Khalsa News homepage

 

 Share on Facebook

Main News Page

ਗੁਰਮਤਿ ਵਿੱਚ "ਮੁਕਤੀ" ਦਾ ਸੰਕਲਪ
-: ਨਿਰਮਲ ਸਿੰਘ ਸੁਰ ਸਿੰਘ
98885 20250
29.01.2020

ਮੁਕਤੀ ਦੀ ਪਰਿਭਾਸ਼ਾ

"ਮੁਕਤਿ " ਸ਼ਬਦ ਦਾ ਅਰਥ ਹੈ --- ਛੁਟਕਾਰਾ, ਖ਼ਲਾਸੀ, ਰਿਹਾਈ ।

ਮੁਕਤੀ ਦੇ ਸਬੰਧ ਚੋ ਗੁਰਮਤਿ ਦਾ ਨਜ਼ਰਈਆ ਸਮਝਣ ਤੋਂ ਪਹਿਲਾਂ , ਵੱਖ ਵੱਖ ਧਰਮਾਂ ਦੀ ਇਸ ਪ੍ਰਥਾਇ ਕੀ ਰਾਇ ਹੈ ? ਆਓ ਇਸ ਵੱਲ ਝਾਤੀ ਮਾਰੀਏ

ਕਿਉਂਕਿ ਭਾਰਤੀ ਸਮਾਜ ਅੰਦਰ ਮੁਕਤੀ ਨੂੰ ਲੈ ਕੇ ਵੱਖ ਵੱਖ ਸਮੇਂ ਕਈ ਖ਼ਿਆਲ ਪ੍ਰਚੱਲਿਤ ਰਹੇ ਹਨ । ਨਿਰਮਲ ਪੰਥ ( ਗੁਰਮਤਿ) ਦੀ ਵਿਚਾਰਧਾਰਾ ਨੇ ਇਸ ਸਮਾਜ ਨੂੰ ਮੁਕਤੀ ਪ੍ਰਾਪਤੀ ਲਈ ਇੱਕ ਨਵੇ ਵਿਲੱਖਣ ਸੰਕਲਪ ਨਾਲ ਜੋੜਿਆ ਹੈ ।

੧. ਹਿੰਦੂ ਧਰਮ ---- ਸਨਾਤਨੀ ਧਰਮ ਗ੍ਰੰਥਾਂ ਵਿੱਚ ਮਨੁੱਖ ਮਰਨ ਮਗਰੋਂ ਆਪਣੇ ਕੀਤੇ ਹੋਏ ਕੰਮਾਂ ਅਨੁਸਾਰ ਸਵੱਰਗ ਜਾਂ ਨਰਕਾਂ ਵਿੱਚ ਜਾਂਦਾ ਹੈ । ਸਵੱਰਗ ਵਿੱਚ ਮਨੁੱਖ ਨੂੰ ਐਸ਼ ਪ੍ਰਸਤੀ ਤੇ ਨਰਕਾਂ ਵਿੱਚ ਘੋਰ ਤਸੀਹੇ ( ਸਰੀਰਕ ਕਸ਼ਟ ) ਦਿੱਤੇ ਜਾਂਦੇ ਹਨ । ਤੇ ਆਤਮਾ ਵੱਖ ਵੱਖ ਜੂਨਾਂ ਦੀ ਭਟਕਨਾ ਵਿੱਚ ਪੈ ਕੇ ਆਵਾ ਗਵਨ ਦੇ ਚੱਕਰ ਵਿੱਚ ਪੈ ਜਾਂਦੀ ਹੈ । ਪ੍ਰਾਣੀ ਦੀ ਮੌਤ ਪਿੱਛੋਂ ਪਰਿਵਾਰਕ ਮੈਬਰਾਂ ਦਾ ਪੂਜਾਰੀ ਨੂੰ ਕੀਤਾ ਹੋਇਆ ਦਾਨ ਪੁੰਨ, ਮਰ ਚੁੱਕੇ ਪਿੱਤਰਾਂ ਨੂੰ ਪਹੁੰਚਦਾ ਹੈ, ਜਿਸ ਨਾਲ ਪਿੱਤਰ ਤ੍ਰਿਪਤ ਤੇ ਮੁਕਤ ਹੁੰਦੇ ਸਨ। ਇਸ ਵਿਧੀ ਨੂੰ ਪੂਰਾ ਕਰਨ ਲਈ ਕੁੱਝ ਖ਼ਾਸ ਧਾਰਮਿਕ-ਅਸਥਾਨ ਜਿਵੇਂ ਪ੍ਰਯਾਗ ਦਾ ਤ੍ਰਿਬੇਣੀ ਸੰਗਮ (ਗੰਗਾ, ਜਮੁਨਾ, ਸਰਸਵਤੀ) ਤੇ ਹਰਿਦੁਆਰ, ਉੱਤੇ ਇਸ਼ਨਾਨ ਕਰਨਾ ਤੇ ਦਾਨ ਪੁੰਨ ਕਰਨ ਨੂੰ ਲੋਕ ਬਹੁਤ ਤਰਜੀਹ ਦਿੰਦੇ ਸਨ। ਪ੍ਰਯਾਗ ਵਿੱਚ ਤਾਂ ਇੱਕ ਬੋਹੜ ਦਾ ਦਰਖ਼ਤ ਵੀ ਸੀ, ਜਿਸ ਬਾਰੇ ਪਾਂਡੇ ਆਖਦੇ ਸਨ ਜਿਹੜਾ ਵੀ ਪ੍ਰਾਨੀ ਆਪਣਾ ਸਾਰਾ ਕੁੱਝ ਤਿਆਗ ਕੇ ਇਸ ਬੋਹੜ ਦੇ ਦਰਖ਼ਤ ਤੋਂ ਡਿੱਗ ਕੇ ਜਾਨ ਦੇਵੇਗਾ ਉਂਸਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਇਸ ਬੋਹੜ ਨੂੰ ਅਕਸ਼ਯ ਵੱਟ ( ਨਾਸ਼ ਰਹਿਤ ) ਦਰਖ਼ਤ ਆਖਿਆ ਜਾਂਦਾ ਸੀ ।

ਨੋਟ : ਜਹਾਂਗੀਰ ਬਾਦਸ਼ਾਹ ਨੇ ਆਪਣੇ ਸਮੇਂ ਇਸ ਦਰਖ਼ਤ ਨੂੰ ਕਟਵਾ ਦਿੱਤਾ ਸੀ ।

ਇੰਝ ਮੁਕਤੀ ਦੇ ਨਾਂ ਤੇ ਪੂਜਾਰੀ ਵਰਗ ਲੋਕਾਂ ਦਾ ਮਰਨ ਤੋਂ ਪਹਿਲਾਂ ਸਾਰਾ ਮਾਲ ਧਨ ਹੜੱਪ ਲੈਂਦਾ ਸੀ, ਇਸਤੋਂ ਇਲਾਵਾ ਪੰਡਿਤਾਂ ਨੇ ਲੋਕਾਂ ਵਿੱਚ ਇਹ ਵੀ ਪ੍ਰਚੱਲਿਤ ਕੀਤਾ ਸੀ ਕਿ ਜਿਹੜਾ ਮਨੁੱਖ ਕਾਂਸ਼ੀ ਵਿੱਚ ਪ੍ਰਾਣ ਤਿਆਗੇਗਾ ਉਂਸਦੀ ਮੁਕਤੀ ਹੁੰਦੀ ਹੈ ਤੇ ਜਿਹੜਾ ਮਗਹਰ ਨਾਂ ਦੇ ਨਗਰ ਵਿੱਚ ਜਾ ਕੇ ਮਰਦਾ ਹੈ, ਉਹ ਗਧੇ ਦੀ ਜੂਨ ਵਿੱਚ ਪੈਂਦਾ ਹੈ । ਕਾਂਸ਼ੀ ਵਿੱਚ ਤਾਂ ਇੱਕ ਕ੍ਰਵਤਰ ਆਰਾ ਰੱਖਿਆ ਹੋਇਆ ਸੀ ਤੇ ਇਹ ਗੱਲ ਲੋਕਾਂ ਵਿੱਚ ਫੈਲਾ ਦਿੱਤੀ ਗਈ ਕਿ, ਪੰਡਿਤਾਂ ਨੂੰ ਦਾਨ ਪੁੰਨ ਕਰਨ ਮਗਰੋਂ ਜਿਹਵਾ ਪ੍ਰਾਣੀ ਆਰੇ ਨਾਲ ਸਰੀਰ ਚਿਰਵਾ ਲਵੇਗਾ ਉਂਹ ਸਿੱਧਾ ਸ਼ਿਵ ਪੁਰੀ ਜਾਵੇਗਾ ਸ਼ਿਵਪੁਰੀ ਜਾਣ ਦਾ ਮਤਲਬ ਸੀ ਮੁਕਤੀ । ਇੰਝ ਅਗਿਅਨੀ ਤੇ ਭ੍ਰਮ ਗ੍ਰਸੇ ਲੋਕ ਬਹੁਤ ਲੰਮੇ ਸਮੇਂ ਤੱਕ ਪੂਜਾਰੀ ਦੇ ਮੁਕਤੀ ਪਖੰਡ ਨੂੰ ਨਾਂ ਸਮਝ ਸਕੇ ਦੇ ਆਪਣੀ ਲੁੱਟ ਕਰਾਉਂਦੇ ਰਹੇ ।

੨. ਇਸਲਾਮ ਧਰਮ ---- ਕਿਆਮਤ ਵਿੱਚ ਵਿਸ਼ਵਾਸ ਰੱਖਦਾ ਹੈ, ਜਿਸਨੂੰ "ਰੋਜ਼ੇ ਕਿਆਮਤ" ਜਾਂ "ਹਸ਼ਰ" ਵੀ ਕਿਹਾ ਗਿਆ ਹੈ, ਮੰਨਿਆ ਜਾਂਦਾ ਹੈ ਕਿ ਦੁਨੀਆ ਦਾ ਇੱਕ ਅਖੀਰਲਾ ਦਿਨ ਹੋਵੇਗਾ ਜਿਸ ਦਿਨ ਕਿਆਮਤ ਦੀ ਰਾਤ ਅਵੇਗੀ, ਹਜ਼ਰਤ ਮਹੁੰਮਦ ਸਾਹਿਬ 'ਤੇ ਯਕੀਨ ਰੱਖਣ ਵਾਲੇ ਲੋਕ ਕਬਰਾਂ ਵਿੱਚੋਂ ਉੱਠ ਖੜੋਣਗੇ ਤੇ ਸਵੱਰਗਾਂ ਵਿੱਚ ਜਾਣਗੇ, ਪਰ ਮੰਦ ਖ਼ਿਆਲੀ ਲੋਕ ਦੋਜ਼ਖ ( ਨਰਕ ) ਵਿੱਚ ਜਾਣਗੇ, ਤੇ ਆਪਣੇ ਕਰਮਾਂ ਅਨੁਸਾਰ ਉਂਹਨਾਂ ਨੂੰ ਡੰਡ ਭੁਗਤਨਾ ਪਵੇਗਾ । ਇਸ ਤਰ੍ਹਾਂ ਨੇਕੀ ਤੇ ਪਕੀਜ਼ਗੀ ਵੱਲ ਲਿਜਾਣ ਲਈ ਮਨੁੱਖੀ ਨੂੰ ਸਵੱਰਗ ਦੇ ਸੁੱਖ ਦਾ ਲਾਲਚ ਤੇ ਅੱਲ੍ਹਾ ਤਾਲਾ ਦੀ ਨਜ਼ਰ ਵਿੱਚ ਪ੍ਰਵਾਨ ( ਮੁਕਤ ) ਹੋਣ ਲਈ ਨਰਕ ਦਾ ਡਰ ਦਿੱਤਾ ਗਿਆ ਹੈ ।

੩. ਇਸਾਈ ਮੱਤ ---- ਇਸਾਈ ਮੱਤ ਅਨੁਸਾਰ ਵੀ ਮੁਕਤੀ ਦਾ ਅਰਥ ਮੌਤ ਮਗਰੋਂ ਪ੍ਰਮਾਤਮਾ ਕੋਲ (ਸਵੱਰਗ) ਵਿੱਚ ਜਾਣਾ ਹੈ । ਇਹ ਮੁਕਤੀ ਈਸਾ ਜੀ ਰਾਹੀਂ ਪ੍ਰਾਪਤ ਹੁੰਦੀ ਹੈ। ਕਿਉਂਕਿ ਪ੍ਰਭੂ ਦੇ ਪੁੱਤਰ ਈਸਾ ਦੀ ਆਤਮਾ ਹੀ ਸਾਰੇ ਇਸਾਈਆਂ ਦੀ ਆਤਮਾ ਹੈ, ਇਸ ਲਈ ਸਾਰੇ ਇਸਾਈ ਪ੍ਰਭੂ ਦੇ ਪੁੱਤਰ ਹਨ, ਈਸਾ ਦੀ ਆਤਮਾ ਹੀ ਉਂਹਨਾਂ ਨੂੰ ਪ੍ਰਭੂ ਨਾਲ ਮਿਲਾਉਂਦੀ ਹੈ । ਈਸਾ ਹੀ ਮੁਕਤੀ ਦਾਤਾ ਹੈ ।

੪. ਬੁੱਧ ਮੱਤ ---- ਮਹਾਤਮਾ ਬੁੱਧ ਦਾ ਚਲਾਇਆ ਹੋਇਆ ਮੱਤ ਜਿੱਥੇ ਖੁੱਲ੍ਹੇ ਸ਼ਬਦਾਂ ਚੋ ਕਰਮ ਕਾਂਡਾ ਦੀ ਨਿਖੇਧੀ ਕਰਦਾ ਹੈ ਓਥੇ ਪੁਰਾਣੇ ਧਰਮ ਵਿਸ਼ਵਾਸਾਂ ਨੂੰ ਰੱਦ ਕਰਕੇ ਸਮਾਜ ਨੂੰ ਨਵਾਂ ਧਾਰਮਿਕ ਦ੍ਰਿਸ਼ਟੀਕੋਣ ਪ੍ਰਧਾਨ ਕਰਦਾ ਹੈ । ਪਰ ਜਦੋਂ ਗੱਲ ਮੁਕਤੀ ਦੀ ਆਉਂਦੀ ਹੈ ਤਾਂ ਏਥੇ ਵੀ ਮਨੁੱਖ ਨੂੰ ਬੰਦਸ਼ਾਂ ਅਧੀਨ ਰਹਿਣਾ ਪੈਂਦਾ ਹੈ, ਫਿਰ ਕਿਤੇ ਜਾ ਕੇ ਉਂਸਨੂੰ ਨਿਰਵਾਣ ਪ੍ਰਾਪਤੀ ਹੁੰਦੀ ਹੈ । ਨਿਰਵਾਣ ( ਮੁਕਤੀ ) ਬੋਧੀਆਂ ਦਾ ਕੇਂਦਰੀ ਲਕਸ਼ ਮੰਨਿਆਂ ਗਿਆ ਹੈ । ਪਰ ਨਿਰਵਾਣ ਦੀ ਪ੍ਰਾਪਤੀ ਮਹਾਤਮਾ ਬੁੱਧ ਰਾਹੀਂ ਹੀ ਹੋ ਸਕਦੀ ਹੈ । ਬੁੱਧ ਮੱਤ ਮੁਤਾਬਿਕ ਨਿਰਵਾਣ ਨੂੰ ਪਰਮ ਅਨੰਦ ਦੀ ਅਵੱਸਥਾ ਵੀ ਆਖਿਆ ਹੈ । ਜਿਸਦਾ ਭਾਵ ਹੈ ਵਿਆਪਕ ਦੁੱਖਾਂ ਤੋਂ ਛੁਟਕਾਰਾ ਪਾਉਂਣਾ, ਪਰ ਇਸ ਮੁਕਤੀ ਲਈ ਬੁੱਧ ਜੀ ਦੇ ਬਣਾਏ ਹੋਏ ਕੁੱਝ ਖ਼ਾਸ ਅਸੂਲਾਂ ਉੱਪਰ ਤੁਰਨਾ ਪੈਂਦਾ ਹੈ ।

੫. ਜੈਨ ਮੱਤ ---- ਅੰਦਰ ਮੁਕਤੀ ਪ੍ਰਾਪਤ ਲਈ ਬਹੁਤ ਕਠਨ ਘਾਲਨਾ ਘਾਲਨੀ ਪੈਂਦੀ ਹੈ, ਕਰੜੇ ਕਸ਼ਟ ਸਰੀਰ ਉੱਤੇ ਝੱਲਨੇ ਪੈਂਦੇ ਹਨ, ਤੱਪ ਸਾਧਨਾ ਦੇ ਰਾਹੀਂ ਕਰਮਾਂ ਦਾ ਅੰਤ ਹੋ ਜਾਂਦਾ ਹੈ ਤੇ ਆਤਮਾ ਸਰੀਰ ਨੂੰ ਛੱਡ ਕੇ ਸਿੱਧੀ ਉੱਪਰ ਨੂੰ ਉੱਠਦੀ ਹੈਅਤੇ ਬ੍ਰਹਮੰਡ ਦੀ ਚੋਟੀ ਤੇ ਪਹੁੰਚ ਕੇ ਨਿਵਾਸ ਰੱਖਦੀ ਹੈ ਜਿੱਥੇ ਸਾਰੀਆਂ ਮੁਕਤ ਰੂਹਾਂ ਰਹਿੰਦੀਆਂ ਹਨ । ਜੈਨੀਆਂ ਦੇ ਪ੍ਰਸਿੱਧ ਗ੍ਰੰਥ "ਅਚਾਰਾਂਗ ਸੂਤ੍ਰ " ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਵਰਧਮਾਨ ਮਹਾਂਵੀਰ ਜੈਨ ਨੂੰ ਮੁਕਤੀ ਪ੍ਰਾਪਤ ਹੋਈ ਤਾਂ ਉਂਹਨਾਂ ਨੇ ਸੰਸਾਰ ਨੂੰ ਤਿਆਗ ਦਿੱਤਾ, ਅਤੇ ਅਨੇਕਾਂ ਸਰੀਰਕ ਕਸ਼ਟ ਸਹਿ ਕੇ ਤਪੱਸਿਆ ਕੀਤੀ, ਇਸੇ ਕਰਕੇ ਜੈਨ ਮੱਤ ਵਿੱਚ ਤਪੱਸਿਆ ਤੇ ਅਹਿੰਸਾ ਨੂੰ ਮੁਕਤੀ ਦਾ ਸਾਧਨ ਮੰਨਿਆ ਗਿਆ ਹੈ

ਇੰਝ ਸਿੱਖ ਧਰਮ ਦੀ ਸਥਾਪਨਾ ਤੋਂ ਪਹਿਲਾਂ ਬਾਕੀ ਦੇ ਮੱਤਾਂ ਵਿੱਚ ਮੁਕਤੀ ਦੇ ਵੱਖ ਵੱਖ ਖ਼ਿਆਲ ਚਰਚਾ ਵਿੱਚ ਸਨ । ਪਰ ਸਿੱਖ ਧਰਮ ਅੰਦਰ ਮੁਕਤੀ ਦਾ ਵਿਲੱਖਣ ਸਕੰਲਪ ਦਰਸਾਇਆ ਗਿਆ ਹੈ, ਜਿਸਨੂੰ ਜੀਵਨ ਮੁਕਤ ਆਖਿਆ ਜਾਂਦਾ ਹੈ । ਭਾਈ ਕਾਨ੍ਹ ਸਿੰਘ ਜੀ ਨਾਭ੍ਹਾ (ਗੁਰਮਤਿ ਮਾਰਤੰਡ ਦੇ ਪੰਨਾ ੭੭੬) ਤੇ ਮੁਕਤੀ ਦੀ ਪਰਿਭਾਸ਼ਾ ਬਾਰੇ ਲਿਖਦੇ ਹਨ "ਭ੍ਰਮ ਮੂਲ ਰਸਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਤੋਂ ਛੁਟਕਾਰੇ ਦਾ ਨਾਉਂ ਮੁਕਤੀ ਹੈ, ਬਸ ਆਹ ਮੁਕਤੀ ਦਾ ਮੇਲ ਭਾਰਤ ਦੇ ਬਾਕੀ ਧਰਮਾਂ ਵਿੱਚ ਦੱਸੀ ਗਈ ਮੁਕਤੀ ਨਾਲ ਨਹੀਂ ਹੁੰਦਾ, ਕਿਉਂਕਿ ਗੁਰਮਤਿ ਨੇ ਮਰਨ ਮੁਕਤ ਨੂੰ ਰੱਦ ਕਰਕੇ ਜੀਵਨ ਮੁਕਤੀ ਦੀ ਗੱਲ ਕੀਤੀ ਹੈ ।

੧. ਮੂਏ ਹੂਏ ਜਉਂ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ੧੨੯੨

੨. ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨ ਪਾਈ ॥ ੯੩

ਵੈਸੇ ਗੁਰਬਾਣੀ ਵਿੱਚ ਦੋ ਪ੍ਰਕਾਰ ਦੀ ਮੁਕਤੀ ਦਾ ਜ਼ਿਕਰ ਮਿਲਦਾ ਹੈ, ਇੱਕ ਮੁਕਤੀ ਜੋ ਸਦੀਆਂ ਤੋਂ ਪੂਜਾਰੀ ਲੋਕਾਂ ਨੂੰ ਲੁੱਟਣ ਲਈ ਦੱਸਦਾ ਆ ਰਿਹਾ ਸੀ, ਦੂਜੀ ਮੁਕਤੀ ਮਰਨ ਤੋਂ ਬਾਅਦ ਵਾਲੀ ਨਹੀਂ ਹੈ ਸਗੋਂ ਜਿਉਂਦੇ ਜੀਅ ਮੁਕਤ ਹੋਣਾ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਤੇ ਪ੍ਰਭੂ ਪਿਆਰ ਵਿੱਚ ਲੀਨ ਹੋ ਕੇ ਬੁਰਿਆਈਆਂ ਤੋਂ ਮੁਕਤ ਹੋਣਾ ਹੈ, ਇਹ ਮੁਕਤੀ ਇੱਛਾ ਰਹਿਤ ਹੋ ਕੇ ਮਾਲਕ ਦੇ ਭਾਣੇ ਵਿੱਚ ਚਲ ਕੇ ਮਿਲਦੀ ਹੈ । ਤੇ ਇਸਦੇ ਲਈ ਕੋਈ ਸਰੀਰਕ ਹਠ ਨਹੀਂ ਕਰਨਾ ਪੈਂਦਾ ਇਹ ਤਾਂ,

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥
੫੨੨ ............ਮਿਲਦੀ ਹੈ ।

ਜਿਵੇਂ ਹਿੰਦੂ, ਮੁਸਲਮਾਨ, ਇਸਾਈ, ਯਹੂਦੀਆਂ ਵਿੱਚ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕਥਨ ਤੇ ਨਰਕ ਸਵਰਗ ਦੇ ਡਰਾਵੇ ਹਨ, ਉਂਵੇਂ ਨਹੀਂ, ਏਥੇ ਤਾਂ ਸਾਫ ਸਪੱਸ਼ਟ ਸ਼ਬਦਾਂ 'ਚ ਕਿਹਾ ।

ਸੋ ਮੁਕਤਾ ਸੰਸਾਰਿ ਜੇ ਗੁਰਿ ਉਂਪਦੇਸਿਆ ॥ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ ੫੧੯

ਗੁਰ ਉਂਪਦੇਸ਼ ਰਾਹੀ ਮੁਕਤੀ ਮਿਲਦੀ ਹੈ ਕਿਉਂਕਿ ਗੁਰੂ ਆਪ ਮੁਕਤ ਹੈ ।

ਐਸੇ ਗੁਰਿ ਕਉਂ ਬਲਿ ਬਲਿ ਜਾਈਐ ਆਪ ਮੁਕਤੁ ਮੁਹਿ ਤਾਰੈ ॥ ੧॥ ਰਹਾਉਂ ॥ ੧੩੦੧

ਗੁਰੂ ਪ੍ਰਾਮਾਤਮਾ ਦੀ ਪਹਿਚਾਣ ਹੀ ਮੁਕਤੀ ਹੈ ।

ਜਿਹਿ ਪ੍ਰਾਨੀ ਹਉਂਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਸਾਚੀ ਮਾਨੁ ॥

ਲੋਕ ਮਨਾਂ ਉੱਤੇ ਸਿੱਖ ਲਹਿਰ ਦਾ ਪ੍ਰਭਾਵ ਬਹੁਤ ਛੇਤੀ ਨਾਲ ਪੈਣ ਦਾ ਵੱਡਾ ਕਾਰਨ ਇੱਕ ਇਹ ਵੀ ਸੀ,ਕਿ ਏਥੇ ਦੂਜੇ ਧਰਮਾਂ ਵਾਂਗ ਕਿਸੇ ਉੱਤੇ ਨਿਰਭਰ ਨਹੀਂ ਸੀ ਹੋਣਾ ਪੈਂਦਾ, ਮੁਕਤੀ ਪ੍ਰਾਪਤੀ ਦਾ ਬੜਾ ਸੌਖਾ ਤੇ ਸਾਦਾ ਜਿਹਾ ਤਰੀਕਾ ਦੱਸਿਆ ਗਿਆ ਸੀ ਲੋਕਾਂ ਨੂੰ ਕਿਉਂਕਿ ਆਰੇ ਨਾਲ ਤਨ ਨੂੰ ਚਿਰਵਾ ਲੈਣਾ ਜਾਂ ਪਰਿਵਾਰ ਨੂੰ ਛੱਡ ਕੇ ਕਿਸੇ ਖਾਸ ਥਾਂ 'ਤੇ ਜਾ ਕੇ ਸਮਾਂ ਬਤੀਤ ਕਰਨਾ ਤੇ ਆਪਣੀ ਮੌਤ ਦੀ ਉਂਡੀਕ ਕਰਨੀ ਇਹ ਮੁਕਤੀ ਦੇ ਤਰੀਕੇ ਲੋਕਾਂ ਲਈ ਬਹੁਤ ਕਠਿਨ ਤੇ ਮਨ ਦਹਿਲਾ ਦੇਣ ਵਾਲੇ ਸਨ, ਜਿਸਦੀ ਗੁਰਮਤਿ ਨੇ ਡੰਕੇ ਦੀ ਚੋਟ ਤੇ ਨਿਖੇਧੀ ਕੀਤੀ ਹੈ ।

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥ ੩॥੪੮੪

ਏਥੇ ਇੱਕ ਗੱਲ ਹੋਰ ਧਿਆਨ ਮੰਗਦੀ ਹੈ , ਗੁਰਮਤਿ ਵਿੱਚ ਮੁਕਤੀ ਦਾ ਭਾਵ, ਅਖੌਤੀ ਨਰਕ ਤੋਂ ਬਚਣ ਤੇ ਸਵੱਰਗ ਪ੍ਰਾਪਤੀ ਲਈ ਨਹੀਂ ਹੈ । ਇਹ ਤਾਂ ਚਲਾਕ ਲੋਕਾਂ ਦਾ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦਾ ਢਕਵੰਜ ਸੀ, ਆਵਾਗਉਂਨ, ਨਰਕ ਸੁਰਗ ਦਾ ਡਰਾਵਿਆਂ ਦੀ ਪ੍ਰਵਾਹ ਪ੍ਰਭੂ ਪਿਆਰ ਵਾਲੇ ਸੰਤ ਨਹੀਂ ਕਰਦੇ ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥ ੯੬੯

ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਊਮੈ ਜਾਇ ॥ ੧੦੦੯

ਅਸਲ ਮੁਕਤ ਤਾਂ ਧਰਮੀ ਸਚਿਆਰ ਮਨੁੱਖ ਹੀ ਹੈ । ਮੁਕਤ ਹੋਣ ਲਈ ਜੰਗਲਾਂ, ਬੇਲਿਆਂ, ਵਿੱਚ ਜਾਨ ਦੀ ਵੀ ਲੋੜ ਨਹੀਂ, ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ, ਸਮਾਜ ਦਾ ਹਿੱਸਾ ਬਣ ਕੇ ਵੀ ਮੁਕਤ ਅਵੱਸਥਾ ਦਾ ਅਨੰਦ ਮਾਣਿਆ ਜਾ ਸਕਦਾ ਹੈ । ਮਰਨ ਤੋਂ ਬਾਅਦ ਜਾਂ ਕਰੜੇ ਹੱਠ ਤਪਾਂ ਦੀ ਗੱਲ ਨਹੀਂ ਏਥੇ ਤਾਂ ਜਿਊਦੇਂ ਜੀਅ ਮਰਨਾ ਪੈਂਦਾ ਹੈ ।

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

ਸੋ ਆ ਕੁੱਝ ਕੁ ਗੁਰਬਾਣੀ ਪ੍ਰਮਾਣ ਮੁਕਤੀ ਦੇ ਸਬੰਧ 'ਚੋਂ ਹੇਠਾਂ ਦਿੱਤੇ ਜਾ ਰਹੇ ਹਨ, ਪਾਠਕ ਆਪ ਇਹਨਾਂ ਨੂੰ ਪੜ ਕੇ ਵੀਚਾਰ ਲੈਣ ਕੋਈ ਭੁਲੇਖਾ ਨਹੀਂ ਰਹਿ ਜਾਂਦਾ ……

੧. ਮੂੰਡ ਮੁੰਡਾਏ ਜੌ ਸਿਧਿ ਪਾਈ ॥ ਮੁਕਤੀ ਭੇਡ ਨ ਗਈਆ ਕਾਈ ॥ ੩੨੪
੨. ਹੁਕਮੇ ਮੁਕਤੀ ਹੁਕਮੇ ਨਰਕਾ ॥ ਹੁਕਮਿ ਸੈਸਾਰੀ ਹੁਕਮੇ ਭਗਤਾ ॥ ੧੦੮੧
੩. ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ ੧੧
੪. ਮੁਕਤੇ ਸੇਵੇ ਮੁਕਤਾ ਹੋਵੈ॥ ਹਉਂਮੈ ਮਮਤਾ ਸਬਦੇ ਖੋਵੈ ॥ ੧੧੬


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top