Khalsa News homepage

 

 Share on Facebook

Main News Page

ਗੁਰੂ ਸਾਹਿਬ, ਰਬਾਬੀ ਜਾਂ ਇਨਕਲਾਬੀ ?
-: ਇੰਦਰ ਸਿੰਘ 'ਘੱਗਾ' /
"ਙਙਾ"
(ਕਿਤਾਬ : 'ਪੜਿਆ ਬੂਝੈ ਸੋ ਪਰਵਾਣੁ' ਵਿਚੋਂ)
#KhalsaNews #Ghagga #Kirtan #Revolution

ਮੈਂ ਪਿਛਲੇ ਪੰਜਾਹ ਸਾਲ ਤੋਂ ਗੁਰੂ ਸਾਹਿਬ ਬਾਰੇ ਕੁੱਝ ਨਾ ਕੁੱਝ ਸੁਣਦਾ ਪੜ੍ਹਦਾ ਆ ਰਿਹਾ ਹਾਂ। ਜਿਵੇਂ ਜਿਵੇਂ ਉਮਰ ਵਧਦੀ ਗਈ, ਸੋਚ ਦਾ ਦਾਇਰਾ ਫੈਲਦਾ ਗਿਆ। ਕੁੱਝ ਬਜ਼ੁਰਗਾਂ ਤੋਂ ਸੁਣਿਆ ਧਰਮ ਬਾਰੇ, ਗੁਰਦੁਆਰਿਆਂ ਵਿਚੋਂ ਸੁਣਿਆ। ਫਿਰ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ। ਹਰ ਕਿਸੇ ਨੇ ਇਹੀ ਦੱਸਿਆ। ਲਿਖਿਆ ਕਿ ਗੁਰੂ ਨਾਨਕ ਸਾਹਿਬ ਨੂੰ ਜਦੋਂ ਬਾਣੀ ਫੁਰਦੀ ਸੀ ਤਦੋਂ ਕਹਿੰਦੇ ਸਨ-‘‘ਮਰਦਾਨਿਆ ਰਬਾਬ ਬਜਾ, ਬਾਣੀ ਆਈ ਹੈ’’। ਜਦੋਂ ਜਨਮ ਸਾਖੀਆਂ ਪੜ੍ਹੀਆਂ ਉਹਨਾਂ ਵਿੱਚ ਭੀ ਥਾਂ ਪਰਥਾਂ ਇਹੀ ਸਤਰਾਂ ਲਿਖੀਆਂ ਮਿਲਦੀਆਂ ਹਨ-  "ਮਰਦਾਨਿਆ ਰਬਾਬ ਬਜਾ ਬਾਣੀ ਆਈ ਹੈ"। ਮਰਦਾਨਾ ਜੀ ਰਬਾਬ ਬਜਾਉਣ ਲੱਗ ਪੈਂਦੇ, ਗੁਰੂ ਜੀ ਸ਼ਬਦ ਗਾਉਣ ਲੱਗ ਪੈਂਦੇ। ਅਗਰ ਦੋ ਚਾਰ ਬੰਦੇ ਕੋਲ ਬੈਠੇ ਹੋਣ ਤਾਂ ਉਹ ਨੀਵੀਆਂ ਪਾਈ ਸਿਰ ਸੁੱਟਕੇ ਸੁਣਦੇ ਰਹਿੰਦੇ। ਬਿਨਾਂ ਕੁੱਝ ਸਮਝੇ ਹੀ ਸ਼ਾਇਦ ਘਰਾਂ ਨੂੰ ਚਲੇ ਜਾਂਦੇ ਹੋਣਗੇ?

ਜਦੋਂ ਗੁਰਬਾਣੀ ਨੂੰ ਧਿਆਨ ਨਾਲ ਸਮਝਕੇ ਪੜ੍ਹੀਏ ਤਾਂ ਇਸ ਵਿੱਚ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਸੇਧ ਮੌਜੂਦ ਹੈ। ਧਰਮ ਦੀ ਸ਼ਾਨਦਾਰ ਪਰਿਭਾਸ਼ਾ ਮੌਜੂਦ ਹੈ। ਧਰਮ ਦੇ ਨਾਂ ਤੇ ਪਾਖੰਡ ਕਰ ਰਹੇ ਲੋਕਾਂ ਨੂੰ ਫਿਟਕਾਰਾਂ ਪਾਈਆਂ ਹਨ। ਸਮਾਜ ਵਿੱਚ ਉਚ ਨੀਚ ਨੂੰ ਖਤਮ ਕਰਨ ਵਾਸਤੇ ਉਪਦੇਸ਼ ਹਨ। ਰਾਜਿਆਂ ਦੇ ਜੁਲਮਾਂ ਨੂੰ ਬੇਬਾਕੀ ਨਾਲ ਨੰਗਾ ਕੀਤਾ ਹੈ। ਜਨਤਾ ਨੂੰ ਹਿੰਮਤ ਕਰਨ ਲਈ ਸਿਆਣੇ ਬਣਨ ਲਈ ਪ੍ਰੇਰਿਆ ਹੈ। ਬਹੁਵੇਦਵਾਦ ਨੂੰ ਮੂਲੋ ਹੀ ਰੱਦ ਕਰਕੇ ਇੱਕ ਕਰਤਾ ਪੁਰਖ ਦੀ ਮਹਾਨਤਾ ਨੂੰ ਉਭਾਰਿਆ ਹੈ। ਗ੍ਰਿਸਤ ਜੀਵਨ ਦੇ ਫਰਜ ਨਿਭਾਉਂਦਿਆਂ ਵਿਕਾਰ ਰਹਿਤ ਹੋ ਕੇ, ਗੁਣਵਾਨ ਬਣਕੇ ਰਲਮਿਲ ਕੇ ਰਹਿਣ ਦੇ ਉਪਦੇਸ਼ ਹਨ।

ਮਾਨਸਿਕ ਵਿਕਾਸ ਹੋਣ ਨਾਲ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਗੁਰੂ ਅਰਜਨ ਸਾਹਿਬ ਜੇ ਰਬਾਬੀ ਸਨ ਜਾਂ ਨਾਮ ਸਿਮਰਨ ਵਾਲੇ ਸਨ, ਫਿਰ ਜਹਾਂਗੀਰ ਬਾਦਸ਼ਾਹ ਨੂੰ ਕੀ ਤਕਲੀਫ ਹੋ ਗਈ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ? ਨੌਵੇਂ ਸਤਿਗੁਰੂ ਜੇ ਰਬਾਬੀ ਸਨ ਨਾਮ ਰਸੀਏ ਸਨ, ਫਿਰ ਤਾਂ ਔਰੰਗਜੇਬ ਨੂੰ ਕੋਈ ਖਤਰਾ ਨਹੀਂ ਸੀ। ਸਿੱਖਾਂ ਸਮੇਤ ਗੁਰੂ ਜੀ ਨੂੰ ਕਿਉਂ ਸ਼ਹੀਦ ਕੀਤਾ? ਦਸਵੇਂ ਪਾਤਿਸਾਹ ਨੇ ਤਾਂ ਲਗਦੈ ਰਬਾਬ ਸਦਾ ਵਾਸਤੇ ਹੀ ਤਿਆਗ ਦਿੱਤੀ ਸੀ। ਕਿਉਂਕਿ ਉਹਨਾਂ ਦੀ ਸਾਰੀ ਉਮਰ ਤਾਂ ਜੰਗ ਲੜਦਿਆਂ ਜਾਂ ਜੰਗੀ ਤਿਆਰੀ ਕਰਦਿਆਂ ਦੀ ਹੀ ਗੁਜਰ ਗਈ। ਬਾਬਾ ਬੰਦਾ ਸਿੰਘ ਨੇ ਤਾਂ ਨਾਂ ਕੀਰਤਨ ਸਿੱਖਿਆ, ਨਾ ਰਬਾਬ ਚੁੱਕੀ। ਜਦੋਂ ਚੁੱਕੀ ਤਾਂ ਤਲਵਾਰ ਚੁੱਕੀ। ਅੱਠ ਸਾਲ ਦਾ ਸਮਾਂ ਬੰਦਾ ਸਿੰਘ ਤੇ ਸਾਥੀ ਕਿਧਰੇ ਕੀਰਤਨ ਕਰਦੇ ਨਜਰ ਨਹੀਂ ਆਉਂਦੇ। ਕਰੀਬ ਅੱਸੀ ਸਾਲ ਦਾ ਮਿਸਲਾਂ ਦਾ ਭਿਆਨਕ ਸਮਾਂ ਸਿੱਖ ਯੋਧੇ ਦਿਨ ਰਾਤ ਘੋੜਿਆਂ ਤੇ ਸਵਾਰ ਰਹੇ, ਆਜ਼ਾਦੀ ਦੀ ਲੰਮੀ ਜੰਗ ਲੜਦੇ ਰਹੇ। ਇਸ ਸਾਰੇ ਲੰਮੇ ਦੌਰ ਵਿੱਚ ਕਿਧਰੇ ਕੀਰਤਨ ਦੀਵਾਨ ਸਜਿਆ ਨਹੀਂ ਦਿਸੇਗਾ। ਕੀਰਤਨ ਸਿੱਖਣ ਜਾਂ ਸਿਖਾਉਣ ਦਾ ਸਿੱਖ ਮੁਖੀਆਂ ਨੂੰ ਚੇਤਾ ਹੀ ਭੁੱਲ ਗਿਆ ਸੀ? ਉਸ ਸਮੇਂ ਦੁਹਰਾਨ ਸਿੱਖਾਂ ਦੇ ਘਰ ‘ਕਾਕੇ’’ ਨੇ ਜਨਮ ਲਿਆ ਹੋਵੇਗਾ। ਕਿਸੇ ਸਿੱਖ ਜੋੜੇ ਦਾ ਅਨੰਦ ਕਾਰਜ ਹੋਇਆ ਹੋਵੇਗਾ। ਕਿਸੇ ਸਿੱਖ ਮਾਈ ਭਾਈ ਦੇ ਚਲਾਣਾ ਕਰ ਜਾਣ ਦਾ (ਸ਼ਾਇਦ) ਭੋਗ ਪਿਆ ਹੋਵੇਗਾ। ਪਰ ਕੀਰਤਨ ਦੀਆਂ ਧੁਨਾਂ ਕਿਤੋਂ ਸੁਣਾਈ ਨਹੀਂ ਦਿੰਦੀਆਂ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਜਿੱਤ ਕੇ ਖੁਸੀ ਮਨਾਈ ਹੋਵੇਗੀ। ਫਿਰ ਬਾਦਸਾਹ ਬਣਨ ਦੀਆਂ ਰਸਮਾਂ ਪੂਰੀਆਂ ਕੀਤੀਆਂ ਹੋਣਗੀਆਂ। ਕੀਰਤਨ ਕਰਨ ਕਰਾਉਣ ਦਾ ਕਿਤੋਂ ਹਵਾਲਾ ਨਹੀਂ ਮਿਲਦਾ।

ਭਾਰਤੀ ਸਮਾਜ ਵਿੱਚ ਆਪਣੇ ਦੇਵਤਿਆਂ ਅੱਗੇ ਨੱਚਣ ਗਾਉਣ ਨੂੰ ਬੜਾ ਪੁੰਨ ਕਰਮ ਸਮਝਿਆ ਗਿਆ ਹੈ। ਬ੍ਰਾਹਮਣੀ ਗ੍ਰੰਥ ਲਿਖਣ ਵਾਲਿਆਂ ਨੇ ਭਗਤਾਂ ਨੂੰ ਉਤਸ਼ਾਹਤ ਕਰਨ ਲਈ ਦੇਵੀਆਂ ਦੇਵਤੇ ਭੀ ਨਚਦੇ ਗਾਉਂਦੇ ਸਿੱਧ ਕਰ ਵਿਖਾਏ। ਨੱਚਣ ਗਾਉਣ ਵਾਲਿਆਂ ਦਾ ਬੀਰਤਾ ਵਾਲਾ ਸੁਭਾ ਮਰ ਮੁੱਕ ਜਾਂਦਾ ਹੈ। ਕਮਜੋਰੀ ਜਾਂ ਕੋਮਲਤਾ ਆ ਜਾਂਦੀ ਹੈ। ਉਹ ਲੋਕ ਫਿਰ ਦੁਸਮਣਾਂ ਵਿਰੁਧ ਹੱਥਾ ਵਿੱਚ ਤੇਗਾਂ ਫੜਕੇ ਮੈਦਾਨ ਵਿੱਚ ਨਹੀਂ ਆ ਸਕਦੇ। ਦੁਸਮਣਾਂ ਦੇ ਖਾਤਮੇ ਲਈ ਦੇਵਤਿਆਂ ਅੱਗੇ ਨਚਦੇ ਹਨ, ਗਾਉਂਦੇ ਹਨ ਤੇ ਗੁਲਾਮੀ ਗਲ ਪੁਆ ਲੈਂਦੇ ਹਨ। ਬ੍ਰਾਹਮਣ ਪੁਜਾਰੀ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੂਰਤੀਆਂ ਨੂੰ ਇਸਨਾਨ ਕਰਾਉਂਦੇ ਹਨ। ਬਸਤਰ ਪਹਿਨਾਉਂਦੇ ਹਨ। ਸਿੰਗਾਰ ਕਰਦੇ ਹਨ। ਭੋਗ ਲਗਵਾਉਂਦੇ ਹਨ। ਭੇਟਾ ਪੂਜਾ ਇਕੱਠੀ ਕਰਦੇ ਹਨ। ਉਪਦੇਸ਼ ਕੋਈ ਨਹੀਂ ਕਰਦੇ। ਇਹੀ ਦ੍ਰਿੜ ਕਰਾਉਂਦੇ ਹਨ ਕਿ ‘‘ਸ਼ਰਧਾ’’ ਰਖੋ, ਭਗਵਾਨ ਜੀ ਸਾਰੇ ਕਾਰਜ ਸੰਵਾਰ ਦੇਣਗੇ। ਇਸੇ ਬਿਧੀ ਅਨੁਸਾਰ ਸਿੱਖ ਪੁਜਾਰੀ ਗੁਰੂ ਗ੍ਰੰਥ ਨੂੰ ਭੋਗ ਲਗਵਾ ਰਹੇ ਹਨ। ਸੁੰਦਰ ਰੁਮਾਲੇ ਅਰਪਣ ਕਰ ਰਹੇ ਹਨ। ਪੀਹੜੇ ਚੌਰ ਚਾਨਣੀ ਪਾਲਕੀ ਹੋਰ ਵਧੀਆ ਅਰਪਣ ਕਰ ਰਹੇ ਹਨ। ਅਖੰਡ ਪਾਠ, ਸਹਿਜ ਪਾਠ, ਸੰਪਟ ਪਾ, ਮੌਨ ਪਾਠ ਆਦਿ ਹੋ ਰਹੇ ਹਨ। ਸਵੇਰੇ ਸ਼ਾਮ ਨਿੱਤਨੇਮ ਕਰ ਲਿਆ, ਕੁੱਝ ਕੀਰਤਨ ਸੁਣ ਲਿਆ, ਗੁਰਦੁਆਰੇ ਮੱਥਾ ਟੇਕ ਲਿਆ, ਲੰਗਰ ਛਕਿਆ ਤੇ ਧਰਮ ਸੰਪੂਰਣ ਹੋ ਗਿਆ। ਜੀਵਨ ਵਿੱਚ ਕੋਈ ਤਬਦੀਲੀ ਨਹੀਂ, ਵਿਕਾਸ ਨਹੀਂ, ਗਿਆਨ ਨਹੀਂ। ਗੁਰਬਾਣੀ ਦੇ ਹੁਕਮ ਨੂੰ ਮੰਨਣਾ ਨਹੀਂ ਧਰਮ ਦੇ ਨਾਮ ਹੇਠ ਕਰਮ ਕਾਂਡ ਬਹੁਤ ਕੀਤਾ ਜਾ ਰਿਹਾ ਹੈ। ਭਾਈ ਰਣਧੀਰ ਸਿੰਘ ਦੇ (?) ਜਥੇ ਵਾਲੇ ਤਾਂ ਰੈਣ ਸਬਾਈ ਕੀਰਤਨ ਹੀ ਕਰਨ ਲੱਗ ਪਏ। ਸਾਰੀ ਰਾਤ ਕੀਰਤਨ ਕਰੋ ਜਾਂ ਸੁਣੋ ਦਿਨੇ ਸੁਤੇ ਰਹੋ? ਮ੍ਯੌਜੂਦਾ ਦੌਰ ਵਿੱਚ ਦਿਲਖਿੱਚਵੇਂ ਨਾਵਾਂ ਵਾਲੇ ਕੀਰਤਨ ਦਰਬਾਰ ਥਾਂ ਥਾਂ ਹੋ ਰਹੇ ਹਨ। ਵੱਡੇ ਵੱਡੇ ਮਸ਼ਹੂਰ ਜਥਿਆਂ ਦੇ ਨਾਂਵਾਂ ਨੂੰ ਉਭਾਰਿਆ ਜਾਂਦਾ ਹੈ। ਕਦੀ ‘‘ਸੰਤਾਂ ਮਹਾਂਪੁਰਖਾਂ’’ ਦੇ ਨਾਮ ਤੇ ਭੀੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਬਹੁਪ੍ਰਕਾਰੀ ਸੁਆਦਲੇ ਲੰਗਰ ਬਣਾਏ ਜਾਂਦੇ ਹਨ। ਗੁਰਬਾਣੀ ਬਾਰੇ ਤਾਂ ਖੁਦ ਰਾਗੀ ਜਥਿਆਂ ਨੂੰ ਗਿਆਨ ਨਹੀਂ, (ਵਿਰਲਿਆਂ ਨੂੰ ਛੱਡਕੇ) ਸੰਗਤਾਂ ਨੂੰ ਗਿਆਨ ਕਿਥੋਂ ਆਉਣਾ ਹੋਇਆ?

‘‘ਗੁਰੂ ਸਾਹਿਬ ਨੇ ਗੁਰਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ’’ ਇਸ ਦਾ ਸਬੂਤ ਦੇ ਕੇ ਮੈਨੂੰ ਪਾਠਕ ਸਵਾਲ ਕਰ ਸਕਦੇ ਹਨ। ਜੇ ਗੁਰਬਾਣੀ ਰਾਗਾਂ ਵਿੱਚ ਹੈ ਫਿਰ ਰਾਗ ਜਾਂ ਕੀਰਤਨ ਦਾ ਵਿਰੋਧ ਕਿਉਂ? ਪਾਠਕ ਜਨੋ! ਸਹਿਜ ਪਾਠ ਜਾਂ ਅਖੰਡ ਪਾਠ ਕਿਹੜਾ ਰਾਗਾਂ ਵਿੱਚ ਹੋ ਰਹੇ ਹਨ। ਸਾਡੇ ਬਹੁਤੇ ਪਾਠੀਆਂ ਨੂੰ ਤਾਂ ਗੁਰਬਾਣੀ ਦੀ ਉਚਾਰਣ ਵਿਧੀ ਦਾ ਹੀ ਪਤਾ ਨਹੀਂ ਹੈ। ਵਿਆਕਰਣ ਦੇ ਨੇਮਾਂ ਦਾ ਪਤਾ ਨਹੀਂ ਹੈ। ਵਿਸ਼ਰਾਮ ਕਿੱਥੇ ਲਾਉਣਾ ਹੈ, ਪਤਾ ਨਹੀਂ ਹੈ। ਜੋ ਕੀਰਤਨ ਸਾਡੀਆਂ ਸਟੇਜਾਂ ਤੇ, ਟੀਵੀ ਤੇ ਵੱਡੇ ਰਾਗੀਆਂ ਤੋਂ ਸੰਗਤਾਂ ਸੁਣ ਰਹੀਆਂ ਹਨ, ਇਸ ਵਿੱਚੋਂ 99 ਪ੍ਰਤੀਸ਼ਤ ਉਨ੍ਹਾਂ ਰਾਗਾਂ ਵਿੱਚ ਹੋ ਰਿਹਾ ਹੈ, ਜਿਨਾਂ ਦੀ ਗੁਰਬਾਣੀ ਵਿੱਚ ਵਰਤੋਂ ਹੀ ਨਹੀਂ ਹੋਈ। ਜਿਨਾਂ ਰਾਗਾਂ ਦੀ ਵਰਤੋਂ ਹੋਈ ਹੈ ਉਹਨਾਂ ਵਿੱਚ ਕੀਰਤਨ ਕਰਦੇ ਨਹੀਂ। ਆਮ ਲੋਕਾਂ ਨੂੰ ਰਾਗ ਬਾਰੇ ਸਮਝ ਨਹੀਂ ਹੈ। ਇਸ ਲਈ ਸਾਰੇ ਰਾਗੀ ਜਥੇ ਮਨ ਆਈਆਂ ਕਰੀ ਜਾ ਰਹੇ ਹਨ। ਗੁਰਬਾਣੀ ‘‘ਸ਼ਬਦ ਪ੍ਰਧਾਨ’’ ਹੈ, ਰਾਗ ਪ੍ਰਧਾਨ ਨਹੀਂ ਹੈ। ਜੋ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ, ਉਸ ਮੁਤਾਬਕ ਜੀਵਨ ਬਤੀਤ ਕਰਨਾ ਹੈ। ਹਾਂ ਵੇਹਲ ਦੇ ਪਲਾਂ ਵਿੱਚ ਕਿਸੇ ਦਾ ਕੀਰਤਨ (ਰਾਗ) ਰਾਹੀਂ ਅਨੰਦ ਲੈਣ ਦਾ ਮਨ ਕਰੋ ਤਾਂ ਕੋਈ ਇਤਰਾਜ ਨਹੀਂ ਹੈ। ਰਾਗ ਦੀ ਸਮਝ ਤਾਂ ਦੂਰ ਬਹੁਤੇ ਰਾਗੀਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅਤੇ ਦਸਮ ਗ੍ਰੰਥ ਦੀ ਲੱਚਰ ਕਵਿਤਾ ਵਿਚਲੇ ਫਰਕ ਦਾ ਹੀ ਪਤਾ ਨਹੀਂ। ਸਟੇਜਾਂ ਤੇ ਦੋਵਾਂ ਦਾ ਕੀਰਤਨ ਕਰੀ ਜਾ ਰਹੇ ਹਨ।

ਗੁਰਬਾਣੀ ਦੀਆਂ ਜਿਨ੍ਹਾ ਪੰਕਤੀਆਂ ਵਿਚ ‘‘ਕੀਰਤਨ’’ ਸ਼ਬਦ ਆਇਆ ਹੈ, ਕੀਰਤਨੀ ਜਥੇ ਉਹਨਾਂ ਦਾ ਬਾਰ ਬਾਰ ਜਿਕਰ ਕਰਕੇ ਸੰਗਤ ਤੇ ਕੀਰਤਨ ਸਰਬੋਤਮ ਹੋਣ ਦਾ ਪ੍ਰਭਾਵ ਪਾਉਂਦੇ ਹਨ। ਜਦੋਂ ਕਿ ਇਹ ਵਾਜਬ ਨਹੀਂ ਹੈ। ਕਿਉਂਕਿ ਕੀਰਤਨ ਦਾ ਮਤਲਬ ਹੈ ‘‘ਕੀਰਤੀ ਵਡਿਆਈ ਸੋਭਾ’’, ਉਹ ਕਿਸੇ ਢੰਗ ਨਾਲ ਭੀ ਕੀਤੀ ਜਾ ਸਕਦੀ ਹੈ। ਅੱਗੇ ਉਹ ਪੰਕਤੀਆਂ ਦੇ ਰਿਹਾ ਹਾਂ ਜਿਨਾਂ ਵਿੱਚ ਕੀਰਤਨ, ਕਥਾ, ਹੁਕਮ, ਸਿਮਰਨ, ਗਾਉਣਾ, ਧਿਆਉਣਾ ਆਦਿ ਸ਼ਬਦ ਆਏ ਹਨ। ਸ਼ੱਕ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਖੁਦ ਪੜ੍ਹ ਸਕਦੇ ਹੋ।

ਕਲਜੁਗ ਮਹਿ ‘‘ਕੀਰਤਨੁ’’ ਪਰਧਾਨਾ॥ ਗੁਰਮੁਖਿ ‘‘ਜਪੀਐ’’ ਲਾਇ ਧਿਆਨਾ॥ (1075)
ਇਸ ਪੰਕਤੀ ਨੂੰ ਕੀਰਤਨੀ ਮਹਾਨਤਾ ਲਈ ਬਹੁਤ ਵਰਤਿਆ ਜਾਂਦਾ ਹੈ। ਇਕੋ ਥਾਵੇਂ ਕੀਰਤਨ ਅਤੇ ‘‘ਜਪੀਐ’’ ਦੋਵੇਂ ਗੱਲਾਂ ਆ ਗਈਆਂ। ਇਸਦਾ ਅਰਥ ਹੈ ਗੁਰਬਾਣੀ ਅਨੁਸਾਰ ਜੀਵਨ।

‘‘ਕੀਰਤਨੁ’’ ਨਿਰਮੋਲਕ ਹੀਰਾ॥ ਆਨੰਦ ਗੁਣੀ ਗਹੀਰਾ॥ ਅਨਹਦ ‘‘ਬਾਣੀ’’ ਪੂੰਜੀ॥ ਸੰਤਨ ਹਥਿ ਰਾਖੀ ਕੂੰਜੀ॥ (893)
ਇਥੇ ਇਕ ਪੰਕਤੀ ਵਿੱਚ ਕੀਰਤਨ ਨੂੰ ਅਮੋਲਕ ਕਿਹਾ ਗਿਆ ਹੈ। ਅਗਲੀ ਪੰਕਤੀ ਵਿੱਚ ਗੁਰਬਾਣੀ ਨੂੰ ਮਹਾਨ ਆਖਿਆ ਗਿਆ ਹੈ। ਅਰਥ ਹੈ ਗੁਰਬਾਣੀ ਦਾ ਉਪਦੇਸ਼।

ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ॥ ਹਉਮੈ ਵਿਚਿ ਗਾਵਹਿ ਬਿਰਥਾ ਜਾਇ॥ ਗਾਵਣਿ ਗਾਵਹਿ ਜਿਨ ਨਾਮ ਪਿਆਰੁ॥’’ ਸਾਚੀ ਬਾਣੀ ਸਬਦ ਬੀਚਾਰੁ॥
ਗਾਵਤ ਰਹੈ ਜੇ ਸਤਿਗੁਰ ਭਾਵੈ॥ ਮਨੁ ਤਨੁ ਰਾਤਾ ਨਾਮਿ ਸੁਹਾਵੈ॥ 
ਰਹਾਉ॥ ਇਕਿ ਗਾਵਹਿ ਇਕਿ ਭਗਤਿ ਕਰੇਹਿ॥ ਨਾਮੁ ਨ ਪਾਵਹਿ ਬਿਨੁ ਅਸਨੇਹ॥
ਸਚੀ ਭਗਤਿ ‘‘ਗੁਰ ਸਬਦ ਪਿਆਰਿ’’॥ ਅਪਨਾ ਪਿਰੁ ਰਾਖਿਆ ਸਦਾ ਉਰਿਧਾਰਿ॥ ਭਗਤਿ ਕਰਹਿ ਮੂਰਖ ਆਪੁ ਜਣਾਵਹਿ॥ ਨਚਿ ਨਚਿ ਟਪਹਿ ਬਹੁਤ ਦੁਖੁ ਪਾਵਹਿ॥
ਨਚਿਐ ਟਪਿਐ ਭਗਤਿ ਨੇ ਹੋਇ॥ ‘‘ਸਬਦਿ’’ ਮਰੈ ਭਗਤਿ ਪਾਏ ਜਨੁ ਸੋਇ॥ ਭਗਤਿ ਵਛਲੁ ਭਗਤਿ ਕਰਾਏ ਸੋਇ॥ ਸਚੀ ਭਗਤਿ ਵਿਚਹੁ ਆਪੁ ਖੋਇ॥
ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ॥ ਨਾਨਕ ਬਖਸੇ ‘‘ਨਾਮੁ’’ ਪਛਾਣੈ॥
 (158)

ਹੇ ਭਾਈ! ਬਹੁਤ ਸਾਰੇ ਗਵੱਈਏ ਕਈ ਤਰਾਂ ਦੇ ਗੀਤ ਆਦਿ ਗਾਉਂਦੇ ਹਨ। ਪਰ ਉਹਨਾਂ ਵਿੱਚ ਚੰਗੇ ਰੱਬੀ ਗੁਣ ਪੈਦਾ ਨਹੀਂ ਹੁੰਦੇ। ਆਪਣੀ ਰਾਗ ਵਿੱਦਿਆ ਦਾ ਹੰਕਾਰ ਬਹੁਤ ਕਰਦੇ ਹਨ। ਕੁੱਝ ਪੈਸੇ ਕਾਰਨ ਗਾਉਂਦੇ ਹਨ। ਅਸਲੀ ਗਾਉਣਾ ਹੈ ਚੰਗੇ ਇਨਸਾਨ ਬਣਨਾ, ਰੱਬੀ ਗੁਣ ਮਨ ਵਿੱਚ ਬਸਾਉਣੇ। ਅਸਲ ਵਿੱਚ ਸੱਚੀ ਗੁਰਬਾਣੀ ਨੂੰ ਸਮਝ ਕੇ ਸ਼ਬਦ ਦੇ ਹੁਕਮ ਮੁਤਾਬਕ ਜੀਵਨ ਬਿਤਾਉਣਾ ਚਾਹੀਦਾ ਹੈ। ਗੁਰੂ ਨੂੰ ਚੰਗਾ ਲਗਣਾ ਸਭ ਤੋਂ ਉ¤ਤਮ ਹੈ। ਗੁਰੂ ਪਿਆਰ ਵਿੱਚ ਮਨੁੱਖ ਗੁਣਵਾਨ ਬਣ ਜਾਵੇ। ਨਾਮ ਨੂੰ ਜੀਵਨ ਦਾ ਸੋਮਾ ਬਣਾਵੇ। ਕਈ ਗਾਉਂਦੇ ਹਨ ਕਈ ਗਾਉਣ ਨੂੰ ਭਗਤੀ ਸਮਝਦੇ ਹਨ। ਉਹ ਤਾਂ ਪੈਸੇ ਕਾਰਨ ਅਜੇਹਾ ਕਰਦਾ ਹਨ। ਜੀਵਨ ਵਿੱਚ ਸੁਧਾਰ ਕੋਈ ਨਹੀਂ ਹੁੰਦਾ। ਸੱਚੀ ਭਗਤੀ ਅਸਲੀ ਕੀਰਤੀ ਹੈ। ਗੁਰੂ ਦੇ ਸ਼ਬਦ ਨੂੰ ਪਿਆਰ ਕਰੋ। ਉਸ ਮੁਤਾਬਕ ਜੀਵਨਂ ਚਲਣ ਬਣਾਉ। ਪ੍ਰਭੂ ਦੀ ਯਾਦ ਸਦਾ ਹਿਰਦੇ ਵਿੱਚ ਬਸੀ ਰਹੇ। ਬਹੁਤ ਸਾਰੇ ਲੋਕ ਭਗਤੀ ਨੂੰ ਭੀ ਰੋਜੀ ਵਾਸਤੇ ਅਪਣਾਉਂਦੇ ਹਨ। ਅਕਲ ਕਦੀ ਨਹੀਂ ਆਉਂਦੀ, ਸਦਾ ਮੂਰਖ ਬਣੇ ਰਹਿੰਦੇ ਹਨ। ਭਗਤੀ ਦੇ ਬਹਾਨੇ ਨਚਦੇ ਹਨ, ਟਪੂਸੀਆਂ ਮਾਰਦੇ ਹਨ, ਚੀਕਦੇ ਹਨ। ਇਹ ਪਾਗਲਪਣ ਹੈ ਭਗਤੀ ਨਹੀਂ ਹੈ। ਨੱਚਣ ਟੱਪਣ ਨਾਲ ਭਗਤੀ ਦਾ ਕੋਈ ਸਬੰਧ ਨਹੀਂ ਹੈ। ਗੁਰੂ ਦੇ ਸ਼ਬਦ (ਗੁਰਬਾਣੀ) ਨੂੰ ਸਮਝਕੇ, ਬਿਗੜੇ ਹੋਏ ਮਨ ਨੂੰ ਵਿਕਾਰਾਂ ਵੱਲੋਂ ਮੋੜਨਾ ਚਾਹੀਦਾ ਹੈ, ਇਹੀ ਸੱਚੀ ਭਗਤੀ ਹੈ। ਜਿਸ ਤੇ ਨਿਰੰਕਾਰ ਮੇਹਰਵਾਨ ਹੋਵੇ, ਉਸਨੂੰ ਇਹ ਮੱਤ ਬਖਸ ਦਿੰਦਾ ਹੈ। ਸੱਚੀ ਭਗਤੀ ਇਹ ਹੈ ਕਿ ਆਪਣੇ ਅੰਦਰੋਂ ਵਿਕਾਰਾਂ ਨੂੰ ਮਿਟਾ ਦੇਣਾ ਚਾਹੀਦਾ ਹੈ। ਪਰਮੇਸ਼ਰ ਸੱਚਾ ਹੈ, ਸੱਚੇ ਫੈਸਲੇ ਕਰਦਾ ਹੈ। ਉਹ ਸਾਰਿਆਂ ਦੇ ਮਨ ਦੀ ਅਸਲੀਅਤ ਨੂੰ ਜਾਣਦਾ ਹੈ। ਉਹ ਜੀਵ ਪ੍ਰਭੂ ਦੇ ਦਰ ਤੇ ਪਰਵਾਨ ਹੋਣਗੇ ਜਿਨਾਂ ਨੇ ‘‘ਨਾਮ ਉਪਦੇਸ’’ ਨੂੰ ਹਿਰਦੇ ਵਿੱਚ ਬਸਾ ਲਿਆ।

ਕੀਰਤਨ ਦੀ ਮਹਾਨਤਾ ਬਾਰੇ ਅਣਜਾਣਪੁਣੇ ਵਿੱਚ ਬਹੁਤ ਕੁੱਝ ਬੋਲਿਆ ਤੇ ਲਿੱਖਿਆ ਜਾ ਚੁੱਕਿਆ ਹੈ। ਇਸਲਾਮ ਵਿੱਚ ਕੀਰਤਨ ਨੂੰ ਰਾਗ ਨੂੰ ਹਰਾਮ ਆਖਕੇ ਫਿਟਕਾਰਿਆ ਗਿਆ ਹੈ, ਉਨ੍ਹਾਂ ਦਾ ਕੀ ਵਿਗੜ ਗਿਆ? ਦੂਜੇ ਧਰਮਾਂ ਦੀਆਂ ਧਰਮ ਪੁਸਤਕਾਂ ਰਾਗਬੱਧ ਨਹੀਂ ਹਨ, ਤਾਂ ਭੀ ਉਹਨਾਂ ਦੇ ਪੈਰੋਕਾਰ ਆਪਣੇ ਧਰਮ ਨੂੰ ਪਿਆਰ ਕਰਦੇ ਹਨ। ਰਾਗ ਦੀ ਵਰਤੋਂ ਕਰਨ ਨਾਲ ਸਿੱਖ ਕਿੰਨੇ ਕੁ ਸਿਆਣੇ ਹੋ ਗਏ, ਕਿੰਨੇ ਅਮੀਰ ਹੋ ਗਏ? ਸਗੋਂ ਆਮ ਸਿੱਖ ਤਾਂ ਕੱਚੀਆਂ ਪਿੱਲੀਆਂ ਧਾਰਨਾ (ਸਾਧਾਂ ਦੀਆਂ ਕਵਿਤਾਵਾਂ) ਨੂੰ ਭੀ ਕੀਰਤਨ ਸਮਝਕੇ ਝੂਮ ਰਹੇ ਹੁੰਦੇ ਨੇ। ਬਾਬਿਆਂ ਦੇ ਪੈਰਾਂ ਤੇ ਮੱਥੇ ਟੇਕ ਰਹੇ ਹੁੰਦੇ ਨੇ ਤੇ ਨੋਟ ਅਰਪਣ ਕਰਕੇ ‘‘ਜੀਵਨ ਸਫਲਾ’’ ਕਰ ਰਹੇ ਹੁੰਦੇ ਨੇ।

ਵਿਦੇਸ਼ ਵਿੱਚ ਕਥਾ ਤੋਂ ਬਾਅਦ ਕਾਫ਼ੀ ਸਾਰੇ ਮਾਈ ਭਾਈ ਮੇਰੇ ਕੋਲ ਸਵਾਲ ਕਰਨ ਵਾਸਤੇ ਆ ਗਏ। ਮੇਰੀ ਕਥਾ ਬਾਕੀਆਂ ਨਾਲੋਂ ਅਲੱਗ ਕਿਸਮ ਦੀ ਹੁੰਦੀ ਹੈ। ਹੋਰ ਕਈ ਸਵਾਲਾਂ ਵਿੱਚੋਂ ਇਕ ਮਹੱਤਵਪੂਰਨ ਉਹਨਾਂ ਦਾ ਸਵਾਲ ਸੀ ਕੀਰਤਨ ਬਾਰੇ। ਅਖੇਜੀ ਗੁਰੂ ਸਾਹਿਬ ਨੇ ਕੀਰਤਨ ਨੂੰ ਪ੍ਰਮੁੱਖਤਾ ਦਿੱਤੀ ਹੈ... ਆਦਿ। ਮੈਂ ਗੁਰਬਾਣੀ ਸਮਝਣ ਵਾਸਤੇ ਪ੍ਰੇਰਨਾ ਕਰਦਾ ਰਿਹਾ। ਉਹ ਕੀਰਤਨ ਦੀ ਹਮਾਇਤ ਕਰਦੇ ਰਹੇ। ਗੱਲ ਕਿਸੇ ਸਿਰੇ ਨਾ ਲਗਦੀ ਵੇਖਕੇ ਮੈਂ ਉਹਨਾਂ ਨੂੰ ਸਵਾਲ ਕੀਤਾ-

‘‘ਵੀਰੋ ਭੈਣੋ! ਨੌਜੁਆਨੋ!! ਮੈਂ ਤੁਹਾਡੀਆਂ ਸਾਰੀਆਂ ਦਲੀਲਾਂ ਨਾਲ ਸਹਿਮਤ ਹੋ ਜਾਵਾਂਗਾ। ਕੀਰਤਨ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗ ਜਾਵਾਂਗਾ। ਤੁਹਾਡੇ ਵਿਚ ਪੜ੍ਹੇ ਲਿਖੇ ਵਿਦਵਾਨ ਬੈਠੇ ਹਨ। ਕਾਲਜਾਂ ਵਿੱਚ ਪੜ੍ਹ ਰਹੇ ਨੌਜੁਆਨ ਬੈਠੇ ਹਨ। ਜਿੰਦਗੀ ਦਾ ਲੰਮਾ ਤਜਰਬਾ ਹਾਸਲ ਕਰ ਚੁੱਕੇ ਬਜ਼ੁਰਗ ਬੈਠੇ ਹਨ। ਤੁਹਾਡੇ ਵਿਚੋਂ ਕੋਈ ਭੀ ਮੈਨੂੰ ਇਹ ਜਾਣਕਾਰੀ ਦੇ ਕੇ ਧੰਨਵਾਦੀ ਬਣਾ ਦੇਵੇ ਕਿ ਦੁਨੀਆਂ ਵਿੱਚ ਜਿੰਨੇ ਰਾਜ ਪਲਟੇ ਹੋਏ ਨੇ। ਇਨਕਲਾਬੀ ਲਹਿਰਾਂ ਪੈਦਾ ਹੋਈਆਂ ਨੇ। ਆਪੋ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਬਹਾਦਰਾਂ ਨੇ ਯੋਗਦਾਨ ਪਾਇਆ ਹੈ। ਸਿੱਖਾਂ ਤੋਂ ਇਲਾਵਾ ਹੋਰ ਭੀ ਧਾਰਮਕ ਜਾਂ ਸਮਾਜਿਕ ਲਹਿਰਾਂ ਸਮੇਂ ਸਮੇਂ ਉਠਦੀਆਂ ਰਹੀਆਂ ਨੇ। ਗੋਰਿਆਂ ਤੋਂ ਅਨੇਕਾਂ ਦੇਸਾਂ ਵਾਲਿਆਂ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ। ਸਾਰੀ ਦੁਨੀਆਂ ਦੀ ਆਜਾਦੀ ਦੀ ਤਹਿਰੀਕ ਵਿਚੋਂ, ਮੈਨੂੰ ਕੋਈ ਇੱਕ ਕਰਾਂਤੀਕਾਰੀ ਯੋਧਾ ਦੱਸ ਦਿਓ, ਜਿਸਨੇ ਕੀਰਤਨ ਰਾਹੀਂ ਆਜ਼ਾਦੀ ਪ੍ਰਾਪਤ ਕੀਤੀ ਹੋਵੇ।’’

ਕਾਫੀ ਦੇਰ ਚੁੱਪ ਛਾਈ ਰਹੀ, ਮੈਂ ਦੁਬਾਰਾ ਫਿਰ ਇਹੀ ਸਵਾਲ ਦੁਹਰਾਇਆ ਪਰ ਕਿਸੇ ਨੂੰ ਜਵਾਬ ਨਾ ਅਹੁੜਿਆ। ਅਖੀਰ ਜੋ ਭਾਈ ਸਭ ਤੋਂ ਜ਼ਿਆਦਾ ਕੀਰਤਨ ਦੇ ਹੱਕ ਵਿੱਚ ਬੋਲ ਰਿਹਾ ਸੀ, ਉਸਨੇ ਨਿਰਮਤਾ ਨਾਲ ਮੁਆਫੀ ਮੰਗੀ। ਨਾਲ ਹੀ ਮੰਨਿਆ ਕਿ ਜਿੰਨੇ ਇਨਕਲਾਬ ਦੁਨੀਆਂ ਵਿੱਚ ਆਏ ਹਨ ਉਹ ਲੈਕਚਰਾਂ ਨਾਲ ਜਾਂ ਲਿਖਤਾਂ ਰਾਹੀਂ ਆਏ ਹਨ ਕੀਰਤਨ ਨਾਲ ਨਹੀਂ। ਦੇਸ਼ ਬਦੇਸ਼ ਵਿੱਚ ਬੈਠੇ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਹੋ, ਜੇ ਕੀਰਤਨ ਨਾਲ ਸਭ ਕੁੱਝ ਮਿਲ ਸਕਦਾ ਹੈ ਫਿਰ ਕੀਰਤਨ ਤਾਂ ਬਹੁਤ ਹੋ ਰਿਹਾ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਕਰੀਬ ਵੀਹ ਘੰਟੇ ਹਰ ਰੋਜ ਕੀਰਤਨ ਹੋ ਰਿਹਾ ਹੈ। ਸਾਰਾ ਸਮਾਂ ਟੀਵੀ ਤੇ ਲੋਕੀਂ ਸੁਣਦੇ ਹਨ। ਹੋਰ ਬਹੁਤ ਸਾਰੇ ਗੁਰਦੁਅਰੇ ਹਨ ਉਹਨਾਂ ਥਾਵਾਂ ਤੇ ਭੀ ਕੀਰਤਨ ਹੋ ਰਿਹਾ ਹੈ। ਖਾਲਿਸਤਾਨ ਬਣਿਆ ਹੀ ਸਮਝੋ। ਗੁਰਬਾਣੀ ਨੂੰ ਪੜ੍ਹੋ ਸਮਝੋ ਤੇ ਆਪਣੇ ਜੀਵਨ ਨੂੰ ਸੰਵਾਰੋ ਤਾਂ ਹੀ ਸਿਆਣੇ ਸਿੱਖ ਬਣ ਸਕੋਗੇ।

ਅੱਗੋ ਕੁੱਝ ਹੋਰ ਪੱਖ ਭੀ ਵਿਚਾਰ ਲਈਏ--

ਸਿਮਰਨ :

ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥ ਪਉਣ ਪਾਣੀ ਬੈਸੰਤ੍ਰ ਸਿਮਰਹਿ, ਸਿਮਰੈ ਸਗਲ ਉਪਾਰਜਨਾ॥ (1079)
ਅਰਥ ਹੈ ਬੱਝਵੇ ਨਿਅਮ ਵਿੱਚ ਆਪਣੇ ਜਿੰਮੇ ਲੱਗੀ ਸੇਵਾ ਨਿਭਾਉਣੀ। (ਸਿਮਰਨ ਸ਼ਬਦ ਗੁਰਬਾਣੀ ਵਿੱਚ 736 ਵਾਰੀ ਆਇਆ ਹੈ। )

ਸ਼ਬਦ :

ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ, ਚਹੁ ਦਿਸਿ ਨਾਮੁ ਪਤਾਲੰ॥ ਸਭ ਮਹਿ ਸਬਦ ਵਰਤੈ ਪ੍ਰਭ ਸਾਚਾ, ਕਰਮਿ ਮਿਲੈ ਬੈਆਲੰ॥ (1274)
ਅਰਥ ਹੈ ਹਰ ਥਾਂ ਨਿਰੰਕਾਰ ਦਾ ਹੁਕਮ ਨਿਅਮ ਵਰਤ ਰਿਹਾ ਹੈ। ਇਸ ਹੁਕਮ ਦੀ ਸਮਝ ਸ਼ਬਦ ਗਿਆਨ ਰਾਹੀਂ ਆਉਂਦੀ ਹੈ।
(ਗੁਰਬਾਣੀ ਵਿੱਚ ਸ਼ਬਦ 2045 ਵਾਰੀ ਵਰਤਿਆ ਹੈ। )

ਹੁਕਮ :

ਏਕੋ ਏਕ ਸਭ ਆਖਿ ਵਖਾਣੈ॥ ਹੁਕਮੁ ਬੂਝੈ ਤਾਂ ਏਕੋ ਜਾਣੇ॥ (1176)
ਜਬਾਨੀ ਤਾਂ ਰੱਬ ਇਕੋ ਹੈ ਸਾਰੇ ਕਹਿੰਦੇ ਹਨ, ਉਸਦੇ ਨਿਅਮ ਨੂੰ ਸਮਝਣ ਨਾਲ ਉਸਦੀ ਮਹਾਨਤਾ ਦਾ ਪਤਾ ਲਗਦਾ ਹੈ।
(ਗੁਰਬਾਣੀ ਵਿਚ ਹੁਕਮ 501 ਵਾਰੀ ਆਇਆ ਹੈ।)

ਉਪਦੇਸ਼ :

ਜਿਹ ਬਿਧਿ ਗੁਰਿ ਉਪਦੇਸਿਆ ਸੋ ਸੁਨਿ ਰੇ ਭਾਈ॥ ਨਾਨਕ ਕਹਤ ਪੁਕਾਰ ਕੈ ਗਹੁ ਪ੍ਰਭ ਸਰਣਾਈ॥ (727)
ਅਰਥ ਹਨ ਕਿ ਜਿਵੇਂ ਗੁਰੂ ਨੇ ਉਪਦੇਸ਼ ਹੁਕਮ ਕੀਤਾ ਹੈ ਉਸਨੂੰ ਧਿਆਨ ਨਾਲ ਸੁਣਕੇ ਮੰਨ ਲਵੋ।
(ਗੁਰਬਾਣੀ ਵਿੱਚ ਉਪਦੇਸ਼ 126 ਵਾਰੀ ਆਇਆ ਹੈ।)

ਗਿਆਨ :

ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ॥ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗ ਲਖੇਰਾ॥ (711)
ਅਰਥ ਹਨ ਕਿ ਗੁਰੂ ਤੋਂ ਬੁੱਧੀ ਵਿਕਸਤ ਕਰਨ ਵਾਸਤੇ ਗਿਆਨ ਪ੍ਰਾਪਤ ਕੀਤਾ। ਗਿਆਨ ਨਾਲ ਬੰਧਨ ਕੱਟੇ ਗਏ।
(ਗਿਆਨ ਸ਼ਬਦ ਗੁਰਬਾਣੀ ਵਿੱਚ 611 ਵਾਰੀ ਆਇਆ ਹੈ।)

ਬਚਨ :

ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ॥ ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ॥ (239)
ਅਰਥ ਹਨ ਕਿ ਗੁਰੂ ਦੇ ਬਚਨ ਉਪਦੇਸ਼ ਨਾਲ ਮਨੁੱਖੀ ਜੀਵਨ ਚੰਗੇਰਾ ਬਣ ਜਾਂਦਾ ਹੈ।
(ਗੁਰਬਾਣੀ ਵਿੱਚ ਬਚਨ ਦੀ ਵਰਤੋਂ 100 ਵਾਰੀ ਹੋਈ ਹੈ।)

ਗਾਉਣਾ :

ਕਥਾ ਕੀਰਤਨੁ ਰਾਗ ਨਾਦ ਧੁਨਿ, ਇਹੁ ਬਨਿਓ ਸੁਆਓ॥ ਨਾਨਕ ਪ੍ਰਭ ਸੁਪ੍ਰਸੰਨ ਭਏ, ਬਾਂਛਤ ਫਲ ਪਾਓ॥ (818)
ਅਰਥ ਹਨ ਕਿ ਕਥਾ ਕੀਰਤਨ ਨਾਦ ਆਪੋ ਆਪਣੀ ਥਾਂ ਚੰਗੇ ਹਨ। ਕਰਤਾ ਪੁਰਖ ਦੀ ਮਿਹਰ ਹੋ ਜਾਵੇ ਸਾਡੇ ਵੱਡੇ ਭਾਗ ਹਨ।

ਰਾਗੁ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥ (849)
ਭਾਈ ਰਾਗਨਾਦ ਅਤੇ ਸ਼ਬਦ ਸਭ ਚੰਗੇ ਹਨ, ਅਗਰ ਮਨ ਵਿਕਾਰ ਤਿਆਗ ਦੇਵੇ ਟਿਕਾਉ ਵਿੱਚ ਆ ਜਾਵੇ। ਚੰਗੀ ਗੱਲ ਇਹ ਹੈ ਕਿ ਰੱਬ ਨੂੰ ਯਾਦ ਕਰਨ ਵਾਸਤੇ ਰਾਗ ਨਾਦ ਤਿਆਗ ਦੇਣਾ ਹੀ ਚੰਗਾ ਹੈ ਤਾਂ ਹੀ ਮਾਨ ਮਿਲੇਗਾ।
(ਗੁਰੂ ਗ੍ਰੰਥ ਸਾਹਿਬ ਵਿਚ ਗਾਵੈ, ਗਾਵਹਿ, ਗਾਉਣਾ, ਗਾਉਦੇ, ਗਾਉ 1336 ਵਾਰੀ ਆਇਆ ਹੈ।)

ਕਥਾ :

ਸਭ ਤੇ ਉਤਮ ਹਰਿ ਕੀ ਕਥਾ॥ ਨਾਮੁ ਸੁਨਤ ਦਰਦ ਦੁਖ ਲਥਾ॥ (265)
ਰੱਬ ਨੂੰ ਯਾਦ ਕਰਨ ਲਈ ਸਭ ਤੋਂ ਉਤਮ ਕਥਾ ਵਾਰਤਾ ਹੈ। ਜੋ ਸਾਰੇ ਭਰਮ ਦੁਖ ਖਤਮ ਕਰ ਦਿੰਦੀ ਹੈ।
(ਕਥਾ ਸ਼ਬਦ ਗੁਰਬਾਣੀ ਵਿਚ 326 ਵਾਰੀ ਆਇਆ ਹੈ)

ਖੋਜਣਾ :

ਇਸੁ ਮਨ ਕਉ ਕੋਈ ਖੋਜਹੁ ਪਾਈ॥ ਮਨੁ ਖੋਜਤ ਨਾਮੁ ਨਉਨਿਧਿ ਪਾਈ॥ (1128)
ਭਾਈ ਮਨ ਨੂੰ ਸਮਝੋ ਵਿਕਸਤ ਕਰੋ। ਅਕਲਮੰਦ ਬਣਕੇ ਸਭ ਖੁਸੀਆਂ ਪ੍ਰਾਪਤ ਕਰ ਲਵੋਗੇ।
(ਖੋਜੀ ਖੋਜਣਾ ਖੋਜਹੁ ਆਦਿ 201 ਵਾਰੀ ਆਇਆ ਹੈ)

ਗੁਰਮਤਿ :

ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ॥ ਹਰਿ ਜਪਿ ਪੜੀਐ ਹਉਮੈ ਮਾਰਿ॥ ਹਰਿ ਜਪਿ ਪੜੀਐ ਭਾਇ ਸਚਿ ਪਿਆਰਿ॥ ਨਾਨਕ ਨਾਮੁ ‘‘ਗੁਰਮਤਿ’’ ਉਰਧਾਰਿ॥ (423)
ਹੇ ਭਾਈ! ਗੁਰ ਸ਼ਬਦ ਪੜ੍ਹੋ ਤੇ ਵਿਚਾਰ ਕਰੋ। ਗਿਆਨਵਾਨ ਬਣੋ, ਹੰਕਾਰ ਨਾ ਕਰੋ। ਸਚਿਆਰ ਮਨੁੱਖ ਬਣੋ। ਨਾਮ ਸਿਮਰਨ ਇਹ ਹੈ ਕਿ ਗੁਰੂ ਦੀ ਮੱਤ ਹਿਰਦੇ ਵਿੱਚ ਧਾਰਨ ਕਰੋ। (ਮਤ ਜਾਂ ਗੁਰਮਤਿ 770 ਵਾਰੀ ਆਇਆ ਹੈ)

ਗੁਰਬਾਣੀ :

ਗੁਰਬਾਣੀ ਵਰਤੀ ਜਗ ਅੰਤਰਿ, ਇਸੁ ਬਾਣੀ ਤੇ ਹਰਿ ਨਾਮ ਪਾਇਦਾ॥ (1066)
ਗੁਰੂ ਦਾ ਗਿਆਨ ਗੁਰਬਾਣੀ ਰਾਹੀਂ ਜਗਤ ਵਿੱਚ ਫੈਲ ਰਿਹਾ ਹੈ। ਇਸ ਨੂੰ ਸਮਝਕੇ ਲੋਕੀ ਜੀਵਨ ਸੇਧ ਪ੍ਰਾਪਤ ਕਰ ਰਹੇ ਹਨ।
(ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਤੇ ਗੁਰਬਾਣੀ 472 ਵਾਰੀ ਆਇਆ ਹੈ)

ਸਾਖੀ :

ਗੁਰ ਸਾਖੀ ਅੰਤਰਿ ਜਾਗੀ॥ ਤਾ ਚੰਚਲ ਮਤਿ ਤਿਆਗੀ॥
‘‘ਗੁਰ ਸਾਖੀ’’ ਕਾ ਉਜਿਆਰਾ॥ ਤਾ ਮਿਟਿਆ ਸਗਲ ਅੰਧਿਆਰਾ॥ 
(599)
ਭਾਈ ਜਦੋਂ ਗੁਰੂ ਦੀ ਸਿੱਖਿਆ ਮਨ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਮਨ ਦੀ ਚੰਚਲਤਾ ਖਤਮ ਹੋ ਜਾਂਦੀ ਹੈ। ਗੁਰੂ ਦੀ ਸਿੱਖਿਆ ਨਾਲ ਗਿਆਨ ਦਾ ਚਾਨਣ ਪਸਰ ਜਾਂਦਾ ਹੈ। ਅਗਿਆਨਤਾ ਮਿਟ ਜਾਂਦੀ ਹੈ।
(ਸਿੱਖਿਆ ਜਾਂ ਸਾਖੀ ਸ਼ਬਦ 82 ਵਾਰੀ ਆਇਆ ਹੈ)

ਸ਼ੁੱਧ ਜੀਵਨ :

ਕੋਈ ਗਾਵੈ ਕੁ ਸੁਣੈ ਕੋਈ ਕਰੈ ਬੀਚਾਰੁ॥  ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਇ ਉਧਾਰੁ॥ (300)
ਭਾਈ ਬਹੁਤ ਸਾਰੇ ਲੋਕ ਸਿਰਫ ਗਾਉਂਦੇ ਹਨ, ਕੋਈ ਸੁਣਦੇ ਨਹੀਂ, ਕੋਈ ਵਿਚਾਰ ਕਰਦੇ ਹਨ। ਕੋਈ ਸਿਰਫ ਉਪਦੇਸ਼ ਕਰਦੇ ਹਨ, ਪਰ ਮੰਨਦੇ ਨਹੀਂ। ਜੀਵਨ ਉਹਨਾਂ ਦਾ ਸੰਵਰੇਗਾ ਜੋ ਗੁਰ ਉਪਦੇਸ਼ ਨੂੰ ਮਨੋ ਸਵੀਕਾਰ ਕਰਦੇ ਹਨ।

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ॥ (ਭਾ: ਗੁ: ਕਬਿਤ 546)
ਗੁਰਬਾਣੀ ਵਿੱਚ ਹਰ ਤਰਾਂ ਦਾ ਉਤਮ ਗਿਆਨ ਹੈ। ਜੋ ਸਮਝ ਲਏਗਾ ਉਸਦਾ ਜੀਵਨ ਸੰਵਰ ਜਾਏਗਾ।

ਤੈਸੇ ਗੁਰਬਾਣੀ ਲਿਖ ਪੋਥੀ ਬਾਂਧਿ ਰਾਖੀਅਤ, ਮਿਲ ਗੁਰ ਸਿਖ ਪੜਿ ਸੁਨਿ ਲਿਵ ਲਾਈਐ॥ (ਭਾ: ਗੁ: ਕਬਿਤ 562)
ਭਾਈ ਗੁਰਬਾਣੀ ਦੀਆਂ ਪੋਥੀਆਂ ਹਮੇਸ਼ਾ ਆਪਣੇ ਕੋਲ ਰੱਖੋ। ਗੁਰਸਿੱਖ ਇਕੱਠੇ ਹੋ ਕੇ ਪੜ੍ਹੋ ਵਿਚਾਰੋ, ਗੁਰਬਾਣੀ ਮੁਤਾਬਕ ਸਾਰੇ ਕਾਰਜ ਕਰਿਆ ਕਰੋ।

ਗਾਏ ਸੁਨੈ ਆਖੈ ਮੀਚੇ ਪਾਈਐ ਨ ਪਰਮ ਪਦੁ, ਗੁਰਉਪਦੇਸੁ ਗਹਿ ਜਉ ਲਉ ਨ ਕਮਾਈਐ॥ (ਭਾ: ਗੁ: ਕਬਿਤ 439)
ਭਾਈ ਗਾਉਣ ਨਾਲ ਅੱਖਾਂ ਬੰਦ ਕਰਨ ਨਾਲ ਕੋਈ ਉਚੀ ਪਦਵੀ ਨਹੀਂ ਮਿਲਣੀ। ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਢਾਲਣੀ ਪਵੇਗੀ।

ਆਮ ਪਾਠਕ ਅਤੇ ਰਾਗੀ ਸਿੱਖ ਕਦੀ ਏਹਨਾਂ ਪੱਖਾਂ ਵੱਲ ਧਿਆਨ ਦੇਣਗੇ? ਅਗਰ ਗੁਰਬਾਣੀ ਵਿੱਚ ਦਿੱਤਾ ਗਿਆ ਉਪਦੇਸ਼ ਸਿੱਖਾਂ ਦੇ ਸਮਝ ਆਉਣ ਲੱਗ ਪਵੇ ਫਿਰ ਸਹੀ ਮਾਹਿਨਿਆਂ ਵਿਚ ਸਾਰੇ ਗੁਰਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਨ। ਜਦੋਂ ਗੁਰਬਾਣੀ ਸਮਝ ਆਉਣ ਲੱਗ ਪਈ ਫਿਰ ਕੀਰਤਨ ਦਾ ਭੀ ਵੱਖਰਾ ਹੀ ਅਨੰਦ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top