ਮਸ਼ਹੂਰ
ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਵੱਲੋਂ ਜ਼ਫ਼ਰਨਾਮਾ ਦੀ ਪੇਸ਼ਕਾਰੀ ‘ਚ ਆਈਆਂ ਕੁਝ
ਗ਼ਲਤੀਆਂ/ਤਰੁੱਟੀਆਂ (ਡੇਰਾਵਾਦੀ ਸੋਚ ਅਨੁਸਾਰ) ਦੇ ਸਬੰਧ ਵਿੱਚ ਇੱਕ ਮੰਗ ਪੱਤਰ ਲੈ
ਕੇ ਪ੍ਰੋ.(❓) ਸਰਚਾਂਦ ਸਿੰਘ ਫ਼ੈਡਰੇਸ਼ਨ ਆਗੂ(❓) ‘ਤੇ ਭਾਈ ਅਜਾਇਬ ਸਿੰਘ ਅਭਿਆਸੀ(❓) ਮੈਂਬਰ
ਧਰਮ ਪ੍ਰਚਾਰ ਕਮੇਟੀ (ਸ਼੍ਰੋ. ਗੁ. ਪ੍ਰਬੰਧਕ ਕਮੇਟੀ) ਸ੍ਰੀ ਅਕਾਲ ਤਖ਼ਤ ਸਾਹਿਬ (ਅਕਾਲ ਬੁੰਗਾ)
ਤੇ ਪਹੁੰਚੇ ਹਨ ਜੋ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਕੇ ਸਭ ਦੇ ਸਾਹਮਣੇ ਆਇਆ ਹੈ।
“ਗੁਰੂ ਨਾਨਕ ਸਾਹਿਬ” ਜੀ ਦੇ ‘ਨਿਰਮਲ ਪੰਥ’ ਦੇ ਪੈਂਡੇ (ਰਸਤੇ) ਤੇ ਚੱਲ ਰਹੇ ਸਿੱਖਾਂ ਨੂੰ
‘ਬ੍ਰਾਹਮਣੀ ਸੋਚ’ ਦੇ ‘ਖਾਰੇ ਸਮੁੰਦਰ’ ਵਿੱਚ ‘ਗੋਤੇ’ ਲਵਾਉਣ ਲਈ ਸਿੱਖ ਕੌਮ ‘ਵਿਰੋਧੀ ਸ਼ਕਤੀਆਂ’
ਨੇ ਕੋਈ ਵੀ ਮੌਕਾ ਨਹੀਂ ਗਵਾਇਆ ਭਾਵੇਂ ਉਹ ‘ਗੁਰ ਇਤਿਹਾਸ’,’ਸਿੱਖ ਇਤਿਹਾਸ’, ਤੇ ‘ਗੁਰਬਾਣੀ’
ਨਾਲ ਹੀ ਜੁੜਿਆ ਕਿਉਂ ਨਾਂ ਹੋਵੇ। ‘ਬ੍ਰਾਹਮਣੀ ਸੋਚ’ ਦੀ ‘ਲੌਬੀ’ ‘ਸਰਕਾਰੀ ਤੰਤਰ’ ਦੀ ਛਤਰ
ਛਾਇਆ ਹੇਠ ਘੱਟ ਗਿਣਤੀਆਂ, ਖ਼ਾਸ ਕਰਕੇ ਸਿੱਖ ਕੌਮ ਦੇ ਵਜ਼ੂਦ ਨੂੰ ਮੁੱਢੋਂ ਹੀ ਰੱਦ ਕਰਕੇ
ਹਿੰਦੂ ਗ਼ਰਦਾਨਣ ਲਈ ਹਰੇਕ ਹੀਲਾ ਵਸੀਲਾ ਵਰਤ ਕੇ ਪਿਛਲੇ ਸੈਂਕੜੇ ਸਾਲਾਂ ਤੋਂ ਬੜੇ ਹੀ
ਯੋਜਨਾਬੱਧ ਢੰਗ ਨਾਲ ਇਸ ਤੇ ਕੰਮ ਕਰਦੀ ਆ ਰਹੀ ਹੈ ਜਿਸ ਨੂੰ ਸਫ਼ਲ
ਬਨਾਉਣ ਲਈ ‘ਆਰ.ਐਸ.ਐਸ’ ਤੋਂ ਅਸ਼ੀਰਵਾਦ ਪ੍ਰਾਪਤ ਕੁਝ ਅਖੌਤੀ ‘ਸਿੱਖ ਰਾਜਨੀਤਕ’ ( ਇੱਕ ਵੱਡੇ
ਸਿਆਸੀ ਪਰਿਵਾਰ ਦੀ ਅਗਵਾਈ ਵਿੱਚ) ਧਰਮੀ ਹੋਣ ਦਾ ਦਿਖਾਵਾ ਕਰਨ ਵਾਲੇ ਵੱਡੇ ਵੱਡੇ ਡੇਰੇਦਾਰ
‘ਤੇ ਸੰਪ੍ਰਦਾਈ ਸੋਚ ਦੇ ਮਾਲਕ ਕਥਾਵਾਚਕ, ਪ੍ਰਚਾਰਕ, ਰਾਗੀ, ਢਾਡੀ ‘ਤੇ ਕਵੀਸ਼ਰ ਅਤੇ ਚੌਥੇ
ਥੰਮ੍ਹ ਵਜੋਂ ਜਾਣਿਆ ਜਾਣ ਵਾਲਾ ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਆ( ਕੁਝ ਕੁ ਨੂੰ ਛੱਡ ਕੇ)
ਵਾਹ ਲੱਗਦੀ ਆਪਣਾ ਪੂਰਾ ਪੂਰਾ ਯੋਗਦਾਨ ਪਾਉਣ ਲਈ ਮੂਹਰਲੀਆਂ ਕਤਾਰਾਂ ਵਿੱਚ ਕੰਮ ਕਰਦਾ ਨਜ਼ਰੀਂ
ਪੈਂਦਾ ਹੈ ਜੋ ਕਿ ਸਮੁੱਚੀ ਕੌਮ ਲਈ ਬਹੁਤ ਹੀ ਅਹਿਮ ਤੇ ਭਾਰੀ ਚਿੰਤਾ ਦਾ ਵਿਸ਼ਾ ਹੈ।
ਸਿੱਖ ਕੌਮ ਦੀ ਇਸ ਚਿੰਤਾ ਵਿੱਚ ਹੋਰ ਵਾਧਾ ਕਰਨ ਲਈ ਅਤੇ ‘ਜ਼ਫ਼ਰਨਾਮਾ’ ਦੀ ਆੜ ਹੇਠ ‘ਬਚਿੱਤਰ
ਨਾਟਕ’ ( ਅਖੌਤੀ ਦਸਮ ਗ੍ਰੰਥ) ਨਾਮ ਦੇ ਗ੍ਰੰਥ ਦੀਆਂ ਰਚਨਾਵਾਂ ਨੂੰ ਸਿੱਖ ਕੌਮ ਵਿਰੋਧੀ
ਸ਼ਕਤੀਆਂ ਦੀ ਸ਼ਹਿ 'ਤੇ “ਗੁਰਬਾਣੀ” ਦਰਜ਼ਾ ਦਿਵਾਉਣ ਲਈ ਡੇਰਾਵਾਦੀ ਸੋਚ ਦੇ ਦੋ ਸਖ਼ਸ਼ਾਂ ਵੱਲੋਂ
ਸ੍ਰੀ ਅਕਾਲ ਤਖ਼ਤ (ਅਕਾਲ ਬੁੰਗਾ) ਤੇ ਮੰਗ ਪੱਤਰ ਦੇਣਾ ਸੋਚਣ ਤੇ ਵਿਚਾਰਨ ਦਾ ਮੁੱਦਾ ਹੈ।
‘ਜ਼ਫ਼ਰਨਾਮਾ’ ਨੂੰ ਦਸਮੇਸ਼ ਪਿਤਾ ਸਾਹਿਬ
‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਨਾਮ ਨਾਲ ਨੱਥੀ ਕਰਕੇ ਸੰਪ੍ਰਦਾਈ ਡੇਰੇਦਾਰ ਗੁਰੂ ਸਾਹਿਬ
ਜੀ ਦੀ ਸਖ਼ਸ਼ੀਅਤ ਤੇ ਸਵਾਲੀਆ(❓) ਚਿੰਨ੍ਹ ਲਾ ਕੇ ਬਹੁਤ ਹੀ ਘਟੀਆ ਤੇ ਕੋਝਾ ਮਖ਼ੌਲ ਕਰਨ ਦੀ
ਜ਼ੁੱਅਰਤ ਕਰ ਰਹੇ ਹਨ। ‘ਜ਼ਫ਼ਰਨਾਮਾ’ ਵਿੱਚ ਗੁਰੂ ਸਾਹਿਬ ਜੀ ਨੂੰ ਇੱਕ ਲਾਚਾਰ,
ਹਾਰਿਆ ਯੋਧਾ, ਤੇ ਲਿਲਕੜ੍ਹੀਆਂ ਕੱਢਦੇ ਇੱਕ ਭਿਖਾਰੀ (ਇਹ ਸਾਰੇ ਲਫ਼ਜ਼ ਮਜ਼ਬੂਰੀ ਵੱਸ ਲਿਖ
ਰਿਹਾ ਹਾਂ) ਦੇ ਰੂਪ ਵਿੱਚ ਔਰੰਗਜ਼ੇਬ ਸਾਹਮਣੇ ਪੇਸ਼ ਕਰਨ ਤੋਂ ਸਿਵਾਏ ਕੁਝ ਵੀ ਨਹੀਂ। ਦੇਖੋ!
ਸੁਰਿਜਨਹ ਚਿ ਕਾਰੇ ਕੁਨਦ ਚਿਹਲ ਨਰ॥
ਕਿ ਦਹਲਕ ਬਰਾਬਦ ਬਰੇ ਬੇਖ਼ਬਰ॥ (੧੯)
(ਮੇਰੇ ਚਾਲ਼ੀ ਭੁੱਖੇ ਆਦਮੀਆਂ ਤੇ ਤੇਰੇ ਦੱਸ ਲੱਖ ਫ਼ੌਜ਼ੀ ਅਚਾਨਕ ਆ ਪਏ, ਉਸ ਸਮੇਂ ਉਹ ਕੀ ਕਰ
ਸਕਦੇ ਸਨ?)
ਨੋਟ: ਕੀ ਗੁਰੂ ਸਾਹਿਬ ਆਪਣੀ ਲਾਚਾਰੀ
ਨੂੰ ਔਰੰਗਜ਼ੇਬ ਵਰਗੇ ਜ਼ੁਲਮੀਂ ਬਾਦਸ਼ਾਹ ਨੂੰ ਦੱਸਣ ਦੀ ਗ਼ੁਸਤਾਖ਼ੀ ਕਰ ਸਕਦੇ ਸਨ? ਫੇਰ
ਚਮਕੌਰ ਦੀ ਇਸ ਜੰਗ ਵਿੱਚ ਹੱਸ ਹੱਸ ਕੇ ਜੂਝ ਕੇ ਸ਼ਹੀਦ ਹੋਣ ਵਾਲੇ ਦੋ ਵੱਡੇ ਸਾਹਿਬਜ਼ਾਦੇ ਤੇ
ਬਾਕੀ ਬਹਾਦਰ ਸਿੰਘ ਸੂਰਮਿਆਂ ਦੀ ਮਹਾਨ ਸ਼ਹਾਦਤ ਦੇ ਕੀ ਮਾਇਨੇ ਰਹਿ ਜਾਂਦੇ ਹਨ?
ਸ਼ਹਨਸ਼ਾਹਿ ਰਾ ਬੰਦਹੇ ਚਾਕਰੇਮ॥
ਅਗਰ ਹੁਕਮ ਆਬਦ ਬ ਜਾਂ ਹਾਜਰੇਮ॥
ਕਵੀ ਪਾ. ੧੦ ਦੀ ਮੋਹਰ ਵਰਤ ਕੇ ਗੁਰੂ ਸਾਹਿਬ ਨੂੰ ਬਾਦਸ਼ਾਹ ਦੇ ਸਾਹਮਣੇ ਛੋਟਾ ਲਾਚਾਰ ਦਿਖਾਉਣ
ਲਈ ਗੁਰੂ ਜੀ ਦੇ ਮੂੰਹੋ ਅਖਵਾ ਰਿਹਾ ਹੈ ਕਿ ਐ ਔਰੰਗਜ਼ੇਬ ਸ਼ਹਿਨਸ਼ਾਹ ਮੈਂ ਤੇਰਾ ਚਾਕਰ ਤੇ
ਸੇਵਕ ਹਾਂ। ਜੇ ਤੇਰੇ ਵੱਲੋਂ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹੋ ਜਾਵਾਂ। ਚਿੱਠੀ
ਵਿੱਚ ਕਹਿਣਾ ਕੇ ਜੇ ਤੇਰਾ ਹੁਕਮ ਹੋਵੇ, ਇਹ ਗੱਲ ਸਾਡੇ ਮਹਾਨ ਸਤਿਗੁਰੂ ਜੀ ਦੀ ਸਖ਼ਸ਼ੀਅਤ ਦੇ
ਬਿਲਕੁੱਲ ਉਲਟ ਹੈ ‘ਤੇ ਗੁਰੂ ਜੀ ਦੀ ਤੌਹੀਨ ਤੋਂ ਸਿਵਾਏ ਕੁਝ ਵੀ ਨਹੀਂ।
ਅਗਰਚੇ ਬਿਯਾਮਦ ਬਫੁਰਮਾਨੇ ਮਨ॥
ਹਜੂਰਤ ਬਿਆਯਮ ਹਮਹ ਜਾਨੇ ਤਨ॥
(ਜੇ ਮੈਨੂੰ ਹੁਕਮ ਆ ਗਿਆ ਤਾਂ ਮੈਂ ਤੇਰੇ ਸਾਹਮਣੇ ਜਾਨ ਤੇ ਸਰੀਰ ਕਰਕੇ ਆ ਜਾਵਾਂਗਾ।)
ਨੋਟ: ਅੱਠਵੇਂ ਗੁਰਦੇਵ ਗੁਰੂ
ਹਰਿਕ੍ਰਿਸ਼ਨ ਸਾਹਿਬ ਜੀ ਨੇ ਔਰੰਗਜ਼ੇਬ ਵੱਲੋਂ ਮਿਲਣ ਦੀ ਇੱਛਾ ਖ਼ਾਤਰ ਉਸ ਵੱਲੋਂ ਕੀਤੀ ਗਈ
ਹਰੇਕ ਕੋਸ਼ਿਸ਼ ਦੇ ਬਾਵਜ਼ੂਦ ਉਸਨੂੰ ਦਰਸ਼ਨ ਨਹੀਂ ਦਿੱਤੇ, ਕੀ ਦਸਵੇਂ ਗੁਰੂ ਨਿਰਭੈ ਯੋਧਾ ਵੱਲੋਂ
ਇਸ ਤਰ੍ਹਾਂ ਕਹਿਣਾ ਉਨ੍ਹਾਂ ਦੀ ਨਿਡਰਤਾ ਤੇ ਧੱਬਾ ਨਹੀਂ?
ਸਿੱਖ ਇਤਿਹਾਸ ਦੇ ਨਾਮਵਰ ਲਿਖਾਰੀ ਡਾ. ਸੰਗਤ ਸਿੰਘ ਵੱਲੋਂ ਲਿਖੀ
ਪੰਜਾਬੀ ਲਿਖਤ ‘ਇਤਿਹਾਸ ‘ਚ ਸਿੱਖ’ ਦੇ ਪੰਨਾ ੭੫ ਤੇ ਲਿਖਦੇ ਹਨ ਕਿ ਗੁਰੂ ਗੋਬਿੰਦ
ਸਿੰਘ ਜੀ ਨੇ ਦੀਨੇ ਦੀ ਧਰਤੀ ਤੋਂ ‘ਜ਼ਫ਼ਰਨਾਮਾ’ (ਫ਼ਤਿਹ ਦਾ ਪੱਤ੍ਰ) ਲਿਖ ਕੇ ਭਾਈ ਦਇਆ ਸਿੰਘ
ਤੇ ਭਾਈ ਧਰਮ ਸਿੰਘ ਦੇ ਹੱਥ ਔਰੰਗਜ਼ੇਬ ਕੋਲ ਦਸੰਬਰ ੧੭੦੫ ਨੂੰ ਘੱਲਿਆ। ਫੁਟਨੋਟ ਵਿੱਚ ਲਿਖਿਆ
ਹੈ ਕਿ ਇਨਾਇਤੁੱਲਾ ਦੀ ਇਹਕਾਮਇ ਆਲਮਗੀਰੀ ਵਿੱਚ ਜ਼ਫ਼ਰਨਾਮਹ’ ਨੂੰ ਗੁਰੂ ਸਾਹਿਬ ਵੱਲੋਂ ਦਿੱਤੀ
ਦਰਖ਼ਾਸਤ (ਬੇਨਤੀ ਰੂਪ) ਕਹਿ ਕੇ ਇਸ ਦਾ ਜ਼ਿਕਰ ਕੀਤਾ ਹੋਇਆ ਹੈ। ਵਿਦੇਸ਼ੀ ਲੇਖਕ ਇਰਵਿਨ ਵੀ
ਵਾਹਿਦ ਦੇ ਆਧਾਰ ਤੇ ਐਸਾ ਹੀ ਜ਼ਿਕਰ ਕਰਦਾ ਹੈ।
ਸੋ ਗੁਰੂ ਸਾਹਿਬ ਵੱਲੋਂ ਇੱਕ ਚਿੱਠੀ ਔਰੰਗਜ਼ੇਬ ਬਾਦਸ਼ਾਹ ਨੂੰ ਲਿਖੀ। ਪਰ ਇਤਿਹਾਸ ਦੇ ਕਿਸੇ
ਪੰਨੇ ਤੇ ਵੀ ਕੋਈ ਜ਼ਿਕਰ ਨਹੀਂ ਮਿਲਦਾ ਕਿ ਆਖ਼ਰ ਗੁਰੂ ਜੀ ਨੇ ਉਸ ਚਿੱਠੀ ਵਿੱਚ ਕੀ ਸ਼ਬਦ ਵਰਤੇ
ਸਨ?
(ਜ਼ਫ਼ਰਨਾਮਹ’ ਵਿੱਚ ਬਹੁਤ ਕੁਝ ਅਸ਼ਲੀਲ ਲੇਖਣੀ ਵੀ ਹੈ, ਸੋ ਕੋਈ
ਵੀ ਜਾਗਦੀ ਜ਼ਮੀਰ ਵਾਲਾ ਸਿੱਖ ਐਸੀ ਲੇਖਣੀ ਨੂੰ ਹਰਗ਼ਿਜ਼ ਗੁਰੂ ਰਚਨਾ ਨਹੀਂ ਮੰਨ ਸਕਦਾ)
ਸੋ ਹੁਣ ਦੇਖਣਾ ਇਹ ਹੋਏਗਾ ਕਿ ਗਿ. ਹਰਪ੍ਰੀਤ ਸਿੰਘ (ਪੀ. ਐੱਚ. ਡੀ.) ਇਸ ਮੰਗ ਪੱਤਰ ਤੇ ਕੋਈ
ਪੜਤਾਲੀਆ ਕਮੇਟੀ ਬਣਾਉਂਦੇ ਹਨ ( ਸੰਪ੍ਰਦਾਈ ਸੋਚ ਵਾਲੀ ਨਹੀਂ) ਜਾਂ ਸਿੱਖ ਕੌਮ ਦੇ ਮਹਾਨ
ਧੁਰੰਦਰ ਗੁਰਬਾਣੀ ਖ਼ੋਜੀਆਂ ‘ਤੇ ਇਤਿਹਾਸਕਾਰਾਂ ਦਾ ਇੱਕ ਸਾਂਝਾ ਪੈਨਲ ਜੋ ਸਮੁੱਚੀ ਸਿੱਖ ਕੌਮ
ਨੂੰ ਪ੍ਰਵਾਣ ਹੋਵੇ, ਉਸਦਾ ਗਠਨ ਕਰਕੇ ਸ਼ਬਦ ਗੁਰੂ ਦੀ ਰੌਸ਼ਨੀ ਵਿੱਚ ਅਜਿਹੀਆਂ ਲਿਖਤਾਂ ਜੋ ਕਿ
ਸਮੁੱਚੀ ਸਿੱਖ ਕੌਮ ਨੂੰ ਬਿੱਪਰੀ ਖਾਰੇ ਸਮੁੰਦਰ ਵਿੱਚ ਸੁੱਟਣਾ ਚਾਹੁੰਦੀਆ ਹਨ, ਨੂੰ ਵਾਚ ਕੇ
ਹਮੇਸ਼ਾਂ ਹਮੇਸ਼ਾਂ ਲਈ ਕੌਮ ਦੇ ਗਲ਼ੋਂ ਲਾਹੁਣ ਲਈ ਦਲੇਰੀ ਤੇ
ਜ਼ੁੱਅਰਤ ਵਾਲਾ ਕੋਈ ਇਤਿਹਾਸਿਕ ਫ਼ੈਸਲਾ ਲੈਂਦੇ ਹਨ?