Share on Facebook

Main News Page

ਪੰਜਾਬ ਦੀ ਸਿੱਖੀ ਬਿਪਰਵਾਦੀ ਅੱਜਗਰ ਦੀ ਮਜਬੂਤ ਜਕੜ ਵਿੱਚ
-: ਇੰਦਰਜੀਤ ਸਿੰਘ ਕਾਨਪੁਰ
14.05.19

ਕੀ ਇਹ ਉਹ ਹੀ ਪੰਜਾਬ ਹੈ ? ਜਿਸਦੇ ਗਬਰੂਆਂ ਨੇ ਕਦੀ ਅਕਾਲ ਤਖਤ ਦੀ ਢੱਠੀ ਇਮਾਰਤ ਨੂੰ ਵੇਖ ਕੇ, ਉਸ ਹਕੂਮਤ ਦੀ ਰਾਣੀ ਨੂੰ ਸਜਾ ਦੇਣ ਲਈ ਤਿਆਰ ਬਰ ਤਿਆਰ ਹੋ ਗਏ ਸਨ, ਜਿਸਨੇ ਉਨ੍ਹਾਂ ਦੇ ਗੁਰੂ ਦਾ ਅਸਥਾਨ ਢਾਹ ਦਿੱਤਾ ਸੀ । ਨਾ ਸਿਰਫ ਅਰਦਾਸਾ ਸੋਧਿਆ ਬਲਕਿ ਉਸ ਸਜਾ ਨੂੰ ਅੰਜਾਮ ਤਕ ਪਹੁੰਚਾ ਦਿੱਤਾ । ਹਜਾਰਾਂ ਸਿੱਖ ਫੌਜੀ ਬੈਰਕਾਂ ਛੱਡ ਕੇ ਮੌਤ ਦੇ ਮੂ੍ੰਹ ਅਤੇ ਜੇਲ੍ਹਾਂ ਦੀਆਂ ਕਾਲ ਕੋਠਰੀਆਂ ਦੇ ਵਸਨੀਕ ਬਣ ਗਏ ਸੀ । ਜੋ ਅੱਜ ਤਕ ਜੇਲ੍ਹਾਂ ਵਿਚ ਕੈਦ ਹਨ । ਇਨ੍ਹਾਂ ਚਾਰ ਕੁ ਦਹਾਕਿਆਂ ਵਿੱਚ ਅਚਾਨਕ ਪੰਜਾਬ ਦੇ ਸਿੱਖਾਂ ਦੀਆਂ ਰਗਾਂ ਵਿਚ ਵਗਦਾ ਖੂਨ, ਠੰਡਾ ਠਾਰ ਪਾਣੀ ਕਿਸ ਤਰ੍ਹਾਂ ਬਣ ਗਿਆ ? ਇਸ ਲੇਖ ਦੀਆਂ ਇਹ ਪੰਗਤੀਆਂ, ਕਿਸੇ ਨੂੰ ਨਾਂ ਤਾਂ ਭੜਕਾਉਣ ਲਈ ਹਨ ਅਤੇ ਨਾਂ ਹੀ ਕਿਸੇ ਤਰ੍ਹਾਂ ਦਾ ਉਕਸਾਵਾ ਹਨ । ਇਹ ਤਾਂ ਦਿਲ ਦਾ ਉਹ ਦਰਦ ਹੈ, ਜੋ ਪੰਜਾਬ ਦੇ ਸਿੱਖਾਂ ਦੇ ਖੂਨ ਵਿਚ ਆ ਚੁਕੀ ਠੰਡਕ ਨੂੰ ਵੇਖ ਕੇ ਬਾਹਰ ਬੈਠੇ ਮਜਬੂਰ ਸਿੱਖਾਂ ਦੇ ਮਨਾਂ ਵਿਚ ਰਹਿ ਰਹਿ ਕੇ ਉਠ ਖਲੋਂਦਾ ਹੈ ।

ਮੇਰਾ ਇਸ਼ਾਰਾ ਪੰਜਾਬ ਦੇ ਇਤਿਹਾਸਿਕ ਅਸਥਾਨਾਂ ਨੂੰ ਇੱਕ ਇੱਕ ਕਰਕੇ ਨੇਸਤੇ ਨਾਬੂਦ ਕਰ ਦੇਣ ਵਲ ਹੈ । ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜ੍ਹੀ ਦੇ, ਹਾਥੀ ਦੰਦ ਦੀ ਨੱਕਾਸ਼ੀ ਵਾਲੇ ਦਰਵਾਜੇ ਤੋੜ ਦਿੱਤੇ ਗਏ, ਪੰਜਾਬ ਦਾ ਸਿੱਖ ਕੜਾਹ ਪ੍ਸ਼ਾਦ ਦੇ ਥਾਲ ਲਈ ਕਤਾਰਾਂ ਵਿੱਚ ਖੜਾ ਰਿਹਾ । ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਚਿਤਰਕਾਰੀ ਵਿੱਚ ਦੇਵੀ ਦੇਵਤਿਆਂ ਵਾਲੀ ਨੱਕਾਸ਼ੀ ਉਲੀਕ ਦਿੱਤੀ ਗਈ । ਇਥੇ ਦਾ ਸਿੱਖ ਹੇਠਾਂ ਕੀਰਤਨ ਹੀ ਸੁਣਦਾ ਰਿਹਾ । ਬਾਬਾ ਗੁਰਬਕਸ਼ ਸਿੰਘ ਜੀ ਦੀ ਸਹਾਦਤ ਅਤੇ ਮੋਰਚੇ ਦੀ ਨਿਸ਼ਾਨੀ ਨੂੰ ਅਕਾਲ ਤਖਤ ਦੇ ਪਿਛਵਾੜੇ ਵਿਚ ਤੋੜ ਕੇ ਉੱਥੇ ਵੀ. ਆਈ. ਪੀ. ਕਮਰਿਆਂ ਵਾਲੀ ਇਮਾਰਤ ਖੜੀ ਕਰ ਦਿੱਤੀ ਗਈ, ਸਿੱਖ ਨੂੰ ਹੋਸ਼ ਨਾ ਆਇਆ । ਪਾਪੜਾਂ ਵਾਲਾ ਬਜਾਰ ਜੋ ਪੁਰਾਤਨ ਅੰਮ੍ਰਿਤਸਰ ਦੇ ਬਜਾਰਾਂ ਦੀ ਯਾਦ ਦੁਆਂਦਾ ਸੀ, ਖੂਬਸੂਰਤੀ ਦੇ ਨਾਂ 'ਤੇ ਖਤਮ ਕਰ ਦਿੱਤਾ ਗਿਆ । ਅੰਮ੍ਰਿਤਸਰ ਦਾ ਸਿੱਖ ਅਪਣੀਆਂ ਦੁਕਾਨਾਂ ਦੇ ਮੁਆਵਜੇ ਲੈ ਕੇ ਹੀ ਖੁਸ਼ ਹੁੰਦਾ ਰਿਹਾ। ਬਿਪਰ ਇੱਥੇ ਹੀ ਨਹੀਂ ਖਲੋਤਾ ।

ਖਾਲਸਾ ਰਾਜ ਦੇ ਮਹਾਨ ਜਰਨੈਲ ਜੱਸਾ ਸਿੱਘ ਆਲਹੂਵਾਲੀਆ ਦਾ ਨਿਵਾਸ, ਬਾਬਾ ਅਟਲ ਦੀ ਇਮਾਰਤ ਦੇ ਨਾਲੋਂ ਹੌਲੀ ਹੌਲੀ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਗਿਆ, ਪੰਜਾਬ ਦਾ ਸਿੱਖ ਟਰੈਕਟਰ ਦੀਆਂ ਟਰਾਲੀਆਂ ਭਰ ਭਰ ਕੇ ਲੰਗਰ ਲਈ ਰਸਦ ਹੀ ਇਕੱਠੀ ਕਰਦਾ ਰਿਹਾ । ਗੁਰੂ ਅਰਜੁਨ ਸਾਹਿਬ ਦਾ ਮੰਜੀ ਸਾਹਿਬ ਗੁਰਦੁਆਰਾ ਜਿੱਥੇ ਪੰਚਮ ਪਿਤਾ ਨੇ ਸੁਖਮਨੀ ਸਾਹਿਬ ਦੀ ਰਚਨਾਂ ਕੀਤੀ । ਉਹ ਬੇਰੀ ਦਾ ਪੇੜ ਅਤੇ ਪਲੰਗ ਜਿਸਤੇ ਗੁਰੂ ਸਾਹਿਬ ਬਿਰਾਜਿਆ ਕਰਦੇ ਸੀ, ਹੌਲੀ ਹੌਲੀ ਗਾਇਬ ਕਰਕੇ ਉਥੇ ਸੰਗਮਰਮਰ ਦੀਆਂ ਵੱਡੀਆਂ ਵੱਡੀਆਂ ਸਿੱਲਾਂ ਲਾ ਦਿੱਤੀਆਂ ਗਈਆਂ। ਸਿੱਖ ਮੱਥੇ ਹੀ ਟੇਕਦਾ ਰਿਹਾ । ਇਹ ਤਾਂ ਕੁਝ ਕੁ ਮਿਸਾਲਾਂ ਦਿੱਤੀਆਂ ਹਨ । ਪੰਜਾਬ ਦੇ ਕਿਸੇ ਵੀ ਇਤਿਹਾਸਕ ਅਦਾਰੇ ਵਿਚ ਹੁਣ ਪੁਰਾਤਨ ਦਿੱਖ ਬਾਕੀ ਬਚੀ ਨਹੀਂ ਹੈ ।

ਅੱਜ ਪੰਜਾਬ ਦੀ ਸਿੱਖੀ ਬਿਪਰਵਾਦੀ ਅੱਜਗਰ ਦੀ ਮਜਬੂਤ ਜਕੜ ਵਿਚ ਹੈ । ਨਸ਼ੇ, ਗੁਰਬਤ, ਬਿਮਾਰੀ ਅਤੇ ਅਸਿਖਿਆ ਨੇ ਪੰਜਾਬ ਦੀ ਸੋਚਨ ਦੀ ਸ਼ਕਤੀ ਨੂੰ ਜੜੋਂ ਹੀ ਮਿਟਾ ਦਿੱਤਾ ਹੈ । ਬਿਪਰਵਾਦੀ ਤਾਕਤਾਂ ਦੇ ਟੁਕੜਾਂ ਤੇ ਪਲਣ ਵਾਲੇ , ਕਾਰ ਸੇਵਾ ਵਾਲੇ ਬਾਬਿਆਂ ਦੀ ਕਰਤੂਤ ਇੱਕ ਵਾਰ ਫਿਰ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਤੇ ਕਹਿਰ ਬਣ ਕੇ ਟੁੱਟੀ । ਦੋ ਚਾਰ ਦਿਨ ਦਾ ਰੌਲਾ ਪਿਆ ,ਫਿਰ ਸਭ ਕੁਝ ਸਹਿਜ ਹੋ ਗਿਆ । ਪੰਜਾਬ ਦੀ ਵਿਰਾਸਤ, ਗੁਰੂ ਛੋਹ ਵਾਲੀ ਉਹ ਮਿੱਟੀ, ਅੱਜ ਚਿੱਟੇ ਪੱਥਰਾਂ ਦੀਆਂ ਵੱਡੀਆਂ ਵੱਢੀਆਂ ਸਿਲਾਂ ਵਿਚ ਦਫਨ ਕਰਕੇ ਰਖ ਦਿੱਤੀ ਗਈ ਹੈ । ਪੰਜਾਬ ਦਾ ਸਿੱਖ ਪੂਰੀ ਤਰ੍ਹਾਂ ਅੰਨਜਾਨ ਹੈ । ਖਾਸ ਕਰਕੇ ਅੰਮ੍ਰਿਤਸਰ ਜਾਕੇ ਇਹ ਲਗਦਾ ਹੀ ਨਹੀਂ, ਕਿ ਇਹ ਗੁਰੂ ਰਾਮਦਾਸ ਜੀ ਦੀ ਵਸਾਈ ਉਹ ਨਗਰੀ ਹੈ, ਜਿਸ 'ਤੇ ਕਦਮ ਰਖਦਿਆਂ ਹੀ ਹਰ ਸਿੱਖ ਗੁਰੂ ਸਾਹਿਬ ਜੀ ਨੂੰ ਅਪਣੇ ਆਲੇ ਦੁਆਲੇ ਹੀ ਮਹਸੂਸ ਕਰਦਾ ਸੀ । ਇਹ ਤਾਂ ਕੁਝ ਕੁ ਅਸਥਾਨਾਂ ਦਾ ਹੀ ਜਿਕਰ ਕੀਤਾ ਹੈ, ਜਿਨ੍ਹਾਂ ਨੂੰ ਵੇਖ ਕੇ ਮੇਰਾ ਆਪਣਾ ਦਿਲ ਵਲੂੰਧਰਿਆ ਗਿਆ ਹੈ । ਜੇ ਹਰ ਅਸਥਾਨ ਦਾ ਜਿਕਰ ਕਰਾਂ ਤਾਂ ਬਹੁਤ ਸਮਾਂ ਚਾਹੀਦਾ ਹੈ। ਜੋ ਨਾਂ ਲਿਖਣ ਵਾਲਿਆਂ ਕੋਲ ਹੈ ਅਤੇ ਨਾਂ ਹੀ ਪੜ੍ਹਨ ਵਾਲਿਆ ਕੋਲ । ਰੱਬ ਹੀ ਭਲੀ ਕਰੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top