Khalsa News homepage

 

 Share on Facebook

Main News Page

ਰੱਬ ਦੀ ਦਰਗਾਹ ਕਿੱਥੇ ਹੈ ?
-: ਅਵਤਾਰ ਸਿੰਘ ਮਿਸ਼ਨਰੀ 2011

ਮਹਾਨ ਕੋਸ਼ ਅਨੁਸਾਰ "ਦਰਗਾਹ" ਫਾਰਸੀ ਸ਼ਬਦ ਹੈ। ਇਸ ਦਾ ਅਰਥ ਹੈ ਦਰਬਾਰ, ਕਰਤਾਰ ਦੀ ਨਿਆਂ ਸਭਾ, ਸਾਧ ਸਭਾ ਅਤੇ ਸਤਸੰਗ। ਇਸ ਦੇ ਰੂਪ ਹਨ ਦਰਗਹ, ਦਰਗਾਹ ਅਤੇ ਦਰਗਹਿ।

ਡਾ. ਰਤਨ ਸਿੰਘ ਜੱਗੀ ਗੁਰੂ ਗ੍ਰੰਥ ਵਿਸ਼ਵਕੋਸ਼ ਵਿੱਚ ਲਿਖਦੇ ਹਨ ਕਿ ਦਰਗਾਹ ਸ਼ਬਦ ਗੁਰਬਾਣੀ ਵਿੱਚ ਈਸ਼ਵਰੀ ਦਰਬਾਰ ਲਈ ਵਰਤਿਆ ਗਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਫਰਮਾਂਦੇ ਹਨ-ਨਾਨਕ ਸਾਚੇ ਕਉ ਸਚੁ ਜਾਣੁ॥ ਜਿਤੁ ਸੇਵੀਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ॥ (15) ਹੋਰ ਫਰਮਾਂਦੇ ਹਨ ਕਿ ਜਦ ਤੱਕ ਪ੍ਰਮਾਤਮਾਂ ਹਿਰਦੇ ਵਿੱਚ ਨਹੀਂ ਵਸਦਾ ਤਦ ਤੱਕ ਉਸ ਦੀ ਦਰਗਾਹ ਵਿੱਚ ਮਾਨ, ਇਜਤ ਸਤਕਾਰ ਨਹੀਂ ਮਿਲਦਾ- ਕਿਉਂ ਦਰਗਹ ਪਤਿ ਪਾਈਐ, ਜਾ ਹਰਿ ਨ ਵਸੈ ਮਨ ਮਾਹਿ॥ (21) ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਦਾ ਸਭ ਤੋਂ ਉਤਮ ਸਾਧਨ ਹੈ ਗੁਰੂ ਦੀ ਸੇਵਾ।

ਗੁਰੂ ਨਾਨਕ ਸਾਹਿਬ ਜੀ ਐਸਾ ਕਰਨ ਵਾਲਿਆਂ ਤੋਂ ਕੁਰਬਾਨ ਜਾਂਦੇ ਹਨ- ਸਤਿਗੁਰੁ ਸੇਵੇ ਆਪਣਾ ਹਉਂ ਸਦ ਕੁਰਬਾਣੈ ਤਾਸੁ॥ ਖੜਿ ਦਰਗਹ ਪਹਿਨਾਈਐ ਮੁਖਿ ਹਰਿ ਨਾਮ ਨਿਵਾਸੁ॥ (21) ਦਨਿਆਵੀ ਤੌਰ 'ਤੇ ਦਰਗਾਹ, ਦਰਬਾਰ ਦਾ ਅਰਥ ਹੈ ਬਾਦਸ਼ਾਹ ਦੀ ਸਭਾ ਪਰ ਗੁਰਬਾਣੀ ਅਨੁਸਾਰ ਸੱਚੇ ਪਾਤਸ਼ਾਹ ਦੀ ਸਭਾ- ਕਰਿ ਬੰਦਨਾ ਲਖ ਬਾਰ॥ ਥਕਿ ਪਰਿਓ ਪ੍ਰਭ ਦਰਬਾਰ॥ (837) ਗੁਰੂ ਅਰਜਨ ਸਾਹਿਬ ਜੀ ਵੀ ਫਰਮਾਂਦੇ ਹਨ ਕਿ ਜੋ ਗੁਰੂ ਦੇ ਬਚਨ ਨੂੰ ਆਪਣੇ ਜੀਵਣ ਦਾ ਅਧਾਰ ਬਣਾ ਲੈਂਦਾ ਹੈ, ਕਦੇ ਡੋਲਦਾ ਨਹੀਂ, ਸੰਸਾਰ ਵਿੱਚ ਉਸ ਦੀ ਜੈ ਜੈ ਕਾਰ ਅਤੇ ਰੱਬ ਦੀ ਦਰਗਾਹ ਵਿੱਚ ਉਸ ਦਾ ਮੁਖ ਉਜਲਾ ਹੁੰਦਾ ਹੈ- ਅਸਥਰਿ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰਿ॥ (687) ਸਭ ਦਰਬਾਰਾਂ ਚੋਂ ਉੱਤਮ ਦਰਬਾਰ ਪ੍ਰਭੁ ਦਾ ਹੀ ਹੈ-ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ॥ (507)

ਸਿੱਖੀ ਵਿੱਚ ਨਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ “ਦਰਬਾਰ ਸਾਹਿਬ” ਕਿਹਾ ਜਾਂਦਾ ਹੈ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ, ਸਭਾ-ਭਵਨ, ਅਤੇ ਗੁਰਦੁਆਰਾ ਆਦਿਕ ਨੂੰ ਵੀ ਦਰਬਾਰ ਸਾਹਿਬ ਕਹਿ ਦਿੱਤਾ ਜਾਂਦਾ ਹੈ, ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਆਦਿ।

ਹੁਣ ਆਪਾਂ ਵਿਚਾਰਦੇ ਹਾਂ ਕਿ ਰੱਬ ਦੀ ਦਰਗਾਹ ਕੀ ਅਤੇ ਕਿੱਥੇ ਹੋ ਸਕਦੀ ਹੈ? ਦੇਖੋ ਰੱਬ ਇੱਕ ਸ਼ਕਤੀ ਹੈ ਵਿਅਕਤੀ ਨਹੀਂ, ਉਹ ਨਿਰੰਕਾਰ ਹੈ, ਉਸ ਦਾ ਕੋਈ ਅਕਾਰ ਨਹੀਂ, ਉਹ ਸਰਬ ਨਿਵਾਸੀ ਹੈ, ਉਸ ਦਾ ਕੋਈ ਇੱਕ ਘਰ ਟਿਕਾਣਾ ਨਹੀਂ- ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਹੀ॥ (684) ਸੋ ਉਸ ਦੀ ਅਸਲ ਦਰਗਾਹ ਦੁਨੀਆਂ ਸੰਗਤ ਹੀ ਹੈ ਕਿਉਂਕਿ- ਮਿਲਿ ਸਤਸੰਗਤਿ ਖੋਜੁ ਦਿਸਾਈ ਵਿਚਿ ਸੰਗਤਿ ਹਰਿ ਪ੍ਰਭ ਵਸੈ ਜੀਉ॥ (94) ਇੱਥੇ ਤਾਂ ਹੋਰ ਹੀ ਭਾਣਾ ਵਰਤਿਆ ਪਿਆ ਹੈ- ਜਿਵੇਂ ਮੁਸਲਮਾਨ ਮੌਲਾਣਿਆਂ ਨੇ ਪੀਰਾਂ ਫਕੀਰਾਂ ਦੇ ਨਾਂ 'ਤੇ ਵੱਡੀਆਂ-ਵੱਡੀਆਂ ਕਬਰਾਂ ਅਤੇ ਦਰਗਾਹਾਂ ਬਣਾ ਲਈਆਂ, ਓਥੇ ਮੇਲੇ ਲਾਉਣੇ, ਵੀਰਵਾਰ ਦਰਗਾਹੀ ਚਰਾਗ ਜਗਾਉਣੇ, ਪੇਟ ਪੂਜਾ ਲਈ ਚੜ੍ਹਾਵੇ ਲੈਣੇ ਸ਼ੁਰੂ ਕਰ ਦਿੱਤੇ। ਕਥਤ ਕਾਲੇ ਇਲਮਾਂ ਰਾਹੀਂ ਸਮੱਸਿਆਵਾਂ ਦੇ ਉਪਾਅ ਦੱਸ ਕੇ ਕਿ ਇੱਥੇ ਫਲਾਣੀ ਮੰਨਤ ਮੰਨੋ ਜਾਂ ਇਸ ਦਰਗਾਹ (ਦਰਬਾਰ) ਦੀਆਂ ਐਨੀਆਂ ਚੌਂਕੀਆਂ ਭਰੋ ਤਾਂ ਤੁਹਾਡਾ ਫਲਾਨਾ ਰੋਗ ਦੂਰ, ਕਾਰਜ ਰਾਸ ਹੋ ਜਾਵੇਗਾ ਅਤੇ ਜਿੰਨ-ਭੂਤ ਨੁਕਸਾਰਨ ਨਹੀਂ ਕਰਨਗੇ। ਇਵੇਂ ਹੀ ਹਿੰਦੂ ਧਰਮ ਅਤੇ ਅੱਜ ਸਿੱਖ ਧਰਮ ਵਿੱਚ ਵੀ ਅਖੌਤੀ ਬਾਬਿਆਂ ਅਤੇ ਗਿਆਨੀਆਂ ਨੇ ਚਲਾ ਦਿੱਤਾ ਹੈ ਕਿ ਜੇ ਪਾਪ ਧੋਣੇ ਅਤੇ ਦਰਗਾਹ ਵਿੱਚ ਥਾਂ ਲੈਣੀ ਹੈ ਤਾਂ ਐਹ ਸੁਖਣਾ ਸੁਖੋ, ਐਨੇ ਪਾਠ ਕਰਵਾਓ ਅਤੇ ਐਨੀਆਂ ਕਿਸੇ ਸ਼ਬਦ ਆਦਿਕ ਦੀਆਂ ਮਾਲਾ ਫੇਰੋ, ਇਸ ਦਾ ਫਲ ਤੁਹਾਨੂੰ ਦਰਗਾਹ ਵਿੱਚ ਮਿਲੇਗਾ। ਅਗਿਆਨੀ ਲੋਕ ਅੱਖਾਂ ਮੀਟ ਕੇ ਇਨ੍ਹਾਂ ਮੋਮੋ ਠੱਗਣਿਆਂ ਦਾ ਸ਼ਿਕਾਰ ਹੋਈ ਜਾ ਰਹੇ ਹਨ।

ਜਰਾ ਸੋਚੋ! ਜਦ ਰੱਬ ਵੀ ਏਥੇ ਅਤੇ ਉਸ ਦਾ ਦਰਬਾਰ ਸੰਸਾਰ ਜਾਂ ਦਰਗਾਹ ਵੀ ਇੱਥੇ ਫਿਰ ਅਗਲੀ ਕਲਪਿਤ ਦਰਗਾਹ ਕਿੱਥੇ ਹੋ ਸਕਦੀ ਹੈ? ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਪੰਨਾ 343 ਤੇ ਦਰ ਅਤੇ ਦਰਗਾਹ ਸ਼ਬਦ ਦਾ ਅਰਥ ਵਾਹਿਗੁਰੂ ਦੀ ਹਜ਼ੂਰੀ ਲਿਖਦੇ ਹਨ, ਪਰ ਇਧਰ ਦੇਖੋ! ਭੁਲੇਖਾ ਪਾਊ ਚਾਲਬਾਜ ਸਾਧ ਲੋਕਾਂ ਨੂੰ ਇਹ ਕਹਿ ਕੇ ਉਕਸਾਉਂਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ-ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ॥ (26) ਇਸ ਦੇ ਅਰਥ ਉਹ ਅਗਲੀ ਦਰਗਾਹ ਕਰਦੇ ਹਨ, ਇਸ ਸੰਸਾਰ ਤੋਂ ਬਾਹਰੀ ਕੋਈ ਉਪਰਲੀ ਜਗ੍ਹਾ, ਜੋ ਗਲਤ ਹਨ ਕਿਉਂਕਿ ਰੱਬ ਕਿਸੇ ਸੱਤਵੇਂ ਅਸਮਾਨ ਤੇ ਕੋਈ ਵੱਖਰੀ ਦਰਗਾਹ (ਦਰਬਾਰ) ਲਾ ਕੇ ਨਹੀਂ ਬੈਠਾ ਹੋਇਆ, ਜਿੱਥੇ ਜਾ ਕੇ ਅਸੀਂ ਬੈਸਣ ਪਾਉਣਾ ਹੈ। ਸੋ ਇਸ ਪੰਗਤੀ ਦੇ ਅਸਲ ਅਰਥ ਇਹ ਹਨ ਕਿ ਜੇ ਅਸੀਂ ਕਰਤੇ ਦੀ ਪੈਦਾ ਕੀਤੀ ਦੁਨੀਆਂ ਵਿੱਚ ਲੁਕਾਈ ਦੀ “ਸੇਵ ਕਮਾਈਐ” ਭਾਵ ਕਿਰਤ ਕਮਾਈ ਕਰਦੇ ਹੋਏ, ਲੋੜਵੰਦਾਂ ਨਾਲ ਵੰਡ ਛਕੀਏ ਅਤੇ ਰੱਬ ਨੂੰ ਯਾਦ ਕਰਦੇ ਹੋਏ ਪ੍ਰਉਪਕਾਰੀ ਜੀਵਨ ਜੀਵੀਏ ਤਾਂ “ਤਾ ਦਰਗਹ ਬੈਸਣ ਪਾਈਐ” ਭਾਵ ਕਰਤਾਰ ਦੀ ਹਜ਼ੂਰੀ ਪ੍ਰਾਪਤ ਕਰ ਸਕਦੇ ਹਾਂ।

ਗੁਰਬਾਣੀ ਵਿੱਚ ਆਏ ਐਸੇ ਦਰਗਾਹ ਆਦਿਕ ਸ਼ਬਦਾਂ ਦੀ ਸਾਨੂੰ ਭਾਵਅਰਥੀ ਵਿਚਾਰ ਕਰਨੀ ਚਾਹੀਦੀ ਹੈ ਨਾਂ ਕਿ ਭਾਵਕ ਹੋ ਕੇ, ਲਕੀਰ ਦੇ ਫਕੀਰ ਬਣ, ਅੰਨ੍ਹੇਵਾਹ ਇਨ੍ਹਾਂ ਮੁਲਾਂ-ਮੁਲਾਣਿਆਂ, ਬ੍ਰਾਹਮਣਾਂ ਅਤੇ ਕੇਸਾਧਾਰੀ ਸਾਧਾਂ ਸੰਤਾਂ ਦੇ ਕੀਤੇ ਗਲਤ ਅਰਥਾਂ ਦੇ ਮੱਗਰ ਲੱਗ, ਕਲਪਿਤ ਦਰਗਾਹੀ ਆਫਤਾਂ ਤੋਂ ਡਰ ਕੇ, ਆਪਣਾ ਹੀ ਝੁੱਗਾ ਚੌੜ ਕਰਵਾਈ ਜਾਣਾ ਹੈ। ਗੁਰਬਾਣੀ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਸ਼ਬਦ ਆਉਂਦੇ ਹਨ, ਜੇ ਕੇਵਲ ਉਨ੍ਹਾਂ ਦੇ ਅਖਰੀ ਅਰਥ ਹੀ ਕੀਤੇ ਜਾਣ ਤਾਂ ਟਪਲਾ ਲਗਦਾ ਅਤੇ ਗੁਰਮਤਿ ਸਿਧਾਂਤਾਂ ਦਾ ਖੰਡਨ ਹੁੰਦਾ ਹੈ, ਜਿਵੇਂ- ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ (1159) 

ਹੁਣ ਸੋਚਣਾ ਪਵੇਗਾ ਕਿ ਮਾਨਸ ਜਨਮ ਤੋਂ ਪਹਿਲਾਂ ਅਸੀਂ ਕਿਹੜੀ ਜੂਨ ਵਿੱਚ ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਹੈ? ਜਦ ਕਿ ਹੋਰ ਜੂਨਾਂ ਵਿੱਚ ਅਜਿਹਾ ਕਰਨਾ ਅਸੰਭਵ ਹੈ। ਸੋ ਇੱਥੇ ਵੀ ਇਸ ਪੰਗਤੀ ਦੇ ਅਨਵੇ ਕਰਕੇ ਅਰਥ ਇਹ ਹਨ ਕਿ-ਮਾਨਸ ਦੇਹੀ ਪਾਈ ਤਾਂ ਹੀ ਪ੍ਰਵਾਨ ਹੈ ਜੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਗੁਰੂ ਦੀ ਸੇਵਾ ਅਤੇ ਭਗਤੀ ਕਾਰ ਕਮਾਈਏ। ਹੋਰ ਦੇਖੋ- ਸਚਖੰਡਿ ਵਸੈ ਨਿਰੰਕਾਰ॥ (ਜਪੁਜੀ) ਸਚ ਦਾ ਸਦੀਵੀ ਅਤੇ ਖੰਡ ਦਾ ਅਰਥ ਹੈ ਅਵਸਥਾ ਭਾਵ ਅਬਿਨਾਸ਼ੀ ਮੰਡਲ ਵਿੱਚ ਨਿਰੰਕਾਰ ਵਸਦਾ ਹੈ। ਸੋ ਰੱਬ ਦੀ ਦਰਗਾਹ ਕਚਹਿਰੀ ਕੋਈ ਰੱਬ ਤੋਂ ਦੂਰ ਨਹੀਂ, ਉਹ ਹਿਰਦੇ ਰੂਪੀ ਦਰਗਾਹ ਵਿੱਚ ਵਸਦਾ ਹੈ- ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥ (1378) ਚੰਗੇ ਮੰਦੇ ਕਰਮਾਂ ਦੇ ਫਲ ਸੰਸਾਰ ਰੂਪ ਦਰਗਾਹ ਵਿੱਚ ਹੀ ਮਿਲਦੇ ਹਨ। ਸੋ ਰੱਬ ਦੀ ਦਰਗਾਹ ਹਿੰਦੂਆਂ ਦੇ ਕਲਪੇ ਸਵਰਗ ਅਤੇ ਮੁਸਮਾਨਾਂ ਦੇ ਕਲਪੇ ਕਿਸੇ ਜੰਨਤ ਵਿੱਚ ਨਹੀਂ ਸਗੋਂ ਸੰਸਾਰ ਵਿੱਚ ਹੀ ਹੈ।

ਅਜੋਕੇ ਪੜ੍ਹੇ ਲਿਖੇ ਇਨਸਾਨ ਵੀ ਅਨਪੜ੍ਹ ਬਾਬਿਆਂ ਕੋਲੋਂ ਕਲਪਿਤ ਦਰਗਾਹਾਂ ਬਾਰੇ ਪੁੱਛਦੇ ਦੇਖੇ ਜਾ ਸਕਦੇ ਹਨ। ਅਜਿਹੇ ਲੋਕਾਂ ਨੂੰ ਹੀ ਗੁਰੂ ਨੇ ਮੂਰਖ ਕਿਹਾ ਹੈ- ਪੜ੍ਹਿਆ ਮੂਰਖੁ ਆਖੀਐ॥ (140) ਖਸਮ ਵਿਸਾਰ ਕੇ ਅੰਨ੍ਹੇਵਾਹ ਮੜੀਆਂ, ਮੱਟਾਂ, ਕਬਰਾਂ, ਮੂਰਤਾਂ, ਅਖੌਤੀ ਦਰਗਾਹਾਂ, ਥੜਿਆਂ, ਝੰਡਿਆਂ, ਦੇਹਧਾਰੀ ਪਾਖੰਡੀ ਬਾਬਿਆਂ ਨੂੰ ਮੱਥਾ ਟੇਕਣ, ਪੁਛਣਾ ਪੁੱਛਣ ਅਤੇ ਉਨ੍ਹਾਂ ਤੋਂ ਗਿਆਨ ਲੈਣ ਦੀ ਆਸ ਰੱਖਣ ਵਾਲੇ ਹੀ ਅਸਲ ਅੰਨ੍ਹੇ ਹਨ- ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ (954) 

ਸੋ ਗੁਰਬਾਣੀ ਦੇ ਸਮੁੱਚੇ ਸਿਧਾਂਤ ਨੂੰ ਵਾਚਣ ਅਤੇ ਸਮਝਣ ਤੇ ਹੀ ਪਤਾ ਚਲੇਗਾ ਕਿ ਰੱਬ ਦੀ ਦਰਗਾਹ ਕਿੱਥੇ ਹੈ? ਵਰਣਾ ਅੰਨ੍ਹੇਵਾਹ ਚਲਾਂਗੇ ਤਾਂ ਵਹਿਮਾਂ, ਭਰਮਾਂ, ਭੁਲੇਖਿਆਂ ਅਤੇ ਭੰਬਲਭੂਸਿਆਂ ਦੇ ਸਾਗਰ ਵਿੱਚ ਹੀ ਭਟਕ ਕੇ ਡੁਬਦੇ ਰਹਾਂਗੇ। ਅੱਜ ਇੰਟ੍ਰਨੈਟ ਤੋਂ ਵੀ ਆਪ ਗੁਰਬਾਣੀ ਗਿਆਨ ਪ੍ਰਾਪਤ ਕਰ ਸਕਦੇ ਹੋ। ਵੈਬਸਾਈਟਾਂ ਬਹੁਤ ਹਨ ਜਿਵੇਂ- sikhmarg.com, ssicanada.com, khalsanews.org, gurugranthdarpan.com ਹੋਰ ਬਹੁਤ ਸਾਰੀਆਂ ਵੈਬ ਸਾਈਟਾਂ ਮਿਸ਼ਨਰੀ ਕਾਲਜ, ਗੁਰਮਤਿ ਵਿਦਿਆਲੇ ਅਤੇ ਅਖਬਾਰ ਹਨ ਜੋ ਗਿਆਨ ਦਾ ਸਾਧਨ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top