ਗੁਰਮਤਿ
ਪ੍ਰਕਾਸ਼ ਤੋਂ ਪਹਿਲਾਂ ਸਰਗੁਣ-ਵਾਦੀ ਵੈਸ਼ਨਵ ਭਗਤੀ ਸਾਧਨਾ ਦੇ ਖੇਤਰ ਵਿੱਚ ‘ਸਖਾ-ਭਾਵ’ ਤੇ
‘ਸਖੀ-ਭਾਵ’ ਭਗਤੀ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ । ਬਿਪਰਵਾਦੀ ਵੈਸ਼ਨਵ (ਵਿਸ਼ਨੂੰ
ਭਗਤ) ਪ੍ਰਚਾਰਕ ਅਜੋਕੇ ਦੌਰ ਵਿੱਚ ਵੀ ਉਪਰੋਕਤ ਭਗਤੀ-ਸਾਧਨਾ ਨੂੰ ਬੜੇ ਜ਼ੋਰ-ਸ਼ੋਰ ਨਾਲ
ਪ੍ਰਚਾਰ ਰਹੇ ਹਨ । ਪੌਰਾਣਿਕ ਭਗਤੀ ਸਾਹਿਤ ਵਿੱਚ ਊਧੌ, ਅਕ੍ਰੂਰ, ਬਿਦਰ, ਸੁਦਾਮਾ ਤੇ
ਅਰਜਨ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਦੇ ਅਜਿਹੇ ਭਗਤਾਂ ਵਿੱਚ ਗਿਣਿਆਂ ਜਾਂਦਾ ਹੈ, ਜਿਹੜੇ
ਸ੍ਰੀ ਕ੍ਰਿਸ਼ਨ ਪ੍ਰਤੀ ਸਖਾ-ਭਾਵ ਰਖਦੇ ਸਨ । ਮਤਲਬ ਕਿ ਇਹ ਸਾਰੇ ਆਪਣੇ ਆਪ ਨੂੰ ਭਗਵਾਨ ਦੇ
ਮਿਤ੍ਰ ਮੰਨਕੇ ਭਗਤੀ ਕਰਦੇ ਸਨ । ਕਈ ਸ੍ਰੀ ਕ੍ਰਿਸ਼ਨ ਨੂੰ ਆਪਣਾ ਸਖਾ (ਜਾਰ, ਦੋਸਤ) ਮੰਨਦੇ
ਹੋਏ ਆਪਣੇ ਆਪ ਨੂੰ ਗੋਪੀਆਂ ਵਾਂਗ ਉਸਦੀਆਂ ਸਖੀਆਂ (ਗਰਲ ਫਰਿੰਡ) ਸਮਝਦੇ ਹਨ ।
ਅਜਿਹੀ ਭਗਤੀ ਦਾ ਨਾਂ ‘ਸਖੀ-ਭਾਵ’ ਹੈ ।
ਇਹੀ ਕਾਰਣ ਹੈ ਕਿ ਹਿੰਦੂਆਂ ਵਿੱਚ ਇਸ
ਕਿਸਮ ਦੇ ਬਹੁਤ ਸਾਰੇ ਲੋਕ ਹਨ, ਜੋ ਪੁਰਸ਼ ਹੁੰਦੇ ਹੋਏ ਵੀ ਸਾੜੀ ਪਹਿਨਦੇ ਹਨ, ਅੱਖਾਂ
ਵਿੱਚ ਸੁਰਮਾ ਮਟਕਾਉਂਦੇ ਹਨ ਅਤੇ ਮੱਥੇ ’ਤੇ ਬਿੰਦੀਆ ਵੀ ਚਮਕਾਉਂਦੇ ਹਨ ।
ਕਈ ਤਾਂ ਮਹੀਨੇ ਵਿੱਚ ਚਾਰ ਦਿਨ ਮਾਂਹਵਾਰੀ ਹੋਣ ਦਾ ਸਵਾਂਗ ਵੀ
ਰਚਾਉਂਦੇ ਹਨ । ਚੈਤੰਨ ਮਹਾਂਪ੍ਰਭੂ ਆਪਣੇ ਆਪ ਨੂੰ ਸ੍ਰੀ ਕ੍ਰਿਸ਼ਨ ਦੀ ਅਤਿ ਪਿਆਰੀ
ਪ੍ਰੇਮਕਾ (ਸਖੀ ਰਾਧਾ) ਦਾ ਅਵਤਾਰ ਮੰਨਦੇ ਸਨ । ਇਸ ਲਈ ਉਹ ਭਗਵਾਨ ਦੇ ਬਿਰਹਾ ਵਿੱਚ ਬੜੀ
ਬਿਹਬਲਤਾ ਨਾਲ ਔਰਤਾਂ ਵਾਂਗ ਰੋਂਦੇ ਚਿਲਲਾਂਦੇ ਸਨ । ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਤੇ
ਰਾਧਾ ਦੀ ਜੁੜਵੀਂ ਮੂਰਤੀ ਦੀ ਪੂਜਾ ਹੁੰਦੀ ਹੈ ਅਤੇ ਉਸ ਅੱਗੇ ਪੁਰਸ਼ ਇਸਤ੍ਰੀਆਂ ਮਿਲ ਕੇ
ਨ੍ਰਿਤ ਸਹਿਤ ਭਜਨਾਂ ਦਾ ਗਾਇਨ ਕਰਦੇ ਹਨ । ਜਿਵੇਂ – ਰਾਧਾ ਤੂ
ਬਡਭਾਗਨੀ, ਕੌਨ ਤਪਸਿਆ ਕੀਨ । ਤੀਨ ਲੋਕ ਕੇ ਨਾਥ ਜੋ, ਸੋ ਤੇਰੇ ਅਧੀਨ ।
ਪੁਰਾਣਾ ਮੁਤਾਬਿਕ ਕ੍ਰਿਸ਼ਨ ਦਾ ਸਬੰਧ
ਅਨੇਕ ਇਸਤ੍ਰੀਆਂ ਨਾਲ ਰਿਹਾ ਹੈ, ਜਿਨ੍ਹਾਂ ਨਾਲ ਉਹ ਬਿੰਦ੍ਰਬਨ ਵਿਖੇ ਰਾਸ (ਪ੍ਰੇਮ-ਲੀਲਾ)
ਰਚਾਉਂਦੇ ਰਹੇ । ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨਿਕਟਤਾ
ਹਾਸਲ ਰਹੀ ਹੈ ਗੋਪੀ ‘ਰਾਧਾ’ ਨੂੰ, ਜੋ ਉਨ੍ਹਾਂ ਦੀ ਪਾਲਕ ਮਾਤਾ ਯਸ਼ੋਧਾ ਦੇ ਭਰਾ ਰਾਯਾਣ
ਵੈਸ਼ਵ ਦੀ ਪਤਨੀ ਹੋਣ ਕਰਕੇ ਮਾਮੀ ਲਗਦੀ ਸੀ । ਪੌਰਾਣਿਕ ਮਤੀ ਪ੍ਰਚਾਰਕ ਪਰਦਾ
ਪਾਉਣ ਲਈ ਕਹਿੰਦੇ ਹਨ ਕਿ ਰਾਧਾ ਨਾਲ ਕ੍ਰਿਸ਼ਨ ਦਾ ਵਿਆਹ ਤਾਂ ਭਾਵੇਂ ਨਹੀਂ ਸੀ ਹੋਇਆ,
ਪ੍ਰੰਤੂ, ਬ੍ਰਹਮਾ ਜੀ ਖ਼ੁਦ ਪ੍ਰਗਟ ਹੋ ਕੇ ਰਾਧਾ ਦਾ ਪੱਲਾ ਉਨ੍ਹਾਂ ਨੂੰ ਫੜਾ ਗਏ ਸਨ ।
ਸ੍ਰੀ ਕ੍ਰਿਸ਼ਨ ਦੇ ਅਜਿਹੇ ‘ਧੱਕੇ ਅਤੇ ਛਲ ਦੀ ਪ੍ਰੋੜਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ
ਹੇਠ ਲਿਖੇ ਕਥਨ ਤੋਂ ਵੀ ਹੁੰਦੀ ਹੈ ; ਜੋ ਇੱਕ ਅਕਾਲਪੁਰਖ ਦੇ ਉਪਾਸ਼ਕ ਗੁਰਸਿੱਖਾਂ ਨੂੰ
ਸੁਚੇਤ ਕਰਨ ਲਈ ਗੁਰਦੁਆਰਿਆਂ ਵਿਖੇ ਆਸਾ ਦੀ ਵਾਰ ਵਿੱਚ ਹਰ ਰੋਜ਼ ਗਾਇਨ ਕੀਤਾ ਜਾਂਦਾ ਹੈ :
ਜੁਜ ਮਹਿ, ਜੋਰਿ ਛਲੀ ਚੰਦ੍ਰਾਵਲਿ ; ਕਾਨ੍ ਕ੍ਰਿਸਨੁ ਜਾਦਮੁ
ਭਇਆ ॥
ਪਾਰਜਾਤੁ, ਗੋਪੀ ਲੈ ਆਇਆ ; ਬਿੰਦ੍ਰਾਬਨ ਮਹਿ ਰੰਗੁ ਕੀਆ ॥ {ਗੁ.ਗ੍ਰੰ.-ਪੰ.
470}
ਸ੍ਰੀ ਕ੍ਰਿਸ਼ਨ ਦੇ ਬਿੰਦ੍ਰਾਬਨੀ ਚੋਜ ਜਾਨਣ ਲਈ ‘ਸ਼੍ਰੀ ਮਦਭਾਗਵਤ
ਪੁਰਾਣ’, ‘ਬ੍ਰਹਮਵੈਰਤ ਪੁਰਾਣ’ ਅਤੇ ‘ਪਦਮ ਪੁਰਾਣ’ ਆਦਿਕ ਸੰਸਕ੍ਰਿਤ ਦੇ ਗ੍ਰੰਥ ਵਾਚੇ ਜਾ
ਸਕਦੇ ਹਨ । ਪੰਜਾਬੀ ਵਿੱਚ ‘ਭਾਗਵਤ ਪੁਰਾਣ’ ਦੇ ਦਸਵੇਂ ਸਕੰਧ (ਅਧਿਆਇ) ਦਾ ਉਲੱਥਾ ਰੂਪ
ਬਚਿਤ੍ਰਨਾਟਕੀ ਰਚਨਾ ‘ਕ੍ਰਿਸਨਾਵਤਾਰ’ ਵੀ ਪੜ੍ਹੀ ਜਾ ਸਕਦੀ ਹੈ । ਵੈਸ਼ਨਵ ਭਗਤੀ ਸਾਹਿਤ
ਵਿੱਚ ਤਾਂ ਭਾਵੇਂ ਉਪਰੋਕਤ ਕਿਸਮ ਦੇ ਸਖੀ-ਭਾਵ ਨੂੰ ਸਭ ਤੋਂ ਸ੍ਰੇਸ਼ਟ ਦਰਜਾ ਹਾਸਲ ਹੈ,
ਕਿਉਂਕਿ ਇਸ ਰਿਸ਼ਤੇ ਵਿੱਚ ਸਮਾਜਿਕ ਪੱਖੋਂ ਕਿਸੇ ਕਿਸਮ ਦਾ ਕੋਈ ਮਰਯਾਦਿਕ ਬੰਧਨ ਨਹੀਂ
ਹੁੰਦਾ । ਸਾਧਕ-ਜਨ ‘ਰਾਧਾ’ ਵਾਂਗ ਸਮਾਜ ਭਾਈਚਾਰੇ ਤੋਂ ਬੇਪ੍ਰਵਾਹ ਹੋ ਕੇ ਆਪਣੇ ਪ੍ਰੀਤਮ
ਨਾਲ ਪ੍ਰੇਮ ਦਾ ਖੇਲ ਖੁੱਲ੍ਹ ਕੇ ਖੇਲਦੇ ਹਨ । ਮੀਰਾਂਬਾਈ ਦੇ “ਮੈਂ ਨਿਰਗੁਣੀਆ, ਗੁਣ ਨਹੀਂ
ਜਾਨੀ । ਏਕ ਧਨੀ ਕੇ ਹਾਥ ਬਿਕਾਨੀ” ਆਦਿਕ ਭਜਨਾਂ ਨੂੰ ਉਪਰੋਕਤ ਪੱਖੋਂ ਵਿਚਾਰਿਆ ਜਾ ਸਕਦਾ
ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ
ਸਖੀ-ਭਾਵ ਦਾ ਬਿਲਕੁਲ ਅਭਾਵ ਹੈ । ਗੁਰੂ ਸਾਹਿਬਾਨ ਤੇ ਭਗਤ-ਜਨਾਂ ਵੱਲੋਂ ਏਕੰਕਾਰੀ
ਅਕਾਲਪੁਰਖ ਨਾਲ ਆਪਣੀ ਪਿਆਰ ਭਰੀ ਸਾਂਝ ਪ੍ਰਗਟਾਉਣ ਲਈ ਸਖੀ-ਭਾਵ ਦੀ ਥਾਂ ਪਤੀਵ੍ਰਤ
ਪਤਨੀ-ਭਾਵ ਤੇ ਦਾਸ-ਭਾਵ ਨੂੰ ਵਧੇਰੇ ਤਰਜ਼ੀਹ ਦਿੱਤੀ ਹੈ । ਬਾਰਿਕ-ਭਾਵ ਦੇ ਝਲਕਾਰੇ ਵੀ ਕਈ
ਸ਼ਬਦਾਂ ਵਿੱਚ ਤੱਕੇ ਜਾ ਸਕਦੇ ਹਨ । ਕਾਰਣ ਇਹ ਹੈ ਕਿ ਇਸ ਪ੍ਰਕਾਰ ਦੇ ਸਾਰੇ ਰਿਸ਼ਤੇ
ਸਮਾਜਿਕ ਮਰਯਾਦਾ ਦੇ ਅੰਤਰਗਤਿ ਹਨ । ਇਨ੍ਹਾਂ ਦੀ ਪ੍ਰੇਮ-ਸਾਂਝ ਤੇ ਵਰਤਾਰੇ ਤੋਂ ਕੋਈ ਐਸੀ
ਪ੍ਰੇਰਨਾ ਨਹੀਂ ਮਿਲਦੀ, ਜਿਸ ਦੀ ਬਦੌਲਤ ਧਰਮ ਦੇ ਪਰਦੇ ਹੇਠ ਕੋਈ ਸਮਾਜਿਕ ਅਨੈਕਿਤਾ ਫੈਲੇ
। ਜਿਵੇਂ ਕਿ ਸਖੀ-ਭਾਵ ਦੀ ਭਗਤੀ ’ਚੋਂ ਹਿੰਦੂ ਮੰਦਰਾਂ ਵਿੱਚ ਦੇਵ-ਦਾਸੀਆਂ ਵਰਗੀ ਮਲੀਨ
ਪ੍ਰਥਾ ਦਾ ਜਨਮ ਹੋਇਆ, ਜੋ ਸਮਾਜ ਲਈ ਅਤਿਅੰਤ ਸ਼ਰਮਨਾਕ ਪਤਨ ਦਾ ਕਾਰਣ ਬਣੀ ।
ਪ੍ਰਸਿੱਧ ਸਿੱਖ ਚਿੰਤਕ ਤੇ ਇਤਿਹਾਸਕਾਰ ਪ੍ਰਿਸੀਪਲ ਸਤਬੀਰ ਸਿੰਘ ਦੀ
ਬੇਟੀ ਸਿਮਰਨ ਕੌਰ ਨੇ ਇੱਕ ਬਹੁਤ ਪਿਆਰੀ ਪੁਸਤਕ ਲਿਖੀ ਹੈ ‘ਪ੍ਰਸਿੱਧ
ਸਿੱਖ ਬੀਬੀਆਂ’ । ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖੀ ਮੁਢਲੀ ਵੀਚਾਰ ਦੀ ਲਿਖਤ
ਹੈ “ਸਖਾ ਭਗਤੀ ਬਹੁਤ ਦੇਰ ਚਲਦੀ ਰਹੀ । (ਇੱਸ ਪੱਖੋਂ) ਸੁਦਾਮੇ ਦੀ ਉਦਾਹਰਣ, ਉਧੂ ਦੀ
ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਪ੍ਰਚਾਰਦੇ ਹਨ । ਸਖਾ-ਭਗਤੀ ਬਾਅਦ ਜੇ ਕਿਸੇ
ਹੋਰ ਕਿਸੇ ਹੋਰ ਦਾ ਹਿੰਦੁਸਤਾਨ ਵਿੱਚ ਜ਼ੋਰ ਰਿਹਾ ਤਾਂ ‘ਸਖੀ’ ’ਤੇ ਹੈ । ਇਸੇ ਸਖੀ ਭਗਤੀ
ਨੇ ਰਾਧਾ ਨੂੰ ਜਨਮ ਦਿੱਤਾ । ਇਸ਼ਕ ਮਿਜ਼ਾਜੀ ਨੇ ਇਸ਼ਕ ਹਕੀਕੀ ਦੀ ਸ਼ਕਲ ਧਾਰਨ ਕੀਤੀ । ਇਸ ਸਖੀ
ਭਗਤੀ ਨੇ ਹਿੰਦੁਸਤਾਨ ਵਿੱਚ ਔਰਤ ਦੇ ਪੱਧਰ ਨੂੰ ਇੰਨ੍ਹਾ ਨੀਵਾਂ ਕਰ ਦਿੱਤਾ ਕਿ ਉਹ ਪਹਿਲਾਂ
ਮੰਦਰਾਂ ਦਾ ਸ਼ਿੰਗਾਰ ਦੇਵਦਾਸੀ ਦੇ ਰੂਪ ਵਿੱਚ ਬਣੀ, ਫਿਰ ਦੇਵੀ ਦੇ ਰੂਪ ਵਿੱਚ ਪ੍ਰਗਟ ਹੋਈ
। ਆਤਮਿਕ ਉਚਾਈਆਂ ਨਾ ਛੁਹੇ ਜਾਣ ਜਾਣ ਦਾ ਕਾਰਨ ਇਹ ਕੋਝੀ ਸਖੀ-ਭਗਤੀ ਪ੍ਰਥਾ ਸੀ ।”
{ਪੰ.15, ਐਡੀਸ਼ਨ 1991}
ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਰਾਮਚੰਦਰ ਸ਼ੁਕਲਾ ਨੇ ਲਿਖਿਆ ਹੈ
ਕਿ “ਵੈਸ਼ਣਵੋਂ ਕੀ ਭਗਤੀ ਸ਼ਾਖ ਨੇ ਕੇਵਲ ਪ੍ਰੇਮ ਲਛਣਾ (ਸਖੀ ਭਾਵ) ਕੀ ਭਗਤੀ ਕੀ, ਫਲ ਯਹਿ
ਹੂਆ ਕਿ ਉਸ ਨੇ ਅਸ਼ਲੀਲ ਬਿਲਾਸਤਾ ਕੀ ਪ੍ਰਵਿਰਤੀ ਜਗਾਈ ।…… ਸ੍ਰੀ ਮਦ ਭਾਗਵਤ ਗ੍ਰੰਥ ਮੇਂ
ਸ੍ਰੀ ਕ੍ਰਿਸ਼ਨ ਕੇ ਮਧੁਰ ਰੂਪ ਕਾ ਵਿਸ਼ੇਸ਼ ਵਰਨਣ ਹੋਨੇ ਸੇ, ਭਗਤੀ ਛੇਤ੍ਰ ਮੇਂ ਗੋਪੀਓਂ ਕੇ
ਢੰਗ ਕੇ ਮਧੁਰ੍ਯ-ਭਾਵ (ਸਖੀ-ਭਾਵ) ਕਾ ਰਸਤਾ ਖੁੱਲ੍ਹਾ । ਇਸ ਕੇ ਪ੍ਰਚਾਰ ਮੇਂ ਦਖਸ਼ਣ ਮੇਂ
ਮੰਦਰੋਂ ਕੀ ਦੇਵਦਾਸੀਆਂ ਕੀ ਪ੍ਰਥਾ ਵਿਸ਼ੇਸ਼ ਰੂਪ ਵਿੱਚ ਸਹਾਇਕ ਹੋਈ । ਮਾਤਾ ਪਿਤਾ ਲੜਕੀਆਂ
ਕੋ ਮੰਦਰ ਮੇਂ ਚੜ੍ਹਾ ਜਾਤੇ ਥੇ । ਉਨ ਕਾ ਵਿਆਹ ਭੀ ਠਾਕੁਰ (ਪੱਥਰ ਦੇ ਭਗਵਾਨ) ਕੇ ਸਾਥ
ਹੋ ਜਾਤਾ ਥਾ । ਇਨ ਕੇ ਲੀਏ ਮੰਦਰ ਮੇਂ ਸਥਾਪਿਤ ਭਗਵਾਨ ਕੀ ਉਪਾਸ਼ਨਾ ਪਤੀ ਕੇ ਰੂਪ ਮੇਂ
ਵਿਧੇਯ ਥੀ ।”
ਕਿਤਨੀ ਨਖਿੱਧ ਹੈ ਦੇਵਦਾਸੀਆਂ ਦੀ ਪ੍ਰਥਾ, ਇਸ ਹਕੀਕਤ
ਦੇ ਪ੍ਰਮਾਣ ਵੱਜੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ (ਐਡੀਸ਼ਨ ਮਈ 1990) ਦੀ ਭੂਮਿਕਾ
ਪੜ੍ਹੀ ਜਾ ਸਕਦੀ ਹੈ । ਲਿਖਿਆ ਹੈ ਕਿ ਅਜੋਕੇ ਦੌਰ ਵਿੱਚ ਵੀ “ਬੰਬਈ, ਮਦਰਾਸ, ਕਰਨਾਟਕਾ
ਤੇ ਕੇਰਲਾ ਦੇ ਵੇਸ਼ਆਲਿਆਂ ਵਿੱਚ ਦੇਵਦਾਸੀਆਂ ਦੀ ਵਧ ਰਹੀ ਗਿਣਤੀ ਅਤੇ ਮੰਦਰਾਂ ਵਿੱਚ ਹੋ
ਰਹੀਆਂ ਵਿਭਚਾਰ ਦੀਆਂ ਦੁਰਘਟਨਾਵਾਂ ਸੰਬੰਧਤ ਪ੍ਰਾਂਤਾਂ ਦੀਆਂ ਸਰਕਾਰਾਂ ਲਈ ਕੌਮੀ ਸਿਰਦਰਦੀ
ਬਣੀਆਂ ਹੋਈਆਂ ਹਨ । ਆਚਰਣਹੀਨਤਾ ਦੂਰ ਕਰਨ ਲਈ ਕਰੜੇ ਕਨੂਨ ਬਣਾਏ ਜਾ ਰਹੇ ਹਨ । ਹੁਣੇ ਹੀ
ਫਰਵਰੀ 1990 ਦੇ ਮਾਸਕ ਪੱਤਰ ‘ਸੰਚੇਤਨਾ’ ਦਾ ਲੇਖ ਹੈ ‘ਖ਼ੂਬ ਵਧ ਫਲ ਰਹੀ ਹੈ ਦੇਵਦਾਸੀਓਂ
ਕੀ ਪ੍ਰਥਾ’ । ਇਹ ਹੈ ਫਲ ਹੈ ਸਰਗੁਣ ਭਗਤੀ ਧਾਰਾ ਦੀ ਮਧੁਰਤਾ, ਸੀਤਾ ਰਾਮ, ਰਾਧਾ ਕ੍ਰਿਸ਼ਨ
ਦੇ ਨਾਮ ਹੇਠਾਂ ਪ੍ਰਚਲਿਤ ਕ੍ਰੀੜਾ, ਰੰਗਸ਼ਾਲਾ ਜਾਂ ਰਾਸ ਲੀਲਾ ਤੇ ਰਾਮ ਲੀਲਾ ਆਦਿ ਦਾ ।”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸਖੀ’, ਸਖੀਆ ਅਤੇ
‘ਸਖੀਏ’ ਲਫ਼ਜ਼ਾਂ ਦੀ ਵਰਤੋਂ ਤਾਂ ਭਾਵੇਂ ਮਿਲਦੀ ਹੈ, ਪਰ ਉਹ ਕੇਵਲ ਤੇ ਕੇਵਲ ‘ਸਤਿਸੰਗੀ
ਸਹੇਲੀਆਂ’ ਦੇ ਅਰਥ ਵਿੱਚ । ਖ਼ੂਬਸੂਰਤੀ ਇਹ ਹੈ ਕਿ ਗੁਰਬਾਣੀ ਵਿੱਚ ਪਤੀ ਪਤਨੀ ਦੇ
ਸਮਾਜਿਕ ਰਿਸ਼ਤੇ ਨੂੰ ਹੀ ‘ਸਖਾ’ ਤੇ ‘ਸਖੀ’ ਦੇ ਰੂਪ ਵਿੱਚ ਚਿਤਵਿਆ ਗਿਆ ਹੈ; ਤਾਂ ਕਿ
ਸਮਾਜ ਭਾਈਚਾਰਾ ਅਜਿਹੀ ਸਮਾਜਿਕ ਸਾਂਝ ਨੂੰ ਮੈਤ੍ਰੀ-ਭਾਵ (ਦੋਸਤਾਨਾ ਢੰਗ) ਨਾਲ ਨਿਭਾਵੇ,
ਨਾ ਕਿ ਇੱਕ ਦੂਜੇ ਨੂੰ ਆਪਣੀ ਮਲਕੀਅਤ ਸਮਝ ਕੇ । ਜਿਵੇਂ ਗੁਰਵਾਕ ਹੈ :
ਏਕੋ ਪ੍ਰਿਉ, ਸਖੀਆ ਸਭ ਪ੍ਰਿਅ ਕੀ; ਜੋ ਭਾਵੈ ਪਿਰ ਸਾ ਭਲੀ
॥ {ਗੁ.ਗ੍ਰੰ.-ਪੰ.527} ਗੁਰਬਾਣੀ ਵਿੱਚ ਕੋਈ ਇੱਕ ਵੀ ਅਜਿਹੀ ਤੁਕ ਨਹੀਂ ਮਿਲਦੀ,
ਜਿਥੇ ਕਿਸੇ ਵੀ ਰੰਗਰੱਤੇ ਬਾਣੀਕਾਰ ਨੇ ਆਪਣੇ ਆਪ ਨੂੰ ਪਤੀ ਪਰਮਾਤਮਾ ਦੇ ਸਨਮੁਖ ‘ਸਖੀ’
ਰੂਪ ਵਿੱਚ ਪੇਸ਼ ਕੀਤਾ ਹੋਵੇ । ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਜਦੋਂ ਵੀ ਅਕਾਲਪੁਰਖ
ਨਾਲ ਆਪਣੀ ਆਤਮਿਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ ਤਾਂ ਉਹ ਪੇਸ਼ਕਾਰੀ ਕੇਵਲ ਇੱਕ ਪਤੀਵ੍ਰਤਾ
ਸੁਹਾਗਣ ਦੇ ਰੂਪ ਵਿੱਚ ਹੀ ਮਿਲਦੀ ਹੈ । ਜਿਵੇਂ “ਮੈ ਕਾਮਣਿ,
ਮੇਰਾ ਕੰਤੁ ਕਰਤਾਰੁ ॥ {ਮਃ 3, ਪੰ.1128} ਅਥਵਾ “ਹਰਿ
ਮੇਰੋ ਪਿਰੁ, ਹਉ ਹਰਿ ਕੀ ਬਹੁਰੀਆ ॥ {ਭ. ਕਬੀਰ), ਪੰ.483} ਆਦਿ ।
ਭਾਰਤ ਦੇ ਕੇਂਦਰੀ ‘ਮਹਿਲਾ ਤੇ ਬਾਲ ਵਿਕਾਸ ਮੰਤਰਾਲੇ’ ਵੱਲੋਂ
ਪੀੜਤ ਮਹਿਲਾਵਾਂ ਤੇ ਬਾਲਿਕਾਵਾਂ ਦੀ ਸੁਰਖਿਅਕ ਸਹਾਇਤਾ ਲਈ ਰਾਜ ਸਰਕਾਰਾਂ ਦੁਆਰਾ ਦੇਸ਼ ਭਰ
ਵਿੱਚ ‘ਵੰਨ ਸਟਾਪ ਸੈਂਟਰ’ ਖੋਲੇ ਜਾ ਰਹੇ ਹਨ । ਇਹ ਇੱਕ ਵਧੀਆ ਤੇ ਸਲਾਹੁਣ ਯੋਗ
ਕਦਮ ਹੈ, ਭਾਵੇਂ ਕਿ ਇਸ ਤੋਂ ਪਹਿਲਾਂ ਵੀ ਪੀੜਤ ਨਾਰੀਆਂ ਤੇ ਬਾਲਿਕਾਂ ਦੀ ਸਹਾਇਤਾ ਦੇ
ਅਜਿਹੇ ਕੇਂਦਰ ਵੱਖ ਵੱਖ ਰਾਜਾਂ ਵਿੱਚ ਮੌਜੂਦ ਹਨ । ਪ੍ਰੰਤੂ ਕੇਂਦਰੀ ਸਰਕਾਰ ਦੇ ‘ਵੰਨ
ਸਟਾਪ ਸੈਂਟਰ’ ਨੂੰ ‘ਸਖੀ ਸੈਂਟਰ’ ਦਾ ਨਾਂ ਦੇਣਾ ਤੇ ਰਾਜ ਸਰਕਾਰਾਂ ਵੱਲੋਂ ਉਨ੍ਹਾਂ ਨੂੰ
ਬੜੇ ਜ਼ੋਰ-ਸ਼ੋਰ ਨਾਲ ‘ਸਖੀ ਸੈਂਟਰਾਂ’ ਵਜੋਂ ਪ੍ਰਚਾਰਨਾ ਕੇਂਦਰੀ ਸਰਕਾਰ ਦੇ ਮਨੋਰਥ ਨੂੰ
ਸਦਿੰਗਧ ਕਰਦਾ ਹੈ । ਚੰਗਾ ਹੁੰਦਾ ਜੇ ਐਸੇ ਭਲਾਈ ਸੈਂਟਰਾਂ ਨੂੰ ‘ਨਾਰੀ ਸਹਾਇਤਾ ਕੇਂਦਰ’
ਨਾਂ ਦਿੱਤਾ ਜਾਂਦਾ । ਕਾਰਨ ਇਹ ਹੈ ਕਿ ਹੁਣ ਤਾਂ ਇਉਂ ਪ੍ਰਤੀਤ
ਹੁੰਦਾ ਹੈ ਕਿ ਜਿਵੇਂ ਇਸ ਪਿੱਛੇ ਵੀ ਆਰ.ਐਸ.ਐਸ ਦੀ ਉਹੀ ਬਿਪਰਵਾਦੀ ਸੋਚ ਹੀ ਕੰਮ ਕਰ ਰਹੀ
ਹੈ, ਜਿਹੜੀ ਸਖੀ-ਭਾਵ ਦੀ ਗਲ਼ੀ-ਸੜੀ ਵੈਸ਼ਨਵ ਭਗਤੀ ਸਾਧਨਾ ਨੂੰ ਮੁੜ ਸੁਰਜੀਤ ਕਰਕੇ
ਹਿੰਦੁਸਤਾਨ ਦੇ ਨਾਂ ਹੇਠ ਹਿੰਦੂ ਰਾਸ਼ਟਰ ਦੀ ਸਥਾਪਨਾ ਹਿੱਤ ਯਤਨਸ਼ੀਲ ਹੈ ।
ਇਸ ਲਈ ਜਿਹੜੇ ਮਾਨਵ-ਹਿਤਕਾਰੀ ਲੋਕ ਭਾਰਤ ਦੇ ਲੋਕ-ਰਾਜੀ ਸੰਵਿਧਾਨ
ਦੀ ਸੁਰਖਿਆ ਲਈ ਮੌਜੂਦਾ ਕੇਂਦਰੀ ਸਰਕਾਰ ਦੀਆਂ ਨਾਗਰਿਕਤਾ ਸੋਧ ਬਿੱਲ ਵਰਗੀਆਂ ਡਿਕਟੇਟਰੀ
ਤੇ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਖੀ ਸੈਂਟਰਾਂ ਦੇ ਪਿਛੋਕੜ ਵਿੱਚ
ਬੈਠੀ ਹਿੰਦੂਤਵੀ ਬਦਨੀਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ । ਖ਼ਤਰਾ ਹੈ ਕਿ ਜਿਵੇਂ
ਵੈਸ਼ਨਵ ਸਖੀ-ਭਾਵ ਨੇ ਕਥਿਤ ਧਰਮ ਮੰਦਰਾਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਵਿਭਚਾਰ ਦੇ ਅੱਡੇ
ਬਣਾ ਧਰਿਆ ਹੈ, ਕਿਤੇ ਐਸਾ ਨਾ ਹੋਵੇ ਕਿ ਸਰਕਾਰੀ ‘ਸਖੀ ਸੈਂਟਰ’ ਪੱਛਮੀ ਸਭਿਆਚਾਰ ਦੇ
‘ਗਰਲ ਫਰਿੰਡ ਕੇਂਦਰ’ ਬਣ ਕੇ ਸਮਾਜਿਕ ਅਨੈਕਤਾ ਫੈਲਾਉਣ ਤੇ ਬਦਨਾਮੀ ਦਾ ਕਾਰਨ ਬਣਨ । ਕੀ
ਮਰਦ ਕਰਮਚਾਰੀ ਤੇ ਹੋਰ ਲੋਕ ‘ਸਖੀ ਸੈਂਟਰ’ ਵਿੱਚ ਸ਼ਰਣ ਲੈਣ ਵਾਲੀਆਂ ਧੀਆਂ, ਭੈਣਾਂ ਤੇ
ਮਾਵਾਂ ਨੂੰ ਸਖੀ (ਫਰਿੰਡ) ਕਹਿ ਕੇ ਨਹੀਂ ਬਲਾਉਣਗੇ ?
ਯਾਦ ਰੱਖੋ ! ਨਾਵਾਂ ਪਿੱਛੇ ਬਹੁਤ ਕੁਝ ਐਸਾ ਵੀ ਲੁਕਿਆ ਹੁੰਦਾ ਹੈ,
ਜਿਹੜਾ ਸਮਾਜ ਦੀਆਂ ਸਭਿਆਚਾਰਕ, ਧਾਰਮਕ ਤੇ ਰਾਜਨੀਤਕ ਭਾਵਨਾਵਾਂ ਨੂੰ ਬਦਲਣ ਦੀ ਸਮਰਥਾ
ਰੱਖਦਾ ਹੈ । ਇਹੀ ਕਾਰਣ ਹੈ ਕਿ ਮੋਦੀ ਸਰਕਾਰ ਆਪਣੇ ਵਿਭਾਗਾਂ, ਸ਼ਹਿਰਾਂ, ਸ਼ੜਕਾਂ, ਜੰਗੀ
ਬੇੜਿਆਂ ਤੇ ਮਜ਼ਾਈਲਾਂ ਆਦਿਕਾਂ ਦੇ ਨਾਂ ਬਦਲ ਕੇ ਅਜਿਹੇ ਪੌਰਾਣਿਕ ਨਾਂ ਦੇ ਰਹੇ ਹਨ, ਜਿਹੜੇ
ਦੇਸ਼ ਦੇ ਹਰੇਕ ਵਰਗ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਉਨ੍ਹਾਂ ਦੇ ਹਿੰਦੂਤਵੀ ਮਨੋਰਥਾਂ ਦੀ
ਪੂਰਤੀ ਕਰ ਸਕਣ ।
ਨੋਟ
: ਪਹਿਲੇ ਪਹਿਰੇ ਵਿੱਚ ਮੈਂ ਜਾਣ-ਬੁਝ ਕੇ ‘ਯਾਰ’ ਲਫ਼ਜ਼ ਨੂੰ ‘ਜਾਰ’ ਲਿਖਿਆ ਹੈ
ਕਿਉਂਕਿ ਉਪਰੋਕਤ ਕਿਸਮ ਦੀਆਂ ਕਾਮਾਤੁਰ ਭਾਵਨਾ ਵਾਲੀ ਦੋਸਤੀ ਨੂੰ ਗੁਰਬਾਣੀ ਵਿੱਚ ‘ਜਾਰ’
ਲਿਖਿਆ ਹੈ । ਜਿਵੇਂ “ ਚੋਰਾਂ ਜਾਰਾਂ ਰੰਡੀਆਂ…..॥ ਪ੍ਰੰਤੂ ਜਦੋਂ ਸ਼ੁਭਨਾਵਾਂ ਵਾਲੀ ਦੋਸਤੀ
ਦਾ ਜ਼ਿਕਰ ਕੀਤਾ ਹੈ ਤਾਂ ‘ਯਾਰ’ ਲਫ਼ਜ਼ ਦੀ ਵਰਤੋਂ ਕੀਤੀ ਹੈ । ਧੰਨਵਾਦ ।