Khalsa News homepage

 

 Share on Facebook

Main News Page

ਸਰਬ ਰੋਗ ਕਾ ਅਉਖਦੁ ਨਾਮੁ
-: ਅਮਨਪ੍ਰੀਤ ਸਿੰਘ
28.02.2020

ਗੁਰਬਾਣੀ ਦੀ ਉਪਰੋਕਤ ਪੰਕਤੀ ਨੂੰ ਸੁਣਦਿਆਂ ਮਨ ਵਿਚ ਇਕ ਤਸੱਲੀ ਜਿਹੀ ਮਿਲਦੀ ਹੈ ਕਿ ਗੁਰਬਾਣੀ ਜਾਂ ਹਰੀ ਪ੍ਰਭੂ ਦੇ ਨਾਮ ਨਾਲ ਜੁੜ ਕੇ ਰੋਗ ਮੁਕਤ ਜੀਵਣ ਵੀ ਜਿਊਆ ਜਾ ਸਕਦਾ ਹੈ । ਜਿਸ ਵਿਚ ਸ਼ੱਕ ਦੀ ਵੀ ਕੋਈ ਗੁੰਜਾਇਸ਼ ਵੀ ਨਹੀਂ ਰਹਿ ਜਾਂਦੀ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੁੱਖਾਂ ਤੇ ਕਲੇਸ਼ਾਂ ਨੂੰ ਨਵਿਰਤ ਕਰਨ ਦੀ ਸਮਰੱਥਾ ਰੱਖਦੀ ਹੈ ਗੁਰ ਫੁਰਮਾਨ ਹੈ :

- ਅਉਖਧੁ ਤੇਰੋ ਨਾਮੁ ਦਇਆਲ ॥ ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥
- ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥
- ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥
- ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥

ਅਜਿਹੇ ਸ਼ਬਦ ਸੁਣ ਕੇ ਜਾਂ ਗਾਇਣ ਕਰ ਕੇ ਮਨ ਨੂੰ ਬੜਾ ਧਰਵਾਸ ਬੱਝਦਾ ਹੈ ਕਿ ਗੁਰਬਾਣੀ ਪੜ੍ਹ ਸੁਣ ਕੇ ਰੋਗ ਨਹੀਂ ਹੋਣਗੇ ਜਾਂ ਦੇਹ ਅਰੋਗਤਾ ਬਣੀ ਰਹੇਗੀ । ਪਰ ਟਪਲਾ ਅਸੀਂ ਉਦੋਂ ਖਾਂਦੇ ਹਾਂ ਜਦੋਂ ਦੁੱਖਾਂ ਦੀ ਪਰਿਭਾਸ਼ਾ ਨੂੰ ਹੀ ਗਲਤ ਰੰਗਤ ਦਿੰਦੇ ਹਾਂ, ਅਸੀਂ ਦੁੱਖਾਂ ਨੂੰ ਸਿਰਫ ਸਰੀਰ ਤੱਕ ਸੀਮਿਤ ਕਰ ਕੇ ਦੇਖਦੇ ਹਾਂ । ਸਰੀਰਕ ਦੁੱਖਾਂ ਨੂੰ ਗੁਰਬਾਣੀ ਨਾਲ ਦੂਰ ਕਰਨ ਲਈ ਕੁਝ ਕੁ ਸੱਜਣਾਂ ਨੇ ਉਪਰੋਕਤ ਵਿਸ਼ੇ ਦੇ ਸ਼ਬਦਾਂ ਦਾ ਸੰਗ੍ਰਹ ਕਰ ਕੇ ਗੁਟਕੇ ਤੱਕ ਛਾਪ ਦਿੱਤੇ ਤੇ ਸਮਾਜ ਨੂੰ ਇਹ ਸੁਣੇਹਾ ਦੇਣਾ ਸ਼ੁਰੂ ਕਰ ਦਿੱਤਾ ਕਿ ਅਜਿਹੇ ਸ਼ਬਦਾਂ ਦਾ ਰਟਨ ਕਰ ਕੇ ਸਰੀਰਕ ਦੁੱਖ ਦੂਰ ਹੋ ਜਾਣਗੇ ਜਾਂ ਸਰੀਰ ਨਿਰੋਆ ਰਹੇਗਾ ।

ਜੇਕਰ ਗੁਰ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਸਾਨੂੰ ਪੰਚਮ ਪਾਤਸ਼ਾਹ ਵਲੋਂ ਕੀਤੀ ਕੁਸ਼ਟ ਰੋਗੀਆਂ ਦੀ ਸੇਵਾ, ਸੱਤਵੇਂ ਪਾਤਸ਼ਾਹ ਵਲੋਂ ਅਰੰਭ ਕੀਤੇ ਵਿਸ਼ਾਲ ਦਵਾਖਾਨੇ ਜਿਸ ਤੋਂ ਦਾਰਾ ਸ਼ਿਕੋਹ ਵਰਗੇ ਦਵਾ ਲੈ ਕੇ ਜਾਣ ਲੱਗੇ, ਅੱਠਵੇਂ ਪਾਤਸ਼ਾਹ ਨੂੰ ਚੇਚਕ ਰੋਗ ਹੋਣਾ, ਦਸਮ ਪਾਤਸ਼ਾਹ ਦਾ ਵੱਖੀ ਵਿਚ ਛੁਰਾ ਲੱਗਣ ਤੇ ਗੰਭੀਰ ਘਾਵ ਲੱਗਣਾ ਤੇ ਇਲਾਜ ਲਈ ਵੈਦ ਕੋਲੋਂ ਇਲਾਜ ਕਰਵਾਉਣਾ । ਹੁਣ ਸਿੱਖ ਇਤਿਹਾਸ ਨੂੰ ਵਾਚਦਿਆਂ ਭਾਈ ਘਨੱਹਈਆ ਜੀ ਤੇ ਭਗਤ ਪੂਰਨ ਸਿੰਘ ਵਰਗੇ ਗੁਰਸਿੱਖਾਂ ਦੀ ਸੇਵਾ ਸਾਹਮਣੇ ਸਿਰ ਝੁਕਦਾ ਹੈ ।

- ਕੀ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੂੰ ਗੁਰਬਾਣੀ ਰਾਂਹੀਂ ਦੁੱਖ ਦੂਰ ਕਰਨ ਦੀ ਜੁਗਤ ਜਾਂ ਗਿਆਨ ਹਾਸਲ ਨਹੀਂ ਸੀ ?
- ਕੀ ਸੰਸਾਰ ਸਾਹਮਣੇ ਗੁਰਬਾਣੀ ਅਤੇ ਜਲ ਰਾਹੀਂ ਸਰੀਰਕ ਇਲਾਜ ਦਾ ਰੌਲ਼ਾ ਪਾ ਕੇ ਅਸੀਂ ਸਿੱਖੀ ਦੇ ਬੁਨਿਆਦੀ ਅਸੂਲਾਂ ਦਾ ਮਜ਼ਾਕ ਨਹੀਂ ਉਡਾ ਰਹੇ ?

ਗੁਰਬਾਣੀ ਮਨੁੱਖ ਲਈ ਜੀਵਨ ਜਾਚ ਹੈ । ਗੁਰਬਾਣੀ ਦੇ ਗਿਆਨ ਤੋਂ ਜੀਵਨ ਸੇਧ ਲੈ ਕੇ ਆਪਣਾ ਕਾਰ ਵਿਹਾਰ ਤੇ ਖਾਣ-ਹੰਡਾਊਣ ਸੁਚੱਜਾ ਕਰ ਕੇ ਤਾਂ ਅਸੀਂ ਰੋਗ ਰਹਿਤ ਜੀਵਣ ਤਾਂ ਜੀਅ ਸਕਦੇ ਹਾਂ ਪਰ ਨਿਰੀ ਗੁਰਬਾਣੀ ਪੜ੍ਹ ਕੇ ਅਤੇ ਜੀਵਣ ਸ਼ੈਲੀ ਵਿਚ ਸੁਧਾਰ ਕੀਤੇ ਬਿਨ੍ਹਾਂ ਤਾਂ ਕਦਾਚਿਤ ਵੀ ਅਸੀਂ ਨਿਰੋਗ ਜੀਵਣ ਨਹੀਂ ਬਤੀਤ ਕਰ ਸਕਦੇ । ਅਸੀਂ ਮਾਨਸਿਕ ਤੇ ਸਰੀਰਕ ਦੁੱਖ ਭੋਗਦੇ ਰਹਾਂਗੇ ਭਾਂਵੇ ਲੱਖ ਵਾਰ ਪਾਠ ਕਰ ਲਈਏ । ਸਾਨੂੰ ਸਮਝਣਾਂ ਤਾਂ ਇਹ ਸੀ ਕਿ ਗੁਰਬਾਣੀ ਵਿਚ ਜਿਹੜੇ ਦੁੱਖਾਂ ਦੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਅਸੀਂ ਗੁਰਬਾਣੀ ਰਾਂਹੀਂ ਨਵਿਰਤ ਕਰ ਸਕਦੇ ਹਾਂ ਪਰ ਓਹ ਵੀ ਨਿਰਾ ਪੜ੍ਹ ਕੇ ਨਹੀਂ ਸਗੋਂ ਉਸ ਨੂੰ ਅਮਲੀ ਜੀਵਣ ਵਿਚ ਢਾਲ ਕੇ ਪਰ ਅਸੀਂ ਦੂਜੇ ਹੀ ਪਾਸੇ ਤੁਰ ਪਏ । ਭੈਰਉ ਰਾਗ ਵਿਚ ਪੰਚਮ ਪਾਤਸ਼ਾਹ ਦਾ ਫੁਰਮਾਣ ਹੈ :

ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮ ਰੋਗਿ ਮੈਗਲੁ ਬਸਿ ਲੀਨਾ ॥
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ ਨਾਦ ਰੋਗਿ ਖਪਿ ਗਏ ਕੁਰੰਗਾ ॥ 1 ॥

ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥ 1 ॥ ਰਹਾਉ ॥
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ ਬਾਸਨ ਰੋਗਿ ਭਵਰੁ ਬਿਨਸਾਨੋ ॥
ਹੇਤ ਰੋਗ ਕਾ ਸਗਲ ਸੰਸਾਰਾ ॥ ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥ 2 ॥
ਰੋਗੇ ਮਰਤਾ ਰੋਗੇ ਜਨਮੈ ॥ ਰੋਗੇ ਫਿਰਿ ਫਿਰਿ ਜੋਨੀ ਭਰਮੈ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top