Share on Facebook

Main News Page

ਡੈਣ ਨੇ ਹੱਲੀ ਸਾਡਾ ਘਰ ਛੱਡਿਆ ਨਹੀਂ !
-: ਇੰਦਰਜੀਤ ਸਿੰਘ ਕਾਨਪੁਰ
201018

ਗੁਰਬਚਨ ਸਿੰਘ ਤੇ ਮਨਜੀਤ ਸਿੰਘ ਜੀ.ਕੇ. ਦੇ ਅਸਤੀਫੀਆਂ ਬਾਰੇ ਬਹੁਤ ਸਾਰੇ ਸਿੱਖ ਇਸ ਗਲਤਫਹਮੀ ਵਿੱਚ ਹਨ ਕਿ, ਸਿੱਖੀ ਦੇ ਸਿਰ ਤੋਂ ਇਕ ਬਹੁਤ ਵੱਡਾ ਬੋਝ ਉਤਰ ਗਿਆ ਹੈ। ਇਹ ਸਿੱਖ ਬਹੁਤ ਭੋਲੇ ਹਨ ! ਪੰਜਾਬ ਵਿਚ ਬਾਦਲ ਦੀ ਕੁੱਤੇਖਾਣੀ ਵੇਖ ਕੇ ਅਤੇ ਉਸ ਦਾ ਪੰਜਾਬ ਵਿੱਚ ਉਜੜਿਆ ਭਵਿੱਖ ਵੇਖ ਕੇ ਉਸ ਦੇ ਆਕਾ ਨੇ ਵੀ ਆਪਣੀਆਂ ਨਜ਼ਰਾਂ ਫੇਰ ਲਈਆਂ ਹਨ। ਬੀ .ਜੇ .ਪੀ. ਦੀ ਨਜ਼ਰ ਵਿੱਚ ਵੀ ਉਹ ਚਲਿਆ ਹੋਇਆ ਇਕ ਫੋਕਾ ਕਾਰਤੂਸ ਰਹਿ ਗਿਆ ਹੈ । ਨਾਗਪੁਰ ਵਾਲੇ ਆਕਾ ਜੋ ਇਸ ਦੇ ਮੋਢੇ ਤੇ ਬੰਦੂਕ ਰੱਖ ਕੇ ਸਿੱਖ ਅਦਾਰਿਆਂ 'ਤੇ ਆਪਣੇ ਬੰਦੇ ਨਿਯੁਕਤ ਕਰਦੇ ਸਨ । ਪਾਵਰ ਖੁਸ ਜਾਉਣ ਤੋਂ ਬਾਦ ਉਨ੍ਹਾਂ ਦਾ ਅਜੈਂਡਾ ਪੂਰਾ ਹੋਣ ਵਿਚ ਵਿਘਨ ਪੈ ਰਿਹਾ ਸੀ । ਨਾਗਪੁਰ ਹੈਡਕੁਆਟਰ ਨੇ ਇਸ ਗੱਲ ਨੂੰ ਅਜ ਤੋਂ ਇਕ ਦੋ ਵਰ੍ਹਾਂ ਪਹਿਲਾਂ ਹੀ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਇਸ ਪਿਆਦੇ ਦੀ ਮਿਆਦ ਪੂਰੀ ਹੋ ਚੁਕੀ ਹੈ । ਇਸੇ ਕਰਕੇ ਉਨ੍ਹਾਂ ਨੇ ਬਿਆਸਾ ਵਾਲੇ ਡੇਰੇ ਦੇ ਮੁੱਖੀ ਨਾਲ ਆਪਣੇ ਸੰਬੰਧਾਂ ਨੂੰ ਵਰਤਦੇ ਹੋਏ ਅਪਣੀ "ਬੀ ਟੀਮ" (ਦਾਦੂਵਾਲ ਅਤੇ ਮੰਡ ਜੁੰਡਲੀ ) ਪਹਿਲਾਂ ਹੀ ਤਿਆਰ ਕਰ ਲਈ ਸੀ । ਇਹ ਗਲ ਹੋਰ ਹੈ ਕਿ ਬਿਪਰਵਾਦੀ ਆਕਾ ਇਸ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਕਿਉਂਕਿ ਦਾਦੂਵਾਲ ਅਤੇ ਮੰਡ ਦਾ ਸਿੱਖੀ ਵਿਚ ਕੋਈ ਸਤਕਾਰ ਨਹੀਂ ਸੀ । ਇਹ ਸਭ ਕੁੱਝ ਇੰਨੀ ਜਲਦੀ ਹੋਇਆ ਕਿ ਕੌਮ ਇਸ ਨੂੰ ਸਵੀਕਾਰ ਨਾ ਕਰ ਸਕੀ । ਜੇ ਇਹ "ਟੀਮ ਬੀ" ਜੋ ਨਾਗਪੁਰ ਵਾਲੇ ਆਕਾ ਦੇ ਲਿਫਾਫੇ ਵਿਚੋਂ ਨਿਕਲੀ ਸੀ, ਜੇ ਪੰਥ ਵਲੋਂ ਪ੍ਰਵਾਨ ਕਰ ਲਈ ਜਾਂਦੀ ਤਾਂ ਨਾਗਪੁਰ ਵਾਲਿਆਂ ਨੇ ਬਾਦਲ ਨੂੰ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਪਾਟੇ ਛਿੱਤਰ ਵਾਂਗ ਸੁੱਟ ਦੇਣਾਂ ਸੀ ।

ਹੁਣ ਬਾਦਲ ਨੇ ਆਪਣੀ ਹੋ ਰਹੀ ਕੁੱਤੇਖਾਣੀ ਅਤੇ ਹਿਲਦੀ ਹੋਈ ਸਿਆਸੀ ਥਾਂ ਨੂੰ ਬਰਕਰਾਰ ਵੀ ਰਖਣਾ ਹੈ। ਦੂਜੇ ਪਾਸੇ ਆਪਣੇ ਨਾਗਪੁਰੀ ਆਕਾ ਨੂੰ ਇਹ ਅਹਿਸਾਸ ਵੀ ਦੁਆਣਾਂ ਹੈ ਕਿ ਪੰਜਾਬ ਵਿਚ ਮੇਰੀ ਨਾ ਤਾਂ ਤਾਕਤ ਘਟੀ ਹੈ, ਅਤੇ ਨਾ ਹੀ ਤੁਹਾਡੇ ਪ੍ਰਤੀ ਮੇਰੀ ਵਫਾਦਾਰੀ ਵਿੱਚ ਹੀ ਕੋਈ ਕਮੀ ਆਈ ਹੈ। ਤੁਸੀਂ ਮੈਨੂੰ ਹੁਕਮ ਕਰਕੇ ਤਾਂ ਵੇਖੋ, ਮੈਂ ਅਪਣੀ ਖੁੱਸੀ ਹੋਈ ਕੁਰਸੀ ਲਈ ਸਿੱਖੀ ਦਾ ਇਕ ਇਕ ਅਦਾਰਾ ਤੁਹਾਡੇ ਨਾਂ ਕਰਣ ਲਈ ਤਿਆਰ ਬੈਠਾ ਹਾਂ। ਨਾਗਪੁਰ ਵਾਲੇ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿੱਖੀ ਦੇ ਉੱਚ ਅਦਾਰਿਆਂ 'ਤੇ ਕਬਜ਼ਾ ਕੀਤੇ ਬਗੈਰ, ਨਾ ਤਾਂ ਅਸੀਂ ਸਿੱਖਾਂ ਨੂੰ ਅਪਣੇ ਮਤਿ ਵਿੱਚ ਜਜ਼ਬ ਕਰ ਸਕਦੇ ਹਾਂ ਨਾਂ ਹੀ ਸਿੱਖੀ ਨੂੰ ਹਿੰਦੂ ਮਤਿ ਦਾ ਇਕ ਹਿੱਸਾ ਐਲਾਨ ਸਕਦੇ ਹਾਂ। ਹੁਣ ਲਗਦਾ ਤਾਂ ਇਹ ਹੈ ਕਿ ਨਾਗਪੁਰ ਵਾਲਿਆਂ ਨੇ ਇਕ ਵਾਰ ਫਿਰ ਬਾਦਲ ਨੂੰ ਵਰਤ ਕੇ ਇਕ "ਟੀਮ ਸੀ" ਬਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਜਰੀਏ, ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਅਕਾਲ ਤਖਤ 'ਤੇ ਪੂਰੀ ਤਾਕਤ ਨਾਲ ਕਬਜਾ ਕੀਤਾ ਜਾ ਸਕੇ।

ਇਕ ਗਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਭ ਕੁੱਝ ਹਾਰ ਚੁਕਾ ਜੁਆੜੀ ਬਹੁਤ ਹੀ ਖਤਰਨਾਕ ਫੈਸਲੇ ਲੈਂਦਾ ਹੈ। ਉਹ ਆਪਣੀ ਹਾਰੀ ਹੋਈ ਪੂੰਜੀ ਨੂੰ ਵਾਪਿਸ ਲਿਆਉਣ ਲਈ ਆਪਣਾ ਘਰ ਬਾਹਰ ਸਭ ਕੁੱਝ ਗਿਰਵੀ ਰੱਖ ਸਕਦਾ ਹੈ। ਇਹ ਹੀ ਹਾਲਤ ਬਾਦਲ ਦੀ ਹੈ। ਗੁਰਬਚਨ ਸਿੰਘ ਅਤੇ ਜੀ. ਕੇ ਦੇ ਅਸਤੀਫੇ ਵੀ ਇਸ ਹਾਰੀ ਹੋਈ ਬਾਜੀ ਦੇ ਹੀ ਨਤੀਜੇ ਹਨ। ਇਸ ਵਕਤ ਬਾਦਲ ਨਹੀਂ, ਉਸ ਦੇ ਆਕਾ ਦੇ ਹੁਕਮਾਂ ਨਾਲ ਕੰਮ ਹੋ ਰਿਹਾ ਹੈ। ਹਾਰਿਆ ਹੋਇਆ ਸੱਟੇਬਾਜ ਆਪਣਾ ਸਭ ਕੁੱਝ ਦਾਅ 'ਤੇ ਲਾਕੇ ਇਕ ਵੱਡੀ ਅਤੇ ਅਖੀਰਲੀ ਚਾਲ ਚਲਣ ਨੂੰ ਤਿਆਰ ਹੋ ਚੁਕਾ ਹੈ। ਗੁਰਬਚਨ ਸਿੰਘ ਅਤੇ ਮਨਜੀਤ ਸਿੰਘ ਜੀ ਕੇ ਇਸਦੇ ਸੁੱਟੇ ਦੋ ਪਾਸੇ ਹਨ । ਇਨ੍ਹਾਂ ਅਹੁਦਿਆਂ 'ਤੇ ਇਨ੍ਹਾਂ ਨਾਲੋ ਵੀ ਖਤਰਨਾਕ ਅਤੇ ਪੰਥ ਦੋਖੀ ਅਨਸਰਾਂ ਦੀ ਨਿਉਕਤੀ ਹੋਣ ਵਾਲੀ ਹੈ ।

ਬਾਲਪਣੇ ਵਿੱਚ ਮਾਂ ਬੱਚਿਆਂ ਨੂੰ ਡਰਾ ਕੇ ਘਰ ਤੋਂ ਬਾਹਰ ਨਿਕਲਣ ਤੋਂ ਰੋਕਦੀ ਹੈ ਤੇ ਕਹਿੰਦੀ ਹੈ ਕਿ ਬਾਹਰ ਨਾ ਜਾਇਉ ! ਬਾਹਰ ਡੈਣ ਫੱੜ ਲਵੇਗੀ । ਬੱਚੇ ਵੀ ਡਰ ਕੇ ਇਸ ਨੂੰ ਸੱਚ ਮੰਨ ਲੈਂਦੇ ਹਨ, ਅਤੇ ਘਰ ਦੇ ਅੰਦਰ ਬਹਿ ਜਾਂਦੇ ਹਨ। ਲੇਕਿਨ ਉਹ ਬੱਚੇ ਹਮੇਸ਼ਾਂ ਲਈ ਡਰਪੋਕ ਅਤੇ ਬੁਜਦਿਲ ਹੋ ਜਾਂਦੇ ਹਨ । ਅਜ ਸਾਡੀ ਕੌਮ ਦਾ ਵੀ ਇਹ ਹੀ ਹਾਲ ਹੋ ਚੁਕਾ ਹੈ । ਕੁਝ ਤਾਂ ਸਿੱਖ ਇਨ੍ਹਾਂ ਫਤਵੇਦਾਰਾਂ ਦੇ ਹੁਕਮਨਾਮਿਆਂ ਕੋਲੋਂ ਡਰਦੇ ਮਾਰੇ ਚੁਪ ਰਹੇ ਤੇ ਕੁਝ ਅਪਣੇ ਢਿੱਡ ਦੀ ਭੁੱਖ ਨੂੰ ਮਿਟਾਉਣ ਲਈ ਡਰਪੋਕ ਅਤੇ ਬੁਜ਼ਦਿਲ ਹੋ ਚੁਕੇ ਹਨ। ਜਿਹੜੇ ਸੱਚ 'ਤੇ ਡੱਟ ਕੇ ਪਹਿਰਾ ਦੇਣ ਵਾਲੇ ਸਨ, ਉਨ੍ਹਾਂ ਨੂੰ ਪੰਥ ਤੋਂ ਛੇਕ ਕੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਣ ਦੀ ਸਾਜਿਸ਼ ਕੀਤੀ ਗਈ । ਭੌਂਕਣ ਵਾਲੇ ਅੱਜ ਵੀ ਬਿਨਾਂ ਪੱਟੇ ਦੇ ਲੋਕਾਂ ਨੂੰ ਵਡ੍ਹੀ ਫਿਰਦੇ ਹਨ ।

ਗੁਰੂ ਸਵਾਰਿਉ ! ਸਾਡੇ ਵਿੱਚ ਇੱਸੇ ਕਰਕੇ ਇਹ ਅਵਗੁਣ ਸਮਾ ਗਏ ਹਨ ਕਿ ਅਸੀਂ ਛੇਤੀ ਹੀ ਖੁਸ਼ ਹੋ ਜਾਂਦੇ ਹਾਂ ਅਤੇ ਛੇਤੀ ਹੀ ਪਰੇਸ਼ਾਨ ਹੋ ਜਾਂਦੇ ਹਾਂ। ਸਾਡੇ ਕੋਲ ਦੂਰ ਵੇਖਣ ਵਾਲੀ ਨਜ਼ਰ ਰਹੀ ਹੀ ਨਹੀਂ। ਇਕ ਗੁਰਬਚਨ ਗਿਆ ਹੈ ਤਾਂ ਬਾਦਲ ਦੇ ਆਕਾ ਕੋਲ ਇਹੋ ਜਹੇ ਕਈ ਗੁਰਬਚਨੇ ਪਹਿਲਾਂ ਤੋਂ ਤਿਆਰ ਬੈਠੇ ਹਨ, ਤੇ ਆਹ ਛਿੱਕੂ ਜਿਹਾ ਹਰਪ੍ਰੀਤ ਸਿੰਘ ਆ ਗਿਆ ਹੁਣ। ਇਕ ਜੀ.ਕੇ. ਗਿਆ ਹੈ ਤਾਂ ਇਹੋ ਜਹੇ ਸੌ ਜੀ.ਕੇ. ਉਸ ਕੌਲ ਮੌਜੂਦ ਹਨ। ਆਉਣ ਵਾਲਾ ਸਮਾਂ ਹੋਰ ਵੀ ਖਰਾਬੀ ਭਰਿਆ ਹੋਵੇਗਾ ਕਿਉਂਕਿ ਅਸੀਂ ਸਾਰੇ ਹੀ ਡਰਪੋਕ ਅਤੇ ਨਪੁੰਸਕ ਹੋ ਚੁਕੇ ਹਾਂ । ਕਦੀ ਸਰਕਾਰਾਂ ਕੋਲੋਂ ਡਰਦੇ ਹਾਂ ਅਤੇ ਕਦੀ ਪੁਜਾਰੀਆਂ ਦੇ ਫਤਵਿਆਂ ਕੋਲੋਂ । ਘਰ ਦੇ, ਬਾਹਰ ਖਲੋਤੀ ਉਹ ਡੈਣ ਸਾਨੂੰ ਸਦੀਆਂ ਤੱਕ ਡਰਾਉਂਦੀ ਹੀ ਰਹੇਗੀ ਜਦੋਂ ਤਕ ਅਸੀਂ ਉਸ ਕੋਲੋਂ ਡਰਦੇ ਰਹਾਂਗੇ । ਉਸ ਡੈਣ ਨੇ ਹੱਲੀ ਸਾਡਾ ਘਰ ਨਹੀਂ ਛਡਿਆ ਅਤੇ ਨਾਂ ਕਦੀ ਛੱਡੇਗੀ ! ਇਹ ਉਸ ਦਿਨ ਹੀ ਸਾਡਾ ਘਰ ਛੱਡੇਗੀ ਜਦੋਂ ਅਸੀਂ ਬੇਖੌਫ ਹੋ ਕੇ ਕੌਮ ਨੂੰ ਸੱਚ ਅਤੇ ਸੱਚੇ ਨਾਲ ਜੋੜਨ ਦੀ ਗਲ ਉੱਤੇ ਅਮਲ ਕਰਾਂਗੇ। ਝੂਠ ਨੂੰ ਝੂਠਾ ਕਹਿਣ ਦੀ ਤਾਕਤ ਅਪਣੇ ਵਿਚ ਲਿਆਵਾਂਗੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top