ਸਮੁੱਚੀ
ਮਾਨਵਤਾ ਨੂੰ ਮਨੁੱਖਤਾ ਦੇ ਸਹੀ ਫ਼ਰਜ਼ਾਂ ਦੀ ਪਛਾਣ ਕਰਾ ਕੇ ਸੰਪੂਰਨ ਮਨੁੱਖ ਬਣਨ ਦੀ ਸਾਰਥਿਕ
ਸਿਖਿਆ ਦੇਣ ਵਾਲੇ ਅਤੇ ਆਪਣੀਆਂ ਸਹੀ ਜ਼ਿੰਮੇਵਾਰੀਆਂ ਨੂੰ ਸਹੀ ਸਮੇਂ ਤੇ ਨਿਭਾਉਣ ਦੀ ਸੋਝੀ
ਕਰਾਉਣ ਵਾਲੇ ਸਰਬ ਸਾਂਝੇ ਰਹਿਬਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਪੈਂਤੀ ਮਹਾਂਪੁਰਖਾਂ
ਦੇ ਅੰਮ੍ਰਿਤਮਈ ਬਚਨ ਬਾਣੀ ਰੂਪ ‘ਚ ਦਰਜ ਹਨ ਜੋ ਕਿ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਮਨੁੱਖ
ਲਈ ਚੰਗੇ ਰਾਹ ਦਸੇਰੇ ਹਨ। ਸਿੱਖ ਕੌਮ ਇੰਨ੍ਹਾਂ ਬੇਸ਼ਕੀਮਤੀ ਬੋਲਾਂ ਤੇ ਅਥਾਹ ਭਰੋਸਾ ਰੱਖਦੀ
ਹੈ, ਕਿਉਂਕਿ ਸਮੁੱਚੇ ਸੰਸਾਰ ਉੱਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇੱਕੋ ਇੱਕ ਐਸੇ ਵਾਹਦ
ਗ੍ਰੰਥ ਹਨ ਜੋ ਕਿ ਸਾਡੇ ਮਹਾਨ ਸਤਿਗੁਰਾਂ ਨੇ ਆਪਣੀ ਯੋਗ ਦੇਖ ਰੇਖ ਵਿੱਚ ਲਿਖਵਾ ਕੇ ਸਾਨੂੰ
ਬਖਸ਼ਿਸ਼ ਕੀਤੇ ਹਨ।
ਪੰਜਾਬ ਸਰਕਾਰ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਜਾਣੀ ਜਾਂਦੀ ਸ਼੍ਰੋ. ਗੁ. ਪ੍ਰਬੰਧਕ ਕਮੇਟੀ (ਅਜੋਕੇ
ਸਮੇਂ ਹੋਈ ਅਵੇਸਲੀ) ਵੱਲੋਂ ਆਪਣੇ ਤੌਰ ਤੇ ਦੋ ਵੱਖਰੇ ਵੱਖਰੇ ਮਤੇ ਪਾਸ ਕੀਤੇ ਹੋਏ ਹਨ ਕਿ
ਸ਼੍ਰੋ. ਗੁ. ਪ੍ਰਬੰਧਕ ਕਮੇਟੀ ਤੋਂ ਬਿਨਾਂ ਕੋਈ ਵੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀਆਂ
ਬੀੜਾਂ ਨਹੀਂ ਛਾਪ ਸਕਦਾ। ਪਰ ਅਫ਼ਸੋਸ ਕਿ ਸ਼੍ਰੋ. ਕਮੇਟੀ ਦੀ ਨੱਕ
ਥੱਲੇ ਪਾਸ ਕੀਤੇ ਮਤਿਆਂ ਦੀਆਂ ਧੱਜੀਆਂ ਉਡਾਉਂਦੇ ਹੋਏ ਭਾਈ ਚਤਰ ਸਿੰਘ ਜੀਵਨ ਸਿੰਘ
ਕਿਤਾਬਾਂ ਵਾਲੇ, ਜੋ ਕਿ ਅਕਸਰ ਹੀ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ, ਉਹ ਬੇਖ਼ੌਫ਼ ਧੜੱਲੇ
ਨਾਲ ਬੀੜਾਂ ਛਾਪ ਕੇ ਮਨ ਮਰਜੀ ਦੇ ਰੇਟਾਂ ਤੇ ਵੇਚ (ਇਹ ਲਫ਼ਜ਼ ਨਾਂ ਚਾਹੁੰਦਿਆਂ ਵੀ ਲਿਖਣਾ
ਪਿਆ) ਰਹੇ ਹਨ ਪਰ ‘ਸ਼੍ਰੋ. ਕਮੇਟੀ’ ਤੇ ‘ਅਕਾਲ ਤਖ਼ਤ ਸਕੱਤਰੇਤ’ ਪੂਰੀ ਤਰ੍ਹਾਂ ਮੋਨ ਧਾਰਨ ਕਰੀ
ਬੈਠੇ ਹਨ। ਸ਼ਾਇਦ ਕਿਤੇ ਨਾ ਕਿਤੇ ਕਿਸੇ ਕਾਰਨ ਸਹਿਮਤੀ ਹੋਈ ਹੈ ਜੋ ਕਿ ਡੂੰਘੀ ਪੜਤਾਲ ਕਰਨ
ਯੋਗ ਹੈ।
‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ਨਾਲ ਜਾਂ ਸਿੱਖ ਕੌਮ ਨਾਲ ਜੁੜੇ ਜਰੂਰੀ ਤੇ ਅਹਿਮ ਮਸਲਿਆਂ ਦੇ
ਮਾਮਲੇ ਤੇ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਤਕਰੀਬਨ ਹਰੇਕ ਫ਼ਰੰਟ 'ਤੇ ਪਿਛਲੇ ਲੰਮੇਰੇ ਸਮੇਂ
ਤੋਂ ਫ਼ੇਲ ਹੁੰਦੀ ਨਜ਼ਰ ਆ ਰਹੀ ਹੈ। ਜਦੋਂ ਕਿ ਅਜਿਹੇ ਮਾਮਲਿਆਂ ਦੀ ਸਹੀ ਤਰਜ਼ਮਾਨੀ ਕਰਨਾ
ਕਮੇਟੀ ਦਾ ਪਹਿਲਾ ਤੇ ਸਭ ਤੋਂ ਜਰੂਰੀ ਕੰਮ ਸੀ।
‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨਾਲ ਜੁੜੇ ਅਜਿਹੇ ਹੀ ਗ਼ੰਭੀਰ ਮਾਮਲਿਆਂ ਦਾ ਕੇਂਦਰ ਬਿੰਦੂ
ਰਿਹਾ ਹੈ ਮਲੇਸ਼ੀਆ, ਜਿੱਥੋਂ ਜਸਵੰਤ ਸਿੰਘ ਵੱਲੋਂ ਕੁਝ ਹਸਤ ਲਿਖਤ ਬੀੜਾਂ ਸਾਹਮਣੇ ਆਈਆਂ ਸਨ
ਜਿੰਨ੍ਹਾਂ ਵਿੱਚ ਬਹੁਤ ਭਾਰੀ ਤਾਦਾਦ ਵਿੱਚ ਗਲਤੀਆਂ ਸਾਹਮਣੇ ਆਈਆਂ ਸਨ। ਹੁਣ ਮਲੇਸ਼ੀਆ ਦੇ
ਕੁਆਲਾਲੰਪੁਰ ਵਿੱਚ ਪੂਚੋਂਗ ਸਥਿਤ ਗੁਰਦੁਆਰਾ ਸਾਹਿਬ ਨਾਲ ਜੁੜਿਆ ਮਾਮਲਾ ਸੋਸ਼ਲ ਮੀਡੀਆ ‘ਤੇ
ਪ੍ਰਿੰਟ ਮੀਡੀਆ ਵਿੱਚ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਕੇ 700 ਕਿੱਲੋ( ਸੱਤ
ਕੁਇੰਟਲ) ਦੀ ਵੱਡ ਆਕਾਰੀ ਬੀੜ ਸਾਹਮਣੇ ਆਈ ਹੈ ਭਾਵੇਂ ਕਿ
ਇਹ ਮਾਮਲਾ ਮੌਜ਼ੂਦੇ ਸਮੇਂ ਮੀਡੀਆ ਵਿੱਚ ਆ
ਰਿਹਾ ਹੈ ਪਰ ਇਹ ਕੋਈ ਤਾਜ਼ਾ ਮਾਮਲਾ ਨਹੀਂ ਸਗੋਂ ਸਾਲ 2017 ਵਿੱਚ ਮੇਰੇ ਵੱਲੋਂ ਉਸ ਸਮੇਂ ਦੇ
ਵਿਵਾਦਾਂ ਵਿੱਚ ਹਮੇਸ਼ਾ ਘਿਰੇ ਰਹਿਣ ਵਾਲੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿ. ਗੁਰਬਚਨ ਸਿੰਘ
ਦੇ ਧਿਆਨ ਵਿੱਚ ਲਿਆਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਹੀ ਅਸਫ਼ਲ ਰਹੀਆਂ
ਕਿਉਂਕਿ ਗਿ. ਗੁਰਬਚਨ ਸਿੰਘ ਦੇ ਪੀ ਏ ਭੁਪਿੰਦਰ ਸਿੰਘ ਨੇ ਕਦੇ ਵੀ ਮੇਰੀ ਗੱਲ ਉਨ੍ਹਾਂ ਨਾਲ
ਹੋਣ ਹੀ ਨਹੀਂ ਦਿੱਤੀ ਸਗੋਂ ਉਸ ਵੱਲੋਂ ਏਥੋਂ ਤੱਕ ਵੀ ਕਿਹਾ ਗਿਆ ਕੇ ਏਥੇ ਗੁਰਬਚਨ ਸਿੰਘ ਨਾਮ
ਦਾ ਕੋਈ ਬੰਦਾ ਹੀ ਨਹੀਂ ਹੈ।
ਯਾਦ ਰਹੇ ਮਲੇਸ਼ੀਆ ਵਾਲੀ ਵੱਡ ਆਕਾਰੀ ਬੀੜ ਸਾਲ 2010 ਵਿੱਚ ਤਿਆਰ
ਹੋ ਚੁੱਕੀ ਸੀ ਇਹ ਗੱਲ ਬੀੜ ਤਿਆਰ ਕਰਨ ਵਾਲੇ ਪੂਚੋਂਗ ਗੁ. ਸਾਹਿਬ ਦੇ ਪ੍ਰਧਾਨ ਅਵਤਾਰ (ਸਿੰਘ)
ਨੇ ਖ਼ੁਦ ਮੈਨੂੰ ਦੱਸੀ। ਇਹ ਬੀੜ 2011 ਵਿੱਚ ਉਸ ਵੇਲੇ ਸੰਗਤ ਸਾਹਮਣੇ ਆਈ ਜਦੋਂ
ਮਲੇਸ਼ੀਆ ਵਿੱਚ ਛੱਪਦੀ ਇੰਗਲਿਸ਼ ਅਖ਼ਬਾਰ ‘ਸਟਾਰ’ ਵਿੱਚ ਇਸ ਬਾਰੇ ਛਪਿਆ। ਉਸ ਵੇਲੇ ਸ਼੍ਰੋ.
ਕਮੇਟੀ ਵੱਲੋਂ ਗਿ. ਰਘਬੀਰ ਸਿੰਘ ਜੱਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਭਾਈ ਸਤਿਨਾਮ
ਸਿੰਘ ਖੰਡਾ (ਪੰਜ ਪਿਆਰਾ) ਵੱਲੋਂ ਇਸ ਬੀੜ ਸੰਬੰਧੀ ਪੜਤਾਲ ਕਰਕੇ ਗਿ. ਗੁਰਬਚਨ ਸਿੰਘ ਨੂੰ
ਰਿਪੋਰਟ ਸੌਂਪੀ ਗਈ ਸੀ। ਗਿ. ਗੁਰਬਚਨ ਸਿੰਘ ਵੱਲੋਂ ਉੱਥੋਂ ਦੇ ਪ੍ਰਧਾਨ ਅਵਤਾਰ (ਸਿੰਘ) ਨੂੰ
ਤਲਬ ਵੀ ਕੀਤਾ ਗਿਆ ਸੀ। ਉੱਥੋਂ ਦੇ ਪ੍ਰਧਾਨ ਮੁਤਾਬਿਕ ਜਦੋਂ ਉਹ ਗਿ. ਗੁਰਬਚਨ ਸਿੰਘ ਨੂੰ ਅਕਾਲ
ਤਖ਼ਤ ਸਕੱਤਰੇਤ ਵਿੱਚ ਮਿਲਿਆ ਸੀ ਤਾਂ ਗਿਆਨੀ ਜੀ ਨੇ ਉਸਨੂੰ ਚਾਹ ਤੇ ਬਦਾਮ ਛਕਾਏ।
ਰਸਮੀ ਜਿਹੀ ਗੱਲ ਬਾਤ ਦੌਰਾਨ ਪ੍ਰਧਾਨ ਨੇ ਆਪਣਾ ਪੱਖ ਰੱਖਦਿਆਂ
ਮਲੇਸ਼ੀਅਨ ਗੁ. ਕੌਂਸਲ ਦੇ ਉਸ ਵੇਲੇ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਵੱਡ ਆਕਾਰੀ ਬੀੜ ਛਾਪਣ
ਨੂੰ ਸਹੀ ਠਹਿਰਾਉਂਦਿਆਂ ਤੇ ਇਸ ਕਾਰਜ ਨੂੰ ਮਿਥੇ ਸਮੇਂ ਪੂਰਾ ਹੋਣ ਦੀ ਕਾਮਨਾਂ ਕਰਦਿਆਂ
ਅਤੇ ਮਲੇਸ਼ੀਅਨ ਗੁ. ਕੌਸਲ ਵੱਲੋਂ ਸੇਵਾਂਵਾਂ ਦੇਣ ਦੀ ਪੇਸ਼ਕਸ਼ ਕਰਦਿਆਂ 31/3/2011 ਨੂੰ ਲਿਖੀ
ਹੋਈ ਚਿੱਠੀ ਵੀ ਗਿ. ਗੁਰਬਚਨ ਸਿੰਘ ਨੂੰ ਸਪੁਰਦ ਕੀਤੀ। ਗੱਲਬਾਤ ਨੂੰ ਵਿਰਾਮ ਦਿੰਦਿਆਂ
ਗਿ. ਗੁਰਬਚਨ ਸਿੰਘ ਨੇ ਪ੍ਰਧਾਨ ਨੂੰ ਕਿਹਾ
ਇਸ ਬੀੜ ਨੂੰ ਤੁਸੀਂ ਪ੍ਰਕਾਸ਼ ਨਾਂ ਕਰਿਓ ਤੇ ਸ਼ੀਸ਼ੇ ਦੇ ਇੱਕ ਕੈਬਨ ਵਿੱਚ ਸਫੈਦ ਸੁੰਦਰ ਬਸਤਰਾਂ
ਵਿੱਚ ਲਪੇਟ ਕੇ ਰੱਖ ਦਿਓ, ਨਾਲ ਇਹ ਵੀ ਕਿਹਾ ਹੁਣ ਏਥੇ ਸਾਡੇ ਕੋਈ ਇਲੈਕਸ਼ਨ ਹੋਣ ਵਾਲੀ
ਹੈ ਉਸ ਤੋਂ ਵੇਹਲੇ ਹੋ ਕੇ ਅਸੀਂ ਫੇਰ ਤੁਹਾਨੂੰ ਦੱਸਾਂਗੇ ਕੇ ਬੀੜ ਨੂੰ ਕੀ ਕਰਨਾ ਹੈ। ਪਰ
ਅਫ਼ਸੋਸ ਕਿ ਗਿ. ਗੁਰਬਚਨ ਸਿੰਘ ਉਸ ਤੋਂ ਬਾਅਦ ਸੱਤ ਸਾਲ ਇਸ ਉੱਚ ਅਹੁਦੇ ਦਾ ਅਨੰਦ ਮਾਣਦੇ ਰਹੇ
ਪਰ ਵੱਡ ਆਕਾਰੀ ਬੀੜ ਦਾ ਕਦੇ ਚੇਤਾ ਹੀ ਨਾ ਆਇਆ। ਕਾਸ਼! ਜੇ ਉਸ ਵੇਲੇ ਕੋਈ ਯੋਗ ਫ਼ੈਸਲਾ ਕਰ
ਲਿਆ ਜਾਂਦਾ ਤਾਂ ਅੱਜ ਦੁਬਾਰਾ ਇਹ ਮਸਲਾ ਨਾਂ ਉੱਠਦਾ।
ਅਖ਼ੀਰ ਤੇ ਗਿ. ਹਰਪ੍ਰੀਤ ਸਿੰਘ ਐਕਟਿੰਗ ਜੱਥੇਦਾਰ ਸ੍ਰੀ ਅਕਾਲ
ਤਖ਼ਤ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਕੁਤਾਹੀ ਵਰਤਣ ਦੇ
ਗ਼ੁਨਾਹ ਵਿੱਚ ਗਿ. ਗੁਰਬਚਨ ਸਿੰਘ, ਉਨ੍ਹਾਂ ਦੇ ਉਸ ਵੇਲੇ ਦੇ ਪੀ ਏ ਭੁਪਿੰਦਰ ਸਿੰਘ ਤੇ
ਮਲੇਸ਼ੀਅਨ ਗੁ. ਕੌਂਸਲ ਦੇ ਉਸ ਵੇਲੇ ਦੇ ਪ੍ਰਧਾਨ ਹਰਚਰਨ ਸਿੰਘ ਨੂੰ ਪੜਤਾਲ ਵਿੱਚ ਸ਼ਾਮਲ ਕੀਤਾ
ਜਾਵੇ ‘ਤੇ ਪਾਰਦਰਸ਼ੀ ਢੰਗ ਨਾਲ ਇਸ ਮਾਮਲੇ ਦੀ ਡੂੰਘੀ ਪੜਤਾਲ ਕਰਕੇ ਗ਼ੁਨਾਹਗ਼ਾਰਾਂ ਦੇ ਚੇਹਰੇ
ਨੰਗੇ ਕੀਤਾ ਜਾਣ, ਤੇ ਨਾਲ ਦੇ ਨਾਲ ਪਬਲੀਸ਼ਰ ਭਾਈ ਚਤਰ ਸਿੰਘ ਜੀਵਨ ਸਿੰਘ ਉੱਪਰ ਵੀ ਤੁਰੰਤ
ਰੋਕ ਲਗਾਈ ਜਾਵੇ।