ਕੋਈ ਸਾਧਨ ਨਹੀਂ ਰਹਿ ਜਾਣਾ। ਜਿਸ ਨਾਲ ਤੁਸੀਂ ਆਪਣਾ ਮੂੰਹ ਛੁਪਾ ਕੇ ਇਹ ਕਹਿ ਸਕੋ ਕਿ, "ਨਹੀਂ! ਇਹ ਕਹਾਣੀਆਂ ਸਾਡੇ ਗੁਰੂ ਨੇ ਨਹੀਂ ਲਿਖੀਆਂ।"

ਅਖੌਤੀ ਦਸਮ ਗ੍ਰੰਥ ਪੰਨਾ 901

ਅਖੌਤੀ ਦਸਮ ਗ੍ਰੰਥ ਪੰਨਾ 902

ਚਲਦਾ...


<< ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਅਖੌਤੀ ਦਸਮ ਗ੍ਰੰਥ ਬਾਰੇ ਲੇਖ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top