ਪੂਰਬੀ
ਤੇ ਪਛਮੀ ਮੱਤ-ਮਤਾਂਤਰਾਂ ਦੇ ਆਗੂਆਂ ਨੇ ਲੋਕਾਂ ਨੂੰ ਆਪਣੇ ਦੱਸੇ ਮਜ਼ਹਬੀ ਮਾਰਗ ਤੇ ਤੋਰਨ
ਲਈ ਸਦੀਆਂ ਤੋਂ ਕਈ ਕਿਸਮ ਦੇ ਪ੍ਰਾਲੌਕਿਕ ਮਨ-ਲਭਾਊ ਲਾਰੇ ਲਾਉਂਦੇ ਤੇ ਡਰਾਵੇ ਦਿੰਦੇ ਆ
ਰਹੇ ਹਨ। ਇਹੀ ਕਾਰਣ ਸੀ ਗੁਰੂ ਨਾਨਕ ਆਗਮਨ ਤੇ ਭਗਤੀ ਲਹਿਰ ਵੇਲੇ ਜੇ ਇੱਕ ਪਾਸੇ ਬ੍ਰਾਹਮਣ,
ਮਰਣ ਉਪਰੰਤ ਨਰਕ ਅੰਦਰ ਕੋਹਲੂ ਵਿੱਚ ਪੀੜੇ ਜਾਣ ਵਰਗੇ ਦਿਲ-ਕੰਬਾਊ ਦੁਖਾਂ ਦਾ ਵਰਨਣ ਕਰਕੇ
ਲੋਕਾਂ ਅੰਦਰ ਸੁਰਗ ਦੀ ਲਾਲਸਾ ਵਧਾ ਰਿਹਾ ਸੀ। ਤਾਂ ਦੂਜੇ ਪਾਸੇ ਮੁੱਲਾਂ, ਦੋਜ਼ਖ਼ ਅੰਦਰਲੀ
ਅੱਗ ਦੇ ਭਿਆਂਨਕ ਭਾਂਬੜ ਦਿਖਾ ਕੇ ਬਹਿਸ਼ਤ ਪ੍ਰਾਪਤ ਕਰਨ ਦਾ ਲਾਲਚ ਪੈਦਾ ਕਰ ਰਿਹਾ ਸੀ।
ਸਿੱਟੇ ਵਜੋਂ ਬ੍ਰਾਹਮਣੀ ਸਵਰਗ ਵਿੱਚ ਲੋਕਾਂ ਨੂੰ ਮਨਇੱਛਤ ਫਲ ਭੋਗਣ ਲਈ ਕਾਮਧੇਨ ਗਊ ਤੇ
ਪਾਰਜਾਤ ਵਰਗੇ ਰੁੱਖ ਦਿਸਣ ਲੱਗੇ ਤੇ ਮਨੋਰੰਜਨ ਲਈ ਰਾਗਾਂ ਦੀਆਂ ਧੁਨਾਂ ਤੇ ਪਰੀਆਂ ਦੇ
ਪੈਰਾਂ ਦੀਆਂ ਝਾਂਜਰਾਂ ਦੀ ਛੁਣਕਾਰ ਸੁਣਾਈ ਦੇਣ ਲੱਗੀ। ਮੁੱਲਾਂ ਦੀ ਭਿਸ਼ਤ ਵਿੱਚ ਭੋਗਣ ਲਈ
ਲੌਂਡੇ ਤੇ ਹੂਰਾਂ ਦੀ ਸੁੰਦਰਤਾ ਅਤੇ ਤਰ੍ਹਾਂ ਤਰ੍ਹਾਂ ਦੇ ਮੇਵੇ ਖਵਾਉਣ ਵਾਲੇ ਤੂਬਾ
ਬ੍ਰਿਛ ਦੀ ਮਹਿਕ ਮਨੁਖੀ ਮਨਾਂ ਨੂੰ ਲੋਭਾਇਮਾਨ ਕਰਨ ਲੱਗੀ। ਇਸ ਕਾਰਨ ਮਨੁਖ ਅੰਦਰ ਸਹਿਜ
ਤੇ ਸ਼ਾਂਤੀ ਦੀ ਥਾਂ ਭਟਕਣਾ ਵਧੀ ਤੇ ਉਹ ਆਪਣਾ ਖੇੜਾ ਗੁਆ ਕੇ ਸੋਚੀਂ ਡੁੱਬਣ ਲੱਗਾ।
੨੦ਵੀਂ ਸਦੀ ਤਕ ਪਹੁੰਚਦਿਆਂ ਤਾਂ ਸ਼ਾਇਰ ਮੌਲਾਨਾ ਇਕਬਾਲ ਵਰਗੇ ਭਾਵੇਂ
ਕਈ ਲੋਕ ਪੈਦਾ ਹੋ ਗਏ, ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਮਨੁਖਤਾ ਲਈ ਹਾਨੀਕਾਰਕ ਦਸਦਿਆਂ
ਮੰਨਣ ਤੋਂ ਇਨਕਾਰ ਕਰ ਦਿਤਾ । ਇਕਬਾਲ ਆਖਦਾ ਹੈ ਕਿ ਮਜ਼ਬ ਦੇ ਬਦਲੇ ਭਿਸ਼ਤ ਵਿੱਚ ਹੂਰਾਂ ਤੇ
ਲੌਂਡੇ ਭੋਗਣ ਦੀ ਮਲੀਨ ਲਾਲਸਾ, ਮਨੁੱਖ ਦੇ ਈਮਾਨ ਨੂੰ ਕਮਜ਼ੋਰ ਕਰਨ ਵਾਲੀ ਹੈ । ਇਸ ਲਈ
ਮੈਂ ਨਹੀਂ ਮੰਨਦਾ । ਉਸ ਦਾ ਸ਼ੇਅਰ ਹੈ
“ਬਹਿਸ਼ਤੋ, ਹੂਰੋ, ਗ਼ਿਲਮਾ; ਇਵਜ਼ਿ ਤਾਇਤ, ਮੈ ਨਾ
ਮਾਨੂੰਗਾ।
ਇਨਹੀ ਬਾਤੋਂ ਸੇ ਐ ਜ਼ਾਹਿਦ! ਜ਼ਾਈਫ਼ ਇਮਾਂ ਹੋਤਾ ਹੈ”।
ਪਰ, ਇਸ ਤੋਂ ਪੰਜ ਸੌ ਸਾਲ ਪਹਿਲਾਂ ਪੰਦਰਵੀਂ ਸਦੀ ਵਿੱਚ ਭਾਰਤੀ
ਭਾਈਚਾਰੇ ਵਿੱਚੋਂ ਜਿਹੜੇ ਮਰਜੀਵੜੇ ਮਹਾਂਪੁਰਖਾਂ ਨੇ ਸੁਰਗ ਭਿਸ਼ਤ ਤੇ ਨਰਕ ਦੋਜ਼ਖ਼ ਦੇ
ਕਲਪਨਿਕ ਖ਼ਿਆਲਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਰੱਦ ਕਰਨ ਦੀ ਦਲੇਰੀ ਦਿਖਾਈ, ਉਨ੍ਹਾਂ ਵਿੱਚੋਂ
ਸਭ ਤੋਂ ਸਿਰਮੌਰ ਸਨ ਰੱਬੀ ਪਿਆਰ ਵਿੱਚ ਗੜੂੰਦ ਭਗਤ ਕਬੀਰ ਸਾਹਿਬ, ਦੂਜੇ ਸਨ ਭਗਤ ਰਵਿਦਾਸ
ਜੀ ਅਤੇ ਤੀਜੇ ਸਨ ਮਾਨਵ ਹਿੱਤਕਾਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਭਗਤ
ਕਬੀਰ ਤੇ ਰਵਿਦਾਸ ਜੀ ਵਰਗੇ ੧੫ ਗੁਰਮੁਖਾਂ ਨੂੰ ਭਾਲ ਕੇ ਉਨ੍ਹਾਂ ਦੀ ਬਾਣੀ ਸੰਗ੍ਰਹਿ ਕੀਤੀ
ਅਤੇ ਇਸ ਪ੍ਰਕਾਰ ਉਨ੍ਹਾਂ ਦੇ ਸਹਿਯੋਗ ਨਾਲ ਬਿਪਰਵਾਦ ਵਿਰੁਧ ਇਨਕਲਾਬ ਲਿਆਉਣ ਲਈ ਜ਼ੋਰਦਾਰ
ਹੰਭਲਾ ਮਾਰਿਆ । ਸਤਿਗੁਰਾਂ ਨੇ ਪ੍ਰਚਾਰਿਆ ਕਿ ਸਿਮਰਨ ਦੁਆਰਾ ਰੱਬ ਦੇ ਨਿਕਟ ਰਹਿਣਾ ਸੁਰਗ
ਅਥਵਾ ਭਿਸ਼ਤ ਹੈ ਅਤੇ ਰੱਬ ਨੂੰ ਭੁੱਲ ਕੇ ਉਸ ਤੋਂ ਦੂਰ ਹੋਣਾ ਨਰਕ ਅਥਵਾ ਦੋਜਕ ਹੈ। ਹਰਿ
ਬਿਨੁ ਜੋ ਰਹਣਾ, ਨਰਕੁ ਸੋ ਸਹਣਾ; ਚਰਨ ਕਮਲ ਮਨੁ ਬੇਧਿਆ।। {ਅੰਗ ੧੧੨੨} ਗੁਰਵਾਕ, ਗੁਰੂ
ਨਾਨਕ ਦ੍ਰਿਸ਼ਟੀਕੋਨ ਨੂੰ ਬਿਲਕੁਲ ਸਪਸ਼ਟ ਕਰਦਾ ਹੈ । ਭਗਤ ਰਵਿਦਾਸ ਜੀ ਮਹਾਰਾਜ ਵੀ ਲੋਕਾਂ
ਨੂੰ ਸੁਰਗ-ਭਿਸ਼ਤ ਦੇ ਮੁਕਾਬਲੇ ਵਿੱਚ ਆਤਮਿਕ ਅਵਸਥਾ ਰੂਪ ਬੇਗਮਪੁਰੇ ਸ਼ਹਿਰ ਦੇ ਵਾਸੀ ਬਣਨ
ਦੀ ਪ੍ਰੇਰਨਾ ਕਰਦੇ ਸਨ ।
‘ਬੇਗ਼ਮਪੁਰੀ ਐਲਾਨਨਾਮਾ’ ਦੇ ਸਿਰਲੇਖ
ਹੇਠ ਜਿਸ ਸ਼ਬਦ ਨੂੰ ਲੇਖ ਦਾ ਆਧਾਰ ਮੰਨਿਆ ਹੈ, ਉਸ ਅੰਦਰਲੀ ਅਰਬੀ, ਫ਼ਾਰਸੀ ਤੇ
ਸਿੰਧੀ ਦੀ ਸ਼ਬਦਾਵਲੀ ਅਤੇ ਅਰਥ-ਭਾਵਾਂ ਨੂੰ ਸਮਝਦਿਆਂ ਨਿਰਣੈ ਹੁੰਦਾ ਹੈ ਕਿ ਕਿਸੇ ਸਿੰਧੀ
ਮੁਸਲਮਾਨ ਨੇ ਭਗਤ ਰਵਿਦਾਸ ਜੀ ਮਹਾਰਾਜ ਨੂੰ ਮੋਮਨ ਬਣ ਕੇ ਭਿਸ਼ਤ ਦਾ ਅਨੰਦ ਮਾਨਣ ਲਈ
ਪ੍ਰੇਰਿਆ ਹੋਵੇਗਾ; ਜਿਸ ਦੇ ਉਤਰ ਵਿੱਚ ਉਨ੍ਹਾਂ ਨੇ ਉਪਰੋਕਤ ਸ਼ਬਦ ਉਚਾਰਨ ਕੀਤਾ । ਇਸ ਨੂੰ
ਵਿਚਾਰਧਾਰਕ ਪੱਖੋਂ ਭਗਤ ਜੀ ਦਾ ਐਲਾਨਨਾਮਾ ਵੀ ਕਿਹਾ ਜਾ ਸਕਦਾ, ਕਿਉਂਕਿ ਇਸ ਵਿੱਚ
ਧਾਰਮਿਕ ਜਗਤ ਦੇ ਕਲਪੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ ੱਤੇ ਸੱਚ-ਮੁੱਚ ਦੀ ਉਸ ਆਤਮਕ ਅਵਸਥਾ
ਦਾ ਵਰਨਣ ਕੀਤਾ ਹੈ, ਜਿਸ ਦਾ ਉਹ ਆਪ ਅਨੰਦ ਮਾਣ ਰਹੇ ਸਨ । ਅਸਲ ਵਿੱਚ ਉਹ ਕਹਿਣਾ ਚਹੁੰਦੇ
ਹਨ ਕਿ ਦੁਨੀਆਂ ਦੇ ਮਿੱਥੇ ਹੋਏ ਸੁਰਗ-ਭਿਸ਼ਤ ਤਾਂ ਬ੍ਰਾਹਮਣ ਤੇ ਮੁਲਾਂ ਦੇ ਇਕਰਾਰ ਹੀ ਹਨ,
ਮਨੁਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਇਹ ਸਭ ਕੁੱਝ ਮਰਨ ਪਿਛੋਂ ਮਿਲੇਗਾ। ਪਰ, ਜਿਸ
ਆਤਮਕ ਅਵਸਥਾ ਦਾ ਮੈਂ ਜ਼ਿਕਰ ਕਰ ਰਿਹਾਂ ਹਾਂ, ਉਸ ਨੂੰ ਹਰੇਕ ਮਨੁੱਖ ਅਪਣੀ ਜ਼ਿੰਦਗੀ ਵਿੱਚ
ਸੱਚਮੁੱਚ ਹੀ ਅਨੁਭਵ ਕਰ ਸਕਦਾ ਹੈ; ਜੇ ਉਹ ਜੀਵਨ ਦੇ ਸਹੀ ਰਾਹ 'ਤੇ ਤੁਰਦਾ ਹੈ। ਬ੍ਰਾਹਮਣਾਂ
ਦੇ ਸੁਰਗ ਵਿੱਚ ਸ਼ੂਦਰ ਨੂੰ ਅਤੇ ਮੁਲਾਣਿਆਂ ਦੀ ਭਿਸ਼ਤ ਵਿੱਚ ਕਾਫ਼ਰਾਂ ਨੂੰ ਪ੍ਰਵੇਸ਼ ਨਹੀਂ
ਮਿਲ ਸਕਦਾ। ਪਰ, ਜਿਸ ਸ਼ਹਰ ਨੂੰ ਮੈਂ
ਆਪਣੀ ਵਤਨਗਾਹ ਬਣਾ ਕੇ ਅਨੰਦ ਮਾਣ ਰਿਹਾਂ ਤੇ ਤਹਾਨੂੰ ਉਹ ਅਨੰਦ ਮਾਨਣ ਦੀ ਸਲਾਹ ਦੇ ਰਿਹਾਂ,
ਉਥੇ ਨਾ ਹੀ ਕੋਈ ਗ਼ਮ ਹੈ ਅਤੇ ਨਾ ਹੀ ਕੋਈ ਸ਼ੂਦਰ ਤੇ ਕਾਫ਼ਰ ਵਰਗੀ ਦਵੈਤ ਤੇ ਵਿਤਕਰਾ ।
ਕਮਾਲ ਦੀ ਗੱਲ ਇਹ ਹੈ ਕਿ ਭਗਤ ਜੀ ਅਜਿਹੇ ਮੁਸਲਮਾਨ ਪ੍ਰਚਾਰਕ ਨੂੰ ਵੀ ‘ਮੇਰੇ ਭਾਈ ਕਹਿ
ਕੇ ਸੰਬੋਧਨ ਕਰਦੇ ਹਨ । ਆਖਦੇ ਹਨ –
ਅਬ ਮੋਹਿ ਖੂਬ ਵਤਨਗਹ ਪਾਈ।। ਊਹਾਂ ਖੈਰਿ
ਸਦਾ ਮੇਰੇ ਭਾਈ।।
ਹੇ ਮੇਰੇ ਵੀਰ ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ
ਸਦਾ ਸੁਖ ਹੀ ਸੁਖ ਹੈ । ਕਹਿਣ ਤੋਂ ਭਾਵ ਹੈ ਕਿ ਮੈਨੂੰ ਮੁਸਲਮਾਨ ਬਣ ਕੇ ਮਰਨ ਪਿਛੋਂ
ਭਿਸ਼ਤ ਪ੍ਰਾਪਤ ਕਰਨ ਦੀ ਲੋੜ ਨਹੀਂ ਰਹਿ ਗਈ। ਕਿਉਂਕਿ, ਮੈਨੂੰ ਜੀਊਂਦਿਆਂ ਹੀ ਉਹ ਉੱਚ
ਆਤਮਿਕ ਅਵਸਥਾ ਪ੍ਰਾਪਤ ਹੋ ਗਈ ਹੈ, ਜਿਥੇ ਸਦਾ ਹੀ ਸੁਖ-ਅਨੰਦ ਬਣਿਆ ਰਹਿੰਦਾ ਹੈ ।
ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ
ਨਹੀ ਤਿਹਿ ਠਾਉ।।
ਨਾਂ ਤਸਵੀਸ ਖਿਰਾਜੁ ਨ ਮਾਲੁ।। ਖਉਫੁ ਨ ਖਤਾ ਨ ਤਰਸੁ ਜਵਾਲੁ।। ੧।।
ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿੱਚ ਮੈਂ ਵੱਸਦਾ ਹਾਂ, ਉਸ
ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ ਪੋਹ ਸਕਦਾ);
ਉਸ ਥਾਂ ਨਾ ਕੋਈ ਦੁੱਖ ਹੈ, ਨਾ ਚਿੰਤਾ ਅਤੇ ਨਾ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ
ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ
ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ। ਭਗਤ ਜੀ ਦੇ ਕਹਿਣ ਤੋਂ ਭਾਵ ਹੈ ਕਿ
ਕਲਪਤ ਬਹਿਸ਼ਤ ਵਿੱਚੋਂ ਤਾਂ ਬਾਬੇ ਆਦਮ ਵਾਂਗ ਕੱਢੇ ਜਾਣ ਦਾ ਡਰ ਅਥਵਾ ਗ਼ਮ ਬਣਿਆਂ ਰਹਿੰਦਾ
ਹੈ। ਪਰ, ਜਿਸ ਬੇਗ਼ਮਪੁਰੇ ਦੀ ਮੈਂ ਗੱਲ ਕਰ ਰਿਹਾਂ ਹਾਂ, ਉਥੇ ਤਾਂ ਬਿਬੇਕ ਬੁੱਧ ਦੀ
ਬਦੌਲਤ ਰੱਬੀ ਰਜ਼ਾ ਵਿੱਚ ਚੱਲਣ ਕਰਕੇ ਮਨੁਖ ਪਾਸੋਂ ਕੋਈ ਅਜਿਹਾ ਪਾਪ ਕਰਮ ਹੋਣ ਦੀ ਸੰਭਾਵਨਾ
ਹੀ ਨਹੀਂ ਹੁੰਦੀ। ‘ਮੇਰਾ ਮੁਝ ਮਹਿ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ’ ਵਾਲੀ ਸਮਰਪਣ
ਭਾਵਨਾ ਹੋਣ ਕਾਰਨ ਸੰਪਤੀ ਟੈਕਸ ਦੇਣ ਦੀ ਚਿੰਤਾ ਵੀ ਨਹੀਂ ਸਤਾਉਂਦੀ। ਅਸਲ ਵਿੱਚ ਇਹੀ
ਕਾਰਨ ਹੈ ਕਿ ਬੇਗ਼ਮਪੁਰੇ ਦੇ ਵਾਸੀ ਦੀ ਆਚਰਣਿਕ ਉੱਚਤਾ ਤੇ ਆਤਮਿਕ ਅਨੰਦ ਵਿੱਚ ਕੋਈ
ਗਿਰਾਵਟ ਨਹੀਂ ਆਉਂਦੀ ਅਤੇ ਉਸ ਅੰਦਰ ਸਦਾ ਖੇੜਾ ਪਸਰਿਆ ਰਹਿੰਦਾ ਹੈ ।
ਤਿਉ ਤਿਉ ਸੈਲ ਕਰਹਿ ਜਿਉ ਭਾਵੈ।। ਮਹਰਮ ਮਹਲ ਨ
ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।। ਜੋ ਹਮ ਸਹਰੀ ਸੁ ਮੀਤੁ ਹਮਾਰਾ।। ੩।।
ਉਸ ਆਤਮਕ ਸ਼ਹਿਰ ਵਿੱਚ ਅੱਪੜੇ ਹੋਏ ਬੰਦੇ
ਉਸ ਅਵਸਥਾ ਵਿਚ ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ
ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਹੇ ਚਮਿਆਰ ਵਾਲੀ
ਹੀਣ ਭਾਵਨਾ ਤੋਂ ਮੁਕਤ ਹੋਏ ਰਵਿਦਾਸ ਆਖ, (ਹੇ ਭਾਈ) ਸਾਡਾ ਮਿੱਤਰ ਉਹੀ ਹੈ, ਜੋ ਸਾਡੇ
ਸ਼ਹਿਰ ਦਾ ਵਾਸੀ ਹੈ। ਭਾਵ, ਸੁਰਗ ਭਿਸ਼ਤ ਤੇ ਨਰਕ ਦੋਜ਼ਖ਼ ਵਾਲੀ ਵਿਚਾਰਧਾਰਾ ਨੂੰ ਛੱਡ ਕੇ
ਸਤਿਸੰਗ ਰਾਹੀਂ ਪ੍ਰਭੂ ਮਿਲਾਪ ਵਾਲੀ ਸਹਿਜਮਈ ਆਤਮਿਕ ਅਵਸਥਾ ਦਾ ਅਨੰਦ ਮਾਨਣ ਵਿੱਚ ਯਕੀਨ
ਰਖਦਾ ਹੈ। ਕਿਉਂਕਿ, ਉਨ੍ਹਾਂ ਲੋਕਾਂ ਨਾਲ ਮਿਤ੍ਰਤਾ ਕਾਇਮ ਰਹਿ ਸਕਦੀ ਹੈ, ਜਿਨ੍ਹਾਂ ਨਾਲ
ਵਿਚਾਰ ਮਿਲਦੇ ਹੋਣ। ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ।। (ਅੰਗ ੧੪੫) ਗੁਰਵਾਕ ਵੀ ਹੈ
:
ਇਸ ਸ਼ਬਦ ਦਾ ਅੰਤਲਾ ਵਾਕ “ਜੋ ਹਮ ਸਹਰੀ,
ਸੁ ਮੀਤੁ ਹਮਾਰਾ” ਭਗਤ ਰਵਿਦਾਸ ਜੀ ਦਾ ਇੱਕ ਦੂਰਦਰਸ਼ੀ ਐਲਾਨਨਾਮਾ ਮੰਨਿਆ ਜਾ ਸਕਦਾ
ਹੈ। ਕਿਉਂਕਿ, ਇਸ ਵਿੱਚ ਉਨ੍ਹਾਂ ਨੇ ਸਪਸ਼ਟ ਐਲਾਨ ਕੀਤਾ ਕਿ ਸਾਡੀ ਸਾਂਝ ਤੇ ਮਿਤ੍ਰਤਾ ਉਸ
ਨਾਲ ਹੈ, ਜੋ ਸਾਡੇ ਸ਼ਹਿਰ ਦਾ ਵਾਸੀ ਹੈ। ਭਾਵ, ਜੋ ਬਿਪਰਵਾਦੀ ਵਿਚਾਰਧਾਰਾ ਦੇ ਕਰਮਕਾਂਡੀ
ਚੱਕ੍ਰਵਿਊ ਵਿੱਚੋਂ ਨਿਕਲ ਕੇ ਰੱਬੀ ਰਜ਼ਾ ਵਿੱਚ ਸਹਜਮਈ ਜੀਵਨ ਜੀਊ ਰਿਹਾ ਹੈ। ਇਹ ਐਲਾਨਨਾਮਾ
ਆਪਣੇ ਆਪ ਵਿੱਚ ਉਹ ਵਿਸ਼ਾਲ ਤੇ ਗਹਿਰੇ ਅਰਥ-ਭਾਵ ਸਮੋਈ ਬੈਠਾ ਹੈ, ਜਿਨ੍ਹਾਂ ਨੂੰ ਮੰਨ ਕੇ
ਸਿੱਖੀ ਦੀ ਨਿਰਮਲਤਾ ਤੇ ਨਿਆਰੇਪਨ ਨੂੰ ਵੀ ਕਾਇਮ ਰਖਿਆ ਜਾ ਸਕਦਾ ਹੈ ਅਤੇ ਸਿੱਖੀ ਦੇ
ਵਿਹੜੇ ਵਿੱਚਲੇ ਉਹ ਸਾਰੇ ਲੋਕ ਹਮ-ਸ਼ਹਰੀ ਬਣ ਕੇ ਭਾਈਚਾਰਕ ਏਕਤਾ ਵੀ ਕਾਇਮ ਕਰ ਸਕਦੇ ਹਨ;
ਜਿਹੜੇ ਬਿਪਰਵਾਦੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਮੁੜ ਉਨ੍ਹਾਂ ਕਸਾਈਆਂ ਦੇ ਵਾੜੇ ਦੀਆਂ ਭੇਡਾਂ
ਬਣੀ ਜਾ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਦਾ ਪੈਰਾਂ ਹੇਠ ਰੋਲਿਆ ਹੈ। ਇਸ ਲਈ ਹੁਣ
ਲੋੜ ਤਾਂ ਕੇਵਲ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰੇਕ ਸੇਵਕ ਸਿੱਖ ਜ਼ਿੰਦਗੀ
ਦੇ ਸਾਰੇ ਖੇਤਰਾਂ ਵਿਖੇ ਬੁਲੰਦ ਅਵਾਜ਼ ਵਿੱਚ ਇਹੀ ਐਲਾਨ ਕਰੇ ਕਿ
“ਜੋ ਹਮ ਸਹਰੀ, ਸੁ ਮੀਤੁ ਹਮਾਰਾ”।
ਭੁੱਲ-ਚੁੱਕ ਮੁਆਫ਼।