Share on Facebook

Main News Page

ਸਿੱਖੀ ਨਾਲ ਹਰਮਾਜਦਗੀ ਕਰਣ ਵਾਲੇ ਕੌਣ ਹਨ ?
-: ਇੰਦਰਜੀਤ ਸਿੰਘ, ਕਾਨਪੁਰ

ਅੱਜ ਕਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਤਾ ਸਿੰਘ ਨਾਮ ਦੇ ਕਿਸੇ ਭਈਏ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ, ਦੁਰਮਤਿ ਦਾ ਪ੍ਰਚਾਰ ਕਰਣ ਲਈ ਦਿੱਤੀ ਹੋਈ ਹੈ । ਬੰਤਾ ਭਈਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਹਿ ਕੇ ਗੁਰਮਤਿ ਦੀ ਤਾਂ ਇਕ ਵੀ ਵਿਚਾਰ ਨਹੀਂ ਕਰ ਰਿਹਾ, ਬਲਕਿ ਗੁਰਮਤਿ ਦੀਆਂ ਧੱਜੀਆਂ ਜਰੂਰ ਉਡਾ ਰਿਹਾ ਹੈ। ਕਥਾ ਦੇ ਬਹਾਨੇ, ਕੌਮ ਦੀਆਂ ਮਹਾਨ ਸ਼ਖਸ਼ਿਅਤਾਂ ਬਾਰੇ ਰੱਜ ਕੇ ਜ਼ਹਿਰ ਉਗਲ ਰਿਹਾ ਹੈ, ਅਤੇ ਸਿੱਖਾਂ ਨੂੰ ਅਸਿੱਧੇ ਤੌਰ 'ਤੇ ਮਨਮਤਿ ਨਾਲ ਜੋੜਨ ਦਾ ਕੋਝਾ ਕੰਮ ਕਰ ਰਿਹਾ ਹੈ । ਗੁਰਬਾਣੀ ਦੀ ਇਕ ਅੱਧੀ ਅਧੂਰੀ ਤੁਕ ਲੈ ਕੇ ਉਸਦਾ ਅਨਰਥ ਅਤੇ ਅਨਾਦਰ ਕਰ ਕੇ ਭੋਲੀ ਭਾਲੀ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ। ਕੀ ਇਸ ਨੂੰ ਹੀ ਗੁਰਮਤਿ ਦੀ ਕਥਾ ਕਹਿਆ ਜਾਂਦਾ ਹੈ, ਜੋ ਬੰਗਲਾ ਸਾਹਿਬ ਦੀ ਸਟੇਜ 'ਤੇ ਕੁੱਝ ਸਮੇਂ ਤੋਂ ਕੀਤੀ ਜਾ ਰਹੀ ਹੈ ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਦੀ ਥਾਂ ਤੇ ਅਨਮਤਿ ਦੇ ਮਿਥਿਹਾਸ ਦਾ ਪ੍ਰਚਾਰ ਹੋ ਰਿਹਾ ਹੈ।

ਦਿੱਲੀ ਦੇ ਸਿੱਖਾਂ ਦਾ ਮੌਨ ਵੇਖ ਕੇ ਮੰਨ ਤਾਂ ਨਹੀਂ ਸੀ ਕਰਦਾ ਕਿ ਇਸ ਬਾਰੇ ਮੈਂ ਕੁਝ ਵੀ ਲਿੱਖਾਂ, ਲੇਕਿਨ ਕਲ ਦਾਸ ਨੇ ਇਸ ਭਈਏ ਦੀ ਕਥਿਤ ਕਥਾ ਦੀ ਇਕ ਵੀਡੀਉ ਸੁਣੀ, ਤੇ ਰਿਹਾ ਨਾਂ ਗਿਆ। ਇਸ ਵੀਡੀਉ ਵਿੱਚ ਇਹ ਬਾਬਾ ਕਬੀਰ ਜੀ ਦੇ ਇਕ ਸ਼ਬਦ, "ਕਿਆ ਅਪਰਾਧੁ ਸੰਤ ਹੈ ਕੀਨਾ ॥" ਦੀ ਇਕ ਅੱਧੀ ਅਧੂਰੀ ਤੁੱਕ ਨੂੰ ਆਧਾਰ ਬਣਾਂ ਕੇ ਆਪਣੇ ਨਾਮ ਨਾਲ "ਸੰਤ" ਸ਼ਬਦ ਦੀ ਵਰਤੋਂ ਕਰਣ ਵਾਲਿਆਂ ਨੂੰ ਜਾਇਜ਼ ਠਹਿਰਾ ਰਿਹਾ ਹੈ। ਭੇਲੇ ਭਾਲੇ ਸਿੱਖ ਵੀ ਨਾ ਸਮਝੀ ਵਿੱਚ ਇਸਦੀ ਅਖੌਤੀ ਕਥਾ ਨੂੰ ਸੁਣੀ ਜਾ ਰਹੇ ਹਨ। ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਇਹ ਗੁਰਬਾਣੀ ਦੀਆਂ ਅੱਧੀਆਂ ਅਧੂਰੀਆਂ ਤੁਕਾਂ ਲੈ ਕੇ ਉਸ ਦਾ ਘੋਰ ਅਨਰਥ ਅਤੇ ਅਪਮਾਨ ਕਰ ਰਿਹਾ ਹੈ।

ਕੀ ਬੰਤਾ ਭਈਆ ਇਹ ਦਸਣ ਦੀ ਜ਼ੁਰੱਤ ਕਰੇਗਾ ਕਿ, ਬਾਬਾ ਕਬੀਰ ਜੀ ਨੂੰ ਕਿਸ ਵਿਅਕਤੀ ਨੇ, ਕਿਸ ਕਾਲ ਵਿਚ, ਕਦੋਂ ਅਤੇ ਕਿਸ ਅਸਥਾਨ 'ਤੇ, ਕਿਸੇ ਹਾਥੀ ਦੇ ਸਾਮ੍ਹਣੇ ਬਨ੍ਹ ਕੇ ਮਾਰਣ ਲਈ ਸੁੱਟ ਦਿੱਤਾ ਸੀ ? ਉਹ ਉੱਥੋ ਕਿਵੇਂ ਬੱਚ ਕੇ ਨਿਕਲ ਆਏ ਸਨ ? ਕੀ ਉਸ ਕੋਲ ਇਸ ਸਾਖੀ ਦਾ ਕੋਈ ਪ੍ਰਮਾਣਿਕ ਇਤਿਹਾਸ ਹੈ ? ਜਿਸਦਾ ਜਿਕਰ ਭਾਈਏ ਨੇ ਅਪਣੀ ਕਥਾ ਵਿਚ ਕੀਤਾ ਹੈ। ਬਾਬਾ ਕਬੀਰ ਜੀ ਤਾ ਇਸ ਸ਼ਬਦ ਵਿੱਚ ਉਨ੍ਹਾਂ ਵਿਕਾਰਾਂ ਨਾਲ ਭਗਤਾਂ (ਸੰਤਾਂ) ਦੇ ਬੰਨ੍ਹੇ ਹੋਣ (ਦੁਖੀ ਹੋਣ) ਦੀ ਹਾਲਤ ਬਿਆਨ ਕਰ ਰਹੇ ਹਨ। ਅੱਜ ਵੀ ਪਾਪੀ ਅਤੇ ਕਸਾਈ ਰਾਜੇ ਅਤੇ ਹਕੂਮਤਾਂ, ਇਕ ਹਾਥੀ ਦੇ ਰੂਪ ਵਿੱਚ ਸੱਚ ਅਤੇ ਰੱਬ ਦੀ ਗੱਲ ਕਰਣ ਵਾਲੇ ਸੰਤਾਂ (ਭਗਤਾਂ) ਦੀਆਂ ਛਬੀਲਾਂ ਲਾ ਕੇ ਉਨ੍ਹਾਂ ਨੂੰ ਮਾਰਨ ਅਤੇ ਕੁਚਲਣ ਲਈ ਤਿਆਰ ਬੈਠੈ ਹਨ ।
ਇਸ ਸ਼ਬਦ ਵਿੱਚ ਬਾਬਾ ਕਬੀਰ ਜੀ ਰੱਬ ਕੋਲੋਂ ਇਹ ਪੁਛ ਰਹੇ ਨੇ ਕਿ ਇਹ ਅਕਾਲਪੁਰਖ ਜੀ ! ਇਹੋ ਜਹੇ ਬੇਦੋਸ਼ੇ ਭਗਤਾਂ (ਸੰਤਾਂ) ਦਾ ਕੀ ਅਪਰਾਧ ਹੈ, ਜੋ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ।

ਦੂਜੀ ਗਲ ਇਸ ਬਚਿੱਤਰੀਏ ਕਥਾ ਵਾਚਕ ਨੇ ਹੋਰ ਵੀ ਅਜੀਬ ਜਹੀ ਕਹੀ ਹੈ ਕਿ, ਕੁਝ ਵੀਰ ਅਪਣੇ ਨਾਂ ਨਾਲ ਸੰਤ ਲਾਉਣ ਵਾਲਿਆਂ ਨੂੰ "ਹਰਾਮਜ਼ਦਗੀ" ਕਹਿੰਦੇ ਹਨ, ਜੋ ਇਕ ਗਾਲ੍ਹ ਹੈ। ਕੋਈ ਵੀ ਬੰਦਾ ਸੰਤ ਅਖਵਾ ਸਕਦਾ ਹੈ, ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਭਈਏ ਦੀ ਇਸ ਹਸੋਹੀਣੀ ਗਲ ਸੁਣਕੇ ਇਸਦੀ ਅਕਲ 'ਤੇ ਬਹੁਤ ਤਰਸ ਆਇਆ । ਇਹ ਸੰਤ ਸ਼ਬਦ ਦੀ ਵਰਤੋਂ ਕਰਣ ਨੂੰ ਜਾਇਜ਼ ਠਹਿਰਾਉਣ ਲਈ, ਗੁਰਬਾਣੀ ਦੀ ਅੱਧੀ ਤੁਕ ਦਾ ਪ੍ਰਮਾਣ ਦੇ ਕੇ ਇਹ ਕਹਿੰਦਾ ਹੈ ਕਿ, ਕਬੀਰ ਸਾਹਿਬ ਨੇ ਅਪਣੇ ਆਪ ਨੂੰ ਸੰਤ ਕਹਿਆ । ਜਦਕਿ ਗੁਰੂ ਦੀ ਪਾਵਨ ਹਜੂਰੀ ਵਿੱਚ ਬਹਿ ਕੇ ਇਸਨੇ ਇਹ ਝੂਠ ਬੋਲ ਕੇ ਸੰਗਤ ਨੂੰ ਗੁਮਰਾਹ ਕੀਤਾ ਹੈ।

ਇਸ ਸ਼ਬਦ ਵਿਚ ਕਿਤੇ ਵੀ ਬਾਬਾ ਕਬੀਰ ਜੀ ਨੇ ਅਪਣੇ ਆਪ ਨੂੰ ਸੰਤ ਨਹੀਂ ਕਹਿਆ। ਬਿਪਰ ਵਾਦੀ ਤਾਕਤਾਂ ਦੇ ਹਥ ਠੋਕੇ ਇਸ ਧੂਤੇ ਨੂੰ ਤਾਂ ਸ਼ਾਇਦ ਇਨਾਂ ਵੀ ਨਹੀਂ ਪਤਾ ਕਿ ਸਮੁੱਚੇ ਸਿੱਖ ਇਤਿਹਾਸ ਵਿੱਚ ਕਿਸੇ ਇਕ ਥਾਂ ਤੇ ਵੀ ਕਿਸੇ ਗੁਰੂ ਸਾਹਿਬਾਨ ਨੇ, ਕਿਸੇ ਵੀ ਸ਼ਹੀਦ ਨੇ ,ਇਥੋਂ ਤਕ ਕੇ ਵੱਡੇ ਤੇ ਵੱਡੇ ਜੋਧੇ ਅਤੇ ਭਗਤਾਂ ਨੇ ਅਪਣੇ ਨਾਮ ਅਗੇ "ਸੰਤ" ਸ਼ਬਦ ਦੀ ਵਰਤੋਂ ਨਹੀਂ ਕੀਤੀ ਅਤੇ ਨਾਂ ਹੀ ਕੌਮ ਨੇ ਕਿਸੇ ਵੀ ਸ਼ਖਸ਼ਿਅਤ ਨੂੰ "ਸੰਤ" ਸ਼ਬਦ ਨਾਲ ਸੰਬੋਧਿਤ ਕੀਤਾ । ਇਹ ਤਾਂ 1984 ਵਿੱਚ ਪਹਿਲੀ ਵਾਰ ਟਕਸਾਲੀਆਂ ਨੇ ਭਿੰਡਰ ਵਾਲਿਆਂ ਦੇ ਨਾਂ ਨਾਲ "ਸੰਤ" ਲਾਅ ਕੇ ਗੁਰਮਤਿ ਸਿਧਾਂਤ ਨੂੰ ਸਰੇ ਬਾਜ਼ਾਰ ਰੋਲਿਆ । ਜਦਕਿ ਬਾਬਾ ਜਰਨੈਲ ਸਿੰਘ ਨੇ ਕਦੀ ਅਪਣੇ ਆਪ ਨੂੰ ਸੰਤ ਨਹੀਂ ਅਖਵਾਇਆ । ਬਾਬਾ ਦੀਪ ਸਿੰਘ ਸ਼ਹੀਦ ਨੂੰ ਵੀ ਕੌਮ ਨੇ "ਬਾਬਾ" ਅਤੇ ਸ਼ਹੀਦ" ਦੀ ਉਪਾਧੀ ਦਿੱਤੀ "ਸੰਤ" ਦੀ ਨਹੀਂ । ਉਨ੍ਹਾਂ ਦੀ ਗਲ ਤਾਂ ਛੱਡੋ ਇਸ ਟਕਸਾਲ ਨੇ ਤਾਂ ਹੁਣ ਪੂਰਾ "ਸੰਤ ਸਮਾਜ" ਹੀ ਸਿਰਜ ਦਿਤਾ ਹੈ, ਜੋ ਨਾਂ ਗੁਰਮਤਿ ਸਿਧਾਂਤ ਨੂੰ ਮਣਦਾ ਹੈ ਅਤੇ ਨਾਂ ਹੀ ਕਿਸੇ ਮਰਿਆਦਾ ਨੂੰ ।

ਬੰਤਾ ਭਈਆ ! ਕੌਮ ਤੁਹਾਡੀਆਂ ਇਨ੍ਹਾਂ ਜਬਲੀਆਂ ਵਿੱਚ ਹੁਣ ਆਉਣ ਵਾਲੀ ਨਹੀਂ । ਇਹ ਸੰਤ ਕਿਸ ਤਰ੍ਹਾਂ ਸੱਚ ਅਤੇ ਗੁਰੂ ਦੀ ਗਲ ਕਰਣ ਵਾਲੇ ਪ੍ਰਚਾਰਕਾਂ ਦੀਆਂ ਛਬੀਲਾਂ ਲਾਉਂਦੇ ਨੇ ਇਹ ਸਾਰੀ ਦੁਨੀਆਂ ਆਪਣੀਆਂ ਅੱਖਾਂ ਨਾਲ ਵੇਖ ਚੁਕੀ ਹੈ । ਤੁਸੀਂ ਵੀ ਇਹ ਕਥਾ ਸ਼ਾਇਦ ਇਸ ਲਈ ਹੀ ਕੀਤੀ ਅਤੇ ਗੁਰਬਾਣੀ ਦਾ ਅਨਰਥ ਵੀ ਸ਼ਾਇਦ ਇੱਸੇ ਲਈ ਕੀਤਾ ਹੈ ਕਿ ਜਿਨ੍ਹਾਂ "ਸੰਤ ਸਮਾਜੀਆਂ" ਦੀ ਬਦੌਲਤ ਤੁਹਾਨੂੰ ਦੋ ਟੁੱਕੜ ਮਿਲ ਰਹੇ ਨੇ । ਉਨ੍ਹਾਂ ਨੂੰ "ਸੰਤ" ਅਖਵਾਉਣ" ਦੀ ਆਜ਼ਾਦੀ ਮਿਲ ਸਕੇ। ਫਿਰ ਜੇ ਤੁਸੀਂ ਇਨੇ ਹੀ ਵੱਡੇ ਵਿਦਵਾਨ ਸੀ, ਤਾਂ ਬਾਬਾ ਕਬੀਰ ਜੀ ਦੀ ਇਕ ਅਧੂਰੀ ਤੁਕ ਪੜ੍ਹ ਕੇ ਤੁਸੀ "ਸੰਤ" ਅਖਵਾਉਣ ਵਾਲਿਆਂ ਦੀ ਮਹਿਮਾਂ ਦਾ ਗੁਣ ਗਾਨ ਤਾਂ ਕਰ ਦਿੱਤਾ।

ਕਾਸ਼ ! ਇਨ੍ਹਾਂ ਅਖੌਤੀ, ਆਪਹੁਦਰੇ ਬਣੇ ਸੰਤਾਂ ਲਈ ਬਾਬਾ ਕਬੀਰ ਜੀ ਦੀਆਂ ਹੀ ਇਹ ਤੁਕਾਂ ਵੀ ਪੜ੍ਹ ਦਿੰਦੇ ਜਿਸ ਵਿੱਚ ਤੁਹਾਡੇ ਇਹੋ ਜਹੇ ਸੰਤਾਂ ਨੂੰ ਬਾਬਾ ਕਬੀਰ ਜੀ ਨੇ "ਬਾਨਾਰਸਿ ਕੇ ਠਗ" ਤਕ ਕਹਿ ਦਿੱਤਾ ਹੈ । ਤੁਹਾਡੇ ਬਚਿੱਤਰੀਆਂ ਦੀ ਇਹ ਹੀ ਤਾਂ ਤਕਨੀਕ ਹੈ ਕਿ, ਆਪਣੇ ਮਤਲਬ ਦਾ ਮਸਾਲਾ ਲੈ ਕੇ ਤੁਸੀਂ ਲੋਕਾਂ ਨੂੰ ਵਰਗਲਾਉਂਦੇ ਹੋ, ਅਤੇ ਜੇੜ੍ਹੀ ਗਲ ਤੁਹਾਡੀ ਵਿਚਾਰਧਾਰਾ ਦਾ ਖੰਡਨ ਕਰਦੀ ਹੈ , ਉਸਨੂੰ ਤੁਸੀ ਛੁਪਾ ਜਾਂਦੇ ਹੋ (ਜਿਸ ਤਰ੍ਹਾਂ ਚਰਿਤ੍ਰ ਪਖਯਾਨ ਦੀਆਂ ਅਸ਼ਲੀਲ ਕਹਾਨੀਆਂ ।) ਬੰਤਾ ਭਈਆਂ ਮਹੀਨਾਂ ਮਹੀਨਾਂ ਬੰਗਲਾ ਸਾਹਿਬ ਤੋਂ ਜਬਲੀਆਂ ਮਾਰਦਾ ਰਹਿੰਦਾ ਹੈ ! ਕਿਉਂ ਨਹੀਂ 404 ਚਰਿਤ੍ਰਾਂ ਦੀ ਵਿਆਖਿਆ ਸਹਿਤ ਕਥਾ ਕਰਦਾ ? ਅਸੀਂ ਤੇਰੇ ਵਾਂਗ ਅੱਧੀ ਅਧੂਰੀ ਤੁਕ ਦਾ ਪ੍ਰਮਾਣ ਨਹੀਂ ਦੇਣ ਲੱਗੇ । ਇਹੋ ਜਹੇ ਅਖੌਤੀ ਸੰਤਾ ਦੀ ਪੂਰੀ ਮਹਿਮਾਂ ਹੀ ਬਾਬਾ ਕਬੀਰ ਜੀ ਦੀ ਜੁਬਾਨੀ ਪੜ੍ਹ ਲਵੋ !

ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥
ਅੰਕ 476

ਕੀ ਹੱਲੀ ਵੀ ਤੇਰੀ ਇਸ ਗਲ ਤੇ ਕੋਈ ਜਕੀਨ ਕਰੇਗਾ ਕਿ ਬਾਬਾ ਕਬੀਰ ਜੀ ਨੇ ਅਪਣੇ ਆਪ ਨੂੰ ਸੰਤ ਕਹਿਆ ਸੀ ?

ਰਹੀ ਗਲ "ਹਰਾਮਜਦਗੀ" ਸ਼ਬਦ ਦੀ ਵਰਤੋਂ ਦੀ ਤਾਂ ਮੈਂ ਤੇਰੀ ਇਸ ਗੱਲ ਨਾਲ ਬਿਲਕੁਲ ਸਹਿਮਤਿ ਹਾਂ ਕਿ ਪੰਜਾਬੀ ਅਤੇ ਹਿੰਦੀ ਵਿੱਚ "ਹਰਾਮਜਾਦਾ" ਉਸ ਨੂੰ ਕਹਿਆ ਜਾਂਦਾ ਹੈ ਜੋ ਵਿਭਚਾਰ ਨਾਲ ਪੈਦਾ ਹੋਇਆ ਹੋਵੇ, ਜਾਂ ਕਿਸੇ ਅੰਜਾਨ ਬੰਦੇ ਦੀ ਨਾਜਾਇਜ ਔਲਾਦ ਹੋਵੇ । ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਵੀ ਇਹ ਹੀ ਕਹਿੰਦਾ ਹੈ । ਵਾਕਈ ਇਹ ਅਨ ਪਾਰਲੀਆਮੈਂਟਰੀ (ਅਸਭਿਅਕ) ਭਾਸ਼ਾ ਹੈ । ਜਿਸਦੀ ਵਰਤੋਂ ਕਿਸੇ ਪ੍ਰਚਾਰਕ ਨੂੰ ਨਹੀਂ ਕਰਣੀ ਚਾਹੀਦੀ । ਲੇਕਿਨ ਇਹ "ਹਰਾਮਜਦਗੀ" ਜਾਂ "ਹਰਾਮ" ਸ਼ਬਦ ਉਰਦੂ ਵਿੱਚ ਵੀ ਪ੍ਰਚੱਲਿਤ ਹੈ । ਉੱਥੇ ਇਹ ਸ਼ਬਦ ਬਿਲਕੁਲ ਹੀ ਅਸਭਿਅਕ ਜਾਂ ਗਾਲ੍ਹ ਨਹੀਂ ਹੈ। ਉਰਦੂ ਵਿੱਚ "ਹਰਾਮ" ਸ਼ਬਦ ਦਾ ਅਰਥ ਹੈ "ਨਾ ਮੰਨਣ, ਜਾਂ ਨਾਂ ਕਰਣ ਯੋਗ" ਅਤੇ ਇਹ "ਹਲਾਲ" ਸ਼ਬਦ ਦਾ ਵਿਲੋਮ ਸ਼ਬਦ ਹੈ । ਇਸਲਾਮ ਵਿਚ ਜੇੜ੍ਹੀ ਗੱਲ "ਸ਼ਰੀਅਤ" ਦੇ ਖਿਲਾਫ ਹੁੰਦੀ ਹੈ ਉਸਨੂੰ ਮੁਸਲਿਮ ਵੀਰ "ਹਰਾਮ " ਜਾਂ "ਸ਼ਿਰਕ" ਕਹਿੰਦੇ ਹਨ । ਅਤੇ ਜੇੜ੍ਹੀ ਗਲ ਇਸਲਾਮ ਜਾਂ "ਸ਼ਰੀਅਤ" ਅਨੁਸਾਰ ਠੀਕ ਹੁੰਦੀ ਹੈ , ਉਸਨੂੰ ਉਹ "ਹਲਾਲ" ਕਹਿੰਦੇ ਹਨ । ਜਿਵੇਂ ਕਿ, "ਹਰਾਮ ਦੀ ਕਮਾਈ" ਇਸਦੇ ਉਲਟ "ਹੱਕ ਹਲਾਲ ਦੀ ਕਮਾਈ"।

ਬੰਤਾ ਭਈਆ, ਹੁਣ ਤੂੰ ਵੀ ਬਹੁਤ ਕੁੜ੍ਹਦਾ ਹੋਵੇਂਗਾ, ਜਦੋਂ ਅਸੀਂ ਤੈਨੂੰ "ਭਈਆ" ਕਹਿੰਦੇ ਹਾਂ । ਇਹ ਵੀ ਗਾਲ੍ਹ ਨਹੀਂ ! ਭਈਆ ਦਾ ਹਿੰਦੀ ਵਿੱਚ ਅਰਥ ਹੈ "ਭਰਾ" ਜਾਂ "ਭਾਈ"। ਹੁਣ ਇਹ ਤਾਂ ਬਹੁਤ ਮੁਸ਼ਕਿਲ ਹੈ ਕਿ ਆਪਣੇ ਨਾਮ ਨਾਲ "ਸੰਤ ਲਾਉਣ ਵਾਲਿਆਂ ਨੂੰ ਕਿਸੇ ਪ੍ਰਚਾਰਕ ਨੇ "ਹਰਾਮ ਜਾਦਾ" ਪੰਜਾਬੀ ਦੇ ਸ਼ਬਦ ਅਨੁਸਾਰ ਕਹਿਆ ਕਿ ਉਰਦੂ ਦੇ ਸ਼ਬਦ ਨਾਲ ਉਸਦਾ ਅਰਥ ਕੀਤਾ । ਲੇਕਿਨ ਕਿਤੇ ਚੰਗਾ ਹੁੰਦਾ ਕਿ ਅਸੀਂ ਇਸ ਗਲ 'ਤੇ ਵੀ ਵਿਚਾਰ ਕਰ ਲੈਂਦੇ ਕਿ ਸਾਡੀ ਕੌਮ ਵਿੱਚ ਹਰਾਮਜਦਗੀ ਕਰਣ ਵਾਲੇ ਕੌਣ ਹਨ। ਆਉ ਦੋਹਾਂ ਭਾਸ਼ਾਵਾਂ ਨੂੰ ਮੱਦੇ ਨਜਰ ਰਖਦੇ ਹੋਏ ਵਿਚਾਰ ਕਰ ਲੈਂਦੇ ਹਾਂ ਕਿ ਸਿੱਖੀ ਵਿੱਚ ਅਸਲ ਹਰਾਮਜਦਗੀ ਕਰਣ ਵਾਲੇ ਕੌਣ ਲੋਕ ਹਨ ?

  1. ਅਸਲ ਹਰਾਮਜਦਗੀ ਕਰਣ ਵਾਲੇ ਤਾਂ ਉਹ ਹਨ ਜਿਨ੍ਹਾਂ ਨੂੰ ਕੌਮ ਨੇ ਗੁਰਦੁਆਰਾ ਪ੍ਰਬੰਧ ਅਤੇ ਸਿੱਖੀ ਦੀ ਸੇਵਾ ਕਰਣ ਲਈ ਅਪਣਾਂ ਵੋਟ ਪਾਇਆ ਅਤੇ ਭਰੋਸਾ ਕੀਤਾ ਸੀ, ਲੇਕਿਨ ਚੌਧਰ ਦੇ ਭੁੱਖੇ ਇਹ ਭਗੌੜੇ, ਗੁਰੂ ਘਰ ਦੀ ਉਸ ਸੇਵਾ ਛੱਡ ਕੇ ਦਿੱਲੀ ਦੀ ਮੁੰਨਸਪਾਲਟੀ ਦੇ ਗਟਰ ਸਾਫ ਕਰਣ ਦੀ ਸੇਵਾ ਨਿਭਾੳਣ ਲਈ ਤੁਰ ਗਏ । ਇਨਾਂ ਹੀ ਨਹੀਂ ! ਉਨ੍ਹਾਂ ਦੀ ਹਰਾਮਜਦਗੀ ਦੀ ਤਾਂ ਉਸ ਵੇਲੇ ਹਦ ਮੁੱਕ ਗੲੀ ਜੋ ਕਲ ਤਕ ਅਪਣੇ ਆਪਨੂੰ ਅਕਾਲ ਪੁਰਖ ਦੇ "ਅਕਾਲੀ" ਅਖਵਾਉਂਦੇ ਸਨ , ਅੱਜ ਉਹ ਬਿਪਰ ਦਾ ਭਗਵਾ ਪੱਟਾ ਅਪਣੇ ਗੱਲ ਵਿਚ ਪਾ ਕੇ ਦਿੱਲੀ ਮੂੰਸਪੈਲਟੀ ਦੀਆਂ ਚੋਣਾਂ ਲੜਣ ਲੱਗ ਪਏ। ਇਨ੍ਹਾਂ ਦੀ ਇਸ ਹਰਾਮਜਦਗੀ ਨੇ ਇਹ ਸਾਫ ਕਰ ਦਿੱਤਾ ਕਿ ਇਹ ਸਿੱਖੀ ਦਾ ਪ੍ਰਚਾਰ ਨਹੀਂ, ਬਿਪਰ ਵਾਦੀ ਤਾਕਤਾਂ ਦੇ ਅਜੈਂਡੇ ਪੂਰੇ ਕਰਣ ਲਈ ਹੀ ਲਾਏ ਗਏ ਸਨ।
  2. ਅਸਲ ਹਰਾਮਜਦਗੀ ਤਾਂ ਉਹ ਕਰ ਰਹੇ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਦੀ ਥਾਂਵੇ, ਮਹਿਖਾਸੁਰ ਅਤੇ ਚੌਵੀਹ ਅਵਤਾਰਾਂ ਦੀਆਂ ਕਥਾ ਸੁਣਾਂ ਰਹੇ ਨੇ।
  3. ਅਸਲ ਹਰਾਮਜਦਗੀ ਤਾਂ ਉਹ ਕਰ ਰਹੇ ਨੇ, ਜੋ ਸਿੱਖਾਂ ਨੂੰ "ੴ ਨਿਰੰਕਾਰ ਕਰਤਾਰ" ਤੋਂ ਤੋੜ ਕੇ ਮਹਾਕਾਲ, ਕਾਲ, ਅਸਧੁੱਜ ਅਤੇ ਖੜਗਕੇਤੁ ਅਤੇ ਮਹਾਮਾਈ ਦੀਆਂ ਕਹਾਨੀਆਂ ਸੁਣਾਂ ਰਹੇ ਨੇ।
  4. ਅਸਲੀ ਹਰਾਮਜਦਗੀ ਤਾਂ ਉਹ ਕਰ ਰਹੇ ਨੇ, ਜੋ ਖਾਂਦੇ ਤਾਂ ਗੁਰੂ ਘਰ ਦੀਆਂ ਗੋਲਕਾਂ ਦਾ ਧੰਨ ਨੇ , ਲੇਕਿਨ ਅਜੈਂਡਾ ਬਿਪਰਵਾਦੀ ਤਾਕਤਾਂ ਦਾ ਪੂਰ ਰਹੇ ਨੇ।
  5. ਅਸਲੀ ਹਰਾਮਜਾਦੇ ਤਾਂ ਉਹ ਨੇ, ਜੋ ਗੁਰੂ ਦੀ ਹਜੂਰੀ ਵਿੱਚ ਬਹਿ ਕੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਮਿਥਿਹਾਸਕ ਪਾਤਰ ਦੀ ਔਲਾਦ ਦਸ ਰਹੇ ਨੇ।
  6. ਅਸਲੀ ਹਰਾਮਜਾਦੇ ਤਾਂ ਉਹ ਨੇ, ਜੋ ਚਾਰ ਸਾਹਿਬਜਾਦਿਆਂ ਨੂੰ ਦੇਵੀ ਦੇਵਤਿਆਂ ਦਾ ਅਵਤਾਰ ਦਸ ਰਹੇ ਨੇ।

ਬੰਤਾ ਭਈਆ ! ਸਿੱਖੀ ਨਾਲ ਹਰਾਮਜਦਗੀ ਕਰਣ ਵਾਲੇ ਕਿੰਨੇ ਕੁ ਨਾਮ ਗਿਣਾਵਾਂ, ਪੂਰੀ ਕਿਤਾਬ ਹੀ ਬਣ ਜਾਵੇਗੀ । ਇਸ ਵੇਲੇ ਕੌਮ ਇਹੋ ਜਹੇ ਹਰਾਮਜਦਗੀਆਂ ਕਰਣ ਵਾਲਿਆਂ ਨਾਲ ਚੌਹਾਂ ਪਾਸਿਉਂ ਘਿਰੀ ਪਈ ਹੈ । ਮੈਂ ਇਹੋ ਜਹੇ ਸ਼ਬਦਾਂ ਦੀ ਵਰਤੋਂ ਅਪਣੇ ਲੇਖ ਵਿੱਚ ਕਦੀ ਵੀ ਕਰਣਾਂ ਨਹੀਂ ਸੀ ਚਾਹੁੰਦਾ, ਲੇਕਿਨ ਤੁਸੀਂ "ਸੰਤ" ਸ਼ਬਦ ਦੀ ਵਰਤੋਂ ਆਮ ਠੱਗਾਂ ਦੇ ਨਾਮ ਨਾਲ ਕਰਣ ਵਾਲਿਆਂ ਨੂੰ ਕਲੀਨ ਚਿੱਟ ਦੇਣ ਲਈ , ਇਸ ਸ਼ਬਦ ਦੀ ਵਰਤੋਂ ਆਪਣੀ ਕਥਿਤ ਕਥਾ ਵਿੱਚ ਕੀਤੀ, ਇਸ ਲਈ ਤੁਹਾਨੂੰ ਦਸਣਾ ਪਿਆ ਕਿ ਹਰਾਮ ਕੀ ਹੈ, ਅਤੇ ਹਲਾਲ ਕੀ ਹੈ। ਕੌਣ ਹਰਾਮ ਦਾ ਹੈ, ਅਤੇ ਕੌਣ ਆਪਣੇ ਗੁਰੂ ਪਿਤਾ ਦੀ ਸੱਕੀ ਔਲਾਦ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top