Khalsa News homepage

 

 Share on Facebook

Main News Page

📿 ਗੁਰਬਾਣੀ ਅਨੁਸਾਰ "ਮਾਲ਼ਾ" ਕੀ ਹੈ ? 📿
-: ਗੁਰਜੋਤ ਸਿੰਘ ਖੋਖੇਰ
11.05.2020
#KhalsaNews #Mala #Gurmat

ਬਠਿੰਡਾ ਜਿਲੇ ਦਾ ਇਕ ਕਿਸਾਨ ਹੋਇਆ ਹੈ, ਜਿਸ ਦਾ ਨਾਮ ਭਾਈ ਜਲ੍ਹਣ ਸੀ। ਇਹਨਾਂ ਦੇ ਪਿੰਡ ਵਿੱਚ ਕੁਝ ਸਾਧ ਆ ਗਏ। ਕੋਈ ਚੌਂਕੜਾ ਲਾ ਮਾਲ਼ਾ ਫੇਰ ਰਿਹਾ, ਕੋਈ ਜਟਾਂਵਾਂ ਵਾਲਾ ਭੇਖ ਧਾਰਕੇ ਆਸਣ ਲਾਈ ਬੈਠਾ, ਕੋਈ ਇਕ ਪੈਰ 'ਤੇ ਖਲੋਕੇ ਭਗਤੀ ਦਾ ਪਖੰਡ ਕਰ ਰਿਹਾ ਸੀ, ਆਦਿ ਅਨੇਕ ਤਰੀਕੇ ਦੇ ਪਖੰਡ ਕਰ ਰਹੇ ਸਨ। ਜਦ ਭਾਈ ਜਲ੍ਹਣ ਜੀ ਆਪਣਾ ਗੱਡਾ - ਬਲ਼ਧ ਲੈਕੇ ਖੇਤ ਵਲ ਨੂੰ ਜਾ ਰਹੇ ਸਨ ਤਾਂ ਉਹਨਾਂ ਦੇਖਿਆ ਕੇ ਕੁੱਝ ਮਾਈਆਂ - ਬੀਬੀਆਂ ਦੁੱਧ ਪ੍ਰਸਾਦੇ ਤੇ ਹੋਰ ਅਨੇਕ ਧੰਨ ਮਾਲ ਲੈਕੇ ਬਾਬਿਆਂ ਕੋਲ਼ ਆਈਆਂ ਹਨ। ਭਾਈ ਸਾਹਿਬ ਜੀ ਨੇ ਆਪਣਾ ਗੱਡਾ ਲੈ ਜਾਕੇ ਬਾਬਿਆਂ ਦੇ ਨੇੜੇ ਖੜਾ ਦਿੱਤਾ। ਭਾਈ ਸਾਹਿਬ ਜੀ ਨੇ ਆਪਣੇ ਗੱਡੇ ਦਾ ਪਹੀਆ ਲਾਹ ਲਿਆ। ਰਾਹ ਵਿਚ ਜਾਂਦੇ ਜਵਾਨਾਂ ਨੂੰ ਨਾਲ ਲਾ ਕੇ ਭਾਈ ਸਾਹਿਬ ਜੀ ਪਹੀਏ ਨੂੰ ਉੱਚੀ ਥਾਂ ਤੋਂ ਨੀਵੀਂ ਥਾਂ ਵਲ ਧੱਕਦੇ। ਵਾਰ ਵਾਰ ਪਹੀਏ ਨੂੰ ਉਪਰ ਤੋਂ ਥੱਲੇ - ਥੱਲੇ ਤੋਂ ਉਪਰ ਧਕਦੇ। ਭਾਈ ਜਲ੍ਹਣ ਜੀ ਦੀ ਇਹ ਖੇਡ ਦੇਖਣ ਵਾਲਿਆਂ ਦੀ ਭੀੜ ਵੱਧ ਦੀ ਜਾ ਰਹੀ ਸੀ। ਪਖੰਡੀ ਲੁਟੇਰੇ ਬਾਬਿਆਂ ਦਾ ਵੀ ਧਿਆਨ ਭਾਈ ਸਾਹਿਬ ਜੀ ਵਲ ਖਿਚਿਆ ਗਿਆ। ਆਖਿਰ ਇਕ ਪਖੰਡੀ ਨੇ ਭਾਈ ਸਾਹਿਬ ਜੀ ਨੂੰ ਕਹਿ ਹੀ ਦਿੱਤਾ "ਓ ਭਾਈ! ਕਿਉਂ ਸਾਡੀ ਭਗਤੀ ਭ੍ਰਸ਼ਟ ਕਰਦਾ ਏਂ? ਇਹ ਆਪਣਾ ਕਿਰਿਆ ਕਰਮ ਕਿਤੇ ਹੋਰ ਜਾਕੇ ਕਰ ਲੈ।

• ਭਾਈ ਜਲ੍ਹਣ ਜੀ ਨੇ ਬਹੁਤ ਖੂਬ ਜਵਾਬ ਦਿੱਤਾ। ਭਾਈ ਸਾਹਿਬ ਜੀ ਨੇ ਕਿਹਾ ਬਾਬਿਉ ਮੈਂ ਤਾਂ ਭਗਤੀ ਕਰ ਰਿਹਾਂ, ਮਾਲ਼ਾ ਫੇਰ ਰਿਹਾਂ। ਤੁਹਾਡੀ ਮਾਲ਼ਾ ਦੇ ਮਣਕੇ ਛੋਟੇ ਨੇ। ਸਾਡਾ ਪਿੰਡ ਵਾਲ਼ਿਆਂ ਦਾ ਖੁਲਾ ਜਿਹਾ ਸੁਭਾ ਹੈ। ਸਾਡੇ ਮਾਲ਼ਾ ਦੇ ਮਣਕੇ ਥੋਡੇ ਵੱਡੇ ਨੇ। ਭਾਈ ਜੀ ਨੇ ਕਿਹਾ, ਮੈਂ ਜਦੋਂ ਘਰੋਂ ਨਿਕਲਦਾ ਹਾਂ ਤਾਂ ਮੇਰੇ ਗੱਡੇ ਦੇ ਦੋਨੋਂ ਪਹੀਆਂ ਨਾਲ ਮਾਲ਼ਾ ਫਿਰਨੀ ਚਾਲੂ ਹੋ ਜਾਂਦੀ ਹੈ। ਖੂਹ ਵਿਚੋਂ ਖੇਤਾਂ ਨੂੰ ਪਾਣੀ ਜਾਂਦਾ ਹੈ, ਫਸਲ ਹੁੰਦੀ ਹੈ, ਜੀਵ ਜੰਤੂ ਪਾਣੀ ਪੀਂਦੇ ਹਨ, ਅਨ ਖਾਂਦੇ ਹਨ, ਆਦਿ। ਜੇ ਕਿਸਾਨਾਂ ਦੀ ਇਹ ਮਾਲ਼ਾ ਫਿਰਨੀ ਬੰਦ ਹੋ ਜਾਵੇ ਤਾਂ ਸਾਰੀ ਸ਼੍ਰਿਸ਼ਟੀ ਭੁੱਖੀ ਮਰ ਜਾਏਗੀ। ਭਾਈ ਸਾਹਿਬ ਜੀ ਨੇ ਗੁਰਬਾਣੀ ਦਾ ਫੁਰਮਾਨ ਇਉਂ ਸੁਣਾਇਆ :

💕 ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ॥💕

• ਐਸੇ ਗੁਰਬਾਣੀ ਫੁਰਮਾਨ ਸੁਣਕੇ ਉਹਨਾਂ ਵਿਹਲੜਾਂ ਨੇ ਉਥੋਂ ਜਾਣਾ ਹੀ ਠੀਕ ਸਮਝਿਆ, ਕਿਉਂਕਿ ਉਹ ਸਮਝ ਗਏ ਸਨ ਕੇ ਜਿਥੇ ਭਾਈ ਜਲ੍ਹਣ ਵਰਗੇ ਸੂਰਮੇ ਬੈਠੇ ਹਨ, ਉਥੇ ਸਾਡੀ ਦੁਕਾਨਦਾਰੀ ਨਹੀਂ ਜੇ ਚਲਣੀ।

• ਪਿਆਰਿਓ, ਅਜ ਅਸੀਂ ਇਹਨਾਂ ਵਿਹਲੜਾਂ - ਪਖੰਡੀਆਂ - ਲੁਟੇਰਿਆਂ ਮਗਰ ਲੱਗ ਗੁਰਬਾਣੀ ਦੀ ਵਿਚਾਰਧਾਰਾਂ ਤੋਂ ਕੋਹਾਂ ਦੂਰ ਚਲੇ ਗਏ ਹਾਂ। ਪਖੰਡੀ ਲੁਟੇਰੇ ਡੇਰੇਦਾਰਾਂ ਨੇ ਸਾਨੂ ਮਾਲ਼ਾ ਹਥ ਵਿੱਚ ਫੜਾਕੇ " ਵਾਹਿਗੁਰੂ - ਵਾਹਿਗੁਰੂ " ਦਾ ਤੋਤਾ ਰਟਣ ਕਰਨ ਨੂੰ ਦੇ ਦਿੱਤਾ ਕੇ ਇੱਸ ਨਾਲ ਸੁਖ ਦੀ ਪ੍ਰਾਪਤੀ ਹੋਏਗੀ, ਆਦਿ। ਪਿਆਰਿਓਂ ਗੁਰਬਾਣੀ ਤਾਂ ਫੁਰਮਾਉਂਦੀ ਹੈ👇

📿 ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥ 📿
ਅਰਥ :
ਆਤਮਿਕ ਜੀਵਨ ਵਲੋਂ ਅੰਨਾ ਮਨੁੱਖ ਮਾਲ਼ਾ ਫੇਰਦਾ ਹੈ, ਧੰਨ ਪਦਾਰਥ ਮੰਗ ਕੇ ਇੱਕਠਾ ਕਰਦਾ ਹੈ।
ਹੇ ਮਿੱਤਰ, ਇੱਸ ਤਰੀਕੇ ਨਾਲ ਕੋਈ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ।

📿 ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥75॥ 📿
ਅਰਥ :
ਹੇ ਕਬੀਰ ਤੂੰ ਤੁਲਸੀ, ਰੁਦ੍ਰਾਖ ਦੀ ਮਾਲ਼ਾ ਕਿਉਂ ਹੱਥ ਵਿੱਚ ਫੱੜਕੇ ਲੋਕਾਂ ਨੂੰ ਦਿਖਾਈ ਫਿਰਦਾ ਹੈਂ?
ਤੂੰ ਆਪਣੇ ਹਿਰਦੇ ਵਿੱਚ ਤਾਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ, ਹੱਥ ਵਿੱਚ ਫੜੀ ਇਹ ਮਾਲ਼ਾ ਦਾ ਕੋਈ ਲਾਭ ਨਹੀਂ ਹੋ ਸਕਦਾ।

ਪਿਆਰਿਓ, ਗੁਰਬਾਣੀ ਜਿਸ ਚੀਜ਼ ਦਾ ਖੰਡਨ ਕਰਦੀ ਹੈ ਉਸ ਦਾ ਮੰਡਨ ਵੀ ਕਰਦੀ ਹੈ। ਆਓ ਜਾਣੀਏ ਗੁਰਬਾਣੀ ਕਿੱਸ ਤਰੀਕੇ ਦੀ ਮਾਲ਼ਾ ਦਾ ਵਰਤਣ ਕਰਨ ਨੂੰ ਕਹਿੰਦੀ ਹੈ👇

👉 ਹਰਿ ਹਰਿ ਅਖਰ ਦੁਇ ਇਹ ਮਾਲਾ॥ ਜਪਤ ਜਪਤ ਭਏ ਦੀਨ ਦਇਆਲਾ॥੧॥
ਕਰਉ ਬੇਨਤੀ ਸਤਿਗੁਰ ਅਪੁਨੀ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ॥੧॥ ਰਹਾਉ ॥
ਹਰਿ ਮਾਲਾ ਉਰ ਅੰਤਰ ਧਾਰੈ॥ ਜਨਮ ਮਰਣ ਕਾ ਦੂਖ ਨਿਵਾਰੈ॥੨॥
ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ॥ ਸੋ ਜਨੁ ਇਤ ਉਤ ਕਤਹਿ ਨ ਡੋਲੈ॥੩॥
ਕਹੁ ਨਾਨਕ ਜੋ ਰਾਚੈ ਨਾਇ॥ ਹਰਿ ਮਾਲ਼ਾ ਤਾ ਕੈ ਸੰਗ ਜਾਇ॥
੪॥੧੯॥੭੦॥

ਅਰਥ:
ਹੇ ਸਤਿਗੁਰੂ! ਮੈਂ ਬੇਨਤੀ ਕਰਦਾਂ ਹਾਂ ਕੇ ਮੇਨੂੰ ਆਪਣੀ ਸ਼ਰਨ ਵਿੱਚ ਰੱਖ। ਆਪਣੀ ਨਾਮ ਰੂਪੀ ਮਾਲ਼ਾ (ਗੁਣ ਰੁਪੀ) ਮੈਨੂੰ ਬਖਸ਼, ਮੈਨੂੰ ਹੋਰ ਕੋਈ ਮਾਲ਼ਾ ਦੀ ਲੋੜ ਨਹੀਂ। ਰਹਾਉ।
ਹਰੀ ਦਾ ਨਾਮ ਰੂਪ ਦੋ ਅੱਖਰ ਹੀ ਮੇਰੀ ਮਾਲ਼ਾ ਹੈ। ਇਹ ਨਾਮ ਰੂਪੀ ਮਾਲ਼ਾ ਹਿਰਦੇ ਵਿੱਚ ਧਾਰਨ ਹੋ ਜਾਵੇ। ਜਨਮ ਤੋਂ ਮਰਣ ਤੱਕ ਦੇ ਸਾਰੇ ਦੁਖਾਂ 'ਤੇ ਇਸ ਨਾਲ ਕਾਬੂ ਪਾ ਲਈਦਾ ਹੈ। ਮੇਰੇ ਅੰਦਰ ਨੇਕ ਗੁਣ ਭਰ ਜਾਣ ਤੇ ਆਪਣੀ ਜ਼ੁਬਾਨ ਤੋਂ ਹਰਿ ਨਾਮ ਉਚਾਰਦਾ ਰਹਾਂ। ਇਸ ਤਰਹਾਂ ਜ਼ਿੰਦਗੀ ਅਡੋਲ ਬਤੀਤ ਹੁੰਦੀ ਹੈ।
ਹੇ ਨਾਨਕ! ਜੇ ਮਨੁਖ ਹਰਿ ਨਾਮ ਵਿਚ ਰੰਗਿਆ ਜਾਂਦਾ ਹੈ ਤਾ ਇਹੀ ਨਾਮ ਦਾ ਸਹਾਰਾ ਉਸ ਨਾਲ ਅੰਤ ਸਮੇਂ ਤੱਕ ਨਿਭਦਾ ਹੈ।

👉 ਭੈਰਉ ਮਹਲਾ 4 ॥ ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥ ਹਿਰਦੈ ਫੇਰਿ ਚਲੈ ਤੁਧੁ ਨਾਲੀ ॥1॥
ਚੰਗੀ ਕਰਣੀ ਹੀ ਸ੍ਰੇਸ਼ਟ ਮਾਲਾ ਹੈ, ਇਸਨੂੰ ਹਿਰਦੇ ਵਿੱਚ ਸੰਭਾਲ ਕੇ ਰੱਖ। ਇਹ ਭਵਿੱਖ ਵਿੱਚ ਤੇਰੇ ਨਾਲ ਚੱਲੇਗੀ।

• ਗੁਰਬਾਣੀ ਸਾਨੂੰ ਇਸ ਤਰੀਕੇ ਦੀ ਮਾਲਾ ਦਾ ਵਰਤਣ ਕਰਨ ਨੂੰ ਕਹਿੰਦੀ ਹੈ।
• ਪਿਆਰਿਓ ਇਹਨਾਂ ਕਰਮ - ਕਾਂਡਾਂ ਨੇ ਸਾਡਾ ਕੋਈ ਭਲਾ ਨਹੀਂ ਕਰਨਾ। ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਅਸੀਂ ਖੁੱਲੇ ਆਮ ਇਹਨਾਂ ਵਿਹਲੜ - ਪਖੰਡੀ - ਲੁਟੇਰੇ ਬਾਬਿਆਂ ਕੋਲੋ ਲੁਟਵਾ ਰਹੇ ਹਾਂ।
• ਪਿਆਰਿਓ ਇਕ ਨਾਲ ਜੁਡੋ। ਬਾਣੀ ਪੜੋ, ਸਮਝੋ, ਤੇ ਆਪਣੇ ਜੀਵਨ ਤੇ ਅਮਲ ਕਰਕੇ ਜੀਵਨ ਨੁੰ ਸਫਲਾ ਕਰੋ।

🙏ਖਿਮਾ ਦਾ ਜਾਚਕ🙏
💕🖋ਗੁਰਜੋਤ ਸਿੰਘ ਗਾਂਧੀਧਾਮ🖋💕


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top