ਮਨੁੱਖ
ਦੇ ਆਪਣੇ ਜਨਮ ਤੋਂ ਮੌਤ ਤੱਕ ਦੇ ਸਫਰ ਦੌਰਾਨ ਅਨੇਕਾਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ ।
ਕੁਦਰਤ ਦੇ ਨਿਯਮ ਅਨੁਸਾਰ ਹਰੇਕ ਇਨਸਾਨ ਨੂੰ ਬਚਪਣ ਜੁਆਨੀ ਤੇ ਬੁਢਾਪੇ ਤੱਕ ਦੇ ਸਫਰ ਚੋਂ
ਲੰਘਣਾ ਪੈਂਦਾ ਹੈ, ਭਾਂਵੇਂ ਓਹ ਗੁਰਮੁਖ ਹੋਵੇ ਜਾਂ ਮਨਮੁੱਖ ਇਥੋਂ ਤੱਕ ਨਾਸਤਿਕ ਨੂੰ ਵੀ
ਇਹ ਸਰੀਰਕ ਪੜਾਅ ਤੈਅ ਕਰਨੇ ਪੈਂਦੇ ਹਨ, ਪਰ ਇਸ ਦੇ ਬਾਵਜੂਦ ਵੀ ਗੁਰਬਾਣੀ ਵਿਚ ਸਤਿਗੁਰੂ
ਜੀ ਦਾ ਫੁਰਮਾਨ ਹੈ :
ਗੁਰਮੁਖਿ ਬੁਢੇ ਕਦੇ ਨਾਹੀ ਜਿਨਾਂ ਅੰਤਰਿ ਸੁਰਤਿ
ਗਿਆਨੁ ॥
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨ ॥
ਜੇਕਰ ਓਪਰੀ ਨਿਗਾਹ ਨਾਲ ਇਹਨਾਂ ਤੁਕਾਂ ਦੇ ਅਰਥ ਕੀਤੇ ਜਾਣ ਤਾਂ ਇਸ
ਦੇ ਅਰਥ ਇਹ ਨਿਕਲਦੇ ਹਨ ਕਿ ਜਿਹਨਾਂ ਦਾ ਮੁੱਖ ਗੁਰੂ ਵੱਲ ਹੋਵੇ ਜਾਂ ਰੱਬੀ ਧਿਆਨ ਵਾਲੇ
ਮਨੁੱਖ ਕਦੇ ਬੁੱਢੇ ਨਹੀਂ ਹੁੰਦੇ ਤੇ ਉਹ ਆਪਣੇ ਹਿਰਦੇ ਵਿਚ ਸਦਾ ਹਰੀ ਪ੍ਰਭੂ ਦੀਆਂ ਸਿਫਤ
ਸਲਾਹਾਂ ਕਦੇ ਰਹਿੰਦੇ ਹਨ ।
ਵੀਚਾਰਨ ਵਾਲੀ ਗੱਲ ਇਹ ਹੈ ਕਿ
ਬਾਣੀ ਨੂੰ ਮੰਨਣ ਵਾਲੇ ਤਾਂ ਠੀਕ ਇਥੇ ਗੁਰਬਾਣੀ ਸਿਰਜਣ ਵਾਲਿਆਂ ਨੂੰ ਵੀ ਸਰੀਰਕ ਤੌਰ 'ਤੇ
ਤਨ 'ਤੇ ਬੁਢੇਪਾ ਹੰਢਾਉਣਾ ਪਿਆ । ਹੁਣ ਇਸ ਪੰਗਤੀਆਂ ਨੂੰ ਵੀਚਾਰਨ ਲੱਗਿਆਂ ਜੇਕਰ ਕੁਦਰਤ
ਦੇ ਅਟੱਲ ਨਿਯਮਾਂ ਨੂੰ ਧਿਆਨ ਵਿਚ ਰੱਖਾਂਗੇ ਤਾਂ ਸਮਝ ਆਏਗੀ ਕਿ
ਇਥੇ ਸਰੀਰਕ ਨਹੀਂ ਸਗੋਂ ਮਾਨਸਿਕ ਬੁਢੇਪੇ ਦੀ ਗੱਲ ਕਹੀ ਗਈ ਹੈ
ਕਿਉਂਕਿ ਜੇਕਰ ਅਸੀਂ ਆਪਣੀਆਂ ਵੀਚਾਰਾਂ ਜਾਂ ਸੁਭਾਅ ਦਾ ਨਵੀਨੀਕਰਣ ਕਰਨ ਤੋਂ
ਮੁਨਕਰ ਹੁੰਦਿਆਂ ਆਪਣੇ ਅੜੀਅਲ ਵਤੀਰੇ ਤੇ ਸੁਭਾਅ ਤੇ ਕਾਇਮ ਹਾਂ ਤੇ ਆਪਣੇ ਵੀਚਾਰਾਂ ਦੀ
ਉਨਤੀ ਕਰਨ ਤੋਂ ਮੁਨਕਰ ਹਾਂ ਜਾਂ ਮਾਨਸਿਕ ਉਨਤੀ 'ਤੇ ਰੋਕ ਲਗਾਉਣ ਦਾ ਯਤਨ ਕਰਦੇ ਹੋਏ ਹਉਮੈ
ਗ੍ਰਸਤ ਹਾਂ ਤਾਂ ਗੁਰਬਾਣੀ ਅਨੁਸਾਰ ਅਸੀਂ ਬੁੱਢੇਪੇ ਦਾ ਸ਼ਿਕਾਰ ਹੋ ਰਹੇ ਹਾਂ, ਭਾਵੇਂ ਕਿ
ਸਰੀਰ ਕਰਕੇ ਅਸੀਂ ਰਿਸ਼ਟ-ਪੁਸ਼ਟ ਤੇ ਜਵਾਨ ਹੋਈਏ । ਗੁਰਬਾਣੀ ਫੁਰਮਾਨ ਹੈ :-
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨਾ ਅੰਤਰਿ
ਹਰਿ ਸੁਰਤਿ ਨਾਹੀ ॥
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
ਗੁਰ ਇਤਿਹਾਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਗੁਰੂ ਅਮਰਦਾਸ
ਜੀ ਸਰੀਰਕ ਤੌਰ 'ਤੇ ਬਿਰਧ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿਚ
ਧਾਰਣ ਕਰਕੇ ਇਕ ਜਵਾਣ ਮਰਜੀਵੜੇ ਵਾਂਗੂ ਦੁਨੀਆ ਸਾਹਮਣੇ ਵਿਚਰੇ । ਗੁਰੂ ਅਰਜੁਨ ਪਾਤਸ਼ਾਹ
ਵੀ ਸਾਨੂੰ ਪ੍ਰੇਰਣਾ ਕਰਦੇ ਹੋਏ ਫੁਰਮਾਉਂਦੇ ਹਨ :
ਅਗਾਹਾ ਕੂ ਤ੍ਰਾਂਘਿ ਪਿਛਾ ਫੇਰਿ ਨ ਮੁਹਡੜਾ ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਬ ਹੋਵੀ ਜਨਮੜਾ ॥
ਇਥੇ ਉਮਰ ਦੀ ਕੋਈ ਬੰਦਿਸ਼ ਨਹੀਂ ਸਗੋਂ ਆਪਣੇ ਵੀਚਾਰਾਂ ਨੂੰ
'ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥' ਤੋਂ
ਸਿਖਿਆ ਲੈ, ਬਦਲਾਅ ਲਈ ਸਦਾ ਤਤਪਰ ਰਹਿਣ ਦੀ ਸਿਖਿਆ ਦਿਤੀ ਗਈ ਹੈ। ਸਾਡੇ ਆਲੇ ਦੁਆਲੇ
ਅਨੇਕਾਂ ਕਰਮ-ਕਾਂਡੀ ਤੇ ਪੁਰਾਤਨਤਾਵਾਦੀ ਡੇਰੇਦਾਰ ਸਮਾਜ ਨੂੰ ਚੇਤੰਨ ਕਰਨ ਦੀ ਬਜਾਏ
ਰੂੜਵਾਦੀ ਵੀਚਾਰਧਾਰਾ ਨੂੰ ਫੈਲਾਉਣ ਵਿਚ ਪੱਬਾਂ ਭਾਰ ਹੋਏ ਫਿਰਦੇ ਹਨ ਪਰ ਲੋੜ ਹੈ ਗੁਰਬਾਣੀ
ਦੇ ਗਿਆਨ ਤੋਂ ਖੁਦ ਸਿਖਿਅਤ ਹੋ ਕੇ ਆਪਣੀ ਸੁਰਤ ਨੂੰ ਜੁਆਣ ਬਣਾਉਣ ਦੀ ਤਾਂ ਜੋ ਸਾਨੂੰ
ਗੁਰਬਾਣੀ ਦੀ ਪੰਗਤੀ 'ਗੁਰਮੁਖਿ ਬੁਢੇ ਕਦੇ ਨਾਹੀ ਜਿਨਾਂ ਅੰਤਰਿ
ਸੁਰਤਿ ਗਿਆਨੁ' ਆਪਣੇ ਆਪ ਤੇ ਢੁਕਾਉਣ ਦੀ ਜੁਗਤ ਆ ਸਕੇ ।