(ਕਿਤਾਬ
‘ਸਿੱਖ ਤਵਾਰੀਖ਼’ ਵਿਚੋਂ)
ਹੋਰ ਤਵਾਰੀਖ਼ੀ ਗੁਰਦੁਆਰਿਆਂ ਵਾਂਗ 1920 ਵਿਚ ਗੁਰਦੁਆਰਾ ਜਨਮ ਅਸਥਾਨ ਨਾਨਕਾਣਾ ਸਾਹਿਬ
ਦੀ ਹਾਲਤ ਵੀ ਬੜੀ ਮਾੜੀ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਦਾ ਇੰਤਜ਼ਾਮ ਉਦਾਸੀ
ਸਾਧੂਆਂ ਦੇ ਹੱਥ ਸੀ। ਉੱਨੀਵੀਂ ਸਦੀ ਦੇ ਸ਼ੁਰੂ ਤਕ ਇਹ ਇੰਤਜ਼ਾਮ ਠੀਕ ਚਲਦਾ ਰਿਹਾ ਸੀ ਪਰ
ਮਹੰਤ ਸਾਧੂ ਰਾਮ ਦੇ ਵੇਲੇ ਤੋਂ ਇਸ ਵਿਚ ਬਹੁਤ ਖ਼ਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮਹੰਤ
ਨੇ ਸ਼ਰਾਬ ਪੀਣੀ ਤੇ ਵਿਭਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ‘ਗੁਪਤ ਰੋਗ’ ਦੀ ਬੀਮਾਰੀ
ਹੋ ਗਈ। ਉਸ ਤੋਂ ਬਾਅਦ ਮਹੰਤ ਕਿਸ਼ਨ ਦਾਸ ਆਇਆ। ਉਸ ਦੇ ਇਕ ਵਿਧਵਾ ਔਰਤ ਨਾਲ ਨਜਾਇਜ਼ ਸਬੰਧ
ਸਨ ਤੇ ਉਸ ਤੋਂ ਇਕ ਲੜਕਾ ਵੀ ਸੀ। ਉਸ ਨੇ ਆਪਣੇ ਭਤੀਜੇ ਦੇ ਵਿਆਹ ’ਤੇ ਗੁਰਦੁਆਰੇ ਦੀ
ਹਦੂਦ ਵਿਚ ਕੰਜਰੀਆਂ ਵੀ ਨਚਾਈਆਂ ਸਨ। ਮੁੰਡਾ ਵਿਆਹੁਣ ਗਈ ਬਰਾਤ, ਸਣੇ ਮਹੰਤ ਦੇ, ਕੁੜੀ
ਵਾਲਿਆਂ ਦੇ ਪਿੰਡ ਵਿਚ ਸ਼ਰਾਬੀ ਹੋ ਕੇ, ਪਿੰਡ ਦੀਆਂ ਔਰਤਾਂ ਨਾਲ ਮਖ਼ੌਲ ਕਰਨ ਕਰ ਕੇ,
ਜੁੱਤੀਆਂ ਖਾ ਕੇ ਆਈ ਸੀ। ਜਿਸ ਗੁਪਤ ਰੋਗ ਨਾਲ ਸਾਧੂ ਰਾਮ ਮਰਿਆ ਸੀ, ਉਹੀ ਰੋਗ ਕਿਸ਼ਨ ਦਾਸ
ਨੂੰ ਵੀ ਹੋ ਗਿਆ। ਕਿਸ਼ਨ ਦਾਸ ਲਾਹੌਰ ਵਿਚ ਰਹਿਣ ਲੱਗ ਪਿਆ। ਇਕ ਦਿਨ ਉਸ ਦਾ ਚੇਲਾ ਨਰੈਣ
ਦਾਸ (ਨਰੈਣੂ) ਲਾਹੌਰ ਗਿਆ ਅਤੇ ਮੌਤ ਦੇ ਬਿਸਤਰ ’ਤੇ ਪਏ ਕਿਸ਼ਨ ਦਾਸ ਦੀ ਜੇਬ੍ਹ ’ਚੋਂ
ਗੁਰਦੁਆਰੇ ਦੀਆਂ ਚਾਬੀਆਂ ਕੱਢ ਲਿਆਇਆ। ਉਸ ਨੇ ਆਪਣੇ ਆਪ ਨੂੰ ਮਹੰਤ ਐਲਾਨ ਕਰ ਦਿੱਤਾ ਅਤੇ
ਗੁਰਦੁਆਰੇ ਦੇ ਪੈਸੇ ਦੇ ਜ਼ੋਰ ਨਾਲ ਪੁਲੀਸ ਤੇ ਗੁੰਡਿਆਂ ਨੂੰ ਆਪਣੇ ਨਾਲ ਗੰਢ ਲਿਆ। ਕੁਝ
ਚਿਰ ਮਗਰੋਂ ਮਹੰਤ ਕਿਸ਼ਨ ਦਾਸ ਮਰ ਗਿਆ। ਉਸ ਦੇ ਸਸਕਾਰ ’ਤੇ ਨਰੈਣ ਦਾਸ ਨੇ ਲਿਖਤੀ ਤੌਰ
’ਤੇ ਐਲਾਨ ਕੀਤਾ ਕਿ ਮੈˆ ਕਿਸ਼ਨ ਦਾਸ ਵਰਗੀਆਂ ਹਰਕਤਾਂ ਨਹੀਂ ਕਰਾਂਗਾ ਤੇ ਸੰਗਤ ਦੀ ਮਰਜ਼ੀ
ਲਾਲ ਚਲਾਂਗਾ।
ਨਰੈਣ ਦਾਸ ਕੁਝ ਚਿਰ ਤਾਂ ਠੀਕ ਚਲਦਾ ਰਿਹਾ ਸੀ ਪਰ ਛੇਤੀ ਹੀ ਉਸ ਨੇ ਵੀ ਕਿਸ਼ਨ
ਦਾਸ ਵਾਲੇ ਚਾਲੇ ਫੜ ਲਏ। ਉਸ ਨੇ ਇਕ ਮੁਸਲਮਾਨ ਮਿਰਾਸਨ ਘਰ ਰੱਖ ਲਈ। ਇਸ ਤੋਂ ਦੋ ਮੁੰਡੇ
ਤੇ ਦੋ ਕੁੜੀਆਂ ਜੰਮੀਆਂ। ਉਸ ਨੇ ਇਨ੍ਹਾਂ ਵਾਸਤੇ ਦੋ ਘਰ (ਇਕ ਨਾਨਕਾਣੇ ਤੇ ਦੂਜਾ ਰਾਮ ਗਲੀ
ਲਾਹੌਰ) ਵਿਚ ਬਣਾ ਕੇ ਦਿੱਤੇ। ਅਗਸਤ 1917 ਵਿਚ ਨਰੈਣ ਦਾਸ ਨੇ ਵੀ ਕੰਜਰੀਆਂ ਮੰਗਵਾ ਕੇ
ਗੁਰਦੁਆਰੇ ਦੀ ਹਦੂਦ ਵਿਚ ਉਨ੍ਹਾਂ ਦਾ ਨਾਚ-ਗਾਣਾ ਕਰਵਾਇਆ। ਸਾਰੇ ਪਾਸੇ ਸਿੰਘ ਸਭਾਵਾਂ ਨੇ
ਇਸ ਦੀ ਨਿੰਦਾ ਕੀਤੀ। 1918 ਵਿਚ ਇਕ ਸਿੰਧੀ ਪਰਿਵਾਰ ਨਾਨਕਾਣਾ ਸਾਹਿਬ ਆਇਆ। ਸ਼ਾਮ ਨੂੰ
ਜਿਸ ਵੇਲੇ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ ਤਾਂ ਇਕ ਪੁਜਾਰੀ ਨੇ ਉਸ ਦੀ 13 ਸਾਲ ਦੀ
ਧੀ ਦਾ ਰੇਪ ਕੀਤਾ ਪਰ ਮਹੰਤ ਨੇ ਇਸ ’ਤੇ ਕੋਈ ਐਕਸ਼ਨ ਨਾ ਲਿਆ। ਇਸੇ ਸਾਲ ਦੇ ਅਖ਼ੀਰ ’ਚ
ਜੜ੍ਹਾਂਵਾਲਾ ਦੀਆਂ ਛੇ ਔਰਤਾਂ ਗੁਰਦੁਆਰੇ ਦੇ ਦਰਸ਼ਨਾਂ ਵਾਸਤੇ ਆਈਆਂ। ਮਹੰਤ ਤੇ ਪੁਜਾਰੀਆਂ
ਨੇ ਇਨ੍ਹਾਂ ਛੇਆਂ ਨਾਲ ਜਬਰ-ਜ਼ਨਾਹ ਕੀਤਾ। ਅਜਿਹੀਆਂ ਹਰਕਤਾਂ ਹੋਰ ਵੀ ਕਈ ਵਾਰ ਹੋਈਆਂ ਸਨ
ਪਰ ਲੋਕ ਬੇਇਜ਼ਤੀ ਤੋਂ ਡਰਦੇ ਦੱਸਦੇ ਨਹੀਂ ਸਨ। (ਰੋਜ਼ਾਨਾ ਅਕਾਲੀ,
1 ਅਕਤੂਬਰ 1920)
ਇਸ ਮਾਹੌਲ ਵਿਚ 1, 2, 3 ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਵਿਚ ਇਕ ਵੱਡਾ ਇਕੱਠ
ਹੋਇਆ ਸੀ। ਇਸ ਦੀਵਾਨ ਵਿਚ ਡਾ: ਕਿਚਲੂ, ਆਗ਼ਾ ਸਫ਼ਦਰ ਤੇ ਹੋਰ ਗੈਰ-ਸਿੱਖ ਆਗੂ ਵੀ ਸ਼ਾਮਿਲ
ਹੋਏ। ਦੀਵਾਨ ਵਿਚ ਮਾ: ਮੋਤਾ ਸਿੰਘ, ਮਾ: ਸੁੰਦਰ ਸਿੰਘ ਲਾਇਲਪੁਰੀ, ਦਾਨ ਸਿੰਘ ਵਛੋਆ,
ਜਸਵੰਤ ਸਿੰਘ ਝਬਾਲ ਤੇ ਹੋਰਨਾਂ ਨੇ ਲੈਕਚਰ ਕੀਤੇ ਅਤੇ ਨਾਨਕਾਣਾ ਸਾਹਿਬ ਦੀ ਹਾਲਤ ਬਾਰੇ
ਫ਼ਿਕਰ ਜ਼ਾਹਿਰ ਕੀਤਾ। ਦੀਵਾਨ ਨੇ ਨਾਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਸੁਧਾਰ ਬਾਰੇ ਮਤਾ
ਪਾਸ ਕੀਤਾ। ਇਸੇ ਦੀਵਾਨ ਵਿਚ ਲਛਮਣ ਸਿੰਘ ਧਾਰੋਵਾਲੀ ਨੇ ਨਾਨਕਾਣਾ ਸਾਹਿਬ ਦੇ ਸੁਧਾਰ
ਵਾਸਤੇ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਕੀਤਾ ਸੀ। (ਰੋਜ਼ਾਨਾ
ਅਕਾਲੀ, 7 ਅਕਤੂਬਰ 1920)
ਇਸ ਦੀਵਾਨ ਦੀ ਕਾਰਵਾਈ ਦੀ ਖ਼ਬਰ ਮਹੰਤ ਨਰੈਣ ਦਾਸ ਨੂੰ ਵੀ ਪੁੱਜੀ। ਉਸ ਨੇ ਆਪਣੇ ਆਪ
ਨੂੰ ਸੁਧਾਰਨ ਦੀ ਬਜਾਇ, ਨਵੰਬਰ 1920 ਵਿਚ, 400 ਗੁੰਡੇ ਇਕੱਠੇ ਕਰ ਲਏ ਤੇ ਉਨ੍ਹਾਂ ਨੂੰ
ਤਨਖ਼ਾਹ ’ਤੇ ਰੱਖ ਲਿਆ। ਇਨ੍ਹਾਂ ਗੁੰਡਿਆਂ ਵਿਚ ਰਾਂਝਾ ਤੇ ਰਿਹਾਨਾ ਵਰਗੇ ਖੂੰਖਾਰ ਬਦਮਾਸ਼
ਤੇ ਕਾਤਿਲ ਵੀ ਸਨ। ਨਰੈਣ ਦਾਸ ਨੇ ਕਰਤਾਰ ਸਿੰਘ ਬੇਦੀ (ਭਤੀਜਾ ਖੇਮ ਸਿੰਘ ਬੇਦੀ) ਦੀ ਮਦਦ
ਨਾਲ ਮਹੰਤਾਂ, ਸਾਧੂਆਂ, ਬੇਦੀਆਂ ਦਾ ਇਕ ਇਕੱਠ 12 ਨਵੰਬਰ 1920 ਦੇ ਦਿਨ ਅਖਾੜਾ ਸੰਗਲ
ਵਾਲਾ (ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ) ਵਿਚ ਕੀਤਾ। ਮਹੰਤ ਗੋਬਿੰਦ ਦਾਸ (ਜਮਸ਼ੇਰ) ਦੀ
ਸਦਾਰਤ ਹੇਠ 53 ਮਹੰਤ ਇਸ ਇਕੱਠ ਵਿਚ ਸ਼ਾਮਿਲ ਹੋਏ। ਇਸ ਵਿਚ ਫ਼ੈਸਲਾ ਕੀਤਾ ਗਿਆ ਕਿ ਅਕਾਲੀਆਂ
ਦਾ ਟਾਕਰਾ ਜ਼ੋਰ-ਸ਼ੋਰ ਨਾਲ ਕੀਤਾ ਜਾਵੇ। ਮਹੰਤ ਨਰੈਣ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ ਰਲ
ਕੇ 60 ਹਜ਼ਾਰ ਰੁਪੈ ਇਕੱਠੇ ਕੀਤੇ ਅਤੇ ਲਾਹੌਰ ਤੋਂ ਹਫ਼ਤਾਵਾਰੀ ‘ਸੰਤ ਸੇਵਕ’ ਅਖ਼ਬਾਰ ਸ਼ੁਰੂ
ਕੀਤਾ। ਇਹ ਅਖ਼ਬਾਰ ਮੁਫ਼ਤ ਵੰਡਿਆ ਜਾਂਦਾ ਸੀ। (ਹਫ਼ਤਾਵਾਰੀ ਸੰਤ
ਸੇਵਕ ਲਾਹੌਰ, 20 ਦਸੰਬਰ 1920)। ਇਸ ਦੇ ਨਾਲ ਹੀ ਮਹੰਤਾਂ ਨੇ ਆਪਣੀ ਵੱਖਰੀ
‘ਗੁਰਦੁਆਰਾ ਕਮੇਟੀ’ ਵੀ ਬਣਾ ਲਈ। ਇਹ ਕਮੇਟੀ ਸਿਰਫ਼ ਦਿਖਾਵੇ ਵਾਸਤੇ ਹੀ ਸੀ ਤੇ ਇਸ ਦਾ
ਕੋਈ ਰੋਲ ਨਹੀਂ ਸੀ। ਇਸ ਕਮੇਟੀ ਦਾ ਪ੍ਰਧਾਨ ਮਹੰਤ ਨਰੈਣ ਦਾਸ ਅਤੇ ਸਕੱਤਰ ਬਸੰਤ ਦਾਸ
ਮਾਣਕ ਬਣਿਆ।
ਮਹੰਤ ਨੇ ਨਵੰਬਰ 1920 ਵਿਚ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਕਬਜ਼ਾ ਕੀਤੇ
ਜਾਣ ਦੇ ਖ਼ਦਸ਼ੇ ਨੂੰ ਸਾਹਵੇਂ ਰੱਖਦਿਆਂ ਜਿਹੜੇ 400 ਬੰਦੇ ਇਕੱਠੇ ਕਰ ਲਏ ਸਨ ਉਨ੍ਹਾਂ ਨੂੰ
25-26 ਨਵੰਬਰ 1920 ਦੇ ਦਿਨ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਮੌਕੇ ’ਤੇ ਗੁਰਦੁਆਰੇ
ਦੇ ਅੰਦਰ ਅਤੇ ਆਲੇ-ਦੁਆਲੇ ਤਾਈਨਾਤ ਕੀਤਾ ਹੋਇਆ ਸੀ। ਪਰ ਉਸ ਦਿਨ ਅਕਾਲੀਆਂ ਦਾ ਗੁਰਦੁਆਰੇ
’ਤੇ ਕਬਜ਼ਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸ ਦੇ ਬਾਵਜੂਦ ਮਹੰਤ ਨੇ ਉਸ ਦਿਨ ਕਿਸੇ
ਵੀ ਸਿੱਖ ਨੂੰ ਕਿਰਪਾਨ ਲੈ ਕੇ ਗੁਰਦੁਆਰੇ ਦੇ ਅੰਦਰ ਨਾ ਜਾਣ ਦਿੱਤਾ। ਇਸ ਦਿਨ ਭਾਈ ਲਛਮਣ
ਸਿੰਘ ਧਾਰੋਵਾਲੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਗੁਰਦੁਆਰੇ ਆਏ। ਅਜੇ ਉਹ ਅੰਦਰ ਵੜੇ ਹੀ
ਸਨ ਕਿ ਮਹੰਤ ਦੇ ਗੁੰਡਿਆਂ ਨੇ ਛਵ੍ਹੀਆਂ ਤੇ ਟਕੂਏ ਹੱਥਾਂ ਵਿਚ ਫੜੀ ਉਨ੍ਹਾਂ ਨੂੰ ਘੇਰ
ਲਿਆ। ਉਸ ਵੇਲੇ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ ਸੀ.ਆਈ.ਡੀ. ਉੱਥੇ ਹਾਜ਼ਿਰ ਸਨ। ਇਸ ਕਰ ਕੇ
ਇਕ ਵਾਰ ਤਾਂ ਸਾਕਾ ਹੋਣੋਂ ਰੁਕ ਗਿਆ ਵਰਨਾ 20 ਫਰਵਰੀ 1921 ਦਾ ਸਾਕਾ 26 ਨਵੰਬਰ 1920
ਦੇ ਦਿਨ ਹੀ ਵਾਪਰ ਜਾਣਾ ਸੀ। ਗੁਰਪੁਰਬ ਤੋਂ ਮਗਰੋਂ ਮਹੰਤ ਨੇ ਬਹੁਤੇ ਬੰਦੇ ਵਾਪਿਸ ਭੇਜ
ਦਿੱਤੇ ਪਰ ਰਾਂਝਾ, ਸਾਖੂ ਤੇ ਕਾਨ੍ਹਾ ਵਰਗੇ ਖ਼ੂੰਖਾਰ ਬੰਦੇ ਆਪਣੇ ਕੋਲ ਰੱਖ ਲਏ। ਇਸ ਮਗਰੋਂ
ਮਹੰਤ ਨੇ ਨਾਨਕਾਣਾ ਸਾਹਿਬ ਵਿਚ ਕਿਲ੍ਹਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰਦੁਆਰੇ
ਨੂੰ ਹਰ ਪਾਸਿਓਂ ਜੰਗੀ ਹਮਲੇ ਵਾਲੀ ਹਿਫ਼ਾਜ਼ਤ ਦੇ ਹਿਸਾਬ ਨਾਲ ਮਜ਼ਬੂਤ ਕਰ ਲਿਆ ਤੇ ਅੰਦਰ
ਅਸਲੇ ਦਾ ਖ਼ਜ਼ਾਨਾ ਵੀ ਇਕੱਠਾ ਕਰ ਲਿਆ। ਇਸ ਸਾਰੇ ਦੀ ਖ਼ਬਰ ਕਮਿਸ਼ਨਰ ਕਿੰਗ, ਹੋਰਨਾਂ ਪੁਲੀਸ
ਤੇ ਸੀ.ਆਈ.ਡੀ. ਅਫ਼ਸਰਾਂ, ਡਿਪਟੀ ਕਮਿਸ਼ਨਰ ਅਤੇ ਗਵਰਨਰ ਨੂੰ ਵੀ ਸੀ ਪਰ ਉਨ੍ਹਾਂ ਨੇ ਚੁੱਪ
ਵੱਟੀ ਹੋਈ ਸੀ। (ਸੋਹਨ ਸਿੰਘ ਜੋਸ਼, ਅਕਾਲੀ ਮੋਰਚਿਆਂ ਦਾ ਇਤਿਹਾਸ, ਸਫ਼ੇ 93-95)। ਮਹੰਤ
ਦੀ ਇਸ ਸਾਰੀ ਕਾਰਵਾਈ ਤੇ ਪਲਾਨਿੰਗ ਬਾਰੇ ਸਿੱਖ ਆਗੂ ਵੀ ਜਾਣਦੇ ਸਨ ਅਤੇ ਉਨ੍ਹਾਂ ਨੇ ਇਸ
ਬਾਰੇ ਦੀਵਾਨਾਂ ਵਿਚ ਅਤੇ ਪ੍ਰੈਸ ਵਿਚ ਵੀ ਵਾਰਨਿੰਗ ਦਿੱਤੀ ਹੋਈ ਸੀ।
ਕਰਤਾਰ ਸਿੰਘ ਝੱਬਰ ਨੇ ਜਨਵਰੀ 1921 ਦੇ ਅੱਧ ਵਿਚ ਇਕ ਚਿੱਠੀ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਲਿਖੀ ਜਿਸ ਵਿਚ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ
ਨਾਨਕਾਣਾ ਸਾਹਿਬ ਦੀ ਹਾਲਤ ਦਾ ਫ਼ਿਕਰ ਕਰਨਾ ਚਾਹੀਦਾ ਹੈ ਤੇ ਮਹੰਤ ਦੀਆਂ ਕਾਰਵਾਈਆਂ ਦੇ
ਖ਼ਿਲਾਫ਼ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਵਰਨਾ ਕਿਤੇ ਅਜਿਹਾ ਨਾ ਹੋਵੇ ਕਿ ਸੰਗਤਾਂ ਆਪ ਹੀ
ਨਾਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ (ਇਸ ਚਿੱਠੀ ਦੀ ਫ਼ੋਟੋਕਾਪੀ ਪੇਸ਼ ਹੈ ਕਿਤਾਬ ‘ਸਿੱਖ
ਤਵਾਰੀਖ਼’ ਵਿਚ)। ਸਕੱਤਰ ਨੇ 21 ਜਨਵਰੀ ਨੂੰ ਇਹ ਚਿੱਠੀ ਸ਼੍ਰੋਮਣੀ ਕਮੇਟੀ ਦੀ 21 ਜਨਵਰੀ
ਨੂੰ ਹੋਣ ਵਾਲੀ ਮੀਟਿੰਗ ਦੇ ਅਜੰਡੇ ਵਿਚ ਰੱਖ ਦਿੱਤੀ।
21 ਜਨਵਰੀ 1921 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ
ਮੀਟਿੰਗ ਵਿਚ, ਝੱਬਰ ਦੀ ਚਿੱਠੀ ਦੇ ਅਧਾਰ ‘ਤੇ ਨਾਨਕਾਣਾ ਸਾਹਿਬ ਦੀ ਹਾਲਤ ’ਤੇ ਵਿਚਾਰਾਂ
ਹੋਈਆਂ ਸਨ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਨਾਨਕਾਣਾ ਸਾਹਿਬ ਦੇ ਹਾਲਾਤ ਸਬੰਧੀ
ਇਕ ਖੁਲ੍ਹਾ ਚਿੱਠਾ ਛਾਪ ਕੇ ਸੰਗਤਾਂ ਵਿਚ ਭੇਜਿਆ ਜਾਵੇ, ਅਤੇ 4-5-6 ਮਾਰਚ 1921 ਦੇ ਦਿਨ
ਨਾਨਕਾਣਾ ਸਾਹਿਬ ਵਿਚ ਇਕ ਦੀਵਾਨ ਕੀਤਾ ਜਾਏ ਅਤੇ ਮਹੰਤ ਨੂੰ ਆਪਣਾ ਸੁਧਾਰ ਕਰਨ ਵਾਸਤੇ
ਆਖਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿਚ ਇਕ ਚਿੱਠੀ ਵੀ ਜਾਰੀ ਕੀਤੀ ਸੀ ਜਿਸ ਵਿਚ
ਸਰਕਰਦਾ ਸਿੱਖਾਂ ਨੂੰ ਅਪੀਲ ਕੀਤੀ ਗਈ ਸੀ ਉਹ ਮਹੰਤ ਨੂੰ ਸਮਝਾਉਣ ਕਿ ਉਹ ਗੁਰਦੁਆਰਾ ਪੰਥ
ਦੇ ਹਵਾਲੇ ਕਰ ਦੇਵੇ। ਇਹ ਚਿੱਠੀ ਪੰਜਾਬ ਸਰਕਾਰ, ਸਿੱਖ ਰਾਜਿਆਂ, ਸਰਕਾਰੀ ਅਫ਼ਸਰਾਂ ਅਤੇ
ਸਰਕਰਦਾ ਸ਼ਖ਼ਸੀਅਤਾਂ ਨੂੰ ਭੇਜੀ ਗਈ ਸੀ। 6 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਨੇ ਲਛਮਣ ਸਿੰਘ
ਧਾਰੋਵਾਲੀ, ਦਲੀਪ ਸਿੰਘ ਸਾਂਗਲਾ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ ਤੇ ਬਖ਼ਸ਼ੀਸ਼
ਸਿੰਘ ਦੀ ਇਕ ਕਮੇਟੀ ਬਣਾ ਦਿੱਤੀ ਤਾਂ ਜੋ ਉਹ 4-5-6 ਮਾਰਚ ਦੇ ਦੀਵਾਨ ਵਿਚ ਸ਼ਾਮਿਲ ਹੋਣ
ਵਾਲੀਆਂ ਲੱਖਾਂ ਸੰਗਤਾਂ ਵਾਸਤੇ ਲੰਗਰ ਦਾ ਇੰਤਜ਼ਾਮ ਕਰੇ।
ਅਕਾਲੀ ਕਾਨਫ਼ਰੰਸ ਦੇ ਐਲਾਨ ਤੋਂ ਮਹੰਤ ਡਰ ਗਿਆ। ਉਸ ਨੇ ਜ: ਝੱਬਰ ਨਾਲ ਗੱਲਬਾਤ ਕਰਨ
ਵਾਸਤੇ ਵਿਚੋਲੇ ਪਾਏ। ਮਹੰਤ ਨੇ ਆਪਣੀ ਤਰਫ਼ੋਂ ਪੇਸ਼ਕਸ਼ ਕੀਤੀ ਕਿ ਉਹ ਨਾਨਕਾਣਾ ਸਾਹਿਬ ਵਾਸਤੇ
ਇਕ ਕਮੇਟੀ ਮੰਨਣ ਵਾਸਤੇ ਤਿਆਰ ਹੈ, ਬਸ਼ਰਤੇ ਕਿ (1) ਉਸ ਨੂੰ ਕੱਢਿਆ ਨਾ ਜਾਵੇ (2) ਉਹ ਵੀ
ਕਮੇਟੀ ਦਾ ਮੈਂਬਰ ਹੋਵੇ ਅਤੇ (3) ਉਸ ਨੂੰ ਤਨਖ਼ਾਹ ਦੀ ਬਜਾਇ ਆਮਦਨ ਦਾ ਇਕ ਹਿੱਸਾ ਦਿੱਤਾ
ਜਾਇਆ ਕਰੇ। ਜ: ਝੱਬਰ ਨੇ ਮਹੰਤ ਦੀ ਪਹਿਲੀ ਤੇ ਤੀਜੀ ਸ਼ਰਤ ਮੰਨ ਲਈ ਪਰ ਦੂਜੀ ਸ਼ਰਤ ਬਾਰੇ
ਉਸ ਨੂੰ ਕਿਹਾ ਗਿਆ ਕਿ ਇਸ ਦਾ ਫੈਸਲਾ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ। ਜਦੋਂ ਇਸ ਦੀ
ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਤਾਂ ਕਮੇਟੀ ਨੇ ਮਹੰਤ ਨਾਲ ਗੱਲਬਾਤ ਕਰਨ ਵਾਸਤੇ
ਇਕ ਸਬ-ਕਮੇਟੀ ਬਣਾ ਦਿੱਤੀ। ਇਸ ਕਮੇਟੀ ਵਿਚ ਕਰਤਾਰ ਸਿੰਘ ਝੱਬਰ, ਭਾਈ ਜੋਧ ਸਿੰਘ, ਤੇਜਾ
ਸਿੰਘ ਸਮੁੰਦਰੀ, ਬੂਟਾ ਸਿਘ ਵਕੀਲ ਤੇ ਕਿਹਰ ਸਿੰਘ ਪੱਟੀ ਸ਼ਾਮਿਲ ਸਨ। ਇਸ ਕਮੇਟੀ ਨੇ ਮਹੰਤ
ਨੂੰ ਗੱਲਬਾਤ ਕਰਨ ਵਾਸਤੇ 7-8-9 ਫ਼ਰਵਰੀ 1921 ਦੇ ਦਿਨ ਗੁਰਦੁਆਰਾ ਖਰਾ ਸੌਦਾ ਬੁਲਾ ਲਿਆ।
ਮਹੰਤ ਨੇ ਸਿੱਖਾਂ ਦਾ ਧਿਆਨ ਗੱਲਬਾਤ ਵਿਚ ਲਾ ਕੇ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਉਸ ਨੇ 28 ਪਠਾਣ ਪੱਕੇ ਤੌਰ ’ਤੇ ਤਨਖ਼ਾਹ ’ਤੇ ਰੱਖ ਲਏ। ਭਾਈ ਫੇਰੂ ਅਤੇ ਮਾਝੇ ਦੇ ਹੋਰ
ਇਲਾਕਿਆਂ ਤੋਂ ਮਹੰਤ ਦਾ ਭਤੀਜਾ ਖੂੰਖਾਰ ਕਾਤਲ ਭਾੜੇ ’ਤੇ ਲੈ ਆਇਆ। ਹੁਣ ਉਸ ਨੇ ਨਾਨਕਾਣਾ
ਸਾਹਿਬ ਦਾ ਬਾਹਰਲਾ ਲੱਕੜ ਦਾ ਦਰਵਾਜ਼ਾ ਹਟਾ ਕੇ ਇਕ ਲੋਹੇ ਦਾ ਗੇਟ ਲਾ ਲਿਆ। ਗੇਟ ਵਿਚੋਂ
ਗੋਲੀਆਂ ਚਲਾਉਣ ਵਾਸਤੇ ਛੇਕ ਰੱਖ ਲਏ। ਗੁਰਦੁਆਰੇ ਦੇ ਆਲੇ ਦੁਆਲੇ ਦੇ ਕਮਰਿਆਂ ਦੀਆਂ
ਦੀਵਾਰਾਂ ਵਿਚ ਵੀ ਗੋਲੀਆਂ ਚਲਾਉਣ ਵਾਸਤੇ ਛੇਕ ਅਤੇ ਝਰੋਖੇ ਬਣਾ ਲਏ। ਇਸ ਦੇ ਨਾਲ ਹੀ
ਮਹੰਤ ਨੇ ਬਾਕੀ ਮਹੰਤਾਂ, ਬੇਦੀਆਂ ਤੇ ਕੂਕਿਆਂ ਨਾਲ ਵੀ ਰਾਬਤਾ ਬਣਾ ਲਿਆ। 7 ਫਰਵਰੀ 1921
ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਅਤੇ ਹਿਮਾਇਤੀਆਂ ਦਾ ਇਕ ਇਕੱਠ ਗੁਰਦੁਆਰਾ ਜਨਮ ਅਸਥਾਨ
ਦੀ ਹਦੂਦ ਵਿਚ ਬੁਲਾਇਆ। ਇਸ ਵਿਚ ਉਸ ਦੇ ਲਿਆਂਦੇ ਸਾਰੇ ਗੁੰਡੇ ਤੇ ਕਾਤਲਾਂ ਤੋਂ ਇਲਾਵਾ
ਨਾਨਕਾਣਾ ਸਾਹਿਬ ਦੇ ਭੱਟੀ ਮੁਸਲਮਾਨ, ਬੇਦੀ ਕਰਤਾਰ ਸਿੰਘ, ਕੂਕਾ ਮੰਗਲ ਸਿੰਘ (ਕੂਕਾ/ਨਾਮਧਾਰੀ)
ਅਤੇ ਹੋਰ ਕਈ ਬੰਦੇ ਸ਼ਾਮਿਲ ਸਨ। ਇਨ੍ਹਾਂ ਸਾਰੀਆਂ ਨੇ ਕਸਮਾਂ ਖਾਧੀਆਂ ਕਿ ਅਕਾਲੀਆਂ ਨਾਲ
ਲੜਾਈ ਦੀ ਸੂਰਤ ਵਿਚ ਉਹ ਸਾਰੇ ਮਹੰਤ ਦਾ ਸਾਥ ਦੇਣਗੇ।
7 ਫਰਵਰੀ ਨੂੰ ਮਹੰਤ ਨੇ ਇਕ ਪਾਸੇ ਆਪਣੀ ਇਹ ਖ਼ੁਫ਼ੀਆ ਮੀਟਿੰਗ ਬੁਲਾਈ ਹੋਈ ਸੀ ਤੇ ਦੂਜੇ
ਪਾਸੇ ਉਸ ਨੇ ਅਕਾਲੀਆਂ ਨਾਲ ਹੋਈ ਮੀਟਿੰਗ ਵਿਚ ਆਪ ਜਾਣ ਦੀ ਬਜਾਇ ਆਪਣੇ ਬੰਦਿਆਂ ਸੁੰਦਰ
ਦਾਸ ਤੇ ਹਰੀ ਦਾਸ ਨੂੰ ਖਰਾ ਸੌਦਾ ਭੇਜ ਦਿੱਤਾ ਤੇ ਅਕਾਲੀਆਂ ਨੂੰ ਆਖਿਆ ਕਿ ਉਹ ਉਨ੍ਹਾਂ
ਨੂੰ 15 ਫ਼ਰਵਰੀ ਨੂੰ ਸ਼ੇਖੂਪੁਰਾ ਵਿਚ ਮਿਲੇਗਾ। ਝੱਬਰ ਜਦੋਂ 14 ਫਰਵਰੀ ਨੂੰ ਸ਼ੇਖੂਪੁਰਾ
ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹੰਤ ਨਹੀਂ ਆ ਰਿਹਾ। ਮਹੰਤ ਦੇ ਸਾਥੀ ਜੀਵਨ ਦਾਸ
ਨੇ ਝੱਬਰ ਨੂੰ ਦੱਸਿਆ ਕਿ ਮਹੰਤ ਉਨ੍ਹਾਂ ਨੂੰ ਅਤੇ ਬੂਟਾ ਸਿੰਘ ਨੂੰ ਲਾਹੌਰ ਮਿਲੇਗਾ। ਇਹ
ਮੀਟਿੰਗ 15 ਫਰਵਰੀ ਸਵੇਰੇ 10 ਵਜੇ ਅਮਰ ਸਿੰਘ ਲਾਇਲ ਗਜ਼ਟ ਦੇ ਘਰ ਮਿੱਥੀ ਗਈ ਸੀ। ਮਹੰਤ
ਇਸ ਮੀਟਿੰਗ ’ਤੇ ਵੀ ਨਾ ਆਇਆ। ਦਰਅਸਲ ਮਹੰਤ ਅਕਾਲੀਆਂ ਨੂੰ ਟਰਕਾ ਕੇ ਉਨ੍ਹਾਂ ਦਾ ਧਿਆਨ
ਆਪਣੀ ਪਲਾਨਿੰਗ ਵੱਲੋਂ ਹਟਾ ਰਿਹਾ ਸੀ।
14 ਫਰਵਰੀ ਨੂੰ ਮਹੰਤ ਨੇ ਇਕ ਹੋਰ ਮੀਟਿੰਗ ਕੀਤੀ ਸੀ, ਜਿਸ ਵਿਚ 5 ਮਾਰਚ ਦੇ
ਅਕਾਲੀ ਇਕੱਠ ਵਿਚ ਸਾਰੇ ਸਿੱਖ ਆਗੂਆਂ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ। ਜ: ਝੱਬਰ
ਮੁਤਾਬਿਕ ਉਸ ਦਾ ਇਕ ਸੂਹੀਆ ਮਹੰਤ ਕੋਲ ਰਿਹਾ ਕਰਦਾ ਸੀ। ਉਸ ਨੇ ਮਹੰਤ ਦੀ ਸਾਜ਼ਿਸ਼ ਦੀ ਖ਼ਬਰ
ਝੱਬਰ ਨੂੰ ਆ ਦੱਸੀ। ਜ: ਝੱਬਰ ਉਸੇ ਵੇਲੇ ਖਰਾ ਸੌਦਾ ਗਿਆ ਅਤੇ ਆਪਣੇ ਸਾਥੀਆਂ ਨਾਲ ਵਿਚਾਰ
ਕੀਤੀ। ਉਨ੍ਹਾਂ ਨੇ ਲਛਮਣ ਸਿੰਘ ਧਾਰੋਵਾਲੀ ਤੇ ਬੂਟਾ ਸਿੰਘ ਨੂੰ ਸੱਦ ਭੇਜਿਆ। ਇਹ ਸਾਰੇ
ਜਣੇ 17 ਫ਼ਰਵਰੀ ਨੂੰ ਮਿਲੇ ਤੇ ਫੈਸਲਾ ਹੋਇਆ ਕਿ ਮਹੰਤ ਦੀ ਨਾਪਾਕ ਸਾਜ਼ਿਸ਼ ਨੂੰ ਫੇਲ੍ਹ ਕਰਨ
ਵਾਸਤੇ 19-20 ਤਾਰੀਖ਼ ਦੀ ਰਾਤ ਨੂੰ ਨਾਨਕਾਣਾ ਸਾਹਿਬ ਪਹੁੰਚ ਕੇ 20 ਫ਼ਰਵਰੀ ਨੂੰ ਗੁਰਦੁਆਰੇ
’ਤੇ ਕਬਜ਼ਾ ਕਰ ਲਿਆ ਜਾਵੇ। ਉਨ੍ਹਾਂ ਨੂੰ ਪਤਾ ਸੀ ਕਿ ਮਹੰਤ ਸਿੱਖ-ਮੁਖ਼ਾਲਫ਼ਾਂ ਵਲੋਂ 19-20
ਫਰਵਰੀ ਨੂੰ ਲਾਹੌਰ ਵਿਚ ਹੋਣ ਵਾਲੀ ‘ਸਨਾਤਨੀ ਸਿੱਖ ਕਾਨਫ਼ਰੰਸ’ ਵਿਚ ਹਿੱਸਾ ਲੈਣ ਜਾ ਰਿਹਾ
ਹੈ। ਇਸ ਮੀਟਿੰਗ ਵਿਚ ਸਾਰੇ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ,
ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀ, ਚਰਨਦਾਸੀਏ, ਸਨਾਤਨੀ, ਮਹੰਤ,
ਪੁਜਾਰੀ ਤੇ ਸਾਧ ਬੁਲਾਏ ਗਏ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ
ਸੀ। ਇਸ ਵਿਚ ਅਕਾਲੀਆਂ ਦਾ ਟਾਕਰਾ ਕਰਨ ਵਾਸਤੇ ਸਾਂਝੀ ਐਕਸ਼ਨ ਪਲਾਨ ਤਿਆਰ ਕੀਤੀ ਜਾਣੀ ਸੀ।
17 ਫਰਵਰੀ ਦੀ ਮੀਟਿੰਗ ਵਿਚ ਝੱਬਰ, ਲਛਮਣ ਸਿੰਘ ਤੇ ਬੂਟਾ ਸਿੰਘ ਸ਼ੇਖੂਪੁਰਾ ਨੇ
ਪਲਾਨ ਬਣਾਈ ਕਿ ਬੂਟਾ ਸਿੰਘ 19 ਫਰਵਰੀ ਨੂੰ ਨਾਨਕਾਣਾ ਸਾਹਿਬ ਪੁਜ ਜਾਵੇ। ਉਸੇ ਰਾਤ
ਲਛਮਣ ਸਿੰਘ ਦਾ ਜਥਾ ਚੰਦਰਕੋਟ ਪਹੁੰਚ ਜਾਵੇਗਾ। (ਚੰਦਰਕੋਟ ਨਾਨਕਾਣਾ ਸਾਹਿਬ ਤੋਂ ਕੁਝ ਕੁ
ਕਿਲੋਮੀਟਰ ਹੈ)। ਦੂਜੇ ਪਾਸਿਓਂ ਝੱਬਰ ਦਾ ਜਥਾ ਆ ਜਾਵੇਗਾ ਤੇ ਦੋਵੇਂ ਜਥੇ 20 ਫਰਵਰੀ ਦੀ
ਸਵੇਰ ਨੂੰ ਨਾਨਕਾਣਾ ਸਾਹਿਬ ਗੁਰਦੁਆਰੇ ਦਾ ਕਬਜ਼ਾ ਲੈ ਲੈਣਗੇ। ਮੀਟਿੰਗ ਮਗਰੋਂ ਭਾਈ ਬੂਟਾ
ਸਿੰਘ ਲਾਇਲਪੁਰ ਗਏ, ਕੁਝ ਸਾਥੀਆਂ ਨਾਲ ਸਲਾਹ ਕੀਤੀ ਅਤੇ ਫੇਰ ਨਾਨਕਾਣੇ ਆ ਗਏ। ਉਧਰ ਕੁਝ
ਅਕਾਲੀਆਂ ਨੂੰ ਵੀ ਇਸ ਦੀ ਖ਼ਬਰ ਮਿਲ ਗਈ। ਹਰਚੰਦ ਸਿੰਘ, ਤੇਜਾ ਸਿੰਘ ਤੇ ਮਾਸਟਰ ਤਾਰਾ
ਸਿੰਘ ਨੇ ਆਪਸ ਵਿਚ ਮਸ਼ਵਰਾ ਕਰ ਕੇ ਫੈਸਲਾ ਕੀਤਾ ਕਿ ਨਾਨਕਾਣਾ ਸਾਹਿਬ ਤੇ ਇੰਞ ਕਬਜ਼ਾ ਨਾ
ਕੀਤਾ ਜਾਏ। ਉਨ੍ਹਾਂ ਨੇ ਹੋਰ ਆਗੂਆਂ ਨਾਲ ਗੱਲਬਾਤ ਕਰਨ ਵਾਸਤੇ 19 ਫਰਵਰੀ ਨੂੰ ਲਾਹੌਰ
ਵਿਚ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿਚ ਸਰਦੂਲ ਸਿੰਘ ਕਵੀਸ਼ਰ, ਸੁੰਦਰ ਸਿੰਘ ਲਾਇਲਪੁਰੀ,
ਜਸਵੰਤ ਸਿੰਘ ਝਬਾਲ ਤੇ ਦਲੀਪ ਸਿੰਘ ਸਾਂਗਲਾ ਵੀ ਹਾਜ਼ਿਰ ਸਨ। ਇਸ ਮੀਟਿੰਗ ਨੇ ਫ਼ੈਸਲਾ ਕੀਤਾ
ਕਿ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਦੀਵਾਨ ਤੋਂ ਪਹਿਲਾਂ ਕੋਈ ਜਥਾ ਨਾਨਕਾਣਾ ਸਾਹਿਬ ’ਤੇ
ਕਬਜ਼ਾ ਨਾ ਕਰੇ। ਮੀਟਿੰਗ ਨੇ ਭਾਈ ਦਲੀਪ ਸਿੰਘ ਤੇ ਜਸਵੰਤ ਸਿੰਘ ਦੀ ਡਿਊਟੀ ਲਾਈ ਕਿ ਉਹ
ਝੱਬਰ ਨੂੰ ਰੋਕਣ ਵਾਸਤੇ ਖਰਾ ਸੌਦਾ ਜਾਣ। ਜਦੋਂ ਭਾਈ ਦਲੀਪ ਸਿੰਘ ਖਰਾ ਸੌਦਾ ਪੁੱਜੇ ਤਾਂ
ਝੱਬਰ ਜਾ ਚੁੱਕਾ ਸੀ। ਇੱਥੋਂ ਉਹ ਚੰਦਰਕੋਟ ਗਏ ਤੇ ਝੱਬਰ ਨੂੰ ਰੋਕ ਲਿਆ। ਮਗਰੋਂ ਉਨ੍ਹਾਂ
ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਦੀ ਡਿਊਟੀ ਲਾਈ ਕਿ ਉਹ ਝੱਬਰ ਦੀ ਚਿੱਠੀ ਲਿਜਾ ਕੇ ਲਛਮਣ
ਸਿੰਘ ਨੂੰ ਦੇ ਕੇ ਜਥੇ ਨੂੰ ਕਬਜ਼ਾ ਕਰਨ ਜਾਣ ਤੋਂ ਰੋਕ ਲੈਣ। ਦਲੀਪ ਸਿੰਘ ਨਾਨਕਾਣਾ ਸਾਹਿਬ
ਪੁੱਜ ਕੇ ਉੱਤਮ ਸਿੰਘ ਕਾਰਖਾਨੇਦਾਰ ਦੇ ਘਰ ਚਲੇ ਗਏ ਤੇ ਵਰਿਆਮ ਸਿੰਘ ਦੀ ਡਿਊਟੀ ਲਾ ਗਏ
ਕਿ ਉਹ ਨਾਨਕਾਣਾ ਸਾਹਿਬ ਦੇ ਬਾਹਰ ਫਾਟਕ ’ਤੇ ਲਛਮਣ ਸਿੰਘ ਨੂੰ ਰੋਕਣ। ਉਧਰ ਮਾਸਟਰ ਤਾਰਾ
ਸਿੰਘ ਨੇ ਵੀ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਜਾਣਾ ਸੀ। ਇਤਫ਼ਾਕ ਨਾਲ ਮਾਸਟਰ ਜੀ ਰਾਤ ਦੀ
ਗੱਡੀ ਨਹੀਂ ਸਨ ਚੜ੍ਹ ਸਕੇ। ਮਾਸਟਰ ਜੀ ਮੁਤਬਿਕ ਉਨ੍ਹਾਂ ਨੇ ਝੱਬਰ ਨਾਲ ਰਾਬਤਾ ਬਣਾ ਲਿਆ
ਸੀ ਤੇ ਲਛਮਣ ਸਿੰਘ ਨੂੰ ਰੋਕਣਾ ਰਹਿੰਦਾ ਸੀ। (ਮਾਸਟਰ ਜੀ ਦਾ
ਲੇਖ “ਨਾਨਕਾਣੇ ਸਾਹਿਬ ਦੇ ਸਾਕੇ ਸਬੰਧੀ ਹਾਲ ਜਿਨ੍ਹਾਂ ਦਾ ਮੈਨੂੰ ਪਤਾ ਹੈ”, ਅਕਾਲੀ ਤੇ
ਪਰਦੇਸੀ, 21 ਫ਼ਰਵਰੀ, 1923, ਸਫ਼ੇ 2 ਤੇ 3; ਉਸ ਦੀ ਫ਼ੋਟੋ ਵੇਖੋ ਕਿਤਾਬ ‘ਸਿੱਖ ਤਵਾਰੀਖ਼’
ਵਿਚ)।
ਉਧਰ ਲਛਮਣ ਸਿੰਘ ਆਪਣੇ ਨਾਲ 150 ਸਿੰਘ ਲੈ ਕੇ ਨਾਨਕਾਣਾ ਸਾਹਿਬ ਸ਼ਹਿਰ ਦੇ ਬਾਹਰ ਭੱਠੇ
ਕੋਲ ਪੁੱਜ ਗਏ। ਇੱਥੇ ਆਪ ਨੂੰ ਭਾਈ ਵਰਿਆਮ ਸਿੰਘ ਨੇ ਦਲੀਪ ਸਿੰਘ ਦਾ ਸੁਨੇਹਾ ਦਿੱਤਾ ਜਿਸ
ਵਿਚ ਆਪ ਨੂੰ ਨਾਨਕਾਣਾ ਸਾਹਿਬ ਕਬਜ਼ਾ ਕਰਨ ਤੋਂ ਰੋਕਿਆ ਹੋਇਆ ਸੀ। ਲਛਮਣ ਸਿੰਘ ਨੇ ਚਿੱਠੀ
ਪੜ੍ਹੀ ਅਤੇ ਵਾਪਿਸ ਮੁੜਨ ਦਾ ਫ਼ੈਸਲਾ ਕਰ ਲਿਆ ਪਰ ਇਸ ਜਥੇ ਦੇ ਇਕ ਸਿੰਘ ਟਹਿਲ ਸਿੰਘ ਨੇ
ਕਿਹਾ ਕਿ ਭਾਵੇਂ ਅਸੀਂ ਗੁਰਦੁਆਰਿਆਂ ’ਤੇ ਕਬਜ਼ਾ ਨਾ ਕਰੀਏ ਪਰ ਸਾਨੂੰ ਗੁਰਦੁਆਰੇ ਦੇ ਦਰਸ਼ਨ
ਜ਼ਰੂਰ ਕਰਨੇ ਚਾਹੀਦੇ ਹਨ। ਉਸ ਨੇ ਕਿਹਾ ਕਿ ਅੱਜ ਗੁਰੂ ਹਰਰਾਇ ਸਾਹਿਬ ਦਾ ਜਨਮ ਦਿਨ ਹੈ ਤੇ
ਇਸ ਮੁਬਾਰਕ ਮੌਕੇ ’ਤੇ ਗੁਰਦੁਆਰੇ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ। ਮਹੰਤ ਵੱਧ ਤੋਂ ਵੱਧ
ਸਾਨੂੰ ਕਤਲ ਹੀ ਕਰ ਦੇਵੇਗਾ। ਟਹਿਲ ਸਿੰਘ ਦੇ ਇਹ ਕਹਿਣ ’ਤੇ ਜਥੇ ਨੇ ਗੁਰਦੁਆਰੇ ’ਤੇ ਕਬਜ਼ੇ
ਦਾ ਇਰਾਦਾ ਤਾਂ ਛੱਡ ਦਿੱਤਾ ਪਰ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਚਲ ਪਏ। ਉਹ ਸਵੇਰੇ 6
ਵਜੇ ਗੁਰਦੁਆਰੇ ਪਹੁੰਚ ਗਏ। (ਅਕਾਲੀ ਮੋਰਚੇ ਤੇ ਝੱਬਰ, ਸਫ਼ੇ,
75-76, 95, ਖਾਲਸਾ ਐਡਵੋਕੇਟ, 22 ਫ਼ਰਵਰੀ, 1921, ਅਕਾਲੀ ਤੇ ਪ੍ਰਦੇਸੀ 21 ਫ਼ਰਵਰੀ
1923)
ਉਧਰ 19 ਫਰਵਰੀ 1921 ਨੂੰ ਬਾਅਦ ਦੁਪਹਿਰ ਮਹੰਤ ਨਾਨਕਾਣਾ ਸਾਹਿਬ ਸਟੇਸ਼ਨ ’ਤੇ
ਪੌਣੇ ਚਾਰ ਵਜੇ ਲਾਹੌਰ ਜਾਣ ਵਾਲੀ ਗੱਡੀ ਫੜਨ ਵਾਸਤੇ ਪਹੁੰਚ ਚੁੱਕਾ ਸੀ। ਇਸ ਮੌਕੇ ’ਤੇ
ਇਕ ਮੁਸਲਮਾਨ ਔਰਤ ਉਸ ਕੋਲ ਆਈ ਤੇ ਉਸ ਨੂੰ ਦੱਸਿਆ ਕਿ ਸਿੱਖਾਂ ਦਾ ਇਕ ਜਥਾ ਬੁੱਚੇਆਣਾ
ਪਹੁੰਚ ਚੁੱਕਿਆ ਹੈ। ਮਹੰਤ ਨੇ ਲਾਹੌਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਅਤੇ ਵਾਪਿਸ
ਆ ਕੇ ਸਾਰੇ ਗੁੰਡਿਆਂ ਨੂੰ ਟਕੂਏ ਤੇ ਹੋਰ ਹਥਿਆਰ ਵੰਡ ਦਿੱਤੇ। ਉਸ ਨੇ ਮਿੱਟੀ ਦਾ ਤੇਲ ਤੇ
ਬਹੁਤ ਸਾਰੀ ਲੱਕੜ ਵੀ ਇਕੱਠੀ ਕਰ ਲਈ। ਉਸ ਕੋਲ ਚਾਰ ਬੰਦੂਕਾਂ ਵੀ ਸਨ। ਮਹੰਤ ਕੋਲ ਗੋਲੀਆਂ
ਤੇ ਬਾਰੂਦ ਦਾ ਵੀ ਬੜਾ ਸਟਾਕ ਇਕੱਠਾ ਹੋਇਆ ਪਿਆ ਸੀ। ਉਸ ਨੇ ਕਈ ਦਿਨ ਪਹਿਲਾਂ ਗੁਰਦੁਆਰਾ
ਤੇ ਇਸ ਦੇ ਆਲੇ-ਦੁਆਲੇ ਦੇ ਮਕਾਨਾਂ ਦੀਆਂ ਛੱਤਾਂ ’ਤੇ ਪੱਥਰਾਂ ਤੇ ਇੱਟਾਂ ਦੇ ਢੇਰ ਲਾ ਕੇ
ਰੱਖੇ ਹੋਏ ਸਨ। ਮਹੰਤ ਨੂੰ ਇਹ ਹਰਕਤਾਂ ਕਰਦਿਆਂ ਉੱਤਮ ਸਿੰਘ ਕਾਰਖਾਨੇਦਾਰ ਨੇ ਵੇਖ ਲਿਆ
ਸੀ ਤੇ ਉਸ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਿਆ ਵੀ ਸੀ ਪਰ ਉਸ ਦੀ ਚਿੱਠੀ ਉਨ੍ਹਾਂ
ਨੂੰ ਸਾਕਾ ਵਾਪਰਨ ਤੋਂ ਮਗਰੋਂ ਪੁੱਜੀ ਸੀ।
ਨਾਨਕਾਣਾ ਸਾਹਿਬ ਦਾ ਕਤਲੇਆਮ
ਲਛਮਣ ਸਿੰਘ ਧਾਰੋਵਾਲੀ ਦਾ ਜਥਾ ਸਵੇਰੇ 6 ਵਜੇ ਗੁਰਦੁਆਰਾ ਜਨਮ ਅਸਥਾਨ ਵਿਚ
ਪਹੁੰਚਿਆ ਸੀ। ਉਨ੍ਹਾਂ ਅੰਦਰ ਪਹੁੰਚ ਕੇ, ਮੱਥਾ ਟੇਕ ਕੇ, ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਚਿਰ ਕੀਰਤਨ ਜਾਰੀ ਰਿਹਾ। ਏਨੇ ਚਿਰ ਵਿਚ ਮਹੰਤ ਨੇ ਗੁੰਡਿਆਂ ਨੂੰ ਅਸਲਾ ਦੇ ਕੇ
ਪੁਜ਼ੀਸ਼ਨਾਂ ਸੰਭਾਲ ਦਿੱਤੀਆਂ। ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ।
ਥੋੜ੍ਹੇ ਚਿਰ ਵਿਚ ਹੀ ਮਹੰਤ ਨੇ ਉਨ੍ਹਾਂ ਨੂੰ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ। ਹੁਕਮ
ਮਿਲਦਿਆਂ ਹੀ ਰਾਂਝਾ, ਰਿਹਾਨਾ ਅਤੇ ਦੋ ਹੋਰ ਕਾਤਿਲਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ
ਭੁੰਨਣਾ ਸ਼ੁਰੂ ਕਰ ਦਿੱਤਾ। ਕੁਝ ਪਲਾਂ ਵਿਚ ਹੀ 25-26 ਸਿੰਘ ਸ਼ਹੀਦ ਹੋ ਗਏ। ਇਸ ਦੌਰਾਨ
ਮਹੰਤ ਦੇ ਬਾਕੀ ਗੁੰਡੇ ਅਤੇ ਉਸ ਦੇ ਇਕੱਠੇ ਕੀਤੇ ਸਾਧੂ ਸਿੱਖਾਂ ਉੱਤੇ ਪੱਥਰਾਂ ਤੇ ਇੱਟਾਂ
ਦਾ ਮੀਂਹ ਵਰ੍ਹਾਉਂਦੇ ਰਹੇ। ਇਨ੍ਹਾਂ ਗੁੰਡਿਆਂ ਦੀਆਂ ਚਲਾਈਆਂ ਗੋਲੀਆਂ ਵਿਚੋਂ ਕੁਝ ਗੁਰੂ
ਗ੍ਰੰਥ ਸਾਹਿਬ ਨੂੰ ਵੀ ਲੱਗੀਆਂ। ਇਸ ਵੇਲੇ 60 ਦੇ ਕਰੀਬ ਸਿੱਖ ਚੌਖੰਡੀ ਵਾਲੇ ਹਿੱਸੇ ਵਿਚ
ਸਨ। ਉਨ੍ਹਾਂ ਨੇ ਅੰਦਰੋਂ ਕੁੰਡੇ ਮਾਰ ਲਏ। ਹੁਣ ਮਹੰਤ ਦੇ ਗੁੰਡੇ ਦਰਸ਼ਨੀ ਡਿਉੜੀ ਦੀ ਛੱਤ
’ਤੇ ਆ ਗਏ ਅਤੇ ਹੇਠਾਂ ਨਜ਼ਰ ਆਉਣ ਵਾਲੇ ਹਰ ਇਕ ਸਿੱਖ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ
ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਦੇਖਿਆ ਕਿ ਸਾਰੇ ਸਿੱਖ ਬੁਰੀ ਤਰ੍ਹਾਂ ਜ਼ਖ਼ਮੀ ਜਾਂ ਕਤਲ
ਹੋ ਚੁੱਕੇ ਹਨ ਤਾਂ ਉਹ ਛੱਤ ਤੋਂ ਉਤਰ ਕੇ ਹੇਠਾਂ ਆ ਗਏ। ਹੁਣ ਉਨ੍ਹਾਂ ਬਾਹਰਲੇ ਗੇਟ
ਖੋਲ੍ਹ ਦਿੱਤੇ। ਪੰਜ ਛੇ ਸਿੱਖ ਦਰਸ਼ਨੀ ਡਿਉੜੀ ਦੇ ਵਰਾਂਡੇ ਵਿਚ ਨਜ਼ਰ ਆਏ। ਉਨ੍ਹਾਂ ’ਤੇ
ਗੋਲੀਆਂ ਚਲਾਈਆਂ ਗਈਆਂ। ਜੋ ਮਰਨੋਂ ਬਚ ਗਏ ਸਨ ਉਨ੍ਹਾਂ ਨੂੰ ਛਵ੍ਹੀਆਂ ਅਤੇ ਟੋਕਿਆਂ ਨਾਲ
ਵੱਢ ਦਿੱਤਾ ਗਿਆ। ਇਕ ਹੋਰ ਕਮਰੇ ਵਿਚ 25 ਕੁ ਸਿੱਖ ਸਨ। ਉਹ ਵੀ ਕਤਲ ਕਰ ਦਿੱਤੇ ਗਏ। ਏਨੇ
ਵਿਚ ਕੁਝ ਹੋਰ ਸਿੱਖ ਬਾਹਰ ਆ ਪਹੁੰਚੇ। ਮਹੰਤ ਦੇ ਬੰਦੇ ਕੋਠਿਆਂ ’ਤੇ ਚੜ੍ਹ ਗਏ ਤੇ ਉਨ੍ਹਾਂ
ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ’ਤੇ ਕੁਝ ਜ਼ਖ਼ਮੀ ਸਿੱਖ ਬਾਹਰ ਭੱਜਣ ਵਿਚ
ਕਾਮਯਾਬ ਹੋ ਗਏ। ਦੋ ਸਿੱਖਾਂ ਨੂੰ ਪੌੜੀਆਂ ਚੜ੍ਹਦਿਆਂ ਜ਼ਖ਼ਮੀ ਕਰ ਕੇ ਕੋਠੇ ਤੋਂ ਸੁੱਟ ਕੇ
ਮਾਰ ਦਿੱਤਾ ਗਿਆ। ਮਹੰਤ ਨਰੈਣ ਦਾਸ ਮੂੰਹ ਤੇ ਚਾਦਰ ਲਪੇਟੀ ਘੋੜੇ ’ਤੇ ਚੜ੍ਹਿਆ ਹੁਕਮ ਜਾਰੀ
ਕਰ ਰਿਹਾ ਸੀ ਅਤੇ ਹਦਾਇਤਾਂ ਦੇ ਰਿਹਾ ਸੀ। ਉਹ ਆਖ ਰਿਹਾ ਸੀ ਕਿ ਇੱਕ ਵੀ ਸਿੱਖ ਜਿਊਂਦਾ
ਨਾ ਰਹਿਣ ਦਿੱਤਾ ਜਾਵੇ। ਏਨੇ ਵਿਚ ਕੁਝ ਹੋਰ ਸਿੱਖ ਬਾਹਰੋਂ ਆਏ। ਮਹੰਤ ਨੇ ਉਨ੍ਹਾਂ ਨੂੰ
ਵੀ ਕਤਲ ਕਰਨ ਦਾ ਹੁਕਮ ਦਿੱਤਾ। ਮਹੰਤ ਨੇ ਆਪ ਗੋਲੀ ਚਲਾ ਕੇ ਇਕ ਸਿੱਖ ਮਾਰ ਦਿੱਤਾ। ਉਸ
ਦੇ ਬੰਦਿਆਂ ਨੇ 5 ਹੋਰ ਸਿੱਖ ਮਾਰੇ। ਇਸ ਮਗਰੋਂ ਰਾਂਝੇ ਤੇ ਕੁਝ ਸਾਧੂਆਂ ਨੇ ਬਾਹਰੋਂ ਆਏ
ਨਵੇਂ ਸਿੱਖਾਂ ਵਿਚੋਂ ਬਚ ਕੇ ਭੱਜੇ ਬੰਦਿਆਂ ਦਾ ਪਿੱਛਾ ਕੀਤਾ ਤੇ ਰੇਲਵੇ ਲਾਈਨ ਕੋਲ ਤਿੰਨ
ਬੰਦੇ ਕਤਲ ਕਰ ਦਿੱਤੇ, ਇਕ ਜਾਂ ਦੋ ਸਿੱਖ ਖੇਤਾਂ ਵਿਚ ਵੀ ਕਤਲ ਕੀਤੇ ਗਏ। ਇਸ ਮਗਰੋਂ
ਚੌਖੰਡੀ ਦਾ ਦਰਵਾਜ਼ਾ ਤੋੜ ਕੇ ਮਹੰਤ ਨੇ ਅੰਦਰਲੇ ਸਾਰੇ ਸਿੱਖ ਕਤਲ ਕਰ ਦਿੱਤੇ, ਸਿਰਫ਼ ਇਕ
12 ਸਾਲ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹੇ ਹੇਠਾਂ ਲੁਕਿਆ ਹੋਣ ਕਰ ਕੇ ਬਚ ਗਿਆ।
ਗੋਲੀਆਂ ਚਲਣ ਦੀ ਆਵਾਜ਼ ਸੁਣ ਕੇ ਦਲੀਪ ਸਿੰਘ ਸਾਹੋਵਾਲ, ਜੋ ਪੌਣਾ ਕਿਲੋਮੀਟਰ ਦੂਰ,
ਉੱਤਮ ਸਿੰਘ ਕਾਰਖਾਨੇਦਾਰ ਦੇ ਘਰ ਬੈਠੇ ਸਨ, ਜਨਮ ਅਸਥਾਨ ਵੱਲ ਭੱਜੇ। ਉਹ ਅਤੇ ਭਾਈ ਵਰਿਆਮ
ਸਿੰਘ ਗੁਰਦੁਆਰੇ ਪੁੱਜੇ ਤਾਂ ਉਸ ਵੇਲੇ ਮਹੰਤ ਬਾਹਰੋਂ ਆਏ ਨਵੇਂ ਸਿੱਖਾਂ ਨੂੰ ਕਤਲ ਕਰਨ
ਦਾ ਹੁਕਮ ਦੇ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਕਤਲੇਆਮ ਕਰਨੋਂ ਰੋਕਿਆ ਪਰ ਭਾਈ
ਦਲੀਪ ਸਿੰਘ ਦੀ ਗੱਲ ਸੁਣਨ ਦੀ ਬਜਾਇ ਮਹੰਤ ਨੇ ਪਿਸਤੌਲ ਕੱਢ ਕੇ ਭਾਈ ਦਲੀਪ ਸਿੰਘ ਨੂੰ ਵੀ
ਕਤਲ ਕਰ ਦਿੱਤਾ। ਉਸ ਦੇ ਇਕ ਬੰਦੇ ਨੇ ਭਾਈ ਵਰਿਆਮ ਸਿੰਘ ਨੂੰ ਵੀ ਕਤਲ ਕਰ ਦਿੱਤਾ।
ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹੰਤ ਨੇ ਸਾਰੀਆਂ ਲਾਸ਼ਾਂ ਇਕੱਠੀਆਂ
ਕਰਨ ਦਾ ਹੁਕਮ ਦਿੱਤਾ। ਮਹੰਤ ਨੇ ਚਾਰ ਲਾਸ਼ਾਂ ਨੂੰ ਛੱਡ ਕੇ ਬਾਕੀ ਸਾਰੀਆਂ ਫੂਕ ਦੇਣ
ਵਾਸਤੇ ਆਖਿਆ। ਲੱਕੜਾਂ ਇਕੱਠੀਆਂ ਕਰ ਕੇ ਚੌਖੰਡੀ ਦੇ ਉੱਤਰ-ਪੱਛਮੀ ਪਾਸੇ ਢੇਰ ਲਾ ਦਿੱਤਾ
ਗਿਆ। ਅੱਗ ਵਿਚ ਸੁੱਟਣ ਤੋਂ ਪਹਿਲਾਂ ਮਹੰਤ ਵੱਲੋਂ ਭਾੜੇ ’ਤੇ ਲਿਆਂਦੇ ਪਠਾਣਾਂ ਨੇ ਲਾਸ਼ਾਂ
ਦੀ ਤਲਾਸ਼ੀ ਲਈ ਤੇ ਜੋ ਕੁਝ ਲੱਭਿਆ, ਆਪਣੀਆਂ ਜੇਬ੍ਹਾਂ ਵਿਚ ਪਾ ਲਿਆ। ਇਸ ਮਗਰੋਂ ਲਾਸ਼ਾਂ
ਬਲਦੀ ਚਿਖਾ ਵਿਚ ਸੁੱਟ ਦਿੱਤੀਆਂ ਗਈਆ। ਇਨ੍ਹਾਂ ਵਿੱਚੋਂ ਕੁਝ ਅਜੇ ਜਿਊਂਦੇ ਵੀ ਸਨ। ਉਨ੍ਹਾਂ
ਵਿੱਚੋਂ ਜਿਸ ਨੇ ਵੀ ਉੱਠਣ ਦੀ ਕੋਸ਼ਿਸ਼ ਕੀਤੀ ਉਸ ਨੂੰ ਛਵ੍ਹੀਆਂ ਤੇ ਲਾਠੀਆਂ ਮਾਰ ਕੇ ਫੇਰ
ਅੱਗ ਵਿੱਚ ਸੁੱਟ ਦਿੱਤਾ ਗਿਆ। ਜੋ ਸਿੱਖ ਗੁਰਦੁਆਰੇ ਦੇ ਬਾਹਰ ਕਤਲ ਕੀਤੇ ਗਏ ਸਨ ਉਨ੍ਹਾਂ
ਨੂੰ ਮਾਰ ਕੇ ਨੇੜੇ ਇਕ ਘੁਮਿਆਰ ਦੀ ਭੱਠੀ ਵਿਚ ਸੁੱਟ ਕੇ ਸਾੜ ਦਿੱਤਾ ਗਿਆ।
ਸਿੱਖਾਂ ਦੀਆਂ ਲਾਸ਼ਾਂ ਜਲਾਉਣ ਵਾਸਤੇ ਹੁਕਮ ਜਾਰੀ ਕਰਨ ਮਗਰੋਂ ਮਹੰਤ ਨੇ ਆਪ ਸ਼ਰਾਬ ਪੀਣੀ
ਸ਼ੁਰੂ ਕਰ ਦਿੱਤੀ ਤੇ ਗੁੰਡਿਆਂ ਨੂੰ ਵੀ ਵੀ ਸ਼ਰਾਬ ਪਹੁੰਚਾਈ। ਗੁੰਡੇ ਸ਼ਰਾਬਾਂ ਪੀਂਦੇ ਰਹੇ
ਅਤੇ ਲਾਸ਼ਾਂ ਇਕੱਠੀਆਂ ਕਰ ਅੱਗ ਦੇ ਢੇਰ ’ਤੇ ਸੁੱਟਦੇ ਰਹੇ।
ਦੂਜੇ ਪਾਸੇ ਗੋਲੀਆਂ ਦੀ ਆਵਾਜ਼ ਤੇ ਕਤਲੇਆਮ ਦੀ ਖ਼ਬਰ ਸੁਣ ਕੇ ਸ਼ਹਿਰ ਵਾਸੀਆਂ ਨੇ ਸਰਕਾਰ
ਤੇ ਪੁਲੀਸ ਨੂੰ ਇਤਲਾਹ ਦੇਣ ਦੀ ਕਾਰਵਾਈ ਸ਼ੁਰੂ ਕੀਤੀ। ਸਵੇਰੇ ਸਵਾ ਅੱਠ ਵਜੇ ਐਨ.ਐਸ.ਸੰਧੂ,
ਜੋ ਜ਼ਿਲ੍ਹਾ ਇੰਜੀਨੀਅਰ ਸੀ, ਨੇ ਇਕ ਬੰਦੇ ਨੂੰ ਘੋੜੇ ’ਤੇ ਡਿਪਟੀ ਕਮਿਸ਼ਨਰ ਵੱਲ ਭੇਜਿਆ।
ਡੀ.ਸੀ. ਉਸ ਵਕਤ ਨਾਨਕਾਣਾ ਸਾਹਿਬ ਤੋਂ 19 ਕਿਲੋਮੀਟਰ ਦੂਰ ਪਿੰਡ ਮਾਂਗਟਵਾਲਾ ਵਿਚ ਬੈਠਾ
ਸੀ। ਉੱਤਮ ਸਿੰਘ ਕਾਰਖ਼ਾਨੇਦਾਰ ਨੇ 9 ਵਜ ਕੇ 12 ਮਿੰਟ ’ਤੇ ਗਵਰਨਰ, ਕਮਿਸ਼ਨਰ, ਡਿਪਟੀ
ਕਮਿਸ਼ਨਰ (ਡੀ.ਸੀ.), ਐਸ.ਪੀ. ਅਤੇ ਕਈ ਮਸ਼ਹੂਰ ਸਿੱਖ ਆਗੂਆਂ ਨੂੰ ਸਾਕੇ ਬਾਰੇ ਤਾਰਾਂ ਭੇਜ
ਕੇ ਖ਼ਬਰ ਦਿੱਤੀ। ਮੁਕਾਮੀ ਪਟਵਾਰੀ ਤੇ ਰੇਲਵੇ ਦੇ ਸਟੇਸ਼ਨ ਮਾਸਟਰ ਨੇ ਵੀ ਵੱਖ-ਵੱਖ ਪਾਸੇ
ਤਾਰਾਂ ਭੇਜ ਕੇ ਇਤਲਾਹ ਦਿੱਤੀ। ਇਨ੍ਹਾਂ ਇਤਲਾਹਾਂ ਦੇ ਬਾਵਜੂਦ ਡੀ.ਸੀ. ਚਾਰ ਘੰਟੇ ਮਗਰੋਂ
ਸਾਢੇ ਬਾਰ੍ਹਾਂ ਵਜੇ ਨਾਨਕਾਣਾ ਸਾਹਿਬ ਪਹੁੰਚਿਆ। ਉੱਥੇ ਆ ਕੇ ਉਹ ਡੇਢ-ਦੋ ਸੌ ਦੇ ਕਰੀਬ
ਸਿੱਖਾਂ ਦੇ ਕਾਤਲ ਮਹੰਤ ਨਰੈਣ ਦਾਸ ਨੂੰ ਨਾਲ ਲੈ ਕੇ ਗੁਰਦੁਆਰੇ ਦੇ ਅੰਦਰ ਗਿਆ। ਇਸ ਵੇਲੇ
ਲਾਸ਼ਾਂ ਜਲ ਰਹੀਆਂ ਸਨ ਪਰ ਡੀ.ਸੀ. ਨੇ ਉਨ੍ਹਾਂ ਨੂੰ ਸਾੜਨ ਤੋਂ ਵੀ ਨਾ ਰੋਕਿਆ। ਪੰਜ ਛੇ
ਘੰਟੇ ਮਗਰੋਂ ਤਕਰੀਬਨ 2 ਵਜੇ ਦੁਪਹਿਰੇ ਇਕ ਸਬ ਇੰਸਪੈਕਟਰ ਨੇ ਅੱਗ ਬੁਝਾਈ।
ਨਾਨਕਾਣਾ ਸਾਹਿਬ ਵਿਚ ਸ਼ਹੀਦ ਹੋਣ ਵਾਲਿਆਂ ਦੇ ਨਾਂ
ਨਾਨਕਾਣਾ ਸਾਹਿਬ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸਹੀ ਗਿਣਤੀ ਬਾਰੇ ਕੁਝ ਨਹੀਂ
ਕਿਹਾ ਜਾ ਸਕਦਾ, ਪਰ ਪੜਤਾਲ ਕਰਨ ਵਾਲੇ ਚਰਨ ਸਿੰਘ ਇੰਸਪੈਕਟਰ ਨੇ ਸ਼ਹੀਦਾਂ ਦੀ ਗਿਣਤੀ 156
ਦੱਸੀ ਸੀ। ਇਨ੍ਹਾਂ ਵਿਚੋਂ ਵੀ ਸਿਰਫ਼ 86 ਨਾਂਵਾਂ ਦੀ ਤਸਦੀਕ ਹੋ ਸਕੀ ਸੀ:
ਧਾਰੋਵਾਲੀ ਪਿੰਡ, ਸ਼ੇਖ਼ੂਪੁਰਾ: ਲਛਮਣ ਸਿੰਘ, ਈਸ਼ਰ ਸਿੰਘ, ਮੰਗਲ ਸਿੰਘ ਕਿਰਪਾਨ ਬਹਾਦਰ,
ਆਤਮਾ ਸਿੰਘ, ਸੁੰਦਰ ਸਿੰਘ, ਈਸ਼ਰ ਸਿੰਘ ਦੂਜਾ।
ਕੋਟਲਾ ਸੰਤ ਸਿੰਘ: ਚਰਨ ਸਿੰਘ।
ਬੁਰਜ ਚੱਕ ਨੰਬਰ 55, ਲਾਇਲਪੁਰ: ਨਰਾਇਣ ਸਿੰਘ, ਦਿਆਲ ਸਿੰਘ, ਕਿਸ਼ਨ ਸਿੰਘ।
ਬੰਡਾਲਾ ਚੱਕ ਨੰਬਰ 64, ਲਾਇਲਪੁਰ: ਹਜ਼ਾਰਾ ਸਿੰਘ, ਵਰਿਆਮ ਸਿੰਘ, ਚੇਤ ਸਿੰਘ, ਉਜਾਗਰ
ਸਿੰਘ।
ਬੰਡਾਲਾ ਚੱਕ ਨੰਬਰ 17, ਲਾਇਲਪੁਰ: ਸੰਮਾ ਸਿੰਘ, ਬਾਰਾ ਸਿੰਘ, ਇੱਛਰ ਸਿੰਘ, ਧਰਮ ਸਿੰਘ।
ਨਜ਼ਾਮਪੁਰ ਦੇਵਾ ਸਿੰਘ, ਸ਼ੇਖ਼ੂਪੁਰਾ: ਟਹਿਲ ਸਿੰਘ, ਸੁਰੈਣ ਸਿੰਘ, ਬੱਗਾ ਸਿੰਘ, ਹਰਨਾਮ
ਸਿੰਘ, ਦਲ ਸਿੰਘ, ਕੇਸਰ ਸਿੰਘ, ਭਗਵਾਨ ਸਿੰਘ, ਜਵਾਲਾ ਸਿੰਘ, ਖ਼ੁਸ਼ਹਾਲ ਸਿੰਘ, ਜਵੰਦ ਸਿੰਘ,
ਪੰਜਾਬ ਸਿੰਘ, ਨਰੈਣ ਸਿੰਘ, ਰਾਮ ਸਿੰਘ, ਸੁੰਦਰ ਸਿੰਘ, ਤਾਰਾ ਸਿੰਘ।
ਨਜ਼ਾਮਪੁਰ ਮੂਲਾ ਸਿੰਘ, ਸ਼ੇਖ਼ੂਪੁਰਾ: ਸੇਵਾ ਸਿੰਘ, ਬੂੜ ਸਿੰਘ, ਸੁਰੈਣ ਸਿੰਘ।
ਨਜ਼ਾਮਪੁਰ ਚੇਲੇ ਵਾਲੇ, ਸ਼ੇਖ਼ੂਪੁਰਾ: ਗੁੱਜਰ ਸਿੰਘ, ਚੰਦਾ ਸਿੰਘ, ਗੰਗਾ ਸਿੰਘ, ਵਰਿਆਮ
ਸਿੰਘ।
ਬਹੜ ਚੱਕ ਨੰਬਰ 18, ਸ਼ੇਖ਼ੂਪੁਰਾ: ਈਸ਼ਰ ਸਿੰਘ, ਗੁਪਾਲ ਸਿੰਘ, ਮੋਤਾ ਸਿੰਘ।
ਚੱਕ ਨੰਬਰ 10 ਥੋਥੀਆਂ, ਸ਼ੇਖ਼ੂਪੁਰਾ: ਨੰਦ ਸਿੰਘ, ਹਰੀ ਸਿੰਘ, ਅਰੂੜ ਸਿੰਘ, ਤੇਜਾ ਸਿੰਘ।
ਫ਼ਤਹਿਗੜ੍ਹ ਸੁਕਰਚੱਕੀਆਂ, ਅੰਮ੍ਰਿਤਸਰ: ਸੰਤਾ ਸਿੰਘ।
ਬਹੜ ਚੱਕ ਨੰਬਰ 18 ਸ਼ੇਖ਼ੂਪੁਰਾ: ਈਸ਼ਰ ਸਿੰਘ, ਗੁਪਾਲ ਸਿੰਘ, ਮੋਤਾ ਸਿੰਘ।
ਚੱਕ ਨੰਬਰ 10 ਥੋਥੀਆਂ, ਸ਼ੇਖ਼ੂਪੁਰਾ: ਨੰਦ ਸਿੰਘ, ਹਰੀ ਸਿੰਘ, ਅਰੂੜ ਸਿੰਘ, ਤੇਜਾ ਸਿੰਘ।
ਕਰਤਾਰਪੁਰ, ਜਲੰਧਰ: ਬੇਲਾ ਸਿੰਘ।
ਵੱਲਾ, ਅੰਮ੍ਰਿਤਸਰ: ਮੂਲਾ ਸਿੰਘ।
ਡੱਲਾ ਨੰਗਲ 83, ਸ਼ੇਖ਼ੂਪੁਰਾ: ਲਛਮਣ ਸਿੰਘ।
ਸ਼ਾਹਕੋਟ, ਸ਼ੇਖ਼ੂਪੁਰਾ: ਸੰਤਾ ਸਿੰਘ, ਹਰਨਾਮ ਸਿੰਘ, ਗੁਰਬਖ਼ਸ਼ ਸਿੰਘ, ਇੰਦਰ ਸਿੰਘ, ਗੁਲਾਬ
ਸਿੰਘ।
ਜਰਗ ਪਿੰਡ, ਪਟਿਆਲਾ: ਕੇਹਰ ਸਿੰਘ, ਦਰਬਾਰਾ ਸਿੰਘ।
ਭਸੀਣ, ਲਾਹੌਰ: ਗੰਡਾ ਸਿੰਘ।
ਡੱਲਾ ਚੰਦ ਸਿੰਘ, ਸ਼ੇਖ਼ੂਪੁਰਾ: ਬਚਿੰਤ ਸਿੰਘ।
ਵਾਨੋਟਿਆਂ ਵਾਲੀ ਚੱਕ ਨੰਬਰ 3, ਸ਼ੇਖ਼ੂਪੁਰਾ: ਕੇਸਰ ਸਿੰਘ, ਸੋਹਣ ਸਿੰਘ, ਵਰਿਆਮ ਸਿੰਘ,
ਹੱਰਾ ਸਿੰਘ।
ਧਨੂਆਣਾ ਚੱਕ ਨੰਬਰ 91, ਲਾਇਲਪੁਰ: ਸੁੰਦਰ ਸਿੰਘ, ਸੋਹਣ ਸਿੰਘ, ਹੁਕਮ ਸਿੰਘ, ਵਰਿਆਮ
ਸਿੰਘ, ਦੀਵਾਨ ਸਿੰਘ, ਇੰਦਰ ਸਿੰਘ, ਦਸੌਂਧਾ ਸਿੰਘ, ਹਰੀ ਸਿੰਘ, ਢੇਰਾ ਸਿੰਘ।
ਮਾਣਕ ਘੁੰਮਣ, ਜਲੰਧਰ, ਠਾਕੁਰ ਸਿੰਘ।
ਫਰਾਲਾ ਚੱਕ ਨੰਬਰ 258, ਲਾਇਲਪੁਰ: ਬਚਿੰਤ ਸਿੰਘ, ਕਨ੍ਹਈਆ ਸਿੰਘ।
ਸਿਹਾੜ, ਹੁਸ਼ਿਆਰਪੁਰ: ਬੰਤਾ ਸਿੰਘ।
ਕਰਤਾਰਪੁਰ, ਸਿਆਲਕੋਟ: ਬੁੱਧ ਸਿੰਘ।
ਸਾਹੋਵਾਲ ਚੱਕ ਨੰਬਰ 1, ਲਾਇਲਪੁਰ: ਦਲੀਪ ਸਿੰਘ।
ਟਿੱਬੀ ਜੈ ਸਿੰਘ, ਮਿੰਟਗੁਮਰੀ: ਵਰਿਆਮ ਸਿੰਘ।
ਲਹੁਕੇ ਚੱਕ ਨੰਬਰ 75, ਲਾਇਲਪੁਰ: ਨਾਰਾਇਣ ਸਿੰਘ, ਕਰਮ ਸਿੰਘ, ਮਹਿੰਗਾ ਸਿੰਘ।
ਲਾਇਲਪੁਰ ਸ਼ਹਿਰ: ਜੀਵਨ ਸਿੰਘ ਪਰਉਪਕਾਰੀ।
ਡਿੰਗਾ, ਗੁਜਰਾਤ: ਚਰਨ ਸਿੰਘ।
ਸ਼ਾਹਬਾਜ਼ਪੁਰ, ਅੰਮ੍ਰਿਤਸਰ: ਜਗਤ ਸਿੰਘ।
20 ਫ਼ਰਵਰੀ ਸਵੇਰੇ ਕਰਤਾਰ ਸਿੰਘ ਝੱਬਰ ਜਥੇ ਸਮੇਤ ਚੰਦਰਕੋਟ ਤੋਂ ਵਾਪਿਸ ਖਰਾ ਸੌਦਾ
ਜਾ ਚੁੱਕਾ ਸੀ। ਸਾਕੇ ਵਾਲੇ ਦਿਨ 11 ਵਜੇ ਉਹ ਗੁਰਦੁਆਰੇ ਖਰਾ ਸੌਦਾ ਵਿਚ ਬੈਠਾ ਹੋਇਆ
ਸੀ ਤਾਂ ਉਨ੍ਹਾਂ ਨੂੰ ਉੱਤਮ ਸਿੰਘ ਨਾਨਕਾਣਾ ਸਾਹਿਬ ਵਾਲਿਆਂ ਦੀ ਤਾਰ ਮਿਲੀ। ਉਨ੍ਹਾਂ ਨੇ
ਉਸੇ ਵੇਲੇ ਹਾਜ਼ਰ ਸਿੰਘਾਂ ਵਿਚੋਂ 40 ਸਿੰਘ ਪਿੰਡਾਂ ਵੱਲ ਟੋਰ ਦਿੱਤੇ ਤੇ ਬਾਕੀ 50 ਸਿੰਘ
ਲੈ ਕੇ ਚੰਦਰਕੋਟ ਵੱਲ ਚਲ ਪਏ। ਸ਼ਾਮ ਤਕ ਉੱਥੇ ਇਕ ਹਜ਼ਾਰ ਤੋਂ ਵੱਧ ਸਿੱਖ ਪਹੁੰਚ ਚੁੱਕੇ ਸਨ।
ਚੰਦਰਕੋਟ ਦੇ ਪੁਲ ਕੋਲ ਉਨ੍ਹਾਂ ਨੂੰ ਮਹੰਤ ਦਾ ਚੇਲਾ ਦੇਵਾ ਦਾਸ ਤਿੰਨ ਬੰਦਿਆਂ ਸਮੇਤ
ਮੋਟਰ ’ਚ ਭੱਜਾ ਜਾਂਦਾ ਦਿੱਸਿਆ। ਉਨ੍ਹਾਂ ਨੇ ਉਸ ਨੂੰ ਉੱਥੇ ਰੋਕ ਕੇ ਕਾਬੂ ਕਰ ਲਿਆ। ਅੱਗੇ
ਜਾ ਕੇ ਉਨ੍ਹਾਂ ਨੇ ਮਹੰਤ ਦਾ ਇਕ ਹੋਰ ਬੰਦਾ ਸੰਤਾ ਸਿੰਹ ਵੀ ਨੱਸਣ ਦੀ ਕੋਸ਼ਿਸ਼ ਕਰਦਾ ਫੜ
ਲਿਆ। ਖਿਮਵਾਲਾ ਪਿੰਡ ਵਿਚ ਇਕ ਮੁਸਲਮਾਨ ਕਾਤਿਲ ਨੂੰ 72 ਕਾਰਤੂਸਾਂ ਸਣੇ ਕਾਬੂ ਕੀਤਾ ਗਿਆ।
ਇੱਥੇ ਝੱਬਰ ਨੂੰ ਡੀ.ਸੀ. ਦੀ ਲਿਖਤੀ ਚਿੱਠੀ ਮਿਲੀ ਜਿਸ ਵਿਚ ਉਨ੍ਹਾਂ ਨੂੰ ਨਾਨਕਾਣੇ ਵੱਲ
ਨਾ ਜਾਣ ਦਾ ਹੁਕਮ ਜਾਰੀ ਕੀਤਾ ਹੋਇਆ ਸੀ ਪਰ ਸਿੱਖਾਂ ਨੂੰ ਇਸ ਹੁਕਮ ਦੀ ਪ੍ਰਵਾਹ ਕੀਤੇ
ਬਿਨਾਂ ਚਲਣਾ ਜਾਰੀ ਰੱਖਿਆ। ਨਾਨਕਾਣਾ ਸਾਹਿਬ ਦੇ ਬਾਹਰ ਉਨ੍ਹਾਂ ਨੂੰ ਸ:ਬ: ਮਹਿਤਾਬ ਸਿੰਘ
ਘੋੜੇ ’ਤੇ ਆ ਕੇ ਮਿਲੇ ਤੇ ਦਸਿਆ ਕਿ ਫ਼ੌਜ ਨੇ ਗੁਰਦੁਆਰੇ ਨੂੰ ਘੇਰੇ ਵਿਚ ਲਿਆ ਹੋਇਆ ਹੈ
ਤੇ ਉੱਥੇ ਨਹੀਂ ਜਾਣਾ ਚਾਹੀਦਾ। ਝੱਬਰ ਨੇ ਕਿਹਾ ਕਿ ਅਸੀਂ ਗੁਰਦੁਆਰੇ ਜ਼ਰੂਰ ਜਾਵਾਂਗੇ।
ਉਨ੍ਹਾਂ ਕਿਹਾ ਕਿ ਤੁਸੀਂ ਕਮਿਸ਼ਨਰ ਨਾਲ ਗੱਲ ਕਰ ਲਓ, ਅਸੀਂ ਓਨਾ ਚਿਰ ਰੁੱਕ ਜਾਂਦੇ ਹਾਂ।
ਇਸ ’ਤੇ ਸ:ਬ: ਮਹਿਤਾਬ ਸਿੰਘ ਵਾਪਿਸ ਚਲੇ ਗਏ ਤੇ ਕਮਿਸ਼ਨਰ ਨੂੰ ਸਮਝਾਇਆ ਕਿ ਸਿੱਖਾਂ ਦਾ
ਹੜ੍ਹ ਆ ਜਾਣ ਮਗਰੋਂ ਹਾਲਾਤ ਕੰਟਰੋਲ ਹੇਠ ਨਹੀਂ ਆ ਸਕਣਗੇ, ਇਸ ਕਰ ਕੇ ਗੁਰਦੁਆਰੇ ਦਾ
ਕੰਟਰੋਲ ਸ਼੍ਰੋਮਣੀ ਕਮੇਟੀ ਨੂੰ ਦੇਣਾ ਠੀਕ ਰਹੇਗਾ। ਕੁਝ ਹੀ ਚਿਰ ਵਿਚ ਝੱਬਰ ਦਾ ਜਥਾ
ਨਾਨਕਾਣਾ ਪਹੁੰਚ ਗਿਆ। ਫ਼ੌਜ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ
ਏਨੀਆਂ ਸ਼ਹੀਦੀਆਂ ਮਗਰੋਂ ਮੌਤ ਦਾ ਡਰ ਕਿਸੇ ਸਿੱਖ ਨੂੰ ਰੋਕ ਨਹੀਂ ਸਕਦਾ ਸੀ। ਫ਼ੌਜ ਵੀ
ਹਰਗਿਜ਼ ਗੋਲੀ ਚਲਾਉਣ ਜਾਂ ਕਿਸੇ ਹੋਰ ਐਕਸ਼ਨ ਲੈਣ ਦਾ ਖ਼ਤਰਾ ਮੁੱਲ ਲੈਣ ਵਾਸਤੇ ਤਿਆਰ ਨਹੀਂ
ਸੀ (ਅਕਾਲੀ ਮੋਰਚੇ ਤੇ ਝੱਬਰ, ਸਫ਼ੇ 101,109,111,112)
ਕਤਲੇਆਮ ਤੋਂ ਮਗਰੋਂ ਦੇ ਹਾਲਾਤ
ਸਿੱਖਾਂ ਦੇ ਰੋਹ ਤੋਂ ਡਰਦਿਆਂ ਸਰਕਾਰ ਨੇ ਨਾਨਕਾਣਾ ਸਾਹਿਬ ਦੇ 35
ਕਿਲੋਮੀਟਰ ਦੇ ਏਰੀਏ ਤਕ ਬੱਸਾਂ ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਤੇ ਨਾਕਾਬੰਦੀ ਸ਼ੁਰੂ
ਕਰ ਦਿੱਤੀ ਤਾਂ ਜੋ ਕੋਈ ਵੀ ਬੰਦਾ ਨਾਨਕਾਣਾ ਸਾਹਿਬ ਨਾ ਪਹੁੰਚ ਸਕੇ। ਉਧਰੋਂ ਕਮਿਸ਼ਨਰ ਤੇ
ਡੀ.ਆਈ.ਜੀ. ਸਪੈਸ਼ਲ ਗੱਡੀ ਲੈ ਕੇ ਰਾਤ ਸਵਾ ਨੌਂ ਵਜੇ ਨਾਨਕਾਣਾ ਸਾਹਿਬ ਪਹੁੰਚੇ। ਉਨ੍ਹਾਂ
ਨਾਲ 100 ਅੰਗਰੇਜ਼ ਤੇ 100 ਭਾਰਤੀ ਫ਼ੌਜੀ ਵੀ ਸਨ। ਉਸ ਨੇ ਆ ਕੇ ਮਹੰਤ, ਉਸ ਦੇ ਦੋ ਸਾਥੀ
ਤੇ 26 ਪਠਾਣ ਗ੍ਰਿਫ਼ਤਾਰ ਕਰ ਕੇ ਲਾਹੌਰ ਭੇਜ ਦਿੱਤੇ। ਇਸ ਵੇਲੇ ਤਕ ਸਾਰੇ ਪਾਸੇ ਸਿੱਖਾਂ
ਨੂੰ ਇਤਲਾਹ ਪਹੁੰਚ ਚੁੱਕੀ ਸੀ। ਹਜ਼ਾਰਾਂ ਸਿੱਖਾਂ ਨੇ ਨਾਨਕਾਣਾ ਸਾਹਿਬ ਵੱਲ ਚਾਲੇ ਪਾ
ਦਿੱਤੇ ਸਨ।
ਸਰਕਾਰ ਨੇ ਸਾਕੇ ਬਾਰੇ ਬੇਹੱਦ ਝੂਠ ਬੋਲਿਆ। ਸਰਕਾਰ ਨੇ ਪਹਿਲਾਂ 20 ਸਿੱਖਾਂ ਦੇ ਮਰਨ
ਦੀ ਖ਼ਬਰ ਦਿੱਤੀ (ਵੇਖੋ: 22 ਫ਼ਰਵਰੀ 1921 ਦੀ ਅਖ਼ਬਾਰ ਖਾਲਸਾ ਐਡਵੋਕੇਟ ਦੇ ਪਹਿਲੇ ਸਫ਼ੇ ਦੀ
ਫ਼ੋਟੋ)। ਫਿਰ ਸਰਕਾਰ ਨੇ 67 ਤੇ ਅਖ਼ੀਰ 130 ਸਿੱਖਾਂ ਦਾ ਕਤਲ ਮੰਨ ਲਿਆ। ਇੰਸਪੈਕਟਰ ਚਰਨ
ਸਿੰਘ ਨੇ 156 ਸਿੱਖਾਂ ਦੇ ਕਤਲ ਹੋਣ ਦੀ ਰਿਪੋਰਟ ਜਾਰੀ ਕੀਤੀ ਸੀ। ਇਕ ਰਿਪੋਰਟ ਮੁਤਾਬਿਕ
168 ਸਿੱਖ ਸ਼ਹੀਦ ਹੋਏ। ਹਿੰਦੂ ਪ੍ਰੈਸ ਦਾ ਵਤੀਰਾ ਬੜਾ ਘਟੀਆ ਸੀ। ਉਨ੍ਹਾਂ ਨੇ ਇਸ
ਕਤਲੇਆਮ ਨੂੰ ਸਿੱਖਾਂ ਦਾ ‘‘ਆਪਸੀ ਫਸਾਦ’’ ਤੇ ਆਪਣੀ ‘‘ਝਗੜਾ’’, ਦਾ ਨਾਂ ਦਿੱਤਾ। ਹੋਰ
ਤਾਂ ਹੋਰ ਗਾਂਧੀ ਦਾ ਪਹਿਲਾ ਬਿਆਨ ਵੀ ਇਹੋ ਜਿਹਾ ਹੀ ਸੀ।
ਸਿੱਖ ਆਗੂਆਂ ਵਿਚੋਂ 6 ਆਗੂ 20 ਤਾਰੀਖ਼ ਰਾਤ ਨੂੰ ਹੀ ਕਮਿਸ਼ਨਰ ਦੇ ਨਾਲ ਹੀ ਨਾਨਕਾਣਾ
ਸਾਹਿਬ ਪਹੁੰਚੇ ਸਨ। 9 ਹੋਰ ਸਿੱਖ ਆਗੂ ਮੋਟਰ ਰਾਹੀਂ 21 ਤਾਰੀਖ਼ ਦੀ ਸਵੇਰ ਨੂੰ ਨਾਨਕਾਣਾ
ਸਾਹਿਬ ਪਹੁੰਚੇ। ਇਨ੍ਹਾਂ ਵਿਚ ਹਰਬੰਸ ਸਿੰਘ ਅਟਾਰੀ, ਸੁੰਦਰ ਸਿੰਘ ਰਾਮਗੜ੍ਹੀਆ, ਮਾਸਟਰ
ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ, ਕੇਹਰ ਸਿੰਘ ਪੱਟੀ ਤੇ ਪ੍ਰੋ: ਜੋਧ ਸਿੰਘ ਸ਼ਾਮਿਲ ਸਨ।
21 ਫ਼ਰਵਰੀ ਨੂੰ ਸਵੇਰੇ 8 ਵਜੇ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ। ਅੰਦਰ ਗੋਲੀਆਂ
ਦੇ ਕਾਰਤੂਸ, ਪੱਥਰ, ਖ਼ੂਨ, ਲਾਸ਼ਾਂ ਦੇ ਟੁਕੜੇ ਤੇ ਅੱਧ ਸੜੀਆਂ ਲਾਸ਼ਾਂ ਦੀ ਬੋਅ ਆ ਰਹੀ ਸੀ।
ਪੁਲੀਸ ਨੇ ਪੌਣੇ ਤਿੰਨ ਸੌ ਤੋਂ ਵੱਧ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ। ਛੱਤਾਂ ਉਤੇ
ਰੋੜਿਆਂ ਦੇ ਪੱਥਰਾਂ ਦੇ 24 ਵੱਡੇ ਢੇਰ ਅਜੇ ਵੀ ਪਏ ਹੋਏ ਸਨ।
21 ਫ਼ਰਵਰੀ ਦੁਪਹਿਰ ਤਕ ਬਹੁਤ ਸਾਰੇ ਸਿੱਖ ਖੇਤਾਂ ਰਾਹੀਂ ਨਾਨਕਾਣਾ ਸਾਹਿਬ ’ਚ ਪਹੁੰਚ
ਚੁੱਕੇ ਸਨ। ਸ਼ਾਮ ਤਕ ਹਜ਼ਾਰਾਂ ਸਿੰਘ ਨਾਨਕਾਣਾ ਸਾਹਿਬ ’ਚ ਇਕੱਠੇ ਹੋ ਚੁੱਕੇ ਸਨ। ਸਿੱਖ
ਗੁਰਦੁਆਰੇ ’ਚ ਦਾਖ਼ਲ ਹੋਣਾ ਚਾਹੁੰਦੇ ਸਨ ਪਰ ਫ਼ੌਜ ਨੇ ਰਾਹ ਡੱਕਿਆ ਹੋਇਆ ਸੀ। ਅਜਿਹਾ ਜਾਪਦਾ
ਸੀ ਕਿ ਸੀ ਕਿ ਸਿੱਖਾਂ ਨੂੰ ਬਹੁਤੀ ਦੇਰ ਰੋਕਿਆ ਨਹੀਂ ਜਾ ਸਕਦਾ ਸੀ। ਅਖ਼ੀਰ ਮੌਕੇ ਦੀ
ਨਜ਼ਾਕਤ ਨੂੰ ਮਹਿਸੂਸ ਕਰਦਿਆਂ ਸਰਕਾਰ ਨੇ ਇਕ ਸੱਤ-ਮੈਂਬਰੀ ਸਿੱਖ ਕਮੇਟੀ ਨੂੰ ਗੁਰਦੁਆਰੇ
ਦੀਆਂ ਚਾਬੀਆਂ ਸੌਂਪ ਦਿੱਤੀਆਂ। ਇਨ੍ਹਾਂ ਨੂੰ ਹੋਰ ਮੈਂਬਰ ਕੋਆਪਟ ਕਰਨ ਦੀ ਇਜਾਜ਼ਤ ਦੇ
ਦਿੱਤੀ ਗਈ। ਇਸ ਮਗਰੋਂ ਸਿੱਖ ਗੁਰਦੁਆਰੇ ਵਿਚ ਦਾਖ਼ਲ ਹੋਏ ਤੇ ਅਕਾਲੀ ਆਗੂਆਂ ਦੀ ਅਰਜ਼
ਮੰਨਦਿਆਂ ਸ਼ਹੀਦਾਂ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਮਗਰੋਂ ਛੇਤੀ-ਛੇਤੀ ਬਾਹਰ ਨਿਕਲਦੇ ਗਏ।
ਅਗਲੇ ਦਿਨ ਹਜ਼ਾਰਾਂ ਸਿੱਖਾਂ ਨੇ ਨਾਨਕਾਣੇ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ।
ਮਹੰਤ ਦੇ ਕਤਲੇਆਮ ਨੇ ਏਨੀ ਦਹਿਸ਼ਤ ਫੈਲਾ ਦਿੱਤੀ ਸੀ ਕਿ ਨਗਰ ਵਾਸੀ ਘਰ ਛੱਡ ਕੇ ਦੌੜ
ਗਏ ਸਨ। ਉਨ੍ਹਾਂ ਪਿੱਛੋਂ ਕਈ ਡੰਗਰ ਭੁੱਖ ਤੇ ਪਿਆਸ ਨਾਲ ਮਰ ਗਏ। ਸਿੱਖਾਂ ਨੇ ਮਰੇ ਡੰਗਰਾਂ
ਨੂੰ ਛੱਪੜ ਕੰਢੇ ਇਕੱਠਾ ਕੀਤਾ ਅਤੇ ਘਰ ਛੱਡ ਕੇ ਭੱਜ ਗਏ ਸ਼ਹਿਰੀਆਂ ਦੇ ਘਰਾਂ ਦੀ ਰਾਖੀ ਦਾ
ਇੰਤਜ਼ਾਮ ਕੀਤਾ। ਸਿੱਖਾਂ ਨੇ ਸਾਰੇ ਪਾਸੇ ਢੰਡੋਰਾ ਪਿਟਵਾਇਆ ਤੇ ਲੋਕਾਂ ਨੂੰ ਆਪਣੇ ਘਰਾਂ
ਨੂੰ ਵਾਪਿਸ ਮੁੜਨ ਵਾਸਤੇ ਪੈਗ਼ਾਮ ਭੇਜੇ।
22 ਫ਼ਰਵਰੀ ਨੂੰ ਗਵਰਨਰ ਮੈਕਲੇਗਨ, ਵਜ਼ੀਰਾਂ ਤੇ ਐਗ਼ਜ਼ੈਕਟਿਵ ਕੌਂਸਲ ਦੇ ਮੈਂਬਰਾਂ ਨੂੰ
ਲੈ ਕੇ ਨਾਨਕਾਣੇ ਪੁੱਜਾ। ਉਸ ਨੇ ਸਾਕਾ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ
ਅਤੇ ਵਾਅਦਾ ਕੀਤਾ ਕਿ ਮੁਜਰਿਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 23 ਫ਼ਰਵਰੀ ਦੀ ਸ਼ਾਮ ਨੂੰ
ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਵੇਲੇ ਹਜ਼ਾਰਾਂ ਸਿੱਖ ਸੰਗਤਾਂ ਹਾਜ਼ਿਰ ਸਨ। ਸਾਰੇ
ਸ਼ਹੀਦ ਸਿੱਖਾਂ ਦਾ ਸਸਕਾਰ ਇਕੋ ਜਗਹ ਇਕੱਠਾ ਹੀ ਕੀਤਾ ਗਿਆ।
ਨਾਨਕਾਣਾ ਸਾਹਿਬ ’ਚ ਪਾਪੀ ਮਹੰਤਾਂ ਨੇ ਬੇਹੱਦ ਗੁਨਾਹ ਕੀਤੇ ਸਨ। ਲੋਕ ਕਹਿ ਰਹੇ ਸਨ
ਕਿ ਸ਼ਹੀਦਾਂ ਨੇ ਆਪਣੇ ਖ਼ੂਨ ਨਾਲ ਨਾਨਕਾਣਾ ਸਾਹਿਬ ’ਚ ਕੀਤੇ ਪਾਪ ਧੋਅ ਦਿੱਤੇ ਹਨ। ਨਾਨਕਾਣਾ
ਸਾਹਿਬ ’ਚ ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਦਰਜਨਾਂ ਸਿੱਖ ਆਗੂਆਂ ਦੀਆਂ
ਜਾਨਾਂ ਬਚਾਈਆਂ। ਜੇ ਕਰ ਇਹ ਜਥਾ 20 ਫ਼ਰਵਰੀ ਦੀ ਸਵੇਰ ਨੂੰ ਸ਼ਹੀਦ ਨਾ ਹੁੰਦਾ ਅਤੇ 4 ਮਾਰਚ
ਨੂੰ ਅਕਾਲੀ ਉੱਥੇ ਪੁੱਜਦੇ ਤਾਂ ਯਕੀਨਨ ਉਸ ਦਿਨ ਵੀ ਮਹੰਤ ਨੇ ਇਹੀ ਕਾਰਵਾਈ ਕਰਨੀ ਸੀ ਅਤੇ
ਤਕਰੀਬਨ ਸਾਰੇ ਸਿੱਖ ਆਗੂ ਸ਼ਹੀਦ ਹੋ ਜਾਣ ਦਾ ਖ਼ਦਸ਼ਾ ਸੀ। ਜੇ ਕਰ ਇੰਞ ਹੋ ਜਾਂਦਾ ਤਾਂ ਅਕਾਲੀ
ਲਹਿਰ ਦੀ ਸ਼ਕਲ ਕੀ ਹੋਣੀ ਸੀ, ਇਸ ਬਾਰੇ ਕਿਹਾ ਨਹੀਂ ਜਾ ਸਕਦਾ।
ਫ਼ਿਰਕੂ ਮਹਾਸ਼ਿਆਂ ਵੱਲੋਂ ਮਹੰਤ ਦੀ ਅਸਿੱਧੀ ਹਿਮਾਇਤ
ਨਾਨਕਾਣਾ ਸਾਹਿਬ ਦੇ ਸਾਕੇ ਮਗਰੋਂ ਮੁਸਲਮਾਨ ਆਗੂਆਂ ਨੇ ਸਿੱਖਾਂ ਨਾਲ
ਭਰਪੂਰ ਹਮਦਰਦੀ ਕੀਤੀ ਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ
ਕੁਝ ਹਿੰਦੂ ਆਗੂਆਂ ਨੇ ਵੀ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਪਰ ਬਹੁਤ ਸਾਰੇ ਹਿੰਦੂ
ਆਗੂ ਤੇ ਹਿੰਦੂ ਪ੍ਰੈਸ (ਖ਼ਾਸ ਕਰ ਕੇ ਮਹਾਸ਼ਾ ਪ੍ਰੈਸ ਅਤੇ ਆਰੀਆ ਸਮਾਜੀਆਂ) ਨੇ ਸਿੱਖਾਂ ਦੇ
ਖ਼ਿਲਾਫ਼ ਜ਼ਹਿਰ ਵੀ ਉਗਲਿਆ ਅਤੇ ਨਾਲ ਹੀ ਝੂਠੀਆਂ ਖ਼ਬਰਾਂ ਵੀ ਛਾਪੀਆਂ। ਹਿੰਦੂ ਅਖ਼ਬਾਰਾਂ
‘ਪ੍ਰਤਾਪ’ ਤੇ ‘ਕੇਸਰੀ’ ਨੇ ਤਾਂ ਇਹ ਵੀ ਲਿਖਿਆ ਕਿ ਨਾਨਕਾਣਾ ਸਾਹਿਬ ਵਿਚ ਸ਼ਿਵਲਿੰਗ ਬਣਿਆ
ਹੋਇਆ ਹੈ ਅਤੇ ਇਸ ਦਾ ਇੰਤਜ਼ਾਮ ਹਿੰਦੂਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਲਾਲਾ
ਲਾਜਪਤ ਰਾਏ ਨੇ ਆਪਣੀ ਅਖ਼ਬਾਰ ‘ਬੰਦੇ ਮਾਤਰਮ’ ਵਿਚ ਵੀ ਸਿੱਖਾਂ ਦੇ ਖ਼ਿਲਾਫ਼ ਪ੍ਰਚਾਰ ਕੀਤਾ।
(ਇਹ ਚਰਚਾ ਆਮ ਸੀ ਕਿ ਲਾਲਾ ਲਾਜਪਤ ਰਾਏ ਨੇ ਮਹੰਤ ਨਰੈਣ ਦਾਸ ਤੋਂ 3000 ਰੁਪੈ ਲੈ ਕੇ
ਸਿੱਖਾਂ ਦੇ ਖ਼ਿਲਾਫ਼ ਬਹੁਤ ਪਰਚਾਰ ਕੀਤਾ ਸੀ।) 23 ਮਾਰਚ 1921 ਨੂੰ ਸਨਾਤਨ ਧਰਮ ਪ੍ਰਤੀਨਿਧੀ
ਸਭਾ ਪੰਜਾਬ (ਲਾਹੌਰ) ਨੇ ਵੀ ਨਾਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੂੰ ਗੁਰਦੁਆਰੇ ਵਿਚ
ਹਿੰਦੂ ਤਸਵੀਰਾਂ ਅਤੇ ਬੁਤਾਂ ਬਾਰੇ ਖ਼ਤ ਲਿਖ ਕੇ ਅਜਿਹਾ ਕੁਝ ਹੀ ਆਖਿਆ। (ਵੇਖੋ ਇਸ ਚਿੱਠੀ
ਦੀ ਫ਼ੋਟੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)।
ਇਸ ਤੋਂ ਇਲਾਵਾ ਹੋਰ ਹਿੰਦੂ ਜਮਾਤਾਂ ਨੇ ਵੀ ਸਿੱਖਾਂ ਦੇ ਖ਼ਿਲਾਫ਼ ਹਰਕਤਾਂ ਕੀਤੀਆਂ
ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਬਹੁਤ ਸਾਰੇ ਹਿੰਦੂ ਅੰਦਰੋਂ-ਅੰਦਰੀ ਸਿੱਖਾਂ ਦੇ ਖ਼ਿਲਾਫ਼
ਸਨ ਅਤੇ ਕੁਰਪਟ ਮਹੰਤਾਂ ਨਾਲ ਹਮਦਰਦੀ ਰੱਖਦੇ ਸਨ। 16 ਨਵੰਬਰ 1921 ਦੇ ‘‘ਬੰਦੇ ਮਾਤਰਮ’’
ਵਿਚ ਲਾਲਾ ਲਾਜਪਤ ਰਾਏ ਨੇ ਲਿਖਿਆ, ‘‘ਜਿਸ ਸ਼ਖ਼ਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ
ਕੋ ਖਿਲਾ ਦੀਆਂ ਅਬ ਉਸ ਕੇ ਨਾਮ ਕੇ ਮੰਦਰ (ਗੁਰਦੁਆਰਾ ਨਹੀਂ) ਮੇਂ ਜਾਇਦਾਦ ਵ ਆਮਦਨਾਓਂ
ਕੇ ਅਖ਼ਤਿਆਰ ਕਾ ਝਗੜਾ ਹੋ ਰਹਾ ਹੈ।’’ (ਪੰਜਾਬ ਦਰਪਣ, 23 ਨਵੰਬਰ 1921)। ਹੋਰ ਤਾਂ ਹੋਰ
ਗਾਂਧੀ ਨੇ ਵੀ ਅਜਿਹਾ ਬਿਆਨ ਦਿੱਤਾ, ਜਿਸ ਵਿੱਚੋਂ ਸਾਫ਼ ਲਗਦਾ ਸੀ ਕਿ ਗਾਂਧੀ ਇਹ ਨਹੀਂ ਸੀ
ਮੰਨਦਾ ਕਿ ਮਹੰਤ ਨੇ ਸਿੱਖਾਂ ਦਾ ਬੇਵਜਹ ਕਤਲੇਆਮ ਕੀਤਾ ਸੀ (ਪੰਜਾਬ ਦਰਪਣ, 9 ਮਾਰਚ
1921)। ਗਾਂਧੀ ਮੁਤਾਬਿਕ ਸਿੱਖ ਬਿਨਾਂ ਮੁਕਾਬਲਾ ਨਹੀਂ ਮਾਰੇ ਗਏ ਹੋਣੇ:
“ਅਜਿਹੇ ਟੋਲੇ ਦੇ 50 ਜਾਂ 100 ਬੰਦੇ ਗੁਰਦੁਆਰੇ ਦਾ ਕਬਜ਼ਾ ਲੈਣ ਜਾਂਦੇ ਹਨ, ਉਹ
ਤਸ਼ੱਦਦ ਸਹਾਰਦੇ ਹਨ ਪਰ ਆਪ (ਤਸ਼ੱਦਦ) ਨਹੀਂ ਕਰਦੇ। ਫਿਰ ਵੀ ਜੇ ਪੰਜਾਹ ਜਾਂ ਸੌ ਬੰਦਿਆਂ
ਦੀ ਭੀੜ ਇਕ ਥਾਂ ਜਾਂਦੀ ਹੈ ਤਾਂ ਗੁਰਦੁਆਰੇ ਦਾ ਰਖਵਾਲਾ ਇਸ ਤੋਂ ਡਰਿਆ ਤਾਂ ਮਹਿਸੂਸ ਕਰਦਾ
ਹੋਵੇਗਾ।” ਉਸ ਨੇ ਇਹ ਵੀ ਕਿਹਾ ਕਿ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਵਾਸਤੇ ਜਥੇ ਲਿਜਾਣ ਦੀ
ਥਾਂ ’ਤੇ ਸਾਲਸੀ ਬੋਰਡ ਨਾਲ ਹੱਲ ਕਰੋ ਜਾਂ ਸਵਰਾਜ ਤਕ ਇਸ ਮਸਲਾ ਮੁਲਤਵੀ ਕਰ ਦਿਓ। (ਗਾਂਧੀ,
ਕੁਲੈਕਟਡ ਵਰਕਸ, ਜਿਲਦ 19, ਸਫ਼ਾ 401)। ਗਾਂਧੀ ਨੇ ਤਾਂ ਵਾਪਿਸ ਜਾ ਕੇ ਆਪਣੇ ਪਰਚੇ
ਨਵਜੀਵਨ ਦੇ 13 ਮਾਰਚ 1921 ਦੇ ਪਰਚੇ ਵਿਚ ਇਹ ਵੀ ਲਿਖਿਆ “ਮੈਂ ਅਜ ਤਕ ਉਨ੍ਹਾਂ (ਸਿੱਖਾਂ)
ਨੂੰ ਹਿੰਦੂਆਂ ਦਾ ਫ਼ਿਰਕਾ ਸਮਝਦਾ ਰਿਹਾ ਸੀ। ਪਰ ਉਨ੍ਹਾਂ ਦੇ ਆਗੂ ਸਮਝਦੇ ਹਨ ਕਿ ਉਹ ਇਕ
ਅਲਗ ਧਰਮ ਹਨ।”
ਧਰਮ ਪ੍ਰਤੀਨਿਧੀ ਸਭਾ ਪੰਜਾਬ (ਲਾਹੌਰ) ਨੇ ਵੀ ਨਾਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੂੰ
ਗੁਰਦੁਆਰੇ ਵਿਚ ਹਿੰਦੂ ਤਸਵੀਰਾਂ ਅਤੇ ਬੁਤਾਂ ਬਾਰੇ ਖ਼ਤ ਲਿਖ ਕੇ ਅਜਿਹਾ ਕੁਝ ਹੀ ਆਖਿਆ। (ਵੇਖੋ
ਇਸ ਚਿੱਠੀ ਦੀ ਫ਼ੋਟੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)।
ਗਾਂਧੀ ਵੱਲੋਂ ਸਿੱਖਾਂ ਨੂੰ ਨਾਮਿਲਵਰਤਣ ਵੱਲ ਟੋਰਨਾ
ਗਾਂਧੀ ਨੇ ਨਾਨਕਾਣਾ ਸਾਹਿਬ ਦੇ ਮਾਮਲੇ ਵਿਚ ਵੀ ਸਿੱਖਾਂ ਨੂੰ ਗਲਤ ਪਾਸੇ
ਵੱਲ ਟੋਰਿਆ। ਉਸ ਨੇ ਨਾਨਕਾਣਾ ਸਾਹਿਬ ਸਾਕੇ ਸਬੰਧੀ ਪੜਤਾਲ ਕਰਨ ਵਾਲੀ ਕਮੇਟੀ ਵਿਚ ਸ਼ਾਮਿਲ
ਹੋਣ ਵਾਸਤੇ ਸ਼ਰਤ ਰੱਖੀ ਕਿ ਅਕਾਲੀ ਦਲ ਸਰਕਾਰ ਨਾਲ ਨਾਮਿਲਵਰਤਣ ਕਰੇ (ਵੇਖੋ: ਗਾਂਧੀ ਦੀ
ਚਿੱਠੀ ਦੀ ਫ਼ੋਟੋ, ਕਿਤਾਬ ‘ਸਿੱਖ ਤਵਾਰੀਖ਼’ ਵਿਚ)। (ਹੋਰ ਵੇਖੋ: ਪੰਜਾਬ ਦਰਪਣ, 16 ਮਾਰਚ
1921)। ਇਸ ’ਤੇ ਅਕਾਲੀਆਂ ਨੇ 6 ਮਾਰਚ 1921 ਦੇ ਦਿਨ ਸਰਕਾਰ ਨਾਲ ਸ਼ਹੀਦਾਂ ਦੇ ਮੁਕੱਦਮੇ
ਬਾਰੇ ਨਾ-ਮਿਲਵਰਤਣ ਕਰਨ ਦਾ ਐਲਾਨ ਕਰ ਦਿੱਤਾ। ਇਸ ਦੀ ਮੁਖ਼ਾਲਫ਼ਤ ਕਰਤਾਰ ਸਿੰਘ ਝੱਬਰ,
ਹਰਬੰਸ ਸਿੰਘ ਅਟਾਰੀ ਤੇ ਪ੍ਰੋ: ਜੋਧ ਸਿੰਘ ਨੇ ਕੀਤੀ। ਨਾਮਿਲਵਰਤਣ ਦਾ ਮਤਾ ਪਾਸ ਹੋਣ ਮਗਰੋਂ
ਇਹ ਆਗੂ ਅਸਤੀਫ਼ਾ ਦੇ ਗਏ। (ਅਕਾਲੀ ਮੋਰਚੇ ਤੇ ਝੱਬਰ, ਸਫ਼ਾ
133)। ਦੂਜੇ ਲਫ਼ਜ਼ਾਂ ਵਿਚ ਸਿੱਖ ਆਗੂਆਂ ਵਿਚ ਪਹਿਲੀ ਫ਼ੁੱਟ ਗਾਂਧੀ ਦੀ ਹੀ ਦੇਣ
ਸੀ।
ਅਕਾਲੀਆਂ ਵੱਲੋਂ ਨਾਮਿਲਵਰਤਣ ਕਰਨ ਦਾ ਮਤਾ 8 ਮਾਰਚ 1921 ਦੀ ਸ਼ਾਮ ਨੂੰ ਗਾਂਧੀ ਨੂੰ
ਲੁਧਿਆਣਾ ਵਿਚ ਮਿਲ ਗਿਆ ਤੇ ਅਗਲੀ ਸਵੇਰ ਨੂੰ ਉਸ ਦੇ ਸਕੱਤਰ ਨੇ ਇਸ ਦਾ ਜਵਾਬ ਵੀ ਦੇ
ਦਿੱਤਾ (ਵੇਖੋ: ਚਿੱਠੀ ਦੀ ਫ਼ੋਟੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)। ਉਂਞ ਗਾਂਧੀ ਜਾਂ
ਕਾਂਗਰਸ ਨੇ ਨਾਨਕਾਣਾ ਸਾਹਿਬ ਦੇ ਸਾਕੇ ਬਾਰੇ ਜ਼ਰਾ ਵੀ ਰੋਲ ਅਦਾ ਨਹੀਂ ਕੀਤਾ।
ਬਹੁਤ ਸਾਰੇ ਸਿੱਖ ਆਗੂਆਂ ਨੇ ਨਾਮਿਲਵਰਤਣ ਦੇ ਮਤੇ ਦੀ ਮੁਖ਼ਾਲਫ਼ਤ ਕੀਤੀ। 'ਨਾਯਕ'
ਅਖ਼ਬਾਰ ਨੇ 15 ਮਾਰਚ ਨੂੰ ਇਸ ਦੇ ਨਤੀਜਿਆਂ ਬਾਰੇ ਖ਼ਬਰਦਾਰ ਵੀ ਕੀਤਾ ਸੀ- (ਵੇਖੋ: ਉਸ
ਅਖ਼ਬਾਰ ਦੀ ਰਿਪੋਰਟਿੰਗ, ਕਿਤਾਬ ‘ਸਿੱਖ ਤਵਾਰੀਖ਼’ ਵਿਚ)। ਪਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼
ਧੜੇ ਨੇ ਉਨ੍ਹਾਂ ਦੀ ਪਰਵਾਹ ਨਾ ਕੀਤੀ (ਜਿਸ ਦਾ ਖ਼ਮਿਆਜ਼ਾ ਬਾਅਦ ਵਿਚ ਭੁਗਤਣਾ ਪਿਆ)।
8 ਮਾਰਚ 1921 ਦੇ ਵਿਚ ਗਵਰਨਰ ਪੰਜਾਬ ਨੇ ਸਿੱਖ ਆਗੂਆਂ ਦੀ ਇਕ ਮੀਟਿੰਗ ਲਾਹੌਰ ਵਿਚ
ਸੱਦੀ ਅਤੇ ਨਾਮਿਲਵਰਤਣ ਦਾ ਮਤਾ ਵਾਪਿਸ ਲੈਣ ਵਾਸਤੇ ਆਖਿਆ। ਪਰ ਜਦੋਂ ਅਕਾਲੀ ਆਗੂਆਂ ਨੇ
ਨਾਂਹ ਕਰ ਦਿਤੀ ਤਾਂ ਸਰਕਾਰ ਨੇ ਇਕ ਐਲਾਨ ਜਾਰੀ ਕਰ ਦਿਤਾ ਕਿ ‘‘ਕੋਈ ਜੱਥਾ ਕਿਸੇ
ਗੁਰਦੁਆਰੇ ’ਤੇ ਕਬਜ਼ਾ ਨਾ ਕਰੇ। ਕੋਈ ਵੀ ਸ਼ਖ਼ਸ 8 ਇੰਚ ਤੋਂ ਵੱਡੀ ਕਿਰਪਾਨ ਜਾਂ ਟਕੂਆ ਨਹੀਂ
ਰਖ ਸਕਦਾ।’’ ਹਾਲਾਂ ਕਿ ਜ: ਝੱਬਰ ਨਾ-ਮਿਲਵਰਤਣ ਦੇ ਮਤੇ ਦੇ ਖ਼ਿਲਾਫ਼ ਸੀ ਪਰ ਉਹ ਵੀ ਇਨ੍ਹਾਂ
ਪਾਬੰਦੀਆਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ। ਝੱਬਰ, ਭੁੱਚਰ, ਤਾਰਾ ਸਿੰਘ ਠੇਠਰ, ਲੱਖਾ
ਸਿੰਘ ਅਤੇ ਹੋਰ ਖਾੜਕੂ ਸਿੰਘਾਂ ਨੇ ਸਰਕਾਰ ਦੇ ਇਸ ਐਲਾਨ ਦੀ ਪਰਵਾਹ ਨਾ ਕੀਤੀ।
ਨਾਨਕਾਣਾ ਵਿਚ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਤੇ ਭਾਰੀ
ਸਜ਼ਾਵਾਂ
11 ਮਾਰਚ ਨੂੰ ਪੁਲੀਸ ਦੀ ਇਕ ਵੱਡੀ ਧਾੜ ਨੇ ਨਾਨਕਾਣਾ ਸਾਹਿਬ ਦੇ
ਗੁਰਦੁਆਰਿਆਂ ਨੂੰ ਘੇਰਾ ਪਾ ਲਿਆ। ਉੱਥੇ ਝੱਬਰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ
ਲਿਆ ਗਿਆ (ਅਤੇ ਉਸ ’ਤੇ ਚੋਰੀ-ਡਾਕੇ ਦੇ ਝੂਠੇ ਕੇਸ ਪਾ ਕੇ ਉਸ ਨੂੰ 7 ਸਾਲ, ਇਕ ਹੋਰ ਕੇਸ
ਵਿਚ 8 ਸਾਲ, ਕੁਲ 18 ਸਾਲ, ਵਾਸਤੇ ਕੈਦ ਕਰ ਦਿੱਤਾ ਗਿਆ)। 12 ਮਾਰਚ ਨੂੰ ਮੂਲ ਸਿੰਘ ਨੂੰ
ਵੀ ਗ੍ਰਿਫ਼ਤਾਰ ਕਰ ਲਿਆ ਗਿਆ (ਤੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ)। ਇੰਞ ਹੀ
ਲੱਖਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ’ਤੇ ਝੂਠੇ ਕੇਸ ਪਾ ਕੇ ਕੈਦ ਦੀ ਸਜ਼ਾ ਦਿੱਤੀ
ਗਈ। ਹੋਰ ਕੇਸਾਂ ਵਿਚ ਤਾਰਾ ਸਿੰਘ ਠੇਠਰ ਤੇ ਤੇਜਾ ਸਿੰਘ ਭੁੱਚਰ ਨੂੰ ਵੀ ਕੈਦ ਕੀਤਾ ਗਿਆ
ਤੇ ਤਰਤੀਬਵਾਰ 11 ਸਾਲ ਤੇ 9 ਸਾਲ ਕੈਦ ਦੀ ਸਜ਼ਾ ਦਿੱਤੀ ਗਈ)।
(ਅਕਾਲੀ ਮੋਰਚੇ ਤੇ ਝੱਬਰ, ਸਫ਼ਾ 138)
15 ਮਾਰਚ ਦੇ ਦਿਨ ਲਾਹੌਰ ਦਾ ਕਮਿਸ਼ਨਰ ਇਕ ਵੱਡੀ ਫ਼ੌਜ ਨਾਲ ਨਾਨਕਾਣਾ ਸਾਹਿਬ ਪੁੱਜ ਗਿਆ
ਅਤੇ ਬਹੁਤ ਸਾਰੇ ਅਕਾਲੀ ਗ੍ਰਿਫ਼ਤਾਰ ਕਰ ਲਏ। ਉਨ੍ਹਾਂ ’ਤੇ ਵੱਖ-ਵੱਖ ਤਰ੍ਹਾਂ ਦੇ ਕੇਸ ਪਾ
ਕੇ ਕੈਦ ਕਰ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਹੋਰ ਸਿੱਖ ਇਹ ਸਨ: ਉੱਤਮ ਸਿੰਘ ਨਾਨਕਾਣਾ, ਰਲਾ
ਸਿੰਘ ਜੰਡਾਲੀ, ਹੀਰਾ ਸਿੰਘ ਝਰੜ, ਨਿਰਮਲ ਸਿੰਘ ਰੂਪਾਲੋਂ, ਰਾਮ ਸਿੰਘ ਸੁੱਚਲ, ਨਿਧਾਨ
ਸਿੰਘ ਠੀਕਰੀਵਾਲਾ, ਨਰੈਣ ਸਿੰਘ, ਕਿਹਰ ਸਿੰਘ, ਕਾਹਨ ਸਿੰਘ ਠੀਕਰੀਵਾਲਾ, ਸੰਤੋਖ ਸਿੰਘ
ਲਸ਼ਕਰੀ, ਚੰਚਲ ਸਿੰਘ ਉਦੋਕੇ, ਲਾਲ ਸਿੰਘ ਘੁਕਵਾਲੀ, ਮੋਤਾ ਸਿੰਘ ਪੰਡੋਰੀ, ਪੂਰਨ ਸਿੰਘ
ਪੰਡੋਰੀ, ਕਿਸ਼ਨ ਸਿੰਘ ਜਗਦੇਓ, ਅੱਛਰਾ ਸਿੰਘ ਬੁਟਰ, ਵਰਿਆਮ ਸਿੰਘ ਮਾਕੋਵਾਲ, ਕਰਤਾਰ ਸਿੰਘ
ਮਾਨ, ਊਧਮ ਸਿੰਘ ਮੱਤੇ ਨੰਗਲ, ਸੁਰੈਣ ਸਿੰਘ ਪ੍ਰੇਮਗੜ੍ਹ (ਨਾਯਕ
ਅੰਮ੍ਰਿਤਸਰ 22 ਮਾਰਚ 1921)
(ਮਗਰੋਂ ਸਤੰਬਰ ਵਿਚ ਸਰਕਾਰ ਨੇ ਮਾਹੌਲ ਸੁਖਾਵਾਂ ਹੋਣ ਅਤੇ ਪਹਿਲਾ ਗੁਰਦੁਆਰਾ ਬਿਲ ਦੇ
ਤਿਆਰ ਹੋਣ ਦੇ ਬਹਾਨੇ ’ਤੇ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਅਤੇ ਬਹੁਤ ਸਾਰੇ ਹੋਰ
ਸਿੱਖ ਆਗੂ ਤੇ ਵਰਕਰ ਰਿਹਾ ਕਰ ਦਿੱਤੇ)।
ਸਰਕਾਰ ਨਾਲ ਨਾਮਿਲਵਰਤਣ ਕਰਨ ਦਾ ਮਤਾ ਪਾਸ ਕਰਵਾਉਣ ਵਾਸਤੇ ਸਿੱਖਾਂ ਨੂੰ ਉਕਸਾਉਣ ਵਿਚ
ਗਾਂਧੀ ਸਭ ਤੋਂ ਵਧ ਅੱਗੇ ਸੀ। ਪਰ ਇਸ ਗ਼ਲਤ ਕਦਮ ਦਾ ਖ਼ਾਮਿਆਜ਼ਾ ਸਿੱਖਾਂ ਨੂੰ ਬੜਾ ਭੁਗਤਣਾ
ਪਿਆ। ਇਸ ਦਿਨ ਤੋਂ 1947 ਤਕ ਅੰਗਰੇਜ਼ਾਂ ਨੇ ਸਿੱਖਾਂ ਨਾਲ ਹਮੇਸ਼ਾ ਜ਼ਿਆਦਤੀ ਕੀਤੀ। ਦੂਜੇ
ਪਾਸੇ ਮੁਸਲਮਾਨਾਂ ਨੇ ਅੰਗਰੇਜ਼ੀ ਸਰਕਾਰ ਨਾਲ ਮਿਲਵਰਤਣ ਕਰੀ ਰਖਿਆ ਅਤੇ ਹਰ ਮੌਕੇ 'ਤੇ ਮਦਦ
ਹਾਸਿਲ ਕੀਤੀ।