ਸਿੱਖ
ਪ੍ਰਵਾਰਾਂ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਸ਼ਬਦ ਗੁਰਬਾਣੀ ਦਾ ਲਿਆ
ਜਾਂਦਾ ਹੈ ਪਰ ਵਿਆਖਿਆ ਗਰੜ ਪੁਰਾਣ ਦੀ ਕੀਤੀ ਜਾਂਦੀ ਹੈ। ਅਜੇਹੇ ਮੌਕੇ 'ਤੇ ਰਾਗੀਆਂ
ਪ੍ਰਚਾਰਕਾਂ ਵਲੋਂ ਲੋਕਾਂ ਨੂੰ ਏਦਾਂ ਡਰਾਇਆ ਜਾਂਦਾ ਹੈ ਜਿਵੇਂ ਇਹ ਸਾਰੀਆਂ ਜੂਨਾਂ ਇਹਨਾਂ
ਨੇ ਆਪ ਦੇਖੀਆਂ ਹੋਣ ਜਾਂ ਭੋਗ ਕੇ ਆਏ ਹੋਣ। ਮਰਣ ਉਪਰੰਤ ਵਾਲੇ
ਜੀਵਨ ਦੀਆਂ ਕਹਾਣੀਆਂ ਅਜੀਬੋ ਗਰੀਬ ਘੜੀਆਂ ਹੋਈਆਂ ਹਨ। ਬ੍ਰਾਹਮਣੀ ਵਿਚਾਰ ਬੜਾ
ਪ੍ਰਬਲ਼ ਹੈ ਕਿ ਮਨੁੱਖ ਆਪਣੇ ਜਨਮ ਤੋਂ ਪਹਿਲਾਂ ਚਉਰਾਸੀ ਲੱਖ ਜੂਨਾਂ ਭੋਗ ਕੇ ਅਇਆ ਹੈ ਤੇ
ਅਗਾਂਹ ਵੀ ਇਸ ਨੇ ਚਉਰਾਸੀ ਲੱਖ ਜੂਨਾਂ ਭੋਗਣੀਆਂ ਹਨ। ਅਸਲ ਵਿੱਚ ਜੋ ਵਰਤਮਾਨ ਵਿੱਚ ਭੋਗ
ਰਿਹਾ ਹੈ ਉਸ ਦਾ ਇਸ ਨੂੰ ਕੋਈ ਖ਼ਿਆਲ ਨਹੀਂ ਹੈ।
ਮਨੁੱਖ ਨੇ ਆਪ ਹੀ ਨਿਰਧਾਰਤ ਕਰ ਲਿਆ ਹੈ ਸ਼ਾਇਦ ਮੇਰੀ ਜੂਨ ਦੂਜੀਆਂ
ਜੂਨਾਂ ਨਾਲੋਂ ਵਧੀਆ ਹੈ ਜਦ ਕਿ ਕਿਸੇ ਵੀ ਜੂਨ ਵਿੱਚ ਕੋਈ ਵੀ ਮਰਨ ਲਈ ਤਿਆਰ ਨਹੀਂ ਹੈ।
ਹਰ ਜੂਨ ਆਪਣੇ ਆਪਣੇ ਥਾਂ ਖੁਸ਼ ਹੈ।
ਵੱਖ ਵੱਖ ਜੂਨਾਂ ਅਸੀਂ ਸੁਭਾਅ ਕਰਕੇ ਹੀ
ਭੋਗ ਰਹੇ ਹਾਂ। ਇਹ ਸੁਭਾਅ ਵਾਲ਼ੀਆਂ ਜੂਨਾਂ ਤੋਂ ਛੁਟਕਾਰਾ ਏਸੇ ਜਨਮ ਵਿੱਚ ਹੀ
ਮੁਆਫ਼ ਹੋ ਸਕਦਾ ਹੈ ਜਦੋਂ ਅਸੀਂ ਆਪਣਾ ਸੁਭਾਅ ਤਬਦੀਲ ਕਰ ਲੲਾਂਗੇ। ਰੰਗ-ਬਰੰਗੀ ਬੰਦਗੀ,
ਬੇ-ਦਲੀਲਾ ਸਿਮਰਣ ਅਤੇ ਪੁਜਾਰੀ ਵਲੋਂ ਨਿਰਧਾਰਤ ਕੀਤੇ ਹੋਏ ਕਰਮ-ਕਾਂਡ ਤੇ ਦਾਨ-ਪੁੰਨ ਦੇਣ
ਨਾਲ ਕਦੇ ਵੀ ਵਰਤਮਾਨ ਜੀਵਨ ਵਿੱਚ ਜੂਨਾਂ ਤੋਂ ਨਹੀਂ ਬਚ ਸਕਦਾ।
ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ,
ਧ੍ਰਿਗੰਤ ਜਨਮ ਭ੍ਰਸਟਣਹ॥
ਕੂਕਰਹ ਸੂਕਰਹ ਗਰਧਭਹ, ਕਾਕਹ ਸਰਪਨਹ ਤੁਲਿ ਖਲਹ॥ ੩੩॥
ਪੰਨਾ ੧੩੫੬
ਅਰਥ: ਜਿਹੜਾ ਬੰਦਾ ਸਤਿਗੁਰੂ
ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਉਹ ਮੂਰਖ
ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ)।
ਵਿਚਾਰ ਚਰਚਾ:
੧. ਕੀ ਸਿੱਖੀ ਸਿਧਾਂਤ ਅਨੁਸਾਰ ਮਨੁੱਖ ਮਰ ਕੇ ਕਿਸੇ ਹੋਰ ਜੂਨ
ਵਿੱਚ ਜਾਂਦਾ ਹੈ? ਕੀ ਅਗਾਂਹ ਜਿੰਨ੍ਹਾਂ ਚਿਰ ਧਰਮਰਾਜ ਦੀ ਤਸੱਲੀ ਨਹੀਂ ਹੁੰਦੀ ਕਿ ਇਹ
ਬੰਦਾ ਬਣ ਗਿਆ ਓਨ੍ਹਾਂ ਚਿਰ ਜੀਵ ਆਤਮਾ ਨੂੰ ਉਹ ਕਈ ਹੋਰ ਹੋਰ ਜੂਨਾਂ ਵਿੱਚ ਭੇਜਦਾ ਰਹਿੰਦਾ
ਹੈ?
੨. ਕੀ ਮਨੁੱਖ ਵਾਕਿਆ ਹੀ ਗਧੇ, ਝੋਟੇ, ਸੱਪ ਕੁਤੇ ਬਿੱਲੇ ਦੀਆਂ
ਜੂਨਾਂ ਭੋਗਣ ਉਪਰੰਤ ਹੀ ਬੰਦਾ ਬਣਿਆ ਹੈ?
੩. ਕੀ ਪੁਜਾਰੀ ਵਲੋਂ ਦੱਸੇ ਉਪਾਅ ਕਰਨ ਨਾਲ ਸਾਡਾ ਮਰਨ ਉਪਰੰਤ ਜੂਨਾਂ
ਤੋਂ ਛੁਟਕਾਰਾ ਹੋ ਸਕਦਾ ਹੈ?
੪. ਦਰ ਅਸਲ ਅਸੀਂ ਵਰਤਮਾਨ ਜੀਵਨ ਵਿੱਚ ਆਪਣੇ ਕੁੱਤੇ ਬਿੱਲੇ ਵਾਲੇ
ਸੁਭਾਅ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦੇ, ਇਹ ਸਮਝਦੇ ਹਾਂ ਕਿ ਆ ਜਿਹੜੇ ਹੁਣ ਕੁੱਤੇ
ਬਿੱਲੇ ਹਨ ਇਹਨਾਂ ਨੇ ਮਨੁੱਖੀ ਜਾਮੇ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਕੀਤੀਆਂ ਹੋਣੀਆਂ
ਨੇ ਇਸ ਲਈ ਧਰਮਰਾਜ ਨੇ ਇਹਨਾਂ ਨੂੰ ਇਹਨਾਂ ਜੂਨਾਂ ਵਿੱਚ ਭੇਜਿਆ ਹੈ।
੫. ਜ਼ਿੰਦਗੀ ਦੀ ਅਸਲੀਅਤ ਨੂੰ ਨਾ ਸਮਝਣ ਕਰਕੇ ਅਸੀਂ ਸੁਭਾਅ ਦੇ ਨੀਵੇਂ
ਤਲ਼ 'ਤੇ ਆ ਜਾਂਦੇ ਹਾਂ।
੬. ਕੁੱਤੇ ਦਾ ਲਾਲਚੀ ਸੁਭਾਅ, ਸੂਰ ਦਾ ਗੰਦਗੀ ਵਿੱਚ ਰਹਿਣਾ, ਗਧੇ
ਦਾ ਰੂੜੀਆਂ 'ਤੇ ਲਿਟਣਾ, ਕਾਂ ਦਾ ਗੰਦਗੀ ਵਿੱਚ ਚੁੰਝ ਮਾਰਨਾ ਤੇ ਸੱਪ ਦਾ ਜ਼ਹਿਰੀਲਾ ਡੰਗ
ਮਾਰਨਾ ਆਦਿ ਜਿੰਨੇ ਵੀ ਸੁਭਾਅ ਹਨ ਉਹ ਸਾਰੇ ਮਨੁੱਖ ਦੇ ਵਰਤਮਾਨ ਜੀਵਨ ਤਥਾ ਸੁਭਾ ਵਿਚੋਂ
ਦੇਖੇ ਜਾ ਸਕਦੇ ਹਨ।
੭. ਦੇਖਣ ਨੂੰ ਅਸੀਂ ਮਨੁੱਖ ਲਗਦੇ ਹਾਂ ਪਰ ਕਰਤੂਤਾਂ ਸਾਰੀਆਂ ਜਨਵਰਾਂ
ਅਤੇ ਪਸ਼ੂਆਂ ਵਾਲੀਆਂ ਹਨ।
੮. ਹਰੇਕ ਜੂਨ ਆਪਣੇ ਆਪਣੇ ਥਾਂ ਬੜੀ ਖੁਸ਼ ਹੈ ਕੋਈ ਜੀਵ ਮਰਨ ਲਈ
ਤਿਆਰ ਨਹੀਂ ਹੈ। ਇਹ ਜੂਨਾਂ ਮਾੜੀਆਂ ਨਹੀਂ ਹਨ ਸਗੋਂ ਕਈ ਜੂਨਾਂ ਤਾਂ ਮਨੁੱਖ ਦੀ ਸੇਵਾ
ਵਿੱਚ ਲਗੀਆਂ ਹੋਈਆਂ ਹਨ।
੯. ਇਸ ਵਿਚਾਰ ਨੂੰ ਗੁਰਬਾਣੀ ਬਿਲਕੁਲ ਰੱਦ ਕਰਦੀ ਹੈ ਕਿ ਮਰਨ
ਉਪਰੰਤ ਮਨੁੱਖ ਕਿਸੇ ਹੋਰ ਜੂਨ ਵਿੱਚ ਜਾਂਦਾ ਹੈ।
੧੦. ਪਸ਼ੁ ਪੰਛੀਆਂ ਦੇ ਜੀਨਜ਼ genes ਹੋਰ ਹਨ ਤੇ ਮਨੁੱਖ ਦੇ ਹੋਰ ਹਨ।
ਸੱਪਾਂ ਘਰ ਸੱਪ ਹੀ ਪੈਦਾ ਹੋਣੇ ਹਨ ਤੇ ਕੁੱਤਿਆਂ ਘਰ ਕੁੱਤੇ ਹੀ ਪੈਦਾ ਹੋਣੇ ਹਨ ਤੇ
ਮਨੁੱਖਾਂ ਘਰ ਮਨੁੱਖ ਹੀ ਪੈਦਾ ਹੋਣੇ ਹਨ ਪਰ ਮਨੁੱਖ ਨੂੰ ਆਪਣੀ ਕਰਤੂਤ ਠੀਕ ਕਰਨੀ ਪੈਣੀ
ਹੈ।
ਮਾਣਸ ਮੂਰਤਿ ਨਾਨਕੁ ਨਾਮੁ॥ ਕਰਣੀ ਕੁਤਾ
ਦਰਿ ਫੁਰਮਾਨੁ॥
ਆਸਾ ਮਹਲਾ ੧ ਪੰਨਾ ੩੫੦