"ਜ਼ਫ਼ਰਨਾਮਾ"
ਨਾਂ ਦੀ ਫ਼ਾਰਸੀ ਕਵਿਤਾ ਖ਼ੂਬਸੂਰਤ ਹੈ; ਯਕੀਨਨ ਇਹ ਕਿਸੇ ਫ਼ਾਰਸੀ ਮਾਹਿਰ ਦੀ ਲਿਖੀ ਹੋਈ
ਹੋਵੇਗੀ (ਪਰ ਇਹ ਗੁਰੂ ਲਿਖਤ ਨਹੀਂ
ਹੈ)। ਪਰ ਉਸ ਵਿਚਾਰੇ ਨੂੰ ਵੀ ਉਸ ਵੇਲੇ ਦੀ ਤਵਾਰੀਖ਼ ਦਾ ਵੀ ਪਤਾ ਨਹੀਂ ਹੈ। ਇਸ
ਵਿਚ ਚਮਕੌਰ ਵਿਚ ਮੁਗ਼ਲ ਫ਼ੌਜਾਂ ਦੀ ਗਿਣਤੀ 10 ਲਖ ਦੱਸੀ ਹੋਈ ਹੈ:
ਉਸ ਵੇਲੇ ਮੁਗ਼ਲ ਬਾਦਸ਼ਾਹਾਂ ਦੀ ਆਪਣੀ
ਕੁਲ ਫ਼ੌਜ ਕੁਝ ਹਜ਼ਾਰਾਂ ਵਿਚ ਹੁੰਦੀ ਸੀ। ਬਾਦਸ਼ਾਹ ਨੂੰ ਜਦ ਜ਼ਰੂਰਤ ਹੁੰਦੀ ਸੀ ਤਾਂ
ਉਸ ਦੇ ਮਨਸਬਦਾਰ ਆਪਣੀ ਫ਼ੌਜ ਲੈ ਕੇ ਹਾਜ਼ਰ ਹੋ ਜਾਇਆ ਕਰਦੇ ਸਨ। ਔਰੰਗਜ਼ੇਬ ਵੇਲੇ ਸਭ ਤੋਂ
ਵੱਡਾ ਮਨਸਬ 7 ਹਜ਼ਾਰ ਦਾ ਸੀ ਤੇ ਇਹ ਮਨਸਬ 3-4 ਜਣਿਆਂ ਕੋਲ ਹੀ ਸਨ (ਸ਼ਹਿਜ਼ਾਦਿਆਂ ਕੋਲ ਵਧ
ਦੇ ਮਨਸਬ ਵੀ ਹੁੰਦੇ ਸਨ)।
ਜਦ ਜਹਾਂਗੀਰ ਵੇਲੇ ਮਹਾਬਤ ਖ਼ਾਨ ਨੇ ਬਗ਼ਾਵਤ ਕੀਤੀ ਤਾਂ ਉਸ ਕੋਲ 4
ਹਜ਼ਾਰ ਫ਼ੌਜ ਸੀ। ਅਪ੍ਰੈਲ 1654 ਵਿਚ ਦਾਰਾ ਸ਼ਕੋਹ ਨੇ ਔਰੰਗਜ਼ੇਬ ਦੀ ਫ਼ੌਜ ਨਾਲ ਜੰਗ ਕੀਤੀ,
ਉਸ ਕੋਲ ਸ਼ਾਹਜਹਾਨ ਬਾਦਸ਼ਾਹੀ ਦੀ ਸਾਰੀ ਫ਼ੌਜ ਸੀ ਜਿਸ ਦੀ ਗਿਣਤੀ 50 ਹਜ਼ਾਰ ਸੀ।
ਔਰੰਗਜ਼ੇਬ ਕੋਲ 1684 ਵਿਚ 80 ਹਜ਼ਾਰ ਦੇ
ਕਰੀਬ ਫ਼ੌਜ ਸੀ। ਇਸੇ ਫ਼ੌਜ ਨੇ ਸ਼ਿਵਾਜੀ ਮਰਹੱਟਾ ਨੂੰ ਹਰਾਇਆ ਸੀ। ਇਸ ਮਗਰੋਂ ਹੋਰ
ਵੀ ਭਰਤੀ ਕੀਤੀ ਗਈ ਤੇ ਮੁਗ਼ਲ ਤਵਾਰੀਖ਼ ਵਿਚ ਫ਼ੌਜ ਦੀ ਵਧ ਤੋਂ ਵਧ ਗਿਣਤੀ 1 ਲੱਖ 70 ਹਜ਼ਾਰ
ਸੀ। ਔਰੰਗਜ਼ੇਬ ਵੇਲੇ ਮੁਗ਼ਲਾਂ ਦੀ ਆਪਣੀ, ਤੇ ਮਨਸਬਦਾਰਾਂ ਦੀ ਫ਼ੌਜ ਮਿਲਾ ਕੇ, ਦੀ ਕੁਲ
ਗਿਣਤੀ 2 ਲੱਖ 40 ਹਜ਼ਾਰ ਘੌੜਸਵਾਰ ਤੇ 15000 ਬੰਦੂਕਚੀ ਸਨ।
ਉਸ ਵੇਲੇ ਰੋਪੜ ਦੇ ਨਵਾਬ ਕੋਲ ਆਪਣੀ 500 ਫ਼ੌਜ ਤੇ ਸਰਹੰਦ ਦੇ
ਫ਼ੌਜਦਾਰ (ਉਹ ਸੂਬੇਦਾਰ ਨਹੀਂ ਸੀ; ਸਰਹੰਦ ਸੂਬਾ ਨਹੀਂ ਸੀ; ਇਹ ਦਿੱਲੀ ਸੂਬੇ ਦੇ ਹੇਠ ਸੀ)
ਕੋਲ ਆਪਣੀ 3000 ਫ਼ੌਜ ਸੀ।
(ਪੂਰੀ ਤਫ਼ਸੀਲ ਵਾਸਤੇ ਦੇਖੋ: ਜਾਦੂ ਨਾਥ ਸਰਕਾਰ, ਹਿਸਟਰੀ ਆਫ਼ ਔਰੰਗਜ਼ੇਬ, ਜਿਲਦ ਤੀਜੀ ਅਤੇ
ਉਸੇ ਦੀ ਹੀ ਕਿਤਾਬ ਮੁਗ਼ਲ ਐਂਪਾਇਅਰ)।
ਘੋੜਸਵਾਰਾਂ ਨੂੰ ਘੱਟੋ-ਘੱਟ 6 ਫੁੱਟ ਥਾਂ ਚਾਹੀਦੀ ਹੁੰਦੀ ਹੈ,
ਜੇ ਦਸ ਲੱਖ ਫ਼ੌਜ ਹੋਵੇ ਤਾਂ ਇਸ ਫ਼ੌਜ ਦਾ ਇਕ ਸਿਰਾ ਦਿੱਲੀ ਤਕ ਤੇ ਦੂਜਾ ਲਾਹੌਰ ਤਕ ਪੁੱਜ
ਜਾਵੇਗਾ
ਪਰ ਜ਼ਫ਼ਰਨਾਮਾ ਦਾ ਲੇਖਕ 6-7 ਦਸੰਬਰ 1705 ਦੇ ਦਿਨ ਇਕੱਲੇ ਚਮਕੌਰ ਵਿਚ 10 ਲੱਖ ਫ਼ੌਜ ਦਾ
ਘੇਰਾ ਪੁਆ ਦੇਂਦਾ ਹੈ।
ਇਸ ਫ਼ੌਜ ਬਾਰੇ ਦੋ
ਹੋਰ ਨੁਕਤੇ ਵੀ ਅਹਿਮ ਹਨ:
ਪਹਿਲੀ ਗੱਲ ਤਾਂ ਇਹ ਹੈ ਕਿ ਚਮਕੌਰ ‘ਤੇ ਹਮਲਾ ਕਰਨ
ਵਾਲੀ ਫ਼ੌਜ ਰੋਪੜ ਤੋਂ ਭੇਜੀ ਗਈ ਸੀ; ਅਤੇ ਇਹ ਘੇਰਾ ਔਰੰਗਜ਼ੇਬ ਦੇ ਕਹਿਣ ‘ਤੇ ਨਹੀਂ ਪਿਆ
ਸੀ;
ਦੂਜਾ, ਜੇ ਗਿਣਤੀ ਦਸ ਲੱਖ ਦੀ ਇਹ ਗੱਪ ਮੰਨਣੀ ਵੀ
ਹੋਵੇ ਤਾਂ ਏਨੀ ਫ਼ੌਜ ਨੇ ਚਮਕੌਰ ਤੋਂ ਦਿੱਲੀ ਤਕ ਜਗਹ ਘੇਰੀ ਹੋਵੇਗੀ ਤੇ ਏਨੇ ਮੀਲਾਂ ਵਿਚ
ਫ਼ੌਜ ਹੀ ਫ਼ੌਜ ਹੋਵੇਗੀ।
ਉਂਞ ਹਕੀਕਤ ਇਹ ਹੈ ਕਿ ਇਹ ਫ਼ੌਜ 700 ਦੀ
ਗਿਣਤੀ ਵਿਚ ਸੀ ਜਿਸ ਦਾ ਜ਼ਿਕਰ ਇਨਾਇਤੁੱਲਾ ਖ਼ਾਨ (ਮੌਤ 1725) ਦੀ ‘ਅਹਿਕਾਮ-ਇ-ਆਲਮਗੀਰੀ’
ਵਿਚ ਸਾਫ਼ ਮਿਲਦਾ ਹੈ। ਇਸੇ ਕਿਤਾਬ ਮੁਤਾਬਿਕ ਔਰੰਗਜ਼ੇਬ ਨੇ ਦੋ ਅਹਿਦੀਏ (ਸ਼ੇਖ਼ ਯਾਰ
ਮੁਹੰਮਦ ਮਨਸਬਦਾਰ ਤੇ ਮੁਹੰਮਦ ਬੇਗ਼ ਗੁਰੂਜ-ਬਰਦਾਰ) ਗੁਰੂ ਸਾਹਿਬ ਨੂੰ ਉਸ ਨਾਲ ਮੁਲਾਕਾਤ
ਕਰਵਾਉਣ ਲਈ ਲਿਆਉਣ ਵਾਸਤੇ ਭੇਜੇ ਸਨ ਅਤੇ ਲਾਹੌਰ ਤੇ ਸਰਹੰਦ ਦੇ ਸੂਬੇਦਾਰ ਨੂੰ ਖ਼ਤ ਵੀ
ਲਿਖੇ ਸਨ।
+++
ਜ਼ਫ਼ਰਨਾਮਾ ਦਾ ਲੇਖਕ ਮੁਬਾਲਗੇ (ਅਤਿਕਥਨੀ) ਤੋਂ ਕੰਮ ਲੈ ਰਿਹਾ
ਹੈ। ਉਦੋਂ ਇਹ ਰਿਵਾਜ਼ ਸੀ ਕਿ ਗੱਲ ਨੂੰ ਹਜ਼ਾਰਾਂ ਗੁਣਾ
ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਵੇ। ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਸਰੂਪ ਦਾਸ ਭਲਾ
ਆਦਿ ਨੇ ਇੰਞ ਹੀ ਗਪੌੜੇ ਮਾਰੇ ਹਨ। ਸਭ ਤੋਂ ਵਧ ਗਪੌੜੇ ਕੋਇਰ ਸਿੰਘ ਨੇ
ਗੁਰਬਿਲਾਸ ਪਾਤਸਾਹੀ 10 ਵਿਚ ਮਾਰੇ ਹਨ। ਉਹ ਲਿਖਦਾ ਹੈ:
ਅਨੰਦਪੁਰ 'ਤੇ ਹਮਲੇ ਵਿਚ ਚਾਲ੍ਹੀ ਲੱਖ ਤੋਂ ਵਧ ਫ਼ੌਜ ਸ਼ਾਮਿਲ ਸੀ,
ਸਾਹਿਬਜ਼ਾਦਿਆਂ ਨੇ ਲੜਾਈ ਵਿਚ 2-2 ਲੱਖ ਦੁਸ਼ਮਣ ਮਾਰ ਦਿੱਤੇ ਸਨ,
ਗੁਰੂ ਗੋਬਿੰਦ ਸਿੰਘ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਪਟਨਾ, ਕਾਸ਼ੀ , ਅਤੇ ਅਯੁਧਿਆ ਦੀ
ਤੀਰਥ ਯਾਤਰਾ ’ਤੇ ਗਏ ਤੇ ਕਈ ਸਾਲ ਘੁੰਮਦੇ ਰਹੇ ਸਨ....