ਅਕਾਲ ਤਖ਼ਤ ਇਕ ਇਮਾਰਤ ਨਹੀਂ ਤੇ ਨਾ ਹੀ ਇਹ ਕੋਈ
ਦੁਨਿਆਵੀ ਤਖ਼ਤ ਹੈ। ਇਹ ਇਕ ਸਿਧਾਂਤ ਹੈ ਜਿਸ ਦਾ ਮਕਸਦ ਲੋਕਾਂ
ਵਿੱਚ ਇਹ ਇ਼ਹਸਾਸ ਭਰਨਾ ਹੈ ਕਿ
ਦੁਨੀਆਵੀ ਤਖ਼ਤ ਨਾਸ਼ਮਾਨ ਹਨ, ਪਰ ਅਕਾਲ ਪੁਰਖ ਦਾ ਤਖ਼ਤ ਅਕਾਲ (ਕਾਲ ਰਹਿਤ, ਸਦੀਵੀ) ਹੈ। ਗੁਰੂ
ਹਰਿਗੋਬਿੰਦ ਸਾਹਿਬ ਨੇ ਕਈ ਇਮਾਰਤ ਨਹੀਂ ਬਣਾਈ ਸੀ। ਉਨ੍ਹਾਂ ਇਕ ਸਿਧਾਂਤ ਪਰਗਟ ਕੀਤਾ ਸੀ।
‘ਬੁੰਗਾ ਅਕਾਲ ਤਖ਼ਤ’ ਦੀ ਇਮਾਰਤ ਕਿਵੇਂ ਬਣੀ?
ਜਿਸ ਥਾਂ ’ਤੇ ਅਜ-ਕਲ੍ਹ ਅਕਾਲ ਤਖ਼ਤ ਨਾਂ ਦੀ ਇਮਾਰਤ ਜਾਂ ਗੁਰਦੁਆਰਾ ਹੈ, ਇਹ ਦਰਅਸਲ ਅਕਾਲੀਆਂ
ਦਾ ਬੁੰਗਾ ਸੀ (ਅਕਾਲੀ ਨੈਣਾ ਸਿੰਘ ਤੇ ਉਸ ਮਗਰੋਂ ਅਕਾਲੀ ਫੂਲਾ ਸਿੰਘ ਦਾ ਨਿਵਾਸ ਇੱਥੇ ਸੀ;
ਉਨ੍ਹਾਂ ਦੇ ਬਹੁਤੇ ਸਾਥੀ ‘ਛਾਵਣੀ ਨਿਹੰਗਾਂ’, ਜਿੱਥੇ ਹੁਣ ਬੁਰਜ ਅਕਾਲੀ ਫੂਲਾ ਸਿੰਘ ਹੈ,
ਵਿੱਚ
ਰਿਹਾ ਕਰਦੇ ਸਨ)। ਇਸ ਬੁੰਗੇ ਨੂੰ ‘ਅਕਾਲੀਆਂ ਦਾ ਬੁੰਗਾ’ ਜਾਂ ‘ਅਕਾਲ ਬੁੰਗਾ’ ਕਿਹਾ ਜਾਂਦਾ
ਸੀ।
ਇਸ ਬੁੰਗੇ ਦੇ ਅੱਗੇ ਇਕ ਥੜ੍ਹਾ ਸੀ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਦਰਬਾਰ ਲਾਇਆ ਕਰਦੇ ਹਨ। ਅੰਮ੍ਰਿਤਸਰ (ਸਰੋਵਰ)
ਵਿੱਚਲੇ ਦਰਬਾਰ ਸਾਹਿਬ ਦੇ ਅੰਦਰ ਤਾਂ ਉਦੋਂ ਸਿਰਫ਼ ਦੋ ਢਾਈ ਸੌ ਲੋਕ ਬੈਠ
ਸਕਦੇ ਸਨ। ਇਸ ਕਰ ਕੇ ਗੁਰੂ ਜੀ ਦਰਸ਼ਨੀ ਡਿਉਢੀ ਦੇ ਸਾਹਮਣੇ ਮੈਦਾਨ
ਵਿੱਚ ਇਮਲੀ ਦੇ ਦਰਖ਼ਤ ਕੋਲ
ਥੜ੍ਹੇ ’ਤੇ ਬੈਠਿਆ ਕਰਦੇ ਸਨ। ਲੋਕ ਇਸ ਥੜ੍ਹੇ ਨੂੰ ਗੁਰੂ ਪਾਤਸ਼ਾਹ ਦਾ ‘ਤਖ਼ਤ’ ਕਿਹਾ ਕਰਦੇ ਸਨ।
1635 ਤੋਂ ਮਗਰੋਂ ਇੱਥੇ ਕੋਈ ਦਰਬਾਰ ਨਹੀਂ ਸੀ ਲਗਦਾ। ਇਸ ਦਾ ਪ੍ਰਬੰਧ ਮੀਣਿਆਂ ਕੋਲ ਸੀ (ਪ੍ਰਿਥੀ
ਚੰਦ ਮੀਣੇ ਦਾ ਪੁੱਤਰ ਮਿਹਰਬਾਨ ਤੇ ਉਸ ਦਾ ਪੁੱਤਰ ਹਰਿਜੀ ਇੱਥੇ 1635 ਤੋਂ 1696 ਤਕ ਕਾਬਜ਼ ਰਹੇ
ਸਨ)। 1698 ਵਿੱਚ ਇੱਥੇ ਭਾਈ ਮਨੀ ਸਿੰਘ ਆ ਗਏ ਅਤੇ ਉਹ 1734 ਤਕ ਇੱਥੇ ਰਹੇ ਤੇ ਕਥਾ ਕਰਦੇ ਰਹੇ।
ਇਸ ਮਗਰੋਂ ਦਰਬਾਰ ਸਾਹਿਬ ’ਤੇ ਮੁਗ਼ਲਾਂ ਅਤੇ ਅਫ਼ਗ਼ਾਨਾਂ ਦਾ ਸਿੱਧਾ ਜਾਂ ਅਸਿੱਧਾ ਕਬਜ਼ਾ ਰਿਹਾ ਤੇ
ਜਾਂ ਇਹ ਖ਼ਾਲੀ ਪਿਆ ਰਿਹਾ। 1765 ਤੋਂ ਮਗਰੋਂ ਇੱਥੇ ਸਿੱਖਾਂ ਦਾ ਪੱਕਾ ਕਬਜ਼ਾ ਹੋ ਗਿਆ। 1765
ਤੋਂ ਮਗਰੋਂ ਇਸ ਨਗਰ
ਵਿੱਚ ਬੁੰਗੇ ਬਣਨੇ ਸ਼ੁਰੂ ਹੋ ਗਏ ਸਨ। ਹਰ ਇਕ ਮਿਸਲ ਦਾ ਅਤੇ ਕਈ ਸਰਦਾਰਾਂ
ਦੇ ਆਪਣੇ ਆਪਣੇ ਬੁੰਗੇ ਸਨ। ਇਸ ਨਗਰ
ਵਿੱਚ 72 ਬੁੰਗਿਆਂ ਦੇ ਹੋਣ ਦਾ ਪਤਾ ਚਲਦਾ ਹੈ। ਅਕਾਲੀਆਂ
ਦਾ ਅਕਾਲ ਬੁੰਗਾ ਬਣ ਜਾਣ ਪਿੱਛੋਂ ਉਨ੍ਹਾਂ ਦੀ ਮਿਸਲ ਦੇ ਆਗੂ (ਪਹਿਲੋਂ ਅਕਾਲੀ ਨੈਣਾ ਸਿੰਘ ਤੇ
ਫਿਰ ਅਕਾਲੀ ਫੂਲਾ ਸਿੰਘ ਰਹਿੰਦੇ ਰਹੇ ਸਨ)।ਅਕਾਲੀ ਫੂਲਾ ਸਿੰਘ ਦੀ ਮੌਤ ਮਗਰੋਂ ਇਸ ਬੁੰਗੇ ਦੀ
ਅਹਮੀਅਤ ਘਟ ਗਈ। ਉਂਞ ਇਮਾਰਤ ਕਾਇਮ ਰਹੀ। ਇਸ ਬੁੰਗੇ ਉੱਤੇ ਗਿਆਨੀ ਸੰਤ ਸਿੰਘ ਨਿਰਮਲਾ ਦੇ
ਪੁੱਤਰ ਗੁਰਮੁਖ ਸਿੰਘ ਦਾ ਕਬਜ਼ਾ ਸੀ।
ਅਜੇ ਤਕ ਸਿੱਖ ਪੰਥ
ਵਿੱਚ ਅਕਾਲ ਤਖ਼ਤ ਲਫ਼ਜ਼ ਨਹੀਂ ਸੀ ਆਇਆ।
ਮੇਰੇ ਸਣੇ, ਜਿਹੜੇ ਤਵਾਰੀਖ਼ ਲੇਖਕ
ਅਠਾਰ੍ਹਵੀਂ ਸਦੀ
ਵਿੱਚ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ‘ਸਰਬਤ ਖਾਲਸਾ’ ਇੱਕਠਾਂ (ਖ਼ਾਸ ਕਰ ਕੇ
1733, 1747, 1748, 1763, 1765 ਆਦਿ) ਦਾ ਜ਼ਿਕਰ ਕਰਦੇ ਹਨ, ਉਨ੍ਹਾਂ ਦਾ ਮਤਲਬ ਇਹ ਹੁੰਦਾ
ਹੈ ਕਿ ਅਕਾਲ ਤਖ਼ਤ ਸਾਹਿਬ ਨਾਂ ਦੀ ਮੌਜੂਦਾ ਇਮਾਰਤ ਦੇ ਮੂਹਰੇ ਹੋਣ ਵਾਲੇ ਇਕੱਠ, ਨਾ ਕਿ ਕਿਸੇ
ਤਖ਼ਤ ’ਤੇ ਹੋਏ ਇਕੱਠ।
‘ਅਕਾਲ ਤਖ਼ਤ ਦੀ ਇਮਾਰਤ’ ਦਾ ਬਤੌਰ ਤਖ਼ਤ ਸਿਧਾਂਤ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੰਤ ਸਿੰਘ
ਨਿਰਮਲਾ ਦੇ ਪੁੱਤਰ ਗਿਆਨੀ ਗੁਰਮੁਖ ਸਿੰਘ ਦਾ ਘੜਿਆ ਹੋਇਆ ਹੈ। ਅਕਾਲੀ ਫੂਲਾ ਸਿੰਘ ਦੀ ਮੌਤ
ਮਗਰੋਂ ਗਿਆਨੀ ਸੰਤ ਸਿੰਘ ਨਿਰਮਲਾ ਦੇ ਪੁੱਤਰ ਗਿਆਨੀ ਗੁਰਮੁਖ ਸਿੰਘ ਨੇ ਆਪਣੇ ਬੁੰਗੇ
ਵਿੱਚ ਗੁਰੂ
ਗ੍ਰੰਥ ਸਾਹਿਬ ਦਾ ਪਰਕਾਸ਼ ਕਰ ਕੇ ਇਹ ਪਰਚਾਰਨਾ ਸ਼ੁਰੂ ਕਰ ਦਿੱਤਾ ਕਿ ਇਹ ਗੁਰੂ ਜੀ ਦਾ ਤਖ਼ਤ ਸੀ।
ਭੋਲੇ ਲੋਕਾਂ ਨੇ ਉੱਥੇ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਹੋਰ ਤਾਂ ਹੋਰ ਹਰੀ ਸਿੰਘ ਨਲਵਾ ਤਕ
ਉਸ ਦੇ ਪਰਚਾਰ ਦੇ ਅਸਰ ਹੇਠਾਂ ਆ ਗਿਆ ਅਤੇ ਉਸ ਨੇ 1835
ਵਿੱਚ ਗਿਆਨੀ ਗੁਰਮੁਖ ਸਿੰਘ ਨੂੰ ਇਕ
ਲੱਖ ਰੁਪੈ ਦੇ ਕੇ ਤਖ਼ਤ ਦੀ ਛੇ ਮੰਜ਼ਿਲਾਂ ਇਮਾਰਤ ਬਣਾਉਣ ਅਤੇ ਇਸ ’ਤੇ ਸੋਨਾ ਲਾਉਣ ਵਾਸਤੇ ਕਿਹਾ। ਗਿਆਨੀ
ਗੁਰਮੁਖ ਸਿੰਘ ਨੇ ਇਸ
ਵਿੱਚੋਂ ਬਹੁਤ ਪੈਸਾ ਹਜ਼ਮ ਕਰ ਲਿਆ। 1837
ਵਿੱਚ ਨਲਵੇ ਦੀ ਮੌਤ ਮਗਰੋਂ
ਗਿਆਨੀ ਗੁਰਮੁਖ ਸਿੰਘ ਤੋਂ ਹਿਸਾਬ ਮੰਗਣ ਵਾਲਾ ਕੋਈ ਨਹੀਂ ਸੀ। ਇੱਥੇ ਇਹ ਜ਼ਿਕਰ ਵੀ ਕਰ ਦਿਆਂ
ਕਿ ਗਿਆਨੀ ਗੁਰਮੁਖ ਸਿੰਘ ਦੀ ਸੰਧਾਵਾਲੀਆਂ (ਅਜੀਤ ਸਿੰਘ, ਅਤਰ ਸਿੰਘ) ਨਾਲ ਬਹੁਤ ਨੇੜਤਾ ਸੀ।
ਗਿਆਨੀ ਗੁਰਮੁਖ ਸਿੰਘ ਨੇ ‘ਅਕਾਲ ਤਖ਼ਤ’ ਦੇ ਨਵੇਂ ਸਿਧਾਂਤ ਨੂੰ ਹੋਰ ਪੱਕਿਆਂ ਕਰਨ ਵਾਸਤੇ ਆਪਣੇ
ਇਕ ਸਾਥੀ ਦਰਬਾਰਾ ਸਿੰਘ (ਜੋ ਦਰਬਾਰ ਸਾਹਿਬ ਦਾ ਇਕ ਸੀਨੀਅਰ ਗ੍ਰੰਥੀ ਸੀ) ਨਾਲ ਮਿਲ ਕੇ
‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਕਿਤਾਬ ਲਿਖ ਦਿੱਤੀ। ਇਹ ਗੱਲ 1830-40 ਦੇ
ਵਿੱਚਕਾਰ ਦੀ ਹੈ। ਇਸ
ਗੁਰਬਿਲਾਸ ਵਿੱਚ ਉਸ ਨੇ ਅਕਾਲ ਤਖ਼ਤ ਬਾਰੇ ਇਕ ਪੂਰਾ ਕਾਂਡ ਲਿਖ ਦਿੱਤਾ ਤਾਂ ਜੋ ਲੋਕਾਂ
ਵਿੱਚ
ਅਕਾਲ ਤਖ਼ਤ ਦਾ ਨਵਾਂ ਸਿਧਾਂਤ ਪਰਚਾਰ ਕੇ ਉਨ੍ਹਾਂ ਤੋਂ ਚੜ੍ਹਾਵੇ ਹਾਸਿਲ ਕੀਤੇ ਜਾਣ।
ਉਸ ਨੇ
‘ਗੁਰਬਿਲਾਸ ਪਾਤਸ਼ਾਹੀ ਛੇਵੀਂ’
ਵਿੱਚ ਇਸ ਕਿਤਾਬ ਦਾ ਝੂਠਾ ਲਿਖਣ ਸਾਲ 1718 ਅਤੇ ਲੇਖਕ ‘ਸੋਹਨ
ਕਵੀ’ ਦਾ ਨਾਂ ਇਸ਼ਾਰਾ ਕੇ ਇਸ ਦੀ ਪੁਰਾਤਨਤਾ ਦਾ ਪ੍ਰਭਾਵ ਵੀ ਪਾ ਲਿਆ। ਇਸ ਦੇ ਬਾਵਜੂਦ ਆਮ ਲੋਕਾਂ
ਵਿੱਚ ਅਜੇ ਅਕਾਲ ਤਖ਼ਤ ਵਾਲਾ ਕੋਈ ਸਿਧਾਂਤ ਨਹੀਂ ਸੀ। ਤਖ਼ਤ ਤਾਂ ਦਿੱਲੀ ਤੇ ਲਾਹੌਰ
ਵਿੱਚ ਸਨ: ਇਕ
ਮੁਗ਼ਲਾਂ ਕੋਲ ਤੇ ਇਕ ਮਹਾਰਾਜਾ ਰਣਜੀਤ ਸਿੰਘ ਕੋਲ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਤੋਂ ਛੁੱਟ
ਕਿਸੇ ਇਕ ਵੀ ਕਿਤਾਬ
ਵਿੱਚ ‘ਅਕਾਲ ਤਖ਼ਤ’ ਲਫ਼ਜ਼ ਤਕ ਨਹੀਂ ਮਿਲਦਾ।
ਸਤੰਬਰ 1843 ਦੇ ਤੀਜੇ ਹਫ਼ਤੇ ਮਹਾਰਾਜ ਸ਼ੇਰ ਸਿੰਘ ਨੂੰ ਕਤਲ ਕਰਨ ਵਾਲੇ ਸੰਧਾਵਾਲੀਆਂ ਦੇ ਨਾਲ
ਉਨ੍ਹਾਂ ਦੇ ਸਾਥੀਆਂ ਨੂੰ ਵੀ ਮਾਰ ਦਿੱਤਾ ਗਿਆ। ਉਨ੍ਹਾਂ
ਵਿੱਚ ਇਹ ਗਿਆਨੀ ਗੁਰਮੁਖ ਸਿੰਘ ਵੀ
ਸੀ। ਇਸ ਦੇ ਨਾਲ ਹੀ ‘ਅਕਾਲ ਬੁੰਗਾ’ ਫਿਰ ਅਕਾਲ ਬੁੰਗਾ ਹੀ ਰਹਿ ਗਿਆ ਪਰ ਉੱਥੇ ਗੁਰੂ ਗ੍ਰੰਥ
ਸਾਹਬ ਦਾ ਸਰੂਪ ਪਿਆ ਹੋਣ ਕਰ ਕੇ ਲੋਕ ਮੱਥਾ ਰੇਕਦੇ ਰਹੇ ਅਤੇ ਇਹ ਇਕ ਨਵਾਂ ਗੁਰਦੁਆਰਾ ਬਣਿਆ
ਰਿਹਾ। ਇਸ ਤੋਂ ਬਾਅਦ ਵੀ ਇਸ ਥਾਂ ਦਾ ਨਾਂ ‘ਅਕਾਲ ਤਖ਼ਤ’ ਵਜੋਂ ਕਿਤੇ ਨਹੀਂ ਮਿਲਦਾ।
1877 ਵਿੱਚ ਜਦੋਂ ਖੇਮ ਸਿੰਘ ਬੇਦੀ, ਰਾਜਾ ਬਿਕਰਮਾ ਸਿੰਘ ਫ਼ਰੀਦਕੋਟ ਅਤੇ ਉਨ੍ਹਾਂ ਦੇ ਮਿਾਇਤੀ
ਪੁਜਾਰੀਆਂ ਨੇ ਪ੍ਰੋਫ਼ੈਸਰ ਗੁਰਮੁਖ ਸਿੰਘ ਦੇ ਖ਼ਿਲਾਫ਼ “ਮੋਰਚਾ” ਲਾਇਆ ਤਾਂ ਪਹਿਲੀ ਵਾਰੀ ਲਫ਼ਜ਼
‘ਤਖ਼ਤ ਅਕਾਲ ਬੁੰਗਾ’ ਵਰਤਿਆ ਗਿਆ। ਅਜੇ ਵੀ ਇਹ ਕੋਈ ਤਖ਼ਤ ਨਹੀਂ ਸੀ ਬਲਕਿ ਇਕ ਗੁਰਦੁਆਰਾ ਅਤੇ
ਬੁੰਗਾ ਸੀ।
ਪ੍ਰੋ. ਗੁਰਮੁਖ ਸਿੰਘ ਦੇ ਖ਼ਿਲਾਫ਼ ਜਾਰੀ ਹੋਇਆ ਅਖੌਤੀ ਹੁਕਮਨਾਮਾ ‘ਤਖ਼ਤ ਅਕਾਲ ਬੁੰਗਾ’ ਵੱਲੋਂ
ਨਹੀਂ ਸੀ ਬਲਕਿ ਉਸ ਬੁੰਗੇ ਦੇ ਪੁਜਾਰੀ ਦੇ ਨਾਲ ਹੋਰ ਕਈ ਅਹੁਦੇਦਾਰ, ਪੁਜਾਰੀ, ਸਰਬਰਾਹ, ਰਈਸ,
ਗ੍ਰੰਥੀ, ਮਹੰਤ, ਅਰਦਾਸੀਏ, ਨੰਬਰਦਾਰ, ਮੁਹਤਮਿਮ, ਪੱਤੀਦਾਰ, ਸੁਖ ਆਸਣ ਕਰਨ ਵਾਲੇ, ਧੂਪੀਏ (ਦਰਬਾਰ
ਸਾਹਿਬ ਵਿੱਚ ਧੂਫ਼ ਬਾਲਣ ਵਾਲੇ), ਨਿਸ਼ਾਨਚੀ (ਨਿਸ਼ਾਨ ਸਾਹਿਬ ਦੀ ਸਵਾ ਕਰਨ ਵਾਲੇ) ਵੀ ਸਨ; ਯਾਨਿ
ਅਖੋਤੀ ਹੁਕਮਨਾਮਾ ਕਿਸੇ ਤਖ਼ਤ ਜਾਂ ਸਰਬਰਾਹ ਜਾਂ ਗ੍ਰੰਥੀ/ਪੁਜਾਰੀ ਵੱਲੋਂ ਨਹੀਂ ਸੀ ਬਲਕਿ ਇਕ
ਧੜੇ ਨਾਲ ਸਬੰਧਤ ਟੋਲੇ ਵੱਲੋਂ ਸੀ। ਯਾਨਿ ਅਜੇ ਤਕ ਵੀ ਕੋਈ ਅਕਾਲ ਤਖ਼ਤ ਨਹੀਂ ਸੀ। ਅਕਾਲ ਬੁੰਗੇ
’ਤੇ ਅਜੇ ਵੀ ਮਹੰਤ, ਮੁਹਤਮਿਮ, ਪੁਜਾਰੀ ਤੇ ਪੱਤੀਦਾਰ ਸਨ; ਕੋਈ ਜਥੇਦਾਰ ਤਾਂ ਕੀ ਕੋਈ ਗ੍ਰੰਥੀ
ਵੀ ਨਹੀਂ ਸੀ
(ਹੇਠਾਂ ਅਖੌਤੀ ਹੁਕਮਨਾਮੇ
ਵਿੱਚ ਅਹੁਦਿਆਂ ਬਾਰੇ ਸਾਫ਼ ਵੇਖਿਆ ਜਾ ਸਕਦਾ ਹੈ)।
ਹਮ ਜੁਮਲੇ ਸਿੰਘਾਨ ਪੁਜਾਰੀਅਨ ਤਖ਼ਤ ਸਾਹਿਬ ਅਕਾਲ ਬੁੰਗਾ ਵ ਦਰਬਾਰ ਸਾਹਿਬ ਜੀ ਵ ਬਾਬਾ ਅਟਲ
ਰਾਇ ਜੀ ਵ ਝੰਡਾ ਬੁੰਗਾ ਸਾਹਿਬ ਵ ਸ਼ਹੀਦ ਬੁੰਗਾ ਸਾਹਿਬ ਨੇ ਮੁਲਾਹਜੇ ਕਾਰਵਾਈ ਗੁਰਮੁਖ ਸਿੰਘ
ਸਕਤ੍ਰਿ ਕਾ ਕੀਆ। ਮਾਲੂਮ ਹੂਆ ਹੈ ਕਿ ਇਸ ਸ਼ਖ਼ਸ ਨੇ ਚੰਦ ਜਗਾ ਬਰਖ਼ਿਲਾਫ਼ ਗੁਰਇਸ਼ਟ ਕੇ ਤੌਹੀਨ ਗੁਰੂ
ਗ੍ਰੰਥ ਸਾਹਿਬ ਵ ਗੁਰੂ ਅੰਸ ਵ ਗੁਰਬਾਨੀ ਕੇ ਤਹਿਰੀਰ ਵ ਤਕਰੀਰ ਕੀਆ ਹੈ ਜਿਸ ਸੇ ਸਾਬਤ ਹੋਤਾ
ਹੈ ਕਿ ਉਸ ਕਾ ਏਕਦਾਦ ਸਿੱਖ ਧਰਮ ਸੇ ਬਿਲਕੁਲ ਬਰਖ਼ਿਲਾਫ਼ ਹੈ। ਇਸ ਵਾਸਤੇ ਹਮ ਤਮਾਮ ਪੁਜਾਰੀਅਨ ਵ
ਗ੍ਰੰਥੀਅਨ ਵ ਨੰਬਰਦਾਰ ਗੁਰਦੁਆਰੇ ਹਾਇ ਮਦਦੂਹ ਤਹਿਜੀਰ ਕਰਤੇ ਹੈਂ ਕਿ ਗੁਰਮੁਖ ਸਿੰਘ ਮਜਕੂਰ
ਪੰਥ ਖਾਲਸਾ ਸੇ ਅਲਹਿਦਾ ਕੀਆ ਗਿਆ ਹੈ। ਗੁਰਦੁਆਰੇ ਹਾਇ ਮੌਸੂਫ਼ ਉਸ ਕੀ ਅਰਦਾਸ ਨਾ ਹੋਗੀ ਵ
ਬਰਤਾਉ ਨ ਹੋਗਾ। ਤਮਾਮ ਸਿੰਘਾਨ ਕੋ ਵਾਜ਼ਿਆ ਰਹੇ ਕਿ ਕੋਈ ਸ਼ਖ਼ਸ ਉਸ ਕਾ ਪੈਰੋਕਾਰ ਨਾ ਹੋ। ਜੋ
ਸ਼ਖ਼ਸ ਉਸ ਕੀ ਪੈਰਵੀ ਕਰੇਗਾ ਵੁਹ ਭੀ ਬੇਮੁਖ ਲਾਇਕ ਤਨਖ਼ਾਹ ਸਮਝਾ ਜਾਏਗਾ। ਔਰ ਵੈਸਾ ਹੀ ਸਲੂਕ ਉਸ
ਕੇ ਸਾਥ ਭੀ ਕੀਆ ਜਾਵੇਗਾ। ਫਕਾਤ ਵ ਤਾਰੀਖ਼ ਸਤਵੀਂ ਮਾਹ ਚੇਤ 418 ਗੁਰੂ ਨਾਨਕਸ਼ਾਹੀ, ਮੁਤਾਬਿਕ
18 ਮਾਰਚ ਸੰਨ 1887.
ਦਸਤਖ਼ਤ ਹਾਜ਼ਰੀਨ ਸਿੰਘਨ ਵ ਉਹਦੇਦਾਰਾਅਨ ਵ ਗ੍ਰੰਥੀਅਨ ਵ ਪੁਜਾਰੀਅਨ: ਸਰਦਾਰ ਮਾਨ ਸਿੰਘ ਸਰਬਰਾਹ
ਗੁਰਦੁਆਰੇ ਸਾਹਿਬਾਨ, ਸ: ਕਾਨ੍ਹ ਸਿੰਘ ਮਜੀਠਿਆ ਰਈਸ, ਭਾਈ ਹਰਨਾਮ ਸਿੰਘ ਗ੍ਰੰਥੀ ਦਰਬਾਰ
ਸਾਹਿਬ, ਭਾਈ ਗੁਲਾਬ ਸਿੰਘ ਮਹੰਤ ਅਕਾਲ ਬੁੰਗਾ ਸਾਹਿਬ, ਭਾਈ ਤੇਜਾ ਸਿੰਘ ਮੁਹਤਮਿਮ ਅਕਾਲ ਬੁੰਗਾ
ਸਾਹਿਬ, ਭਾਈ ਜਵਾਹਰ ਸਿੰਘ ਮੁਹਤਮਿਮ ਅਕਾਲ ਬੁੰਗਾ ਸਾਹਿਬ, ਭਾਈ ਪ੍ਰਤਾਪ ਸਿੰਘ, ਸੁੰਦਰ ਸਿੰਘ,
ਸ਼ੇਰ ਸਿੰਘ, ਭਾਈ ਕਰਮ ਸਿੰਘ ਅਰਦਾਸੀਆ ਦਰਬਾਰ ਸਾਹਿਬ, ਸਰਦਾਰ ਜਸਵੰਤ ਸਿੰਘ ਪੁਜਾਰੀ ਦਰਬਾਰ
ਸਾਹਿਬ, ਠਾਕਰ ਸਿੰਘ ਪੁਜਾਰੀ, ਭਾਈ ਦੇਵਾ ਸਿੰਘ ਧੂਪੀਆ, ਭਾਈ ਮੁਲਤਾਨਾ ਸਿੰਘ, ਭਾਈ ਸੰਤਾ
ਸਿੰਘ ਪੁਜਾਰੀ, ਭਾਈ ਹਰਦਿਤ ਸਿੰਘ ਅਰਦਾਸੀਆ, ਭਾਈ ਮਹਾਂ ਸਿੰਘ, ਭਾਈ ਟੇਕ ਸਿੰਘ ਪੱਤੀਦਾਰ
ਅਕਾਲ ਬੁੰਗੀਆ, ਚੰਚਲ ਸਿੰਘ, ਗੁਲਾਬ ਸਿੰਘ ਅਕਾਲ ਬੁੰਗੀਆ ਪੱਤੀਦਾਰ, ਗੁਲਾਬ ਸਿੰਘ ਪੁਜਾਰੀ
ਦਰਬਾਰ ਸਾਹਿਬ, ਅਤਰ ਸਿੰਘ ਅਕਾਲ ਬੁੰਗੀਆ, ਭਾਈ ਨਾਰਾਇਣ ਸਿੰਘ ਨੰਬਰਦਾਰ ਬਾਬਾ ਅਟੱਲ ਰਾਇ
ਸਾਹਿਬ ਜੀ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਬਾਬਾ ਅਟਲ ਰਾਇ ਜੀ ਦੇ ਸੁਖਈ, ਭਾਈ ਦਰਬਾਰਾ
ਸਿੰਘ ਝੰਡੇ ਬੁੰਗੀਆ, ਭਾਈ ਕਿਰਪਾਲ ਸਿੰਘ ਜੀ ਝੰਡੇ ਬੁੰਗੀਆ, ਗੁਰਦਿੱਤ ਸਿੰਘ ਨਿਸ਼ਾਨਚੀ, ਭਾਈ
ਸੰਤ ਸਿੰਘ ਨੰਬਰਦਾਰ, ਭਾਈ ਨਾਰਾਇਣ ਸਿੰਘ ਜੀ ਗ੍ਰੰਥੀ ਤਰਨ ਤਾਰਨ ਸਾਹਿਬ।
‘ਅਕਾਲ ਤਖ਼ਤ’ ਲਫ਼ਜ਼ ਦੀ ਵਰਤੋਂ 1920 ਤੋਂ ਪਹਿਲਾਂ ਕਿਤੇ ਨਹੀਂ ਮਿਲਦੀ
12 ਅਕਤੂਬਰ 1920 ਦੇ ਦਿਨ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਖ਼ਾਲੀ ਪਈ ਵੇਖ ਕੇ ਇਸ ਦੀ ਸੇਵਾ
ਸੰਭਾਲ ਵਾਸਤੇ ਸੰਗਤਾਂ
ਵਿੱਚੋਂ ਚੁਣੇ ਗਏ ਜਥੇ ਦੇ ਮੁਖੀ ਨੂੰ ‘ਬੁੰਗਾ ਅਕਾਲ ਤਖ਼ਤ ਸਾਹਿਬ ਦੀ
ਸੇਵਾ ਸੰਭਾਲ’ ਕਰਨ ਵਾਲੇ ‘ਜਥੇ ਦਾ ਜਥੇਦਾਰ’ ਕਿਹਾ ਗਿਆ ਸੀ। ਇਹ ਕੋਈ ਅਕਾਲ ਤਖ਼ਤ ਸਾਹਿਬ ਦਾ
ਜਾਂ ਕੌਮ ਦਾ ਜਥੇਦਾਰ ਨਹੀਂ ਸੀ; ਹਾਂ ਉਸ ਦਾ ਕੰਮ ਅਤੇ ਦਰਜਾ ਅੱਜ ਦੇ ਦਰਸ਼ਨੀ ਡਿਉਢੀ ਅੱਗੇ
ਚੋਬ (ਡੰਡਾ) ਫੜ ਕੇ ਖੜ੍ਹੇ ਚੌਕੀਦਾਰ ਜਾਂ ਕੜਾਹ ਪਸ਼ਾਦ ਵਰਤਾਉਣ ਵਾਲੇ ਸੇਵਾਦਾਰ, ਅਤੇ,
ਹੁਕਮਨਾਮਾ ਲੈਣ ਤੇ ਅਰਦਾਸ ਕਰਨ ਵਾਲੇ ਵਾਲੇ ਪੁਜਾਰੀ ਵਾਲਾ ਜ਼ਰੂਰ ਸੀ। ਸਿੱਖ ਤਵਾਰੀਖ਼
ਵਿੱਚ ਕਿਤੇ
ਵੀ ਇਸ ‘ਅਖੌਤੀ ਜਥੇਦਾਰ’ ਵੱਲੋਂ ਕੌਮ ਦੇ ਮਸਲਿਆਂ ‘ਤੇ ਕੋਈ ਅਦਾਲਤ ਚਲਾਉਣ ਦੀ ਕੋਈ ਮਿਸਾਲ ਨਹੀਂ
ਹੈ।
ਹੋਰ ਤਾਂ ਹੋਰ 1928
ਵਿੱਚ ਜਦੋਂ ਤੇਜਾ ਸਿੰਘ ਭਸੌੜ ਦੇ ਖ਼ਿਲਾਫ਼ ‘ਹੁਕਮਨਾਮਾ’ ਜਾਰੀ ਕੀਤਾ ਗਿਆ
ਤਾਂ ਉਦੋਂ ਵੀ ਇਸ ਦੀ ਅਦਾਲਤ ‘ਧਾਰਮਿਕ ਸਲਾਹਕਾਰ ਕਮੇਟੀ’ ਅਤੇ ਸ਼੍ਰੋਮਣੀ ਕਮੇਟੀ ਦੀ ਐਗ਼ਜ਼ੈਕਟਿਵ
ਸਨ ਜਿਨ੍ਹਾਂ ਨੇ ‘ਹੁਕਮਨਾਮਾ; ਤਿਆਰ ਕੀਤਾ ਸੀ, ਨਾ ਕਿ ਅਕਾਲ ਤਖ਼ਤ ਦਾ ਪੁਜਾਰੀ ਜਾਂ ਚਾਰ ਹੋਰ
ਪੁਜਾਰੀ (ਵੇਖੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ)।
ਜੂਨ 1978 ਵਿੱਚ ਨਿਰੰਕਾਰੀਆਂ ਦੇ ਖ਼ਿਲਾਫ਼ ਹੁਕਮਨਾਮਾ ਤਿਆਰ ਕਰਨ ਦੀ ਸੇਵਾ ਇਕ ‘ਕਮੇਟੀ’ ਨੇ ਕੀਤੀ
ਸੀ ਨਾ ਕਿ ਪੰਜ ਪੁਜਾਰੀਆਂ ਨੇ। ਇਸ ਮਗਰੋਂ ਵੀ ਅਕਾਲ ਤਖ਼ਤ ਦੀ ਇਮਾਰਤ ਦੇ ਪੁਜਾਰੀਆਂ/ ਸੇਵਾਦਾਰਾਂ
ਦਾ ਸਿੱਖ ਤਵਾਰੀਖ਼, ਸਿੱਖ ਸਿਆਸਤ ਜਾਂ ਧਾਰਮਿਕ ਸਵਾਲਾਂ ਸਬੰਧੀ ਕੋਈ ਜ਼ਰਾ-ਮਾਸਾ ਵੀ ਰੋਲ ਨਹੀਂ
ਸੀ।
ਅਕਾਲ ਤਖ਼ਤ ਸਾਹਿਬ ਦੇ ਅਖੌਤ ਜਥੇਦਾਰ ਦੇ ਇਸ ਨਵੇਂ ਅਹੁਦੇ ਦਾ ਹਊਆ
ਅਕਾਲ ਤਖ਼ਤ ਸਾਹਿਬ ਦੇ ਅਖੌਤ ਜਥੇਦਾਰ ਦੇ ਇਸ ਨਵੇਂ ਅਹੁਦੇ ਦਾ ਹਊਆ 1982 ਦੀ ਦਸੰਬਰ
ਵਿੱਚ ਸਾਬਕ
ਫ਼ੌਜੀਆਂ ਦੀ ਇਕ ਮੀਟਿੰਗ
ਵਿੱਚ ਖੜਾ ਕੀਤਾ ਗਿਆ ਜਿਸ
ਵਿੱਚ ਮਤਾਪਾਸ ਕੀਤਾ ਗਿਆ ਸੀ ਕਿ
ਭਿੰਡਰਾਂਵਾਲਿਆਂ ਨੂੰ ਅਕਾਲ ਤਫ਼ਤ ਦਾ ਜਥੇਦਾਰ ਬਣਾਓ। ਪਰ ਕਿਸੇ ਨੇ ਇਸ ਗੱਲ ਦੀ ਪਰਵਾਹ ਨਹੀਂ
ਕੀਤੀ ਸੀ।
ਇਸ ਅਹੁਦੇ ਦਾ ਅਸਲ ਡਰਾਮਾ 1986 ਦੀ 26 ਜਨਵਰੀ ਦੇ ਦਿਨ, ਅਕਾਲ ਤਖ਼ਤ ਸਾਹਿਬ ਮੂਹਰੇ ਹੋਏ ਇਕੱਠ
ਵਿੱਚ ਕਾਇਮ ਹੋਇਆ ਸੀ।
(ਮਗਰੋਂ ਭਿੰਡਰਾਂ-ਮਹਿਤਾ ਜਥਾ ਵੱਲੋਂ ਇਸ ਇਕੱਠ ਨੂੰ ਗ਼ਲਤ ਤੌਰ ’ਤੇ
‘ਸਰਬਤ ਖਾਲਸਾ’ ਦੇ ਨਾਂ ਦਿੱਤਾ ਗਿਆ ਸੀ)। ਇਸ ਇਕੱਠ
ਵਿੱਚ ਵੀ ਜਸਬੀਰ ਸਿੰਘ ਰੋਡੇ ਨੂੰ ਜੇਲ੍ਹ
ਵਿੱਚੋਂ ਰਿਹਾ ਕਰਵਾਉਣ ਵਾਸਤੇ ਇਸ ਜਥੇਦਾਰ ਰੂਪੀ ‘ਹਊਏ’ ਦਾ ਪ੍ਰਚਾਰ ਕੀਤਾ ਗਿਆ ਸੀ। ਸਰਕਾਰ ਦੀ
ਮਦਦ ਨਾਲ ਜਸਬੀਰ ਸਿੰਘ ਰੋਡੇ ਨੂੰ ਅਖੌਤੀ ਜਥੇਦਾਰ ਤਾਂ ਬਣਾ ਲਿਆ ਪਰ ਕੁਝ ਦਿਨਾਂ
ਵਿੱਚ ਹੀ ਉਸ
ਦੀ ਜਥੇਦਾਰੀ ਦਾ ਭੋਗ ਪੈ ਗਿਆ ਤੇ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਜਥੇਦਾਰੀ ਤੋਂ ਫ਼ਾਰਿਗ ਕਰ
ਦਿੱਤਾ। ਉਂਞ ਇਸ ਮਗਰੋਂ ਇਸ ਨਵੀਂ ਤਾਕਤ ਦੀ ਵਰਤੋਂ ਕਰਨ ਵਾਸਤੇ ਗੁਰਚਰਨ ਸਿੰਘ ਟੌਹੜਾ ਅਤੇ
ਬਾਦਲ ਨੇ ਪਹਿਲਾਂ ਪ੍ਰੋ. ਦਰਸ਼ਨ ਸਿੰਘ ਤੇ ਮਗਰੋਂ ਭਾਈ ਰਣਜੀਤ ਸਿੰਘ ਨੂੰ ਲੈ ਆਂਦਾ।
ਪ੍ਰੋ.
ਦਰਸ਼ਨ ਸਿੰਘ ਨੇ ਜਦੋਂ ਖਾੜਕੂਆਂ ਨੂੰ ਕੁਝ ਸਿਖਿਆ ਦੇਣੀ ਚਾਹੀ ਤਾਂ ਉਸ ’ਤੇ ਫ਼ਤਵਿਆਂ ਦਾ ਮੀਂਹ
ਵਰਨਾ ਸ਼ੁਰੂ ਹੋ ਗਿਆ। ਭਾੲਰੀ ਰਣਜੀਤ ਸਿੰਘ ਵੇਲੇ ਤਾਂ ਖਾੜਕੂਆਂ ਦਾ ਕੰਮ ਮੁਕ ਚੁਕਾ ਸੀ।
ਪਰ, ਇਸ ਨਵੇਂ ਦੀ ਅਹੁਦੇ ਦੀ ਨਵੀਂ ਵਰਤੋਂ 1999 ਫ਼ਰਵਰੀ
ਵਿੱਚ ਉਦੋਂ ਸ਼ੁਰੂ ਹੋਈ ਜਦ ਪ੍ਰਕਾਸ਼
ਸਿੰਘ ਬਾਦਲ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ‘ਤੇ ਕਬਜ਼ਾ ਹੋ ਗਿਆ। ਉਦੋਂ
ਤੋਂ ਇਸ ਤਖ਼ਤ ਬਣਟ ਬੁੰਗੇ ਅਤੇ ਇਸ ਦੇ ਪੁਜਾਰੀ ਨੂੰ ਬਾਦਲ ਅਕਾਲੀ ਦਲ ਦੇ ਦਲਾਲ ਵਾਂਗ ਵਰਤਿਆ
ਜਾ ਰਿਹਾ ਹੈ। 1999 ਤੋਂ ਇਹ ਅਹੁਦਾ ਅਕਾਲ ਤਖ਼ਤ ਦੀ ਅਖੌਤੀ ਅਦਾਲਤ ਨਹੀਂ ਬਲਕਿ “ਪ੍ਰਕਾਸ਼ ਸਿੰਘ
ਬਾਦਲ ਦੀ ਮਾਫ਼ੀਆ ਅਦਾਲਤ” ਵਜੋਂ ਕਾਰਵਾਈਆਂ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ (ਮੈਂ ਤਾਂ ਇਨ੍ਹਾਂ
ਪੁਜਾਰੀਆਂ ਨੂੰ ਇਕ ਕਿਸਮ ਦੀਆਂ ‘ਬਾਦਲ ਦੀਆਂ ਧਾਰਮਿਕ ਵੇਸਵਾਵਾਂ’ ਕਹਿੰਦਾ ਹਾਂ)।
ਬਾਦਲ ਨੇ ਇਸ ਤਖ਼ਤ ਦੀ ਇਮਾਰਤ ਦੇ ਪੁਜਾਰੀ ਨੂੰ ਧਾਰਮਿਕ ਮਾਫ਼ੀਆ ਅਦਾਲਤ ਵਜੋਂ ਵਰਤ ਕੇ ਸਰਨਾ
ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਅਤੇ ਹੋਰਨਾਂ ਨੂੰ ਵੀ ਨਾਜਾਇਜ਼ ਤੌਰ ’ਤੇ ਠਿੱਠ ਕਰਨ ਦੀ
ਕੋਸ਼ਿਸ਼ ਕੀਤੀ ਹੈ।
ਇਸ ਤੋਂ ਇਲਾਵਾ ਨਿਰਮਲਿਆਂ ਦੇ ਜਥਾ ਭਿੰਡਰਾਂ-ਮਹਿਤਾ ਨੂੰ
ਖੁਸ਼ ਕਰਨ ਵਾਸਤੇ ਇਨ੍ਹਾਂ ਪੁਜਾਰੀਆਂ
ਰਾਹੀਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸਿੰਘ ਸਪੋਕਸਮੈਨ ਅਤੇ (ਪ੍ਰੋ) ਦਰਸ਼ਨ ਸਿੰਘ
ਰਾਗੀ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ’ਤੇ ਵੀ ਕੁਹਾੜਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਦੋਂ 2014 ਵਿੱਚ ਹਰਿਆਣਾ
ਵਿੱਚ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਇਸੇ ਡਰਾਮੇ ਨਾਲ
ਹੀ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਮਿੰਦਰ ਸਿੰਘ ਚੱਠਾ ’ਤੇ ਕੁਹਾੜਾ ਚਲਾਇਆ
ਗਿਆ ਸੀ। 2019 ਦੇ ਅਖ਼ੀਰ
ਵਿੱਚਭਾਈ ਰਣਜੀਤ ਸਿੰਘ ਢਡਰੀਆਂਵਾਲਾ ’ਤੇ ਇਹ ਕੁਹਾੜਾ ਚਲਾਉਣ ਦੀ
ਪਲਾਨਿੰਗ ਬਣੀ ਸੀ।
ਇਸੇ ਫ਼ਰਾਡ ਅਹੁਦੇ ਹੇਠ ਸਰਸਾ ਡੇਰੇ ਦੇ ਰੇਪ ਤੇ ਕਤਲ ਦੇ ਮੁਜਰਿਮ ਗੁਰਮੀਤ ਰਾਮ ਰਹੀਮ ਨੂੰ
ਮੁਆਫ਼ੀ ਦੇਣ ਦਾ ਡਰਾਮਾ ਰਚਿਆ ਗਿਆ। ਯਾਨਿ ਇਸ ਨਵੇਂ ਪੈਦਾ ਕੀਤੇ ਗਏ ਨਾਜਾਇਜ਼ ਅਹੁਦੇ ਰੂਪੀ ਹਊਏ
ਨੂੰ ਬਾਦਲ ਤੇ ਹਰਨਾਮ ਧੁੰਮੇ ਨੇ ਆਪਣੀ ‘ਧਾਰਮਿਕ ਰਖੈਲ’ ਵਜੋਂ ਵਰਤਿਆ।
ਇਸ ਸਾਰੇ ਨੂੰ ਪੰਥ ਨੇ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਹੈ ਅਤੇ ਇਸ ਨਾਲ ਸਿੱਖਾਂ
ਵਿੱਚ ਪੁਜਾਰੀਆਂ,
ਬੁੰਗਾ ਅਕਾਲ ਤਖ਼ਤ ਦੀ ਇਮਾਰਤ (ਸਿਧਾਂਤ ਨਹੀਂ), ਸ਼੍ਰੋਮਣੀ ਕਮੇਟੀ ਦਾ ਅਦਬ ਬਹੁਤ ਘਟਿਆ ਹੈ।
ਕੋਈ ਵੇਲਾ ਸੀ ਕਿ ਅਕਾਲ ਤਖ਼ਤ ਲਫ਼ਜ਼ ਦਾ ਵੀ ਅਦਬ ਸੀ। ਪਰ ਹੁਣ ਸਾਰੇ ਵਿਦਵਾਨ (ਕੁਝ ਚਾਪਲੂਸਾਂ
ਨੂੰ ਛੱਡ ਕੇ) ਇਨ੍ਹਾਂ ਨੂੰ ਹਕਾਰਤ ਦੀ ਨਿਗਾਹ ਨਾਲ ਵੇਖਦੇ ਹਨ; ਸੈਂਕੜੇ ਗੁਰਦੁਆਰੇ,
ਜਥੇਬੰਦੀਆਂ ਤੇ ਪੰਥਕ ਅਦਾਰੇ ਇਹਨਾਂ ਨੂੰ ਦੁਰਕਾਰਦੇ ਹਨ ਅਤੇ ਇਨ੍ਹਾਂ ਦੇ ਅਖੌਤੀ ਹੁਕਮਨਾਮਿਆਂ
ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਂਦੇ ਹਨ। ਲੋਕਾਂ
ਵਿੱਚ ਅਦਬ ਦੀ ਜਗਹ ਹੁਣ ਇਹ ਤ੍ਰਿਸਕਾਰ ਦੇ
ਪਾਤਰ ਬਣ ਚੁਕੇ ਹਨ।
ਅਕਾਲ ਤਖ਼ਤ ਸਾਹਿਬ
ਦਾ ਅਖੌਤੀ ਜਥੇਦਾਰ ਦਾ ਅਹੁਦਾ ਨਾ ਤਾਂ ਸਿੱਖ ਸਿਧਾਂਤਾਂ ਜਾਂ ਫ਼ਲਸਫ਼ੇ
ਵਿੱਚ
ਮੌਜੂਦ ਹੈ ਅਤੇ ਨਾ ਹੀ ਇਹ ਸਿੱਖ ਤਵਾਰੀਖ਼
ਵਿੱਚ ਕਦੇ ਸੀ। ਅਕਾਲ ਤਖ਼ਤ ਇਕ ਬੁੰਗਾ, ਗੁਰਦੁਆਰਾ
ਜਾਂ ਇਮਾਰਤ ਦਾ ਨਾਂ ਨਹੀਂ ਹੈ; ਇਹ ਇਕ ਫ਼ਲਸਫ਼ਾ ਹੈ ਜਿਸ ਦਾ ਮੁੱਦਾਅ ਇਹ ਹੈ ਕਿ ਸਿੱਖ ਸਿਰਫ਼
ਅਕਾਲ ਪੁਰਖ ਦੇ ਤਖ਼ਤ ਦੀ ਪ੍ਰਜਾ ਹੈ ਤੇ ਸਿੱਖ ਦੀ ਪਹਿਲੀ ਵਫ਼ਾਦਾਰੀ ਅਕਾਲ ਪੁਰਖ ਨਾਲ ਹੈ ਨਾ ਕਿ
ਮਹਾਂਕਾਲ (ਮਹਾਦੇਵ, ਸ਼ਿਵ), ਵਿਸ਼ਨੂ ਨਾਲ ਹੈ (ਚੌਕ ਮਹਿਤਾ ਡੇਰੇ ਦੀ ਕਿਤਾਬ ਮਤਾਬਿਕ ਤਾਂ ਅਕਾਲ
ਤਖ਼ਤ ਵਿਸ਼ਨੂ ਦਾ ਹੀ ਤਖ਼ਤ ਹੈ)। ਦੂਜੇ ਲਫ਼ਜ਼ਾਂ
ਵਿੱਚ ਅਕਾਲ ਤਖ਼ਤ ਕੋਈ ਦੁਨਿਆਵੀ ਤਖ਼ਤ, ਅਦਾਲਤ ਜਾਂ
ਦਫ਼ਤਰ ਨਹੀਂ ਹੈ। ਇਹ ‘ਸੂਖਮ’ ਸਿਧਾਂਤ ਹੈ ‘ਸਥੂਲ’ ਇਮਾਰਤ/ਅਦਾਰਾ ਨਹੀਂ ਹੈ। ਪਰ, ਕੁਝ ਬੇਸਮਝ
ਆਗੂ ਅਜੇ ਤਕ ਉਲਝੇ ਹੋਏ ਫਿਰਦੇ ਹਨ। 3 ਜਨਵਰੀ 2020 ਦੇ ਦਿਨ ਇਕ ਸੱਜਣ ਦਾ ਹਾਸੋਹੀਣਾ ਬਿਆਨ
ਛਪਿਆ ਹੈ ਕਿ “ਸਿੱਖ ਪੰਥ ਅੰਦਰ ਜਥੇਦਾਰਾਂ ਦਾ ਵਿਸ਼ਵਾਸ ਖ਼ਤਮ ਹੋ ਗਿਆ ਹੈ, ਫਿਰ ਵੀ ਢਡਰੀਆਂ
ਵਾਲ ਉਨ੍ਹਾਂ ਅੱਗੇ ਪੇਸ਼ ਹੋਣ”… ਇਹ ਤਾਂ ਹਾਲਤ ਹੈ ਸਿੱਖ ਕੌਮ ਦੇ ਆਗੂ ਅਖਵਾਉਣ ਵਾਲੇ ਲੋਕਾਂ
ਦੀ।
ਮੌਜੂਦਾ ਸਰੂਪ
ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤ ਸਰਕਾਰ ਦੇ ਇਕ ਕਾਨੂੰਨ ਹੇਠ
ਸਿਰਫ਼ ਗੁਰਦੁਆਰਾ “ਪ੍ਰਬੰਧਕ” ਕਮੇਟੀ ਹੈ (ਤੇ ਉਹ ਵੀ ਭਾਰਤ ਦੇ ਤਿੰਨ ਸੂਬਿਆਂ ਦੇ ਗੁਰਦੁਆਰਿਆਂ
ਦੀ)। ਇਸ ਕਮੇਟੀ ਦਾ ਕੰਮ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰਨਾ ਹੈ। ਸਿੱਖ ਸਿਧਾਂਤ
ਬਣਾਉਣ ਅਤੇ ਲਾਗੂ ਕਰਨ ਜਾਂ ਸਿੱਖਾਂ ’ਤੇ ਕੋਈ ਹੁਕਮ ਲਾਗੂ ਕਰਨ ਦਾ ਇਸ ਕੋਲ ਕੋਈ ਹੱਕ ਨਹੀਂ।
ਇਹ ਸ਼੍ਰੋਮਣੀ ਕਮੇਟੀ ਇਕ ਧੜੇ ਦੇ ਕਬਜ਼ੇ ਹੇਠ ਕਮੇਟੀ ਹੈ। ਇਹ ਬਣੀ ਪੰਜਾਬ
ਵਿੱਚੋਂ ਚੁਣੇ ਇਕ ਧੜੇ
ਦੀ ਕਮੇਟੀ ਦੀ ਐਗ਼ਜ਼ੈਕਟਿਵ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਲਾਉਂਦੀ ਹੈ। ਜਦੋਂ ਜੀਅ ਕਰੇ ਆਪਣੀ
ਮਰਜ਼ੀ ਨਾਲ ਉਨ੍ਹਾਂ ਨੂੰ ਲਾ ਦੇਂਦੀ ਹੈ ਤੇ ਜਦੋਂ ਜੀਅ ਕਰੇ ਕੱਢ ਦੇਂਦੀ ਹੈ (ਜਿਵੇਂ ਗਿਆਨੀ
ਕਿਰਪਾਲ ਸਿੰਘ, ਜਸਬੀਰ ਸਿੰਘ ਰੋਡੇ, ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਭਾਈ ਬਲਵੰਤ
ਸਿੰਘ ਨੰਦਗੜ੍ਹ ਕੱਢੇ ਸਨ; ਅਤੇ ਜੋਗਿੰਦਰ ਸਿੰਘ ਵੇਦਾਂਤੀ ਅਤੇ ਗੁਰਬਚਨ ਸਿੰਘ ਕੋਲੋਂ ਅਸਤੀਫ਼ੇ
ਲਏ ਸਨ; ਅਤੇ ਗੁਰਮੁਖ ਸਿੰਘ ਨੂੰ ਟਰਾਂਸਫ਼ਰ ਕੀਤਾ ਸੀ)। ਇਨ੍ਹਾਂ ਗ੍ਰੰਥੀਆਂ ਤੇ ਪੁਜਾਰੀਆਂ ਨੂੰ
ਸਮੁੱਚਾ ਪੰਥ ਤਾਂ ਨਹੀਂ ਚੁਣਦਾ। ਇਸ ਪੁਜਾਰੀ (ਅਖੌਤੀ ਜਥੇਦਾਰ) ਸ਼੍ਰੋਮਣੀ ਕਮੇਟੀ ਦੇ
ਤਨਖ਼ਾਹਦਾਰ ਮੁਲਾਜ਼ਮ ਹਨ। ਇਹ ਪੰਥ ਦੇ ਜਥੇਦਾਰ ਕਿਵੇਂ ਹੋ ਸਕਦੇ ਹਨ।
ਸਿੱਖਾਂ
ਵਿੱਚ ਇਕ ਬੁੰਗੇ ਨੂੰ ‘ਅਕਾਲ ਤਖ਼ਤ’ ਬਣਾਉਣ ਅਤੇ ਇਸ ਦੇ ਅਖੌਤੀ ਜਥੇਦਾਰ ਦਾ ਅਹੁਦਾ
ਕਾਇਮ ਕਰਨਾ ਇਕ ਸਾਜ਼ਿਸ਼ ਸੀ, ਜੋ ਹੁਣ ਬੇਨਕਾਬ ਹੋ ਗਈ ਹੈ। ਸਿੱਖ ਫ਼ਲਸਫ਼ੇ ਮੁਤਾਬਿਕ ਕੋਈ ਅਖੌਤੀ
ਤਖ਼ਤ ਨਹੀਂ ਤੇ ਨਾ ਹੀ ਜਥੇਦਾਰ ਹੋ ਸਕਦਾ ਹੈ। ਤਖ਼ਤ ਉਦੋਂ ਤਕ ਸੀ ਜਦੋਂ ਗੁਰੂ ਜੀ ਦਰਬਾਰ ਲਾਉਂਦੇ
ਸਨ ਤੇ ਜਥੇਦਾਰ ਤਾਂ ਕਿਸੇ ਜਥੇ ਦਾ ਹੁੰਦਾ ਹੈ। ਸੋ ਨਾ ਤਾਂ ਇਕ ਬੁੰਗਾ ਤਖ਼ਤ ਹੈ ਤੇ ਨਾ ਇਕ
ਪੁਜਾਰੀ ਕੌਮ ਦਾ ਜਥੇਦਾਰ ਹੈ। ਸਿੱਖ ਵਿਦਵਾਨ ਇਸ ਨੂੰ ਰੱਦ ਕਰ ਚੁਕੇ ਹਨ ਤੇ ਹੁਣ ਸਿੱਖ ਆਗੂਆਂ
ਨੂੰ ਵੀ ਚਾਹੀਦਾ ਹੈ ਕਿ ਇਸ ਫ਼ਰਾਡ ਨੂੰ ਮੰਨਣਾ ਬੰਦ ਕਰ ਦੇਣ।