Share on Facebook

Main News Page

ਪੰਜਾਬ ਵਿਚ ਕਰਵਟ ਲੈਂਦੀ ਰਾਜਨੀਤੀ ਅਤੇ ਸਿੱਖੀ ਦੇ ਮੂਲ ਮਸਲੇ - ਭਾਗ ਦੂਜਾ
-: ਇੰਦਰਜੀਤ ਸਿੰਘ ਕਾਨਪੁਰ
03 Aug 2018

ਇਸ ਲੇਖ ਦੇ ਪਿਛਲੇ ਭਾਗ ਵਿਚ ਅਸੀਂ ਇਸ ਵਿਸ਼ੈ ਨੂੰ ਅਧੂਰਾ ਛਡ ਆਏ ਸੀ ਕਿ ਪੰਜਾਬ ਵਿਚ ਆਮ ਆਮ ਆਦਮੀ ਪਾਰਟੀ ਨੂੰ ਐਨੀ ਸਪੋਰਟ ਹੁੰਦਿਆਂ ਵੀ ਉਸਨੂੰ ਉੱਮੀਦ ਅਨੁਸਾਰ ਸੀਟਾਂ ਕਿਉਂ ਨਹੀਂ ਮਿਲ ਸਕੀਆਂ । ਆਉ ਇਸ ਦੇ ਕਾਰਣਾਂ ਉੱਪਰ ਚਰਚਾ ਕਰ ਲੈਂਦੇ ਹਾਂ :

1- ਸਥਾਨਿਕ ਛਵੀ ਦੀ ਘਾਟ : ਸਥਾਨਿਕ ਮੁੱਦਿਆਂ ਅਤੇ ਮਸਲਿਆਂ ਨੂੰ ਸਥਾਨਿਕ ਲੋਗ ਹੀ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਬਾਹਰਲੇ ਲੋਗ ਕਿਸੇ ਦੇ ਘਰ ਦੇ ਮਸਲਿਆਂ ਨੂੰ ਹਲ ਕਰਣਾਂ ਤਾਂ ਦੂਰ ਸਮਝਣ ਵਿਚ ਵੀ ਅਸਮਰਥ ਹੂੰਦੇ ਹਨ । ਕੇਜਰੀਵਾਲ ਇਕ ਸ਼ਰੀਫ ਅਤੇ ਬੇਦਾਗ ਛਵੀ ਵਾਲਾ ਬੰਦਾ ਹੋਣ ਦੇ ਬਾਵਜੂਦ ਵੀ ਉਹ ਪੰਜਾਬ ਦੇ ਸਿੱਖਾਂ ਦੀ ਨਬਜ ਨੂੰ ਪਛਾਨਣ ਵਿਚ ਅਸ਼ਮਰਥ ਰਿਹਾ । ਪੰਜਾਬ ਦੇ ਸਿਖ ਅਪਣੀ ਅਣਖ ਅਤੇ ਸਵਾਭੀਮਾਨ ਲਈ ਅਪਣਾਂ ਸਭ ਕੁਝ ਦਾਅ ਤੇ ਲਾ ਸਕਦੇ ਹਨ, ਲੇਕਿਨ ਅਪਣੀ ਆਜ਼ਾਦ ਸੋਚ ਉੱਤੇ ਕਿਸੇ ਦੂਜੇ ਦੀ ਪਹਿਰੇਦਾਰੀ ਬਰਦਾਸ਼ਤ ਨਹੀਂ ਕਰਦੇ ।

ਮੁੱਦਿਆਂ ਨਾਲ ਵਿਰੋਧੀ ਦਲ ਦੇ ਨੇਤਾ ਦੇ ਰੂਪ ਵਿਚ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ, ਬਖੂਬੀ ਲੜ ਰਹੇ ਸਨ । ਅਰਵਿੰਦ ਕੇਜਰੀਵਾਲ ਨੂੰ ਇਹ ਚਾਹੀਦਾ ਸੀ ਕਿ ਉਹ ਖਹਿਰਾ ਨੂੰ ਹੋਰ ਹੱਲਾ ਸ਼ੇਰੀ ਦੇੰਦਾਂ ਲੇਕਿਨ ਹੌਸਲਾ ਅਫਜਾਈ ਕਰਣ ਦੀ ਬਜਾਇ ਉਨ੍ਹਾਂ ਦਾ ਅਹੁਦਾ ਹੀ ਖੋਹ ਲਿਆ ਅਤੇ ਦਿੱਲੀ ਵਿਚ ਮੁਲਾਕਾਤ ਕਰਣ ਤੋਂ ਵੀ ਨਾਹ ਕਰ ਦਿੱਤੀ । ਇਕ ਸਾਲ ਵਿਚ ਸੁਖਪਾਲ ਸਿੰਘ ਖਹਿਰਾ ਨੇ ਅਪਣੀ ਛਵੀ, ਮੁੱਦਿਆਂ ਤੇ ਲੜਨ ਵਾਲੇ ਲੀਡਰ ਦੀ ਬਣਾਂ ਲਈ ਸੀ ਅਤੇ ਪੰਜਾਬ ਦੇ ਸਿੱਖਾਂ ਦੇ ਮੰਨ ਵਿਚ ਉਹ ਇਕ ਖਾਸ ਥਾਂ ਬਣਾਂ ਚੁਕਿਆ ਸੀ । ਕੇਜਰੀਵਾਲ ਨੂੰ ਸੁਖਪਾਲ ਸਿੰਘ ਖਹਿਰਾ ਦੀ ਅਗੁਆਈ ਵਿਚ, ਆਮ ਆਦਮੀ ਪਾਰਟੀ ਦੀ ਪੰਜਾਬ ਵਿੰਗ ਬਨਾਉਣੀ ਚਾਹੀਦੀ ਸੀ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਭਾਵੀ ਮੁਖਮੰਤਰੀ ਦੇ ਰੂਪ ਵਿਚ ਪ੍ਰਮੋਟ ਕਰਣਾਂ ਚਾਹੀਦਾ ਸੀ। ਲੇਕਿਨ ਉਸਨੇ ਇਹ ਕਰਣ ਦੀ ਬਜਾਇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਹੀ ਲਾਹ ਕੇ ਆਮ ਆਦਮੀ ਪਾਰਟੀ ਦੈ ਪੈਰਾਂ ਤੇ ਹੀ ਕੁਹਾੜਾ ਮਾਰ ਦਿੱਤਾ।


2- ਆਪਣੇ ਪਨ ਦੀ ਕਮੀ ਅਤੇ ਉਪਰੇ ਹੋਣ ਦਾ ਅਹਿਸਾਸ : ਆਮ ਆਦਮੀ ਪਾਰਟੀ ਦੇ ਵੱਡੇ ਕੇੰਦਰੀ ਲੀਡਰ ਕਦੀ ਵੀ ਪੰਜਾਬ ਦੇ ਲੋਕਾਂ ਵਿਚ ਆਪਣੇ ਆਪਨੂੰ ਇਹ ਇਹਸਾਸ ਨਹੀਂ ਦਵਾ ਸਕੇ ਕਿ ਅਸੀਂ ਤੁਹਾਡੇ ਵਿਚੋ ਹੀ ਹਾਂ। ਅਜ ਤੁਸੀ ਵੇਖ ਲਵੋ ਕਿ ਮਹਾਰਾਸ਼ਟਰ ਵਿਚ ਜਦੋ ਰਾਜ ਠਾਕਰੇ ਅਤੇ ਉੱਧਵ ਠਾਕਰੇ ਬੋਲਦੇ ਹਨ ਤਾਂ ਹਮੇਸ਼ਾਂ ਆਪਣੀ ਮਾਂ ਬੋਲੀ ਮਰਾਠੀ ਵਿਚ ਹੀ ਸੰਬੋਧਿਤ ਕਰਦੇ ਹਨ । ਗੁਜਰਾਤ ਵਿਚ ਮੋਦੀ ਜਾ ਕੇ ਗੁਜਰਾਤੀ ਵਿਚ ਹੀ ਤਕਰੀਰ ਕਰਦਾ ਹੈ ਤਾਂਕਿ ਸ੍ਰੋਤਿਆਂ ਨੂੰ ਇਹ ਮਹਿਸੂਸ ਹੋਵੇ ਕਿ ਇਹ ਸਾਡਾ ਹੀ ਬੰਦਾ ਹੈ । ਇਹ ਸਾਡੇ ਵਿਚੋਂ ਹੀ ਹੈ । ਕੇਜਰੀਵਾਲ ਅਤੇ ਉਸਦੇ ਸਾਥੀ ਇਹ ਕਰਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ । ਪੰਜਾਬ ਵਿਚ ਆ ਕੇ ਉਹ ਜਦੋਂ ਹਿੰਦੀ ਵਿਚ ਤਕਰੀਰ ਦਿੰਦੇ ਤਾਂ ਇਕ ਉਪਰਾ ਪਣ ਹੋਰ ਖੁਲ ਕੇ ਸਾਮ੍ਹਣੇ ਆ ਜਾਂਦਾ। ਦੂਜੀ ਗਲ ਹਰ ਥਾਵੇ ਭਗਤ ਸਿੰਘ ਨੂੰ ਪ੍ਰਮੋਟ ਕਰਣਾਂ ਅਤੇ ਭਗਤ ਸਿੰਘ ਵਰਗੀਆਂ ਪੱਗਾਂ ਬਨ੍ਹਕੇ ਵਿਚਰਣਾਂ ਦੇਸ਼ ਭਗਤੀ ਤਾਂ ਦਰਸਾਉਦਾ ਸੀ ਲੇਕਿਨ ਕੌਮ ਪਰਸਤੀ ਦਰਸਾਉਣ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ ਜੋ ਇਥੇ ਦੇ ਸਥਾਨਿਕ ਲੋਕਾਂ ਨੂੰ ਅਖਰਦੀ ਰਹੀ ।

ਇਸ ਕਮੀ ਨੂੰ ਸੁਖਪਾਲ ਸਿੰਘ ਖਹਿਰਾ ਅਤੇ ਉਸਦੇ ਸਾਥੀਆਂ ਨੇ 2 ਅਗਸਤ ਵਾਲੀ ਕਨਵੈਂਸ਼ਨ ਵਿਚ ਦੂਰ ਕਰ ਦਿੱਤਾ। “ਬੋਲੇ ਸੋ ਨਿਹਾਲ” ਅਤੇ “ਵਾਹਿਗੁਰੂ ਜੀ ਦਾ ਖਾਲਸਾ” ਦੇ ਜੈਕਾਰੇ ਗਜਾ ਗਜਾ ਕੇ ਪੰਜਾਬ ਦੇ ਸਿੱਖਾਂ ਦਾ ਮੰਨ ਜਿਤ ਲਿਆ। ਇੰਜ ਲਗ ਰਿਹਾ ਸੀ ਕਿ ਕੋਈ ਰਾਜਨੀਤਿਕ ਇਕੱਠ ਨਹੀਂ ਕੋਈ ਪੰਜਾਬ ਦੀ ਸਭਿਅਚਾਰਕ ਛਵੀ ਵਾਲੇ ਆਪਣੇ ਹੀ ਲੋਗਾਂ ਦਾ ਇਕੱਠ ਹੋ ਰਿਹਾ ਹੈ ।ਇਸ ਇਕੱਠ ਵਿੱਚ ਲਗ ਰਿਹਾ ਸੀ ਕਿ ਮੰਚ ਤੇ ਸਾਰੇ ਆਪਣੇ ਹਨ ਕੋਈ ਉਪਰਾ ਨਹੀਂ ।

3- ਸਥਾਨਿਕ ਲੀਡਰਸ਼ਿਪ ਨੂੰ ਕੇੰਦਰੀ ਲੀਡਰਸ਼ਿਪ ਰਾਹੀ ਚਲਾਉਣ ਦੀ ਗਲਤੀ : ਜੈਸਾ ਕੀ ਉਪਰ ਜਿਕਰ ਕਰ ਆਏ ਹਾਂ ਕਿ ਸਿੱਖ ਦੇ ਖੂਨ ਵਿਚ ਹੀ ਇਹ ਗੁਣ ਹੂੰਦੇ ਹਨ ਕੇ ਉਹ ਅਪਣੀ ਆਜ਼ਾਦ ਹਸਤੀ ਅਤੇ ਸੋਚ ਨੂੰ ਕਿਸੇ ਦੇ ਅਧੀਂਨ ਗਿਰਵੀ ਰਖ ਕੇ ਕਮ ਨਹੀਂ ਕਰ ਸਕਦਾ। ਇਹ ਹੀ ਹੋਇਆ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਇਕਾਈ ਨਾਲ। ਜਾਂ ਇਹ ਕਹਿ ਲਵੋ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਥਾਨਿਕ ਇਕਾਈ ਦਾ ਵਜੂਦ ਕਦੀ ਸਵੀਕਾਰ ਹੀ ਨਹੀਂ ਕੀਤਾ ।

ਹੁਣ ਹੋਣਾਂ ਕੀ ਚਾਹੀਦਾ ਹੈ ? ਪੰਜਾਬ ਵਿਚ ਸੁਖਪਾਲ ਸਿੰਘ ਖਹਿਰਾ ਦਾ ਸਟੈਂਡ ਪਹਿਲੇ ਦਿਨ ਤੋਂ ਹੀ ਵਿਰੋਧੀ ਦਲ ਦੇ ਨੇਤਾ ਦੇ ਰੂਪ ਵਿਚ ਬਹੁਤ ਹੀ ਸੰਤੁਲਿਤ ਅਤੇ ਹਾਂ ਪੱਖੀ ਰਿਹਾ । ਉਨ੍ਹਾਂ ਨੇ ਬਹੁਤ ਹੀ ਮੇਹਨਤ ਕਰ ਕੇ ਪੰਜਾਬ ਦੇ ਮੂਲ ਮੁੱਦਿਆ ਉੱਤੇ ਜੰਗ ਲੜੀ । ਇਹ ਹੀ ਕਾਰਣ ਸੀ ਕਿ ਉਹ ਪੰਜਾਬ ਦੇ ਸਿੱਖਾਂ ਦੇ ਮੰਨ ਨੂੰ ਜਿਤ ਸਕੇ । 2 ਅਗਸਤ ਵਾਲੀ ਕਾਨਢਰੇੰਸ ਨੂੰ ਭਾਵੇ ਕੋਈ ਪਾਰਟੀ ਹਾਈ ਕਮਾਨ ਨਾਲ ਧੋਖਾ ਜਾਂ ਬਗਾਵਤ ਕਹੇ । ਲੇਕਿਨ ਖਹਿਰਾ ਸਾਹਿਬ ਦਾ ਇਹ ਕਦਮ ਵੀ ਬਹੁਤ ਹੀ ਸੋਚ ਸਮਝ ਕੇ ਸੰਵਿਧਾਨਿਕ ਤਰੀਕੇ ਨਾਲ ਚੁਕਿਆ ਹੋਇਆ ਕਦਮ ਸੀ। ਖਹਿਰਾ ਸਾਹਿਬ ਜੇ ਇਹ ਕਨਵੇੰਸ਼ਨ ਨਾਂ ਬੁਲਾਉਦੇ ਤਾਂ ਖਹਿਰਾ ਸਾਹਿਬ ਦੇ ਵਜੂਦ ਦੇ ਨਾਲ ਨਾਲ ਪੰਜਾਬ ਵਿਚ ਸਚ ਅਤੇ ਹਕ ਦੀ ਲੜਾਈ ਲੜਨ ਵਾਲਾ ਕੋਈ ਲੀਡਰ ਆਮ ਆਦਮੀ ਪਾਰਟੀ ਵਿਚ ਨਹੀਂ ਸੀ ਰਹਿਣਾਂ । ਫਿਰ ਇਕ ਬਹੁਤ ਵੱਡਾ ਅੰਤਰਾਲ ਪੰਜਾਬ ਦੀ ਸਿੱਖ ਰਾਜਨੀਤੀ ਵਿਚ ਆ ਜਾਂਣਾਂ ਸੀ । ਉਨ੍ਹਾਂ ਆਮ ਆਦਮੀ ਪਾਰਟੀ ਦੇ ਬੈਨਰ ਹੇਠਾ ਇਹ ਇਕੱਠ ਕਰਕੇ ਆਪਣੇ ਆਪ ਨੂੰ ਕਾਨੂਨੀ ਰੂਪ ਵਿੱਚ ਵੀ ਮਹਿਫੂਜ ਰਖਿਆ ਅਤੇ ਆਮ ਆਦਮੀ ਪਾਰਟੀ ਦੀ ਕੇੰਦਰੀ ਇਕਾਈ ਨੂੰ ਵੀ ਦਸ ਦਿੱਤਾ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦਿੱਲੀ ਤੋਂ ਨਹੀਂ , ਪੰਜਾਬ ਤੋਂ ਹੀ ਚੱਲੇਗੀ । ਇਹ ਇਕੱਠ ਕਰਕੇ ਖਹਿਰਾ ਸਾਹਿਬ ਨੇ ਗੇਂਦ ਅਰਵਿੰਦ ਕੇਜਰੀਵਾਲ ਦੇ ਪਾਲੇ ਵਲ ਸੁੱਟ ਦਿੱਤੀ ਹੈ ।

ਅਰਵਿੰਦ ਕੇਜਰੀਵਾਲ ਨੂੰ ਵੀ ਇਹ ਸਚਾਈ ਸਵੀਕਾਰ ਕਰਦਿਆਂ, ਪੰਜਾਬ ਦੀ ਸਥਾਨਿਕ ਇਕਾਈ ਨੂੰ ਪੂਰੀ ਆਜ਼ਾਦੀ ਦੇ ਕੇ ਅਪਣੇ ਹਕਾ ਹਖੂਕਾਂ ਦੀ ਲੜਾਈ ਲੜਨ ਦੀ ਗਲ ਸਵੀਕਾਰ ਕਰ ਲੈਣੀ ਚਾਹੀਦੀ ਹੈ । ਉਨ੍ਹਾਂ ਅਗੇ ਇਸ ਤੋਂ ਦੂਜਾ ਕੋਈ ਆਪਸ਼ਨ ਨਹੀਂ ਹੈ । ਜੇ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਆਜ਼ਾਦ ਨਹੀਂ ਕਰਦੇ ਤਾਂ । ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਪੂਰੀ ਤਰ੍ਹਾਂ ਵਜੂਦ ਖਤਮ ਹੋ ਜਾਏਗਾ । 2 ਅਗਸਤ ਦਾ ਇਕੱਠ ਇਸ ਗਲ ਨੂੰ ਤਸਦੀਕ ਕਰ ਰਿਹਾ ਸੀ ।

ਦਲਬਦਲ ਦੇ ਕਾਨੂੰਨ ਤੋਂ ਬਚਨ ਲਈ ਖਹਿਰਾ ਸਾਹਿਬ ਨੂੰ 14 ਹੋਰ ਵਿਧਾਇਕਾ ਦਾ ਸਮਰਥਨ ਚਾਹੀਦਾ ਹੈ। ਜੋ ਬਹੁਤ ਹੀ ਅਸਾਨੀ ਨਾਲ ਉਹ ਹਾਸਿਲ ਕਰ ਲੈਣਗੇ । ਬੈਂਸ ਸਾਹਿਬ ਵੀ ਬਹੁਤ ਈਮਾਨਦਾਰੀ ਨਾਲ ਉਨ੍ਹਾਂ ਦੇ ਨਾਲ ਖੜੇ ਹਨ । ਭਗਵੰਤ ਮਾਨ ਪਾਰਟੀ ਦਾ ਇਕ ਬਹੁਤ ਹੀ ਸੱਚਾ ਸਿਪਾਹੀ ਰਿਹਾ ਹੈ । ਉਸਨੇ ਪਿਛਲੀਆਂ ਚੋਣਾਂ ਵਿਚ ਹੱਥ ਉਤੇ ਰੋਟੀ ਰੱਖ ਕੇ ਖਾਧੀ ਹੈ ਅਤੇ ਜੀਪਾਂ ਤੇ ਸੌਂ ਕੇ ਰਾਤਾਂ ਗੁਜਾਰੀਆਂ ਹਨ । ਲੇਕਿਨ ਸੰਜੈ ਸਿੰਘ ਅਤੇ ਉਸਦੇ ਸਾਥੀਆਂ ਨੇ ਉਸਦਾ ਰਜ ਕੇ ਮਜਾਕ ਉਡਾਇਆ । ਪਾਰਟੀ ਵਲੋ ਜਿੱਨਾਂ ਸਤਕਾਰ ਉਸਨੂੰ ਮਿਲਨਾਂ ਚਾਹੀਦਾ ਸੀ ਉਹ ਨਹੀਂ ਮਿਲਿਆ । ਇਸ ਕਰਕੇ ਉਹ ਵੀ ਖਹਿਰਾ ਸਾਹਿਬ ਦੇ ਨਾਲ ਇਕ ਦਿਨ ਜਰੂਰ ਆ ਜਾਏਗਾ । ਭਗਵੰਤ ਮਾਨ ਇਕ ਸੱਚਾ ਸੁੱਚਾ ਇਨਸਾਨ ਹੈ । ਬਸ ਉਸਨੂੰ ਅਪਣੀ ਕਮੇਡੀਅਨ ਅਤੇ ਸ਼ਰਾਬੀ ਦੀ ਈਮੇਜ ਤੋਂ ਬਾਹਰ ਆਉਣਾਂ ਹੀ ਪਵੇਗਾ ।

ਪੰਜਾਬ ਦੇ ਸਿੱਖਾਂ ਅਤੇ ਸੋਸ਼ਲ ਮੀਡੀਏ ਤੇ ਵਿਚਰਨ ਵਾਲਿਆਂ ਨੂੰ ਵੀ ਬਹੁਤ ਸੰਜਮ ਅਤੇ ਹਲੀਮੀ ਦਾ ਪਰਦਰਸ਼ਨ ਕਰਨਾਂ ਪਵੇਗਾ। ਕਿਸੇ ਨੂੰ ਬੁਰਾ ਭਲਾ ਕਹਿਣ ਨਾਲੋਂ ਪੰਜਾਬ ਦੇ ਵਾਲੇੰਟਿਅਰਸ ਦਾ ਸਾਥ ਦੇਣਾਂ ਪਵੇਗਾ । ਅਤੇ ਜੋ ਵਿਧਾਇਕ ਰਹਿ ਗਏ ਨੇ ਉਨ੍ਹਾਂ ਨਾਲ ਵੀ ਰਾਬਤਾ ਕਾਇਮ ਕਰਕੇ ਖਹਿਰਾ ਸਾਹਿਬ ਨਾਲ ਜੋੜਨਾਂ ਪਵੇਗਾ । ਆਮ ਆਦਮੀ ਪਾਰਟੀ ਦੀ ਕੇੰਦਰੀ ਸਮਿਤੀ ਨੂੰ ਪੰਜਾਬ ਦੇ ਅਸਲ ਮੁੱਦਿਆ ਤੋਂ ਜਾਨੂੰ ਕਰਵਾਇਆ ਜਾਣਾਂ ਬਹੁਤ ਜਰੂਰੀ ਹੈ। ਪੰਜਾਬ ਵਿਚ ਨਵੀ ਪਾਰਟੀ ਦਾ ਗਠਨ, ਅਖੀਰਲਾ ਰਾਸਤਾ ਹੋਣਾਂ ਚਾਹੀਦਾ ਹੈ। ਇਸ ਲਈ ਬੈੰਸ ਸਾਹਿਬ ਅਤੇ ਖਹਿਰਾ ਸਾਹਿਬ ਨੂੰ ਬਹੁਤ ਹੀ ਮੇਹਨਤ ਕਰਣ ਦੀ ਲੋੜ ਹੈ, ਤਾਂ ਹੀ ਪੰਜਾਬ ਵਿੱਚ ਤੀਸਰਾ ਬਦਲ ਤਿਆਰ ਹੋ ਸਕੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top