Khalsa News homepage

 

 Share on Facebook

Main News Page

ਕਬ੍ਯੋ ਬਾਚ ਬੇਨਤੀ ਚੌਪਈ ਦਾ ਸਰੋਤ
-:
ਸਰਵਜੀਤ ਸਿੰਘ ਸੈਕਰਾਮੈਂਟੋ

ਸਬੁਧਿ ਬਾਚ॥ ਚੌਪਈ॥ ਭਾਵ ਸੁਬਿਧ ਨੇ ਕਿਹਾ, ਸਤਿ ਸੰਧ ਨਾ ਦਾ ਇੱਕ ਰਾਜਾ ਜੋ ਸਤਿਯੁਗ ਵਿੱਚ ਹੋਇਆ ਸੀ ਉਸ ਦਾ ਪ੍ਰਤਾਪ ਚੌਦ੍ਹਾਂ ਲੋਕਾਂ ਵਿੱਚ ਸੀ। ਉਹ ਸਾਰੇ ਦੇਵਤਿਆਂ ਦਾ ਰਾਜਾ ਸੀ। ਇੰਦਰ ਨੇ ਆਪ ਉਸ ਨੂੰ ਰਾਜ ਤਿਲਕ ਦਿਤਾ ਸੀ।(1) ਇਸੇ ਸਮੇ ਵਿੱਚ ਇੱਕ ਦੀਰਘ ਦਾੜ੍ਹ (ਵੱਡੀਆਂ ਦਾੜ੍ਹਾਂ ਵਾਲਾ) ਦੈਂਤ ਨੇ ਜਨਮ ਲਿਆ ਅਤੇ 10 ਹਜ਼ਾਰ ਅਛੋਹਣੀ ਦਲ ਲੈ ਕੇ ਉਸ ਨੇ ਰਾਜੇ ਤੇ ਹਮਲਾ ਕੀਤਾਂ। (3) ਅੱਗੋ ਰਾਜਾ ਅਤੇ ਦੇਵਤੇ ਵੀ ਸੂਰਜ (ਜਿਸ ਦਾ ਤਾਪਮਾਨ 5500 ਲੱਗਭੱਗ) ਅਤੇ ਚੰਦ੍ਰਮਾਂ (ਜਿਸ ਦਾ ਤਾਪਮਾਨ -55 ਲੱਗਭੱਗ ) ਸਮੇਤ 20 ਹਜ਼ਾਰ ਅਛੋਹਣੀ ਦਲ ਨਾਲ ਮੁਕਾਬਲਾ ਕਰਦੇ ਹਨ। (4-5) ਬੁਹਤ ਹੀ ਗਿਹ-ਗੱਚਵੀ ਲੜਾਈ ਹੁੰਦੀ ਹੈ। ਲਹੂ ਦੀ ਨਦੀ ਵਗ ਪੈਂਦੀ ਹੈ, ਜਿਸ ਨੂੰ ਦੇਖ ਕੇ ਬੈਤਰੁਨੀ ਨਦੀ (ਗੰਦਗੀ ਦੀ ਨਦੀ ਜੋ ਕਈ ਮੀਲ ਚੌੜੀ ਹੈ) ਵੀ ਸ਼ਰਮ ਸਾਰ ਹੋ ਜਾਂਦੀ ਹੈ।(12) 30 ਹਜ਼ਾਰ ਅਛੋਹਣੀ ਦਲ ਦੇ ਖਾਤਮੇ ਪਿਛੋ (656100000 ਹਾਥੀ, 656100000 ਰੱਥ, 196830000 ਘੋੜੇ ਅਤੇ 328050000 ਪਿਆਦੇ) ਦੋਵੇ (ਰਾਜਾ ਅਤੇ ਦੈਤ) ਆਮਹਣੇ ਸਾਹਮਣੇ ਹੁੰਦੇ ਹਨ ਤੇ 20 ਸਾਲ ਦਿਨ ਰਾਤ ਲੜਾਈ ਹੁੰਦੀ ਹੈ।(27) ਅਖੀਰ ਨੂੰ ਮਹਾਕਾਲ ਨੇ ਦੋਹਾਂ ਨੂੰ ਹੀ ਖਤਮ ਕਰ ਦਿੱਤਾ। ਇਸ ਭਿਆਨਕ ਯੁਧ ਵਿੱਚੋਂ ਅਗਨੀ ਪੈਦਾ ਹੋਈ ਜਿਸ ਵਿੱਚੋਂ ਇੱਕ ਬਾਲਾ (ਇਸਤਰੀ) ਨੇ ਜਨਮ ਲਿਆ।(28) ਕਿਉਕਿ ਉਥੇ ਕੋਈ ਮਰਦ ਨਹੀਂ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕਰਕੇ ਉਸ ਦੀ ਸੇਵਾ ਕਰਾਂਗੀ। ਭਵਾਨੀ (ਸ਼ਿਵ ਜੀ ਦੀ ਪਤਨੀ ਅਤੇ ਹਿਮਵਤ ਦੀ ਧੀ) ਦੀ ਸਲਾਹ ਨਾਲ ਉਸ ਨੇ ਕਈ ਤਰੀਕੇ ਵਰਤੇ ਅਤੇ ਅਖੀਰ ਸੁਆਮੀ ਦੀ ਆਗਿਆ ਹੋਈ, ਹੇ ਸੁਦੰਰੀ ਜਦੋ ਸ੍ਵਾਸ ਬੀਰਜ ਦੈਂਤ ਮਾਰਿਆ ਗਿਆ ਉਦੋ ਤੂੰ ਮੈਨੂੰ ਵਰੇਂਗੀ।

ਅਰਧ ਰਾਤ੍ਰਿ ਬੀਤਤ ਭੀ ਜਬ ਹੀ, ਆਗਯਾ ਭਈ ਨਾਥ ਕੀ ਤਬ ਹੀ॥ ਸਵਾਸ ਬੀਰਜ ਦਾਨਵ ਜਬ ਮਰਿ ਹੈਂ ਤਿਹ ਪਾਛੇ ਸੁੰਦਰਿ ਮੁਹਿ ਬਰ ਹੈਂ॥35

ਭਾਵ ਰੱਬ ਜੀ ਵਿਆਹ ਕਰਵਾਉਣ ਲਈ ਤਿਆਰ!

ਬਾਲਾ ਸ਼ਾਸਤ੍ਰ ਧਾਰਨ ਕਰਕੇ ਦੈਤ ਤੇ ਚੜਾਈ ਕਰ ਦਿੰਦੀ ਹੈ ਅੱਗੋ ਦੈਂਤ ਵੀ ਜੋ ਇੰਦਰ, ਸ਼ਿਵ, ਸੂਰਜ, ਚੰਦ ਸਮੇਤ ਰਾਵਣ ਆਦਿ ਨੂੰ ਜਿੱਤ ਚੁੱਕਿਆ ਸੀ, ਆ ਹਾਜਰ ਹੋਇਆ। (39) ਉਥੇ ਬਿਆਨੋ ਬਾਹਰੀ ਲੜਾਈ ਹੁੰਦੀ ਹੈ। ਜਿਥੇ ਵੀ ਦੈਤਾਂ ਦੇ ਖੂਨ ਦੇ ਛਿੱਟੇ ਅਤੇ ਮਿਝ ਡਿਗਦੀ ਹੈ ਊਥੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ ਹਨ। ਸ੍ਵਾਸਾ ਦੀ ਹਵਾ ਤੋ ਵੀ ਦੈਂਤ ਪੈਦਾ ਹੋ ਰਹੇ ਹਨ।(42) (ਪ੍ਰਾਭੋਤਕ ਕਹਾਣੀ)। ਦੈਤਾਂ ਦੇ ਮੁਹ ਵਿੱਚੋਂ ਜੋ ਲਾਲ੍ਹਾਂ ਡਿਗਦੀਆਂ ਸਨ, ਉਸ ਤੋਂ ਵੀ ਹੋਰ ਦੈਂਤ ਪੈਦਾ ਹੋ ਰਹੇ ਹਨ।(50) ਬਾਲਾ ਉਨ੍ਹਾਂ ਨੂੰ ਮਾਰਦੀ ਜਾਂਦੀ ਹੈ ਅਤੇ ਦੈਤ ਲਗਾਤਾਰ ਪੈਦਾ ਹੋਈ ਜਾਂਦੇ ਹਨ। ਬਾਲਾ ਦੀ ਦੈਂਤਾਂ ਅੱਗੇ ਕੋਈ ਪੇਸ਼ ਨਹੀਂ ਜਾਂਦੀ, ਅਖੀਰ ਵਿੱਚ ਬਾਲਾ (ਕਾਲਿਕਾ) ਨੇ ਭਗਵਾਨ ਦੇ ਅੱਗੇ ਬੇਨਤੀ ਕੀਤੀ ਤੇ ਭਗਵਾਨ ਜੀ ਆ ਹਾਜਰ ਹੋਏ। (52) ਬਾਲਾ ਦੀ ਬੇਨਤੀ ਤੇ ਮਹਾਕਾਲ ਨੇ ਤਲਵਾਰ ਚੁੱਕੀ ਅਤੇ ਦੈਤਾਂ ਦਾ ਖਾਤਮਾ ਕਰਨ ਚੱਲ ਪਿਆ। ਹੁਣ ਦੈਤਾਂ ਦੇ ਖੂਨ ਦੇ ਛਿਟਿਆਂ ਤੋ ਹਾਥੀ, ਘੋੜੇ ਅਤੇ ਸ੍ਵਾਸਾ ਦੀ ਹਵਾ ਤੋਂ ਦੈਤ ਪੈਦਾ ਹੋ ਰਹੇ ਹਨ।(61) (ਗੈਰ ਕੁਦਰਤੀ ਵਤੀਰਾ) ਢੋਲ ਮ੍ਰਿਦੰਗ ਅਤੇ ਨਗਾਰੇ ਸ਼ੋਰ ਮਚਾ ਰਹੇ ਹਨ ਕਈ ਕੋਹਾਂ (ਇੱਕ ਕੋਹ=ਸਵਾ ਮੀਲ ) ਲੰਮੇ ਦੰਦਾਂ ਵਾਲੇ ਦੈਤ ਮਹਾਕਾਲ ਨੂੰ ਮਾਰਨ ਲਈ ਅੱਗੇ ਹੋਕੇ ਜੂਝ ਰਹੇ ਹਨ।(74) 20 ਪਦਮ (ਇੱਕ ਪਦਮ=1000000000000000) ਦੈਤ ਸੈਨਾ ਇਕੱਠੀ ਹੋਕੇ ਮਹਾਕਾਲ ਨੂੰ ਮਾਰਨ ਲਈ ਅੱਗੇ ਵੱਧ ਰਹੀ ਹੈ(77) ਦੈਤਾਂ ਦੀ 1000 ਅਛੋਹਣੀ ਸੈਨਾ (21870000 ਹਾਥੀ, 21870000 ਰੱਥ, 65610000 ਘੋੜੇ ਅਤੇ 109350000 ਪਿਆਦੇ) ਅੱਖਾਂ ਲਾਲ ਕਰਕੇ ਅੱਗੇ ਵਧ ਰਹੀ ਹੈ।(78) (ਯਾਦ ਰਹੇ ਬੰਦ ਨੰ:77 ਵਿੱਚ 20 ਪਦਮ ਸੈਨਾ ਦਾ ਜਿਕਰ ਹੈ)। ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਤੇ ਕੇਵਲ ਇੱਕ ਪਟ ਧਰਤੀ ਹੀ ਬਾਕੀ ਬਚੀ ਰਹੀ । ਮਹਾਦੇਵ ਡੋਲ ਗਿਆ, ਬ੍ਰਹਮਾ ਭੈਭੀਤ ਹੈ, ਵਿਸ਼ਨੂੰ ਲਾਜ ਦਾ ਮਾਰਿਆ ਸਮੁੰਦਰ ਵਿੱਚ ਜਾ ਛੁਪਿਆ। ਸ਼ਿਵਜੀ ਵੀ ਜੋਗੀ ਬਣ ਕੇ ਜੰਗਲ ਵਿੱਚ ਜਾ ਲੁਕਿਆ। (82) ਬਹੁਤ ਭਿਆਨ ਯੁਧ ਹੋਇਆ, ਪਹਾੜ ਘੋੜਿਆ ਦੇ ਖੁਰਾਂ ਨਾਲ ਪਿਸ ਗਏ ਤੇ ਉੱਤਰ ਵਿੱਚ ਜਾ ਵਸੇ। ਬਾਣਾਂ ਨੇ ਇਨ੍ਹਾ ਹਨੇਰਾ ਕਰ ਦਿੱਤਾ ਕੇ ਆਪਣਾ ਹੱਥ ਵੀ ਨਹੀਂ ਸੀ ਦਿਖਾਈ ਦਿੰਦਾ। (84) ਸਾਰੇ ਦੇਵਤੇ ਭੈ ਭੀਤ ਹੋਏ ਮਹਾਕਾਲ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਦੇ ਹਨ। ਕਾਲ ਨੇ ਦਿਆਲੂ ਹੋ ਕੇ ਰਖਿਆ-ਰਖਿਆ ਸ਼ਬਦ ਦਾ ਉਚਾਰਨ ਕੀਤਾ ਤੇ ਰੱਥ ਤੇ ਸਵਾਰ ਹੋ ਕੇ ਰਣ ਵਿੱਚ ਆ ਗੱਜਿਆ। (101) ਯਾਦ ਰਹੇ ਮਹਾ ਕਾਲ ਪਹਿਲਾਂ ਵੀ ਬਾਲਾ ਦੀ ਮੱਦਤ ਤੇ ਆ ਚੁੱਕਾ ਹੈ ਬਹੁਤ ਭਿਆਨਕ ਯੁਧ ਹੋਇਆ, ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਕੇਵਲ ਇੱਕ ਪਤਾਲ ਹੀ ਬਚਿਆ ਸੀ ।

ਯਾਦ ਰਹੇ ਧਰਤੀ ਤਾਂ ਪਹਿਲਾ ਹੀ ਧੂੜ ਬਣ ਕੇ ਉਡ ਚੁੱਕੀ ਸੀ। ਹੁਣ 6 ਪੱਟ ਕਿਸ ਧਰਤੀ ਦੇ ਉਡੇ? ਕਾਲ ਨੂੰ ਪਸੀਨਾ ਆ ਗਿਆ। ਉਸ ਨੇ ਪਸੀਨੇ ਨੂੰ ਪੂੰਝ ਕੇ ਧਰਤੀ ਤੇ ਸੁਟ ਦਿੱਤਾ। ਜਿਸ ਵਿੱਚੋਂ ਭਟਾਚਾਰਜ ਪੈਦਾ ਹੋਇਆ (110), ਜਦ ਮਹਾਂਦੇਵ ਦਾ ਹੋਰ ਪਸੀਨਾ ਧਰਤੀ ਤੇ ਡਿੱਗਾ ਤਾਂ ਭੁਮਸੈਨ ਪੈਦਾ ਹੋਇਆ।(112) ਬਹੁਤ ਭਿਆਨਕ ਯੁਧ ਹੋ ਰਿਹਾ ਹੈ। ਹੁਣ ਦੈਤਾਂ ਦੇ ਮਾਸ ਤੇ ਮਿਝ ਤੋ ਹਾਥੀਆਂ ਘੋੜਿਆ ਸਮੇਤ ਅਜੇਹੇ ਦੈਤ ਪੈਦਾ ਹੋਏ ਜਿਨ੍ਹਾਂ ਦਾ ਇੱਕ ਪੈਰ ਇੱਕ ਅੱਖ ਅਤੇ ਦੋ ਹਜਾਰ ਭੁਜਾਵਾਂ ਹਨ।(121) ਉਹ ਦੈਂਤ ਸ਼ਰਾਬ ਦੇ ਸਰੋਵਰ ਅਤੇ ਭੰਗ ਦੇ 10-10 ਹਜਾਰ ਘੜੇ ਪੀ ਕੇ ਮੈਦਾਨ ਵਿੱਚ ਤਬਾਹੀ ਮਚਾਉਦੇ ਹਨ।(123) ਉਥੇ ਖੂਨ ਦੀ ਨਦੀ ਵੱਗ ਰਹੀ ਹੈ ਜਿਸ ਵਿੱਚ ਘੋੜੇ ਰੁੜ੍ਹੇ ਜਾ ਰਹੇ ਹਨ।(133) (ਝੂਠ ਦੀ ਹੱਦ) ਮੈਦਾਨ ਵਿੱਚ ਕਈ ਕਿਸਮ ਦੇ ਸਾਜ ਸੁਰ-ਤਾਲ ਵਿੱਚ ਵੱਜ ਰਹੇ ਹਨ। ਜਿੰਨੇ ਵੀ ਦੈਤ ਅੱਗੇ ਆਏ ਕਾਲ ਨੇ ਮਾਰ ਦਿਤੇ, ਜਿੰਨੇ ਖੂਨ ਦੇ ਛਿੱਟੇ ਧਰਤੀ ਤੇ ਪਏ ਉਨ੍ਹੇ ਹੀ ਦੈਤ ਹੋਰ ਪੈਦਾ ਹੋਏ। ਬਹੁਤ ਭਿਆਨਕ ਦ੍ਰਿਸ਼ ਹੈ ਜਿਸ ਨੂੰ ਦੇਵਤਿਆਂ ਤੇ ਦੈਤਾਂ ਦੀਆਂ ਇਸਤਰੀਆਂ ਦੇਖ ਰਹੀਆਂ ਹਨ।(143) ਵੱਡੇ-ਵੱਡੇ ਦੰਦਾਂ ਵਾਲੇ ਦੈਤਾਂ ਦੇ ਹੱਥਾਂ ਵਿੱਚ ਬ੍ਰਿਛ ਅਤੇ ਪਰਬਤ, ਭਾਲੇ ਅਤੇ ਤ੍ਰਿਛੂਲ ਆਦਿ ਪਕੜੇ ਹੋਏ ਹਨ।(186) ਦੈਤਾਂ ਨੇ ਕ੍ਰੋਧਿਤ ਹੋ ਕੇ ਮੂਹ ਚੋ ਅਗਨੀ ਕੱਢੀ ਤਾਂ ਧਨੁਸ਼ਧਾਰੀ ਪਠਾਣ ਅਤੇ ਮੁਗਲ ਪੈਦਾ ਹੋ ਗਏ। ਸੁਆਸਾਂ ਤੋ ਸੱਯ਼ਦ ਅਤੇ ਸ਼ੇਖ ਪੈਦਾ ਹੋ ਗਏ। (198-199) ਅਤੇ ਬੜਾ ਭਿਆਨਕ ਸਮਾਂ ਹੈ। ਮਹਾਕਾਲ ਦੈਤਾਂ ਨੂੰ ਮਾਰੀ ਜਾ ਰਿਹਾ ਹੈ ਦੈਂਤ ਹੋਰ ਪੈਦਾ ਹੋ ਰਹੇ ਹਨ। ਲੇਖਕ ਦੀ ਇਤਹਾਸਕ ਜਾਣਕਾਰੀ ਦੇਖੋ, ਮੁਗਲ ਅਤੇ ਪਠਾਣ ਨੂੰ ਸੱਤਯੁਗ ਵਿੱਚ ਪੈਦਾ ਹੋਏ ਦੱਸ ਰਿਹਾ ਹੈ ਜਦੋ ਕੇ ਮੁੰਹਮਦ ਸਾਹਿਬ ਜੀ ਦਾ ਜਨਮ ਛੇਵੀ ਸਦੀ ਵਿੱਚ ਹੋਇਆ ਸੀ। ਨਾਹਰ ਖ਼ਾਨ, ਨਿਹੰਗ ਖ਼ਾਨ, ਭੜੰਗ ਖ਼ਾਨ, ਝੜੰਗ ਖ਼ਾਨ, ਬਰੈਮ ਖ਼ਾਨ, ਬਹਾਦੁਰ ਖਾਨ, ਬਲਵੰਡ ਖ਼ਾਨ ਆਦਿ ਬੜੇ ਰੋਹ ਨਾਲ ਦੰਦ ਪੀਹਦੇ ਹੋਏ ਅੱਗੇ ਹੋਕੇ ਚੱਲ ਰਹੇ ਹਨ।(204) ਪਰ ਮਹਾਂ ਦੇਵ ਦੇ ਅੱਗੇ ਇਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਦੈਤਾਂ ਨੇ ਜਿਨ੍ਹੇ ਵੀ ਮਲੇਸ਼ (ਮੁਗਲ) ਪੈਦਾ ਕੀਤੇ ਮਹਾਕਲ ਨੇ ਛਿਣ ਵਿੱਚ ਹੀ ਖਪਾ ਦਿੱਤੇ।(227)

ਹੁਣ ਦੈਤਾਂ ਨੇ ਹੋਰ ਦੈਤ ਸੈਨਾ ਤਿਆਰ ਕੀਤੀ ਤੇ ਮੈਦਾਨ ਵਿੱਚ ਭੇਜੀ।(228) ਇਸ ਦੈਤ ਸੈਨਾ ਨੇ ਪਾਸਾ ਹੀ ਪਲਟ ਦਿਤਾਂ, ਬਹੁਤ ਭਿਆਨਕ ਯੁਧ ਹੋਇਆ।(233) ਹੁਣ ਅਸਿਧੁਜ ਨੇ ਲੜਾਈ ਵਿੱਚ ਆਪਣੀ ਕੋਈ ਪੇਸ਼ ਨਾਂ ਜਾਂਦੀ ਦੇਖ ਕੇ,‘ਹੰਅੁਸ਼ਬਦ ਦਾ ਉਚਾਰਨ ਕੀਤਾ। ਉਸ ਤੋ ਆਧਿ-ਵਿਆਧ ਰੋਗ (ਤਾਪ, ਸੀਤਲਾ, ਸਿਰ ਪੀੜ, ਗੋਡਿਆਂ ਦੇ ਦਰਦ, ਖਈ, ਪੀਲੀਆ, ਬਵਾਸੀਰ, ਪਥਰੀ, ਦਾੜ੍ਹ ਦੀ ਪੀੜ, ਦਖੂਤ੍ਰਾ, ਅਧਨੇਤ੍ਰਾ, ਕੋਹੜ ਆਦਿ ਅਣਗਿਣਤ ਰੋਗ) ਪੈਦਾ ਹੋ ਗਏ।(238) ਹੁਣ ਜਦੋ ਦੈਤਾਂ ਦਾ ਇਨ੍ਹਾਂ ਬਿਮਾਰੀਆਂ ਨਾਲ ਖਾਤਮਾ ਹੋ ਰਿਹਾ ਸੀ ਤਾਂ ਮਹਾਕਾਲ ਨੂੰ ਇਹ ਫਿਕਰ ਹੋਇਆ ਕਿ ਜੇ ਸਾਰੇ ਦੈਂਤ ਇਹਨਾਂ ਬਿਮਾਰੀਆਂ ਨਾਲ ਹੀ ਮਰ ਗਏ ਤਾਂ ਮੇਰੇ ਨਾਲ ਤਮਾਸ਼ੇ ਕੋਣ ਕਰੇਗਾ।(248) ਇਸ ਕਰਕੇ ਮਹਾਕਾਲ ਨੇ ਆਪ ਹੀ ਉਥੇ ਕਈ ਕਿਸਮ ਦੀਆਂ ਅਸ਼ੁਧੀਆਂ ਪੈਦਾ ਕਰ ਦਿਤੀਆਂ ਜਿਸ ਨਾਲ ਦੈਤ ਤੰਦਰੁਸਤ ਹੋਣੇ ਸ਼ੁਰੂ ਹੋ ਗਏ। (249) ਭਿਆਨਕ ਯੁਧ ਫੇਰ ਸ਼ੁਰੂ ਹੋ ਗਿਆ। ਦੈਤ ਨੇ ਅਗਨੀ ਅਸ਼੍ਰਤ ਛਡਿਆ ਤਾਂ ਮਹਾਕਾਲ ਨੇ ਵਰੁਣ ਅਸ਼੍ਰਤ , ਦੈਤ ਨੇ ਪਵਨ ਅਸ਼੍ਰਤ ਛਡਿਆ ਤਾਂ ਅਸੁਧਜ ਨੇ ਭੂਧਰ (ਪਰਬਤ) ਅਸ਼੍ਰਤ ।(254) ਜਦੋ ਦੈਤ ਨੇ ਉਰਗ ਅਸ਼੍ਰਤ ਚਲਾਇਆ ਤਾ ਬੇਸ਼ੁਮਾਰ ਸੱਪ ਪੈਦਾ ਹੋ ਗਏ। ਤਦ ਕਾਲ ਨੇ ਖਗਪਤਿ (ਗਰੁੜ) ਅਸ੍ਰਤ ਛਡਿਆ ਜਿਸ ਨੇ ਸੱਪਾ ਨੂੰ ਤਰੁਤ ਖਾ ਲਿਆ (259) ਦੋਵੇ ਪਾਸਿਆਂ ਤੋ ਅਨੇਕਾਂ ਕਿਸਮਾਂ ਦੇ ਅਸ਼ਤਰਸ਼ੱਸਤਰ ਛੱਡੇ ਜਾ ਰਹੇ ਹਨ। ਜਦ ਅਸਿਕੇਤ ਹੱਥ ਵਿੱਚ ਲਿਸ਼ਕਦੀ ਹੋਈ ਤਲਵਾਰ ਲੈ ਕੇ ਗੱਜਿਆ ਤਾਂ ਉਸ ਨੂੰ ਵੇਖ ਕੇ ਦੇਵਤੇ ਅਤੇ ਦੈਤ ਸਾਰੇ ਹੀ ਡਰ ਗਏ।(271) ਮਹਾਕਾਲ ਨੇ ਦੈਤਾਂ ਦੇ ਹਜ਼ਾਰ-ਹਜ਼ਾਰ ਟੁਕੜੇ ਕੀਤੇ ਜਿਨ੍ਹਾਂ ਤੋ ਹਜ਼ਾਰ-ਹਜ਼ਾਰ ਦੈਤ ਪੈਦਾ ਹੋ ਗਏ।

ਹੁਣ ਇੰਦਰ ਵੀ ਮੈਦਾਨ ਵਿੱਚ ਆ ਜਾਦਾ ਹੈ, ਜਿਸ ਨੂੰ ਦੇਖ ਕੇ ਇੱਕ ਦੈਤ ਬਹੁਤ ਹੀ ਕੋਧਿਤ ਹੋ ਗਿਆ ਤੇ ਉਹ ਸ਼ਰਾਬ ਦੇ ਦੋ ਖੂਹ ਪੀ ਕੇ ਇੰਦਰ ਦੇ ਸਾਹਮਣੇ ਹੋਇਆਂ। (287) ਇੰਦਰ ਨੇ ਅਜੇਹਾ ਤੀਰ ਛੱਡਿਆ ਜੋ ਦੈਤ ਦੇ ਸਰੀਰ ਨੂੰ ਚੀਰ ਕੇ ਅੱਗੇ ਲੱਘ ਗਿਆ। ਫੇਰ ਦੈਂਤ ਨੇ ਕ੍ਰੋਧ ਕਰ ਕੇ ਐਸਾ ਵਾਰ ਕੀਤਾ ਕੇ ਦੇਵ-ਪੂਜਾ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਜਦੋ ਮਹਾਕਾਲ ਨੇ ਦੇਵਤੇ ਭੱਜਦੇ ਦੇਖੇ ਤਾਂ ਆਪ ਮੈਦਾਨ ਵਿੱਚ ਆ ਗਿਆ। ਇੱਕ-ਇੱਕ ਤੀਰ ਨਾਲ ਸੌ ਸੌ ਨੂੰ ਚੀਰਦਾ ਗਿਆ ਤੇ ਦੈਤਾਂ ਦੇ ਸਰੀਰਾਂ ਵਿੱਚੋਂ ਸੌ ਸੌ ਖੂਨ ਦੀਆਂ ਤਤੀਰੀਆਂ ਚਲੀਆਂ ਤੇ ਉਨ੍ਹਾਂ ਤੋ ਸੌ ਸੌ ਹੋਰ ਦੈਤ ਪੈਦਾ ਹੁੰਦੇ ਗਏ।(296) ਹੁਣ ਮਹਾਕਾਲ ਨੇ ਆਪਣੇ ਹਜ਼ਾਰਾਂ ਰੂਪ ਧਾਰਨ ਕੀਤੇ ਤੇ ਹਜ਼ਾਰਾਂ ਹੀ ਦੈਤ ਮਾਰੇ। ਪਰ ਹੁਣ ਦੈਤ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਵੱਧਣ ਲਗੇ। ਭਾਵ, ਦੈਤ ਮਹਾਕਾਲ ਦੇ ਕਾਬੂ ਨਹੀਂ ਆ ਰਹੇ। ਹੁਣ ਮਹਾਕਾਲ ਨੇ ਅਜੇਹੇ ਬਾਣ ਚਲਾਏ ਕੇ ਇੱਕ-ਇੱਕ ਬਾਣ ਨਾਲ ਹਜ਼ਾਰ-ਹਜ਼ਾਰ ਦੈਤ ਮਾਰ ਦਿਤੇ। ਅਣਗਿਣਤ ਦੈਤਾਂ ਨੂੰ ਫੜਕੇ ਕੱਚੇ ਹੀ ਚੱਬ ਗਿਆ। ਅਤੇ ਦੈਤਾਂ ਦਾ ਖੂਨ ਵੀ ਚੂਸ ਲਿਆ।(299) ਉਧਰ ਦੈਤਂ ਵੀ ਕਿਹੜੇ ਘਟ ਹਨ, ਸਵਾਸਾਂ ਦੀ ਹਵਾ ਤੋਂ ਹੀ ਹੋਰ ਦੈਤਂ ਪੈਦਾ ਹੋਣੇ ਸ਼ੁਰੂ ਹੋ ਗਏ। (300) ਬੜਾ ਭਿਆਨਕ ਯੁੱਧ ਹੋਇਆ ਕੇ ਇੰਦਰ ਤੇ ਚੰਦ੍ਰ ਲੋਕ ਕੰਬ ਗਏ।(318) ਕਿਤੇ ਲੰਬੀਆਂ ਬੰਦੂਕਾਂ ਅਤੇ ਹਾਥੀਆਂ ਤੇ ਘੋੜਿਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਵੀ ਚੱਲ ਰਹੀਆਂ ਹਨ। (324) ਯਾਦ ਰਹੇ ਇਹ ਯੁੱਧ ਸਤਿਯੁਗ ਵਿੱਚ ਸ਼ੁਰੂ ਹੋਇਆ ਸੀ ਜਿਸ ਦੀ ਉਮਰ 1728000 ਸਾਲ ਹੈ ਜਦੋ ਕੇ ਗੰਨ ਪਾਉਡਰ ਦੀ ਉਮਰ 1100 ਸਾਲ ਤੋ ਵੱਧ ਨਹੀਂ।

ਜਦੋ ਇੱਸ ਤਰਾਂ ਦਾ ਭਿਆਨਕ ਯੁਧ ਹੋ ਰਿਹਾ ਸੀ ਤਾਂ ਦੂਹਲ ਦੇਈ ਨਾ ਦੀ ਇੱਕ ਇਸਤਰੀ ਪੈਦਾ ਹੋਈ ਜੋ ਸ਼ੇਰ ਤੇ ਸਵਾਰ ਸੀ। ਇਸ ਨੂੰ ਦੇਖ ਕੇ ਹੀ ਦੈਤ ਭਜਣੇ ਸ਼ੁਰੂ ਹੋ ਗਏ।(331) (ਯਾਦ ਰਹੇ ਪਹਿਲਾਂ ਵੀ ਬਾਲਾ ਨਾ ਦੀ ਇੱਕ ਦੇਵੀ ਪੈਦਾ ਹੋਈ ਸੀ, ਉਸ ਦਾ ਕੀ ਬਣਿਆ?।) ਇਸ ਨੇ ਦੈਤਾਂ ਦਾ ਸਫਾਇਆ ਕੀਤਾ। ਜਿਨ੍ਹਾਂ ਦੈਤਾ ਦੇ ਵੱਡੇ-ਵੱਡੇ ਸਿੰਗ ਸਨ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ, ਨੂੰ ਦੂਹਲਾ ਦੇਈ ਨੇ ਚੁਣ-ਚੁਣ ਕੇ ਬਰਛੀ ਨਾਲ ਮਾਰਿਆ।(339) ਜਿਹੜੇ ਸਾਹਮਣੇ ਹੋ ਕੇ ਮਰਦੇ ਉਨ੍ਹਾਂ ਨੂੰ ਪਰੀਆਂ ਵਰ ਕੇ ਲੈ ਜਾਂਦੀਆਂ ਤੇ ਉਹ ਬਿਬਾਨ ਵਿੱਚ ਬੈਠਕੇ ਸਵਰਗਾਂ ਨੂੰ ਜਾਂਦੇ। ਜੋ ਭੱਜਦੇ ਹੋਏ ਮਾਰੇ ਗਏ ਉਹ ਨਰਕਾਂ ਨੂੰ ਜਾ ਰਹੇ ਸਨ।(346) ਮਹਾਕਾਲ ਅਤੇ ਦੂਹਲਾ ਦੇਈ ਨੇ, ਜੋ ਸ਼ੇਰ ਦੀ ਸਵਾਰੀ ਕਰ ਰਹੀ ਹੈ ਅਤੇ ਬੁਹਤ ਹੀ ਕ੍ਰੋਧਿਤ ਹੈ, ਦੈਤਾਂ ਦਾ ਸਰਵਨਾਸ਼ ਕਰ ਦਿੱਤਾ। ਕਾਲ ਨੇ ਸਾਰੇ ਦੈਤਾਂ ਨੂੰ ਆਪਣੀ ਸ਼ਕਤੀ ਨਾਲ ਖਿਚ ਲਿਆ ਤੇ ਕਾਲਿ ਨੂੰ ਆਗਿਆ ਦਿੱਤੀ ਤੇ ਉਹ ਸਾਰੇ ਦੈਤਾਂ ਨੂੰ ਖਾ ਗਈ।(364)

ਤੱਦ ਇੱਕ ਦੈਤ ਹੀ ਬਾਕੀ ਰਹਿ ਗਿਆ ਤਾਂ ਉਸ ਨੇ ਮਹਾ-ਕਾਲ ਨੂੰ ਵਗਾਰਿਆ, ਹੇ ਮਹਾਕਾਲ ਐਵੇ ਫੁਲਿਆ ਨਾ ਫਿਰ, ਆ ਮੇਰੇ ਨਾਲ ਯੁਧ ਕਰ, ਅੱਜ ਫੈਸਲਾ ਹੋ ਜਾਵੇਗਾ, ਜਾਂ ਅਸਿਧੁਜ ਨਹੀਂ ਜਾਂ ਦੈਤ ਨਹੀਂ।(369) ਦੋਵਾਂ ਵਿੱਚ ਭਿਆਨਕ ਯੁੱਧ ਹੁੰਦਾ ਹੈ ਦੈਤ ਪਿਛੇ ਨਹੀਂ ਹੱਟਦਾ ਭਾਂਵੇਂ ਉਸ ਦੀਆਂ ਆਂਦਰਾਂ ਗਿਰਝਾਂ ਖਾ ਗਈਆਂ। ਮਹਾਂ ਕਾਲ ਨੇ ਕਰੋਧ ਵਿੱਚ ਆ ਕੇ ਦੈਤ ਤੇ ਵੀਹ ਹਜ਼ਾਂਰ ਬਾਣ ਛੱਡੇ।(371) ਮਹਾਕਾਲ ਨੇ ਇੱਕ ਬਾਣ ਨਾਲ ਦੈਂਤ ਦਾ ਝੰਡਾ, ਦੋ ਤੀਰਾਂ ਨਾਲ ਉਸ ਦੇ ਰੱਥ ਦੇ ਦੋਵੇ ਪਹੀਏ, ਚਾਰ ਤੀਰਾਂ ਨਾਲ ਚੋਹਾਂ ਹੀ ਘੋੜਿਆਂ ਨੂੰ ਮਾਰ ਦਿਤਾ। ਇੱਕ ਹੋਰ ਬਾਣ ਨਾਲ ਜਗਤ ਦੇ ਸੁਆਮੀ ਨੇ ਦੈਤ ਦਾ ਮੱਥਾ ਚੀਰ ਦਿਤਾ ਅਤੇ ਦੋ ਹੋਰ ਬਾਣਾਂ ਨਾਲ ਵੈਰੀ ਦੇ ਦੋਵੇ ਹੱਥ ਕੱਟ ਸੁਟੇ। (374)

ਪਾਠਕ, ਹੁਣ ਤਾਂਈ 404 ਵੇਂ ਚਰਿਤ੍ਰ ਦੇ, ਜਿਸ ਦੇ ਕੁਲ 405 ਬੰਦ ਹਨ, ਵਿਚੋਂ 1 ਤੋਂ 374 ਬੰਦਾਂ ਦੇ ਦਰਸ਼ਨ ਕਰ ਚੁਕੇ ਹਨ। ਆਉ ਹੁਣ ਬੰਦ 375 ਤੋ 405 ਤੱਕ ਦੇ ਦਰਸ਼ਨ ਵੀ ਕਰ ਲਈਏ।

ਨਿਤਨੇਮ ਦੇ ਗੁਟਕਿਆਂ ਵਿੱਚ, "ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਪਾਤਿਸਾਹੀ 10" ਪਤਾ ਨਹੀਂ ਇਹ ਕਿਸ ਦਲੀਲ ਨਾਲ ਲਿਖਿਆ ਜਾ ਰਿਹਾ ਹੈ ਜਦੋਂ ਕੇ ਅਸਲ ਲਿਖਤ ਵਿੱਚ ਤਾਂ ਕਬ੍ਯੋ ਬਾਚ ਬੇਨਤੀ ਹੈ। ਇਸ ਦੀ ਅਸਲੀਤ ਨੂੰ ਜਾਨਣ ਲਈ ਦਸਮ ਗ੍ਰੰਥ ਦੀ  ਹੱਥ ਲਿਖਤ ਦੇ ਦਰਸ਼ਣ ਕਰੋ ਜੀ।

ਪੁਨਿ ਰਾਛਸ ਕਾ ਕਾਟਾ ਸੀਸਾ । ਸ੍ਰੀ ਅਸਿਕੇਤ ਜਗਤ ਕੇ ਈਸਾ।। ਪੁਹਪਨ ਬ੍ਰਿਸਟਿ ਗਗਨ ਤੇਂ ਭਈ। ਸਭਹਿਨ ਆਨਿ ਬਧਾਈ ਦਈ।।(375)
ਫਿਰ ਜਗਤ ਦੇ ਸੁਆਮੀ ਅਸਿਕੇਤ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਅਕਾਸ਼ ਤੋ ਫੂਲਾਂ ਦੀ ਬਰਖਾ ਹੋਈ ਤੇ ਸਭ ਨੇ ਆ ਕੇ ਵਧਾਈਆਂ ਦਿੱਤੀਆਂ।(375)
ਧੰਨ੍ਯ ਧੰਨ੍ਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।। ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।।(376)

ਅਤੇ ਕਿਹਾ ਹੇ ਲੋਕਾਂ ਦੇ ਰਾਜੇ ਤੂਸੀ ਧੰਨ ਹੋ, ਤੁਸੀ ਦੁਸ਼ਟਾਂ ਨੂੰ ਮਾਰ ਕੇ ਗਰੀਬਾਂ ਦੀ ਰੱਖਿਆ ਕੀਤੀ ਹੈ, ਹੇ ਸਾਰੇ ਸੰਸਾਰ ਦੀ ਰਚਨਾ ਕਰਨ ਵਾਲੇ ! ਦਾਸ ਜਾਣ ਕੇ ਮੇਰੀ ਰੱਖਿਆ ਕਰੋ (376)

ਕਬ੍ਯੋ ਬਾਚ ਬੇਨਤੀ॥ ਚੌਪਈ॥ (ਕਵੀ ਨੇ ਬੇਨਤੀ ਕੀਤੀ)

ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥ ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥(377)

(ਯਾਦ ਰਹੇ ਇਸ ਬੰਦ ਦਾ ਆਖੇ ਜਾਂਦੇ ਦਸਮ ਗ੍ਰੰਥ ਵਿੱਚ ਨੰ: 377 ਹੈ ਪਰ ਨਿਤਨੇਮ ਦੇ ਗੁਟਕਿਆਂ ਵਿੱਚ ਨੰ:1 ਹੈ। ਜੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਕਿਸੇ ਨੂੰ ਕੀ ਅਧਿਕਾਰ ਹੈ ਕੇ ਉਹ ਇਸ ਬੰਦ ਦਾ ਨੰ: ਬਦਲ ਦੇਵੇ?)

ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥ ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥(378)
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥ ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥(379)
ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥ ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥ ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥4॥(380)
ਆਪ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥ ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥5॥(381)
ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥ ਦੀਨ ਬੰਧੁ ਦੁਸਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰ ਦਸ ਕੰਤਾ ॥6॥(382)
ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸਿਵਜੂ ਅਵਤਰਾ ॥ ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥ ਸਕਲ ਕਾਲ ਕਾ ਕੀਆ ਤਮਾਸਾ ॥7॥(383)
ਜਵਨ ਕਾਲ ਜੋਗੀ ਸਿਵ ਕੀਓ ॥ ਬੇਦਰਾਜ ਬ੍ਰਹਮਾ ਜੂ ਥੀਓ ॥ ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥8॥(384)
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥ ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥9॥(385)
ਨਮਸਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥ ਸਿਵਕਨ ਕੋ ਸਿਵਗੁਨ ਸੁਖ ਦੀਓ ॥ ਸੱਤ੍ਰਨ ਕੋ ਪਲ ਮੋ ਬਧ ਕੀਓ ॥10॥(386)
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਚੀਟੀ ਤੇ ਕੁੰਚਰ ਅਸਥੂਲਾ ॥ ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥11॥ (387)
ਸੰਤਨ ਦੁਖ ਪਾਏ ਤੇ ਦੁਖੀ ॥ ਸੁਖ ਪਾਏ ਸਾਧਨ ਕੇ ਸੁਖੀ ॥ ਏਕ ਏਕ ਕੀ ਪੀਰ ਪਛਾਨੈਂ ॥ ਘਟ ਘਟ ਕੇ ਪਟ ਪਟ ਕੀ ਜਾਨੈਂ ॥12॥(388)
ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥ ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥13॥(389)
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ ਆਪੁ ਆਪਨੀ ਬੂਝ ਉਚਾਰੈ ॥ ਤੁਮ ਸਭਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰ ਆਲਮ ॥14॥(390)
ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥ ਆਦਿ ਅਨੀਲ ਅਨਾਦਿ ਅਸੰਭ ॥ ਤਾ ਕਾ ਮੂੜ੍ਹ ਉਚਾਰਤ ਭੇਦਾ ॥ ਜਾ ਕੌ ਭੇਵ ਨ ਪਾਵਤ ਬੇਦਾ ॥15॥(391)
ਤਾ ਕੌ ਕਰਿ ਪਾਹਨ ਅਨੁਮਾਨਤ ॥ ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥ ਮਹਾਦੇਵ ਕੌ ਕਹਤ ਸਦਾ ਸਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥16॥(392)
ਆਪੁ ਆਪਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥ ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥17॥(393)
ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀ ਭੂਪਾ ॥ ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰ ਰਚਿ ਦੀਨੀ ॥18॥(394)
ਕਹੂੰ ਫੂਲ ਰਾਜਾ ਹ੍ਵੈ ਬੈਠਾ ॥ ਕਹੂੰ ਸਿਮਟਿ ਭਯੋ ਸੰਕਰ ਇਕੈਠਾ ॥ ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ ਆਦਿ ਜੁਗਾਦਿ ਸਰੂਪ ਸੁਯੰਭਵ ॥19॥(395)
ਅਬ ਰੱਛਾ ਮੇਰੀ ਤੁਮ ਕਰੋ ॥ ਸਿੱਖ ਉਬਾਰਿ ਅਸਿੱਖ ਸੰਘਰੋ ॥ ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥20॥(396)
ਜੇ ਅਸਿਧੁਜ ਤਵ ਸਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥ ਪੁਰਖ ਜਵਨ ਪਗ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥21॥(397)
ਜੋ ਕਲਿ ਕੋ ਇੱਕ ਬਾਰ ਧਿਐ ਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥ ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸਟ ਅਰਿਸਟ ਟਰੇਂ ਤਤਕਾਲਾ ॥22॥(398)
ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥ ਤਾ ਕੇ ਤਾਪ ਤਨਕ ਮੋ ਹਰਿਹੋ ॥ ਰਿੱਧਿ ਸਿੱਧਿ ਘਰ ਮੋ ਸਭ ਹੋਈ ॥ ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥23॥(399)
ਏਕ ਬਾਰ ਜਿਨ ਤੁਮੈ ਸੰਭਾਰਾ ॥ ਕਾਲ ਫਾਸ ਤੇ ਤਾਹਿ ਉਬਾਰਾ ॥ ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦੁਸਟ ਦੋਖ ਤੇ ਰਹਾ ॥24॥(400)
ਖੜਗ ਕੇਤ ਮੈ ਸਰਣਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥ ਸਰਬ ਠੌਰ ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥25॥(401)

ਸਿੱਖ ਰਹਿਤ ਮਰਯਾਦਾ ਵਿੱਚ ਇਹ 25 ਬੰਦ ਹੀ ਦਰਜ ਹਨ, ‘ਭਾਵ ਹਮਰੀ ਕਰੋ ਹਾਥ ਦੇ ਰੱਛਾ’(377) ਤੋਂ ਲੈ ਕੇ ਦੁਸਟ ਦੋਖ ਤੇ ਲੇਹੁ ਬਚਾਈ’ (401) ਤੱਕ। ਪਰ ਜੋ ਡੇਰੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਉਹ ਉਪਰੋਕਤ 375 ਅਤੇ 376 ਨੰ: ਬੰਦਾਂ ਸਮੇਤ ਹੇਠ ਲਿਖੇ ਬੰਦ ਵੀ ਪੜ੍ਹਦੇ ਹਨ।

ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥
26॥(402)

ਮੇਰੇ ਉਤੇ ਜਗਮਾਤਾ (ਦੁਰਗਾ,ਪਾਰਵਤੀ) ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭ ਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ, ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ।(402)

ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥
ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥
27। (403)

ਜਦ ਸ੍ਰੀ ਅਸਿਧੁਜ (ਮਹਾਕਾਲ : ਵੱਡਾ ਕਾਲ । ਵਿਨਾਸ਼ਕਾਰੀ ਸਰੂਪ ਵਿੱਚ ਸ਼ਿਵਜੀ ਦਾ ਇੱਕ ਨਾਂ । ਵੇਖੋ ਸ਼ਿਵ। ਹਿੰਦੂ ਮਿਥਿਹਾਸ ਕੋਸ਼ ਪੰਨਾ 398) ਦਿਆਲ ਹੋਏ ਤਾਂ ਉਸੇ ਵੇਲੇ ਮੈ ਇਹ ਗ੍ਰੰਥ ਮੁਕੰਮਲ ਕਰ ਲਿਆ। ਜੋ ਇਸ ਦਾ ਪਾਠ ਕਰੇਗਾ ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਦੁਖ ਵਿਆਪਤ ਨਹੀਂ ਹੋਵੇਗਾ।(403)

ਅੜਿੱਲ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥
28(404)
ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥
29 (405)

ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥

ਭਾਵ ਇਹ ਗ੍ਰੰਥ, ਐਤਵਾਰ ਭਾਦੋਂ ਸੁਦੀ 8 ਸੰਮਤ 1753 ਨੂੰ ਸੱਤਲੁਜ ਦੇ ਕੰਢੇ ਪੂਰਾ ਹੋਇਆ।

ਨੋਟ:- ਸੰਮਤ 1753 ਵਿੱਚ ਭਾਂਦੋ ਸੁਦੀ 8 ਨੂੰ ਦਿਨ ਐਤਵਾਰ ਨਹੀਂ ਸੀ। ਉਸ ਦਿਨ ਤਾਂ ਮੰਗਲਵਾਰ ਸੀ। ਇਸ ਤੋਂ ਵੀ ਸਪੱਸ਼ਟ ਹੈ ਕਿ ਜਿਸ ਨੇ ਵੀ ਇਹ ਲਿਖਤ ਲਿਖੀ ਹੈ ਉਸ ਨੇ ਅੱਟੇ-ਸੱਟੇ ਨਾਲ ਹੀ ਤਰੀਖ ਲਿੱਖ ਦਿੱਤੀ ਹੈ।

ਯਾਦ ਰਹੇ ਇਹ ਯੁੱਧ ਸਤਿਯੁਗ ਵਿੱਚ ਅਰੰਭ ਹੋਇਆ ਸੀ, ਜਿਸ ਦੀ ਉਮਰ 1728000 ਸਾਲ ਸੀ। ਜੇ ਇਹ ਵੀ ਮੰਨ ਲਿਆਂ ਜਾਵੇ ਕੇ ਇਹ ਯੁੱਧ ਸਤਿਯੁਗ ਦੇ ਅਖੀਰ ਵਿੱਚ ਹੀ ਅਰੰਭ ਹੋਇਆਂ ਸੀ ਤਾਂ ਵੀ ਇਸ ਦੇ ਅਰੰਭ ਹੋਣ ਦਾ ਸਮਾਂ (ਦੁਆਪਰ 1296000 ਸਾਲ + ਤ੍ਰੇਤਾ 864000 + ਕਲਯੁਗ 5111 ਸਾਲ ) 2165111 ਸਾਲ ਪਹਿਲਾਂ ਦਾ ਬਣਦਾ ਹੈ ਪਰ ਇਸ ਯੁਧ ਦੇ ਅੱਖੀਂ ਡਿੱਠੇ ਹਾਲਲਿਖੇ ਨੂੰ ਸਿਰਫ 314 ਸਾਲ ਹੀ ਹੋਏ ਹਨ।

ਇਹ ਹੈ ਉਸ ਪੂਰੇ ਚਰਿਤ੍ਰ 404 ਦੀ ਸੰਖੇਪ ਵਾਰਤਾ ਜਿਸ ਦੇ ਕੁਲ 405 ਬੰਦ ਹਨ ਅਤੇ ਇਹਨਾ ਵਿੱਚੋਂ ਪੰਥਕ ਰਹਿਤ ਮਰਯਾਦਾ ਮੁਤਾਬਕ  377 ਤੋ 401 ਤੱਕ ਭਾਵ 25 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਦਾ ਦਰਜਾ ਦਿੱਤਾ ਗਿਆ ਹੈ। ਡੇਰੇਦਾਰ, ਜੋ ਪੰਥਕ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ੳਨ੍ਹਾਂ ਵਲੋ 375 ਤੋ 405 ਤੱਕ ਭਾਵ 31 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਮੰਨਿਆ ਜਾਂਦਾ ਹੈ। ਗੁਰਬਾਣੀ ਪਾਠ ਦਰਪਣਵਿੱਚ ਤਾਂ ਇਹ ਵੀ ਦਰਜ ਹੈ, “ਇਸ ਪ੍ਰਕਾਰ ਸਾਧ ਸੰਗਤ ਜੀ! ਜਿਹੜਾ ਰਹਿਰਾਸ ਬਾਣੀ ਪੜ੍ਹਨ ਦਾ, ਗੁਰਮਤਿ ਦਾ ਅਸੂਲ ਸੀ ਪਹਿਲੇ ਪੁਰਾਤਨ ਸਮੇਂ ਅਨੁਸਾਰ ਬਾਣੀ ਸ੍ਰੀ ਕੇਸਗੜ੍ਹ ਤਖ਼ਤ ਸਾਹਿਬ ਜੀ ਵੀ ਮਹਾਂ ਕਾਲ ਕੀ ਜੋ ਸਰਨ ਪਏਤੋਂ ਚੌਪਈ ਪੜ੍ਹਿਆ ਕਰਦੇ ਸਨ। ਅਤੇ ਇਸੇ ਪ੍ਰਕਾਰ ਸ੍ਰੀ ਪਟਨੇ ਸਾਹਿਬ ਪੜ੍ਹਿਆ ਕਰਦੇ ਸਨ। ਜਿੰਨੀ ਹੁਣ ਸ੍ਰੀ ਹਜੂਰ ਸਾਹਿਬ ਸ਼ੁਰੂ ਹੈ। ਬਹੁਰਿ ਅਸਰੁ ਕਾ ਕਾਟਿਸ ਮਾਥਾ॥ ਸ੍ਰੀ ਅਸਿਧੁਜ ਜਗਤ ਕੇ ਨਾਥਾ॥” (ਪੰਨਾ 188)

ਸਤਿਕਾਰ ਯੋਗ ਪਾਠਕ ਜੀਓਉਪ੍ਰੋਕਤ 404 ਚਰਿਤ੍ਰ ਦੀ ਸਾਰੀ ਵਾਰਤਾ ਨੂੰ ਪੜ੍ਹਨ ਅਤੇ ਵਿਚਾਰਨ ਉਪ੍ਰੰਤ, ਕੀ ਆਪ ਜੀ ਸਮਝਦੇ ਹੋ ਕਿ ਇਹ ਸਾਰੀ ਰਚਨਾ ਗੁਰੂ ਜੀ ਦੀ ਹੋ ਸਕਦੀ ਹੈ? ਜਾਂ ਜਿਥੋ ਤੀਕ ਪੰਥਕ ਰਹਿਤ ਮਰਯਾਦਾ (377 ਤੋ 401) ਵਿੱਚ ਦਰਜ ਹੈ ਉਹ ਹੋ ਸਕਦੀ ਹੈ? ਜਾਂ ਜਿਥੋ ਤੀਕ ਡੇਰੇਦਾਰ (375 ਤੋਂ 405) ਪੜ੍ਹਦੇ ਹਨ ? ਜਾਂ ਜਿਥੋ ਤੀਕ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਪੜ੍ਹੀ ਜਾਂਦੀ ਹੈ (374 ਤੋਂ405) ਜਾਂ  ਜਿਥੋ ਤੀਕ ਸੀ ਪੁਰਾਤਨ ਸਮੇਂ  ਮਹਾਂ ਕਾਲ ਕੀ ਜੋ ਸਰਨ ਪਏਤੋਂ (366 ਤੋਂ 405) ਪੜ੍ਹਿਆ ਕਰਦੇ ਸਨ ਉਥੋ ਤੀਕ ਗੁਰੂ ਜੀ ਦੀ ਰਚਨਾ ਹੋ ਸਕਦੀ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top